ਪੰਜਾਬ ਦਾ ਵੋਟ ਮੈਦਾਨ...

ਜਸਪਾਲ ਸਿੰਘ ਹੇਰਾਂ
ਜਿਵੇਂ ਜਿਵੇਂ ਲੋਕ ਸਭਾ ਚੋਣਾਂ ਸਿਰ ਤੇ ਆ ਰਹੀਆਂ ਹਨ, ਸਾਡੀ ਚਿੰਤਾ ਵੱਧਦੀ ਜਾ ਰਹੀ ਹੈ। ਪੰਜਾਬ ਦੀ ਸਿਆਸਤ ਦੇ ਵਿਹੜੇ, ਜਿਹੜੀ ਖੇਹ ਉੱਡ ਰਹੀ ਹੈ, ਉਸ ਤੋਂ ਹਰ ਪੰਜਾਬ ਦਰਦੀ ਦਾ ਚਿੰਤਤ ਹੋਣਾ ਸੁਭਾਵਿਕ ਹੈ। ਅਸੀਂ ਵਾਰ-ਵਾਰ ਹੋਕਾ ਦੇ ਰਹੇ ਹਾਂ ਅਤੇ ਦਿੰਦੇ ਰਹਾਂਗੇ ਕਿ ਬਾਦਲਕਿਆਂ, ਮੋਦੀਕਿਆਂ ਤੇ ਰਾਹੁਲਕਿਆਂ 'ਚ ਕੋਈ ਵੀ ਪੰਜਾਬ ਤੇ ਸਿੱਖ ਦਰਦੀ ਨਹੀ। ਇਹ 19-21 ਦੇ ਫ਼ਰਕ ਨਾਲ ਪੰਜਾਬ ਤੇ ਸਿੱਖੀ ਦੇ ਦੁਸ਼ਮਣ ਹਨ। ਪ੍ਰੰਤੂ ਇਸ ਦਾਅਵੇ ਦੇ ਸੂਰਜ ਦੇ ਚੜਨ ਵਾਂਗੂੰ ਸੱਚ ਹੋਣ ਦੇ ਬਾਵਜੂਦ ਕੋਈ ਪੰਥ ਤੇ ਪੰਜਾਬ ਦਰਦੀ ਸਿਰ ਚੁੱਕਦਾ ਵਿਖਾਈ ਨਹੀ ਦਿੰਦਾ। ਇੰਨ੍ਹਾਂ ਉਪਰੋਕਤ ਤਿੰਨ ਧਿਰਾਂ ਤੋਂ ਇਲਾਵਾ ਬਾਕੀ ਜਿੰਨੀਆਂ, ਧਿਰਾਂ ਪੰਜਾਬ ਦੇ ਚੋਣ ਅਖਾੜੇ 'ਚ ਹਨ, ਉਨ੍ਹਾਂ ਦਾ ਕਿਰਦਾਰ ਸੱਤਾ ਲਾਲਸਾ ਨੇ ਇਸ ਹੱਦ ਤੱਕ ਨੀਵਾਂ ਕਰ ਦਿੱਤਾ ਹੈ ਕਿ ਉਨ੍ਹਾਂ ਲਈ ਪੰਜਾਬ ਦੇ ਵਾਰਿਸ ਸ਼ਬਦ ਵਰਤਣ ਨੂੰ ਜੀਅ ਨਹੀਂ ਕਰਦਾ। ਕੱਲ ਤੱਕ ਜਿੰਨ੍ਹਾਂ ਨੂੰ ਗਾਲਾਂ ਕੱਢੀਆਂ ਜਾ ਰਹੀਆਂ ਸਨ, ਅੱਜ ਉਨ੍ਹਾਂ ਦੇ ਬੂਹੇ ਤੇ ਦਸਤਕ ਦਿੱਤੀ ਜਾ ਰਹੀ ਹੈ।

ਪੰਜਾਬ ਦੀ ਚਿੰਤਾ ਦੀ ਥਾਂ, ਵਿਰੋਧੀ ਦਾ ਵਿਰੋਧ ਕਰਨਾ ਜ਼ਰੂਰੀ ਹੈ, ਪੰਜਾਬ ਚਾਹੇ ਜਾਵੇਂ ਢੱਠੇ ਖੂਹ 'ਚ, ਕੋਈ ਪ੍ਰਵਾਹ ਨਹੀਂ। ਜਿਹੜੀਆਂ ਪੰਜ ਧਿਰਾਂ ਦਾ ਗਠਜੋੜ ਬਣਾਇਆ ਗਿਆ ਸੀ, ਉਹ ਸੀਟਾਂ ਦੀ ਲਾਲਸਾ 'ਚ ਵੰਡਿਆ ਗਿਆ। ਤਿਆਗ ਤੇ ਕੁਰਬਾਨੀ ਸਿੱਖੀ ਦੇ ਮੁੱਢਲੇ ਗੁਣ, ਅੱਜ ਕਿਸੇ ਸਿੱਖ ਆਗੂ 'ਚ ਵਿਖਾਈ ਹੀ ਨਹੀਂ ਦਿੰਦੇ। ਪੰਜਾਬ ਦੇ ਲੋਕ ਪੰਜਾਬ ਦੀ ਹਰ ਖੇਤਰ 'ਚ ਦੁਰਦਸ਼ਾ ਨੂੰ ਵੇਖ ਕੇ ਦੁੱਖੀ ਹਨ। ਪ੍ਰੰਤੂ ਕੋਈ ਧਿਰ ਪੰਜਾਬ ਦੇ ਰੋਗ ਦਾ ਦਾਰੂ ਲੱਭਣ ਦੇ ਸਮਰੱਥ ਵਿਖਾਈ ਨਹੀਂ ਦਿੰਦੀ। ਕਿਉਂਕਿ ਹਾਲੇ ਤੱਕ ਕਿਸੇ ਵੈਦ ਨੇ ਪੰਜਾਬ ਦੀ ਨਬਜ਼ ਨੂੰ ਟਟੋਲਣ ਲਈ ਉਂਗਲੀ ਤੱਕ ਨਹੀਂ ਧਰੀ। ਰੋਗ ਦਾ ਇਲਾਜ ਤਾਂ ਬਹੁਤ ਦੂਰ ਹੈ। ਸੁਆਰਥ ਦੀ ਰਾਜਨੀਤੀ ਨੂੰ ਸੇਵਾ ਨਹੀਂ ਆਖਿਆ ਜਾਂਦਾ। ਅੱਜ ਪੰਜਾਬ ਨੂੰ ਹਾਕਮਾਂ ਦੀ ਥਾਂ ਸੇਵਾਦਾਰਾਂ ਦੀ ਵੱਡੀ ਲੋੜ ਹੈ। ਪ੍ਰੰਤੂ ਇੱਥੇ ਤਾਂ 'ਵੱਡੇ ਮੀਆ, ਵੱਡੇ ਮੀਆਂ-ਛੋਟੇ ਮੀਆਂ ਸੁਭਾਨ ਅੱਲ੍ਹਾ' ਹੋਇਆ ਪਿਆ ਹੈ। ਜਿੰਨ੍ਹਾਂ ਦੇ ਪੱਲੇ ਕੋਈ ਇੱਕ ਅੱਧੀ ਸੀਟ ਤੋਂ ਜ਼ਮਾਨਤ ਬਚਣ ਦੀ ਵੀ ਸੰਭਾਵਨਾ ਨਹੀਂ, ਉਹਵੀ ਵੱਡੇ ਨਾਢੂਖਾਂ ਬਣੇ ਫ਼ਿਰਦੇ ਹਨ। ਬਰਗਾੜੀ ਮੋਰਚੇ ਵਾਲ੍ਹਿਆਂ ਨੇ ਵੀ ਮੀਰੀ-ਪੀਰੀ ਸਿਧਾਂਤ ਨੂੰ ਬਹਾਨਾ ਬਣਾਕੇ, ਚੋਣ ਨਗਾਰੇ ਤੇ ਚੋਟ ਲਾ ਦਿੱਤੀ ਹੈ, ਠੀਕ ਹੈ ਸਿੱਖਾਂ ਨੂੰ ਰਾਜਸੀ ਤਾਕਤ ਦੀ ਵੱਡੀ ਲੋੜ ਹੈ। 

ਰਾਜਸੀ ਤਾਕਤ ਤੋਂ ਬਿਨ੍ਹਾਂ ਤਾਂ ਧਰਮ ਵੀ ਨਹੀਂ ਚੱਲਦਾ। ਵਿਰੋਧੀ ਧਿਰਾਂ, ਧਰਮ ਨੂੰ ਖੇਰੂੰ-ਖੇਰੂੰ ਕਰਨ ਲਈ ਹਰ ਹਰਬਾ - ਜ਼ਰਬਾ ਵਰਤਦੀਆਂ ਰਹਿੰਦੀਆਂ ਹਨ, ਪ੍ਰੰਤੂ ਧਰਮ ਨੂੰ ਪੌੜੀ ਬਣਾਕੇ ਰਾਜਸੀ ਸਿਖ਼ਰ ਤੇ ਪੁੱਜਣ ਦਾ ਯਤਨ ਕਰਨ ਵਾਲ੍ਹਿਆਂ 'ਚੋ ਪੀਰੀ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ।  ਧਰਮ ਦੀ ਤਾਕਤ ਤੁਹਾਡੀ ਸਖ਼ਸੀਅਤ ਨੂੰ ਰੂਹਾਨੀ ਤਾਕਤ ਬਖ਼ਸਦੀ ਹੈ ਅਤੇ ਉਸ ਤਾਕਤ ਕਾਰਣ ਰਾਜਸੀ ਅਗਵਾਈ ਤੁਹਾਡੀ ਤਾਂਬਿਆਂ ਆ ਜਾਂਦੀ ਹੈ। ਧਰਮ ਨੂੰ ਢਾਲ ਬਣਾਉਣ ਵਾਲੇ ਕਦੇ ਸਫ਼ਲ ਨਹੀਂ ਹੁੰਦੇ। ਸਰਬੱਤ ਖ਼ਾਲਸਾ ਤੇ ਬਰਗਾੜੀ ਮੋਰਚਾ, ਗੁਰੂ ਸਾਹਿਬ ਦੇ ਨਾਮ ਤੇ ਸੀ। ਇਸੇ ਕਾਰਣ ਕੌਮ ਹਰ ਤਰ੍ਹਾਂ ਨਾਲ ਸੀ। ਜਦੋਂ ਅਸੀਂ ਅਸਲ ਰਾਹ ਤੋਂ ਭੜਕ ਗਏ, ਫ਼ਿਰ ਮੰਜ਼ਿਲ ਤੇ ਨਹੀਂ ਪੁੱਜਿਆ ਜਾ ਸਕੇਗਾ। ਸਰਕਾਰਾਂ, ਪੰਥ ਦੋਖੀ ਤੇ ਪੰਜਾਬ ਦੁਸ਼ਮਣ ਤਾਕਤਾਂ ਬੇਹੱਦ ਮਕਾਰ, ਚਲਾਕ ਤੇ ਸ਼ਕਤੀਸਾਲੀ ਹਨ, ਉਹ ਕੌਮ ਨੂੰ ਖੇਰੂੰ-ਖੇਰੂੰ ਕਰਕੇ ਰੱਖਦੀਆਂ ਆ ਰਹੀਆਂ ਹਨ। ਤਾਂ ਕਿ ਕੌਮ ਨੂੰ ਆਪਣੀ ਗ਼ੁਲਾਮੀ ਦਾ ਅਹਿਸਾਸ ਹੀ ਨਾ ਹੋਵੇ। ਅਸੀਂ ਇੱਕ-ਦੂਜੇ ਦੀਆਂ ਪੱਗਾਂ ਲਾਹੁਣ 'ਚ ਹੀ ਲੱਗੇ ਰਹੀਏ।  ਵੱਡੇ ਘੱਲੂਘਾਰੇ ਦੇ ਦਿਨ ਚੱਲ ਰਹੇ ਹਨ। ਜਦੋਂ ਕੌਮ ਇੱਕੋ ਦਿਨ ਦੁਸ਼ਮਣ ਵੱਲੋਂ ਅੱਧੀ ਖ਼ਤਮ ਕਰ ਦਿੱਤੀ ਗਈ ਸੀ, ਪ੍ਰੰਤੂ ਕੌਮ ਇੱਕਜੁੱਟ ਸੀ, ਇਸ ਲਈ ਕੌਮ ਵੱਲੋਂ ਸਿਰਫ਼ 9 ਮਹੀਨਿਆਂ 'ਚ ਤਾਕਤਵਰ ਦੁਸ਼ਮਣ ਢਾਂਹ ਲਿਆ ਸੀ। ਇਤਿਹਾਸ ਤੋਂ ਅਸੀਂ ਸਬਕ ਲੈਣ ਤੋਂ ਕਿਉਂ ਹੱਟ ਗਏ ਹਾਂ?

ਆਉਂਦੇ ਦਿਨਾਂ 'ਚ ਬੜੇ ਹਾਸੋਹੀਣੇ ਸਿਆਸੀ ਡਰਾਮੇ ਵੀ ਸਾਡੇ ਸਾਹਮਣੇ ਆਉਣਗੇ। ਪ੍ਰੰਤੂ ਪੰਜਾਬੀਆਂ ਨੂੰ ਫੈਸਲਾ ਲੈਣਾ ਪਵੇਗਾ ਕਿ ਉਹ ਕਦਂੋ ਤੱਕ ਸਿਆਸੀ ਡਰਾਮੇਬਾਜ਼ਾਂ ਨੂੰ ਝੱਲਦੀ ਰਹੇਗੀ ਤੇ ਪੰਜਾਬ ਇਸੇ ਤਰ੍ਹਾਂ ਬਰਬਾਦ ਹੁੰਦਾ ਰਹੇਗਾ। ਸਾਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ  ਜਿਸ ਆਗੂ ਦਾ ਕਿਰਦਾਰ ਸੱਚਾ-ਸੁੱਚਾ ਤੇ ਸਾਫ਼ ਨਹੀਂ, ਖੋਟ ਹੈ, ਉਹ ਕਦੇ ਵੀ ਭਰੋਸੇਯੋਗ ਨਹੀਂ ਹੋ ਸਕਦਾ। ਇਹ ਠੀਕ ਹੈ ਕਿ ਵੋਟਰ ਨੇ ਵੋਟ ਮਸ਼ੀਨ ਦਾ ਬਟਨ ਦਬਾਉਣ ਸਮੇਂ ਆਪਣਾ ਫੈਸਲਾ ਦੇਣਾ ਹੁੰਦਾ ਹੈ।  ਪ੍ਰੰਤੂ ਵੋਟਰ ਨੂੰ ਇਹ ਫੈਸਲਾ ਲੈਣ ਦੇ ਯੋਗ ਬਣਾਉਣ ਲਈ, ਉਸ ਸਾਹਮਣੇ ਸਾਰਾ ਸੱਚੋ-ਸੱਚ ਰੱਖਣਾ ਜ਼ਰੂਰੀ ਹੁੰਦਾ ਹੈ। ਚੰਗਾ ਹੋਵੇਂ ਸਿੱਖਾਂ ਦੀਆਂ ਜਾਗਰੂਕ, ਨਿਰਪੱਖ ਤੇ ਸੱਚੀਆਂ-ਸੁੱਚੀਆਂ ਧਿਰਾਂ ਸਾਰੀ ਤਸਵੀਰ ਸਾਹਮਣੇ ਲਿਆ ਦੇਣ ਤਾਂ ਕਿ ਫੈਸਲਾ ਲੈਣ ਸਮੇਂ ਵੋਟਰ ਦੇ ਮਨ 'ਚ ਕੋਈ ਦੁਬਿਧਾ ਨਾ ਹੋਵੇ।

Editorial
Jaspal Singh Heran

International