ਕਿੱਥੋਂ ਲੱਭੀਏ ਇਕ ਹੋਰ ਜਰਨੈਲ ਸ਼ਾਮ ਸਿੰਘ ਅਟਾਰੀ...?

ਜਸਪਾਲ ਸਿੰਘ ਹੇਰਾਂ
ਅੱਜ ਸਿੱਖ ਪੰਥ ਦੇ ਉਸ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ ਸ਼ਹੀਦੀ ਦਿਹਾੜਾ ਹੈ, ਜਿਸਨੇ ਖਾਲਸਾ ਰਾਜ ਦੀ ਰਾਖੀ ਲਈ 72 ਸਾਲ ਦੀ ਉਮਰ 'ਚ ਜੰਗ ਦੇ ਮੈਦਾਨ 'ਚ ਤੇਗ ਵਾਹ ਕੇ ਸ਼ਾਨਾਮੱਤੀ ਸ਼ਹੀਦੀ ਪ੍ਰਾਪਤ ਕੀਤੀ ਸੀ ਅਤੇ ਕੌਮ ਲਈ ਇਹ ਸਦੀਵੀ ਸੁਨੇਹਾ ਛੱਡ ਦਿੱਤਾ ਕਿ ਸੱਚੇ ਸਿੱਖ ਨੂੰ ਜਦੋਂ ਵੀ ਕੌਮ ਸਿਰ ਆਈ ਬਿਪਤਾ ਦਾ ਅਹਿਸਾਸ ਹੁੰਦਾ ਹੈ, ਉਹ ਮੈਦਾਨ-ਏ-ਜੰਗ 'ਚ ਆ ਨਿੱਤਰਦਾ ਹੈ, ਉਹ ਫਿਰ ਦਲੀਲਾਂ ਤੇ ਕਿਸੇ ਗਿਣਤੀਆਂ-ਮਿਣਤੀਆਂ 'ਚ ਨਹੀਂ ਪੈਂਦਾ, ਸਗੋਂ ਜਾਨ ਤਲੀ ਤੇ ਧਰ ਕੇ ਕੁਰਬਾਨ ਹੁੰਦਾ ਹੈ। ਜਰਨੈਲ ਸ਼ਾਮ ਸਿੰਘ ਅਟਾਰੀ, ਗਦਾਰਾਂ ਵੱਲੋਂ ਕੌਮ ਨੂੰ ਗੈਰਾਂ ਦੇ ਗੁਲਾਮ ਬਣਾਉਣ ਦੀ ਸਾਜ਼ਿਸ਼ ਨੂੰ ਬਰਦਾਸ਼ਤ ਨਾ ਕਰ ਸਕਿਆ ਅਤੇ ਆਪਣੀ ਹੋਣੀ ਨੂੰ ਚੰਗੀ ਤਰ੍ਹਾਂ ਜਾਣਦਿਆਂ-ਬੁਝਦਿਆਂ ਵੀ ਕੌਮ ਦੇ ਸਵੈਮਾਣ ਦੀ ਰਾਖੀ ਲਈ, ਬਜ਼ੁਰਗ ਉਮਰੇ ਜੰਗ-ਏ-ਮੈਦਾਨ 'ਚ ਆਪਣੀ ਕੁਰਬਾਨੀ ਦੇਣ ਲਈ ਆ ਨਿੱਤਰਿਆ ਸੀ। ਅੱਜ ਉਸ ਮਹਾਨ ਜਰਨੈਲ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਉਸ ਮਹਾਨ ਸ਼ਹੀਦ ਦੀ ਕੌਮ ਪ੍ਰਤੀ ਦੇਣ ਅਤੇ ਵਰਤਮਾਨ ਸਮੇਂ ਉਸ ਵਰਗੇ ਮਹਾਨ ਯੋਧਿਆਂ ਦੀ ਲੋੜ ਬਾਰੇ ਹਰ ਪੰਥ ਦਰਦੀ ਦੇ ਮਨ 'ਚ ਸੋਚ ਦਾ ਉਠਣਾ ਸੁਭਾਵਿਕ ਹੈ। ਅੱਜ ਜਦੋਂ ਸਿੱਖ ਆਪਣੇ ਗੁਰੂ 'ਤੇ ਹੋਏ ਵਾਰ ਨੂੰ ਚੁੱਪ-ਚਪੀਤੇ ਬਰਦਾਸ਼ਤ ਕਰਕੇ ਬੈਠੇ ਹਨ, ਸਿੱਖੀ ਦੀਆਂ ਸਾਰੀਆਂ ਮਹਾਨ ਸੰਸਥਾਵਾਂ ਨੂੰ ਲੱਗ ਰਹੇ ਖੋਰੇ ਵੇਖਦਿਆਂ ਵੀ ਦੜ੍ਹ-ਵੱਟੀ ਬੈਠੇ ਹਨ, ਸਿੱਖੀ ਨੂੰ ਹਰ ਪਾਸੇ ਤੋਂ ਚੁਣੌਤੀਆਂ ਹੀ ਚਣੌਤੀਆਂ ਹਨ, ਸਿੱਖੀ ਨੂੰ ਅੰਦਰੋਂ ਤੇ ਬਾਹਰੋਂ ਖੋਰਾ ਹੀ ਖੋਰਾ ਲੱਗ ਰਿਹਾ ਹੈ, ਸਿੱਖਾਂ ਨੂੰ ਬਾਣੀ ਤੇ ਬਾਣੇ ਦੋਵਾਂ ਤੋਂ ਦੂਰ ਕੀਤਾ ਜਾ ਰਿਹਾ ਹੈ, ਸਿੱਖਾਂ ਦੇ ਮਨਾਂ 'ਚੋਂ ਸਿੱਖੀ ਦੇ ਮਹਾਨ ਵਿਰਸੇ ਨੂੰ ਮੇਟਣ ਦਾ ਯਤਨ ਹੋ ਰਿਹਾ ਹੈ, ਆਪਣੇ ਕੌਮੀ ਘਰ ਨੂੰ ਭੁੱਲਿਆ ਜਾ ਰਿਹਾ ਹੈ, ਕੌਮ 'ਚ ਗਦਾਰ ਹੀ ਗਦਾਰ ਪੈਦਾ ਹੋ ਰਹੇ ਹਨ, ਉਸ ਸਮੇਂ ਕੌਮ ਨੂੰ ਉਸ ਜਰਨੈਲ ਦੀ ਡਾਢੀ ਲੋੜ ਮਹਿਸੂਸ ਹੋਣੀ, ਜਿਹੜਾ ਕੌਮ ਦੀ ਅਜ਼ਾਦੀ, ਸਵੈਮਾਣ ਤੇ ਗ਼ੈਰਤ ਦੀ ਰਾਖੀ ਲਈ ਲੜਾਈ ਲੜ ਸਕਦਾ ਹੋਵੇ, ਸੁਭਾਵਿਕ ਹੈ।

ਜਰਨੈਲ ਸ਼ਾਮ ਸਿੰਘ ਨੇ ਵਿਦੇਸ਼ੀ ਹਮਲਾਵਰਾਂ ਤੋਂ ਉਸ ਸਿੱਖ ਰਾਜ ਦੀ ਰਾਖੀ ਲਈ, ਜਿਸਨੂੰ ਕੌਮ ਦੇ ਗ਼ਦਾਰ ਅੰਗਰੇਜ਼ਾਂ ਦੀ ਝੋਲੀ ਪਾਉਣ ਲਈ ਕਾਹਲੇ ਸਨ, ਆਪਣੀ ਕੁਰਬਾਨੀ ਦਿੱਤੀ। ਅੱਜ ਵੀ ਕੌਮ ਨੂੰ ਅੰਦਰੂਨੀ ਤੇ ਬਾਹਰੀ ਉਨ੍ਹਾਂ ਸ਼ਕਤੀਆਂ ਨਾਲ, ਜਿਹੜੀਆਂ ਸਿੱਖੀ ਨੂੰ ਹੜੱਪਣ ਲਈ ਕਾਹਲੀਆਂ ਹਨ, ਨਾਲ ਫੈਸਲਾਕੁੰਨ ਜੰਗ ਲੜਨ ਦੀ ਲੋੜ ਹੈ। ਉਸ ਸਮੇਂ ਚਲਾਕ ਅੰਗਰੇਜ਼ ਨਾਲ ਸਾਹਮਣਾ ਸੀ, ਅੱਜ ਵੀ ਸ਼ੈਤਾਨ ਫਿਰਕੂ ਸ਼ਕਤੀਆਂ ਨਾਲ, ਜਿਹੜੀਆਂ ਅੰਗਰੇਜ਼ਾਂ ਵਾਗੂੰ ਸਿੱਖਾਂ ਦੇ ਘਰ 'ਚ ਸੰਨ੍ਹ ਲਾ ਕੇ, ਲੋਭੀ, ਲਾਲਚ, ਲਾਲਸੀ, ਸੁਆਰਥੀ ਤੇ ਸੱਤਾ ਦੇ ਭੁੱਖੇ ਕੱਚੇ-ਪਿੱਲੇ ਸਿੱਖਾਂ ਦੀ ਪਛਾਣ ਕਰਕੇ, ਉਨ੍ਹਾਂ ਨੂੰ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਆਪਣੇ ਨਾਲ ਮਿਲਾ ਚੁੱਕੀ ਹੈ, ਨਾਲ ਮੁਕਾਬਲਾ ਹੈ। ਪ੍ਰੰਤੂ ਫ਼ਰਕ ਸਿਰਫ਼ ਇਹ ਹੈ ਕਿ ਉਸ ਸਮੇਂ ਸਿੱਖਾਂ 'ਚ ਸਿੱਖੀ ਦੇ ਮਹਾਨ ਗੁਣ ਥੋੜ੍ਹੇ ਬਹੁਤੇ ਮੌਜੂਦ ਸਨ, ਪ੍ਰੰਤੂ ਅੱਜ ਦਾ ਸਿੱਖ ਸੁਆਰਥ ਤੇ ਪਦਾਰਥ ਨੇ ਨਿਗਲ ਲਿਆ ਹੈ। ਜਿਸ ਕਾਰਣ ਕੁਰਬਾਨੀ ਤੇ ਤਿਆਗ ਦਾ ਜ਼ਜਬਾ ਕੌਮ 'ਚੋਂ ਲਗਭਗ ਖ਼ਤਮ ਹੋ ਚੁਕਿਆ ਹੈ। ਅੱਜ ਉਸ ਜਰਨੈਲ ਦੀ ਲੋੜ ਹੈ, ਜਿਹੜਾ ਸੁੱਤੀ ਕੌਮ ਨੂੰ ਜਗਾਉਣ ਦੇ ਸਮਰੱਥ ਹੋਣ ਦੇ ਨਾਲ ਨਾਲ ਕੌਮ 'ਚ ਸਿੱਖੀ ਲਈ ਮਰ ਮਿਟਣ ਦਾ ਜਜ਼ਬਾ ਪੈਦਾ ਕਰ ਸਕਦਾ ਹੋਵੇ। ਅੱਜ ਦੇ ਆਗੂ, ਸੱਤਾ ਤੇ ਸੁਆਰਥ ਲਈ, ਕੌਮ ਨੂੰ ਗੈਰਾਂ ਦੀ ਝੋਲੀ ਪਾਉਣ ਤੋਂ ਭੋਰਾ ਭਰ ਵੀ ਝਿਜਕਦੇ ਨਹੀਂ, ਸਗੋਂ ਕੌਮ ਵਿਰੋਧੀ ਸ਼ਕਤੀਆਂ ਦੇ ਕੁਹਾੜੇ ਬਣ ਕੇ, ਆਪਣਿਆਂ ਦੇ ਸਿਰ ਕਲਮ ਕਰਨ ਲਈ ਵੀ ਤਿਆਰ ਰਹਿੰਦੇ ਹਨ। ਕੌਮ 'ਚ ਸਿੱਖੀ ਅਣਖ਼, ਗੈਰਤ ਤੇ ਸਿੱਖੀ ਜ਼ਜਬਾ ਖ਼ਤਮ ਹੋਣ ਕਿਨਾਰੇ ਹੈ, ਇਸ ਲਈ ਸਿੱਖ ਆਪਣੇ ਹੀ ਘਰ 'ਚ 'ਘਸਿਆਰੇ' ਬਣਾ ਦਿੱਤੇ ਗਏ ਹਨ।

ਉਨ੍ਹਾਂ ਤੋਂ ਤਾਂ ਉਨ੍ਹਾਂ ਦਾ ਵਿਰਸਾ ਤੇ ਇਤਿਹਾਸ ਦੋਵੇਂ ਖੋਹ ਲਏ ਗਏ ਹਨ ਅਤੇ ਪਦਾਰਥ ਦੀ ਭੁੱਖ ਇਸ ਕਦਰ ਵਧਾ ਦਿੱਤੀ ਗਈ ਹੈ ਕਿ ਉਹ ਆਪੋ 'ਚ ਹੀ ਉਲਝ ਕੇ ਰਹਿ ਗਏ ਹਨ। ਇਹ ਵੀ ਕੁਦਰਤ ਦਾ ਮੌਕਾ ਮੇਲ ਹੀ 10 ਫਰਵਰੀ ਨੂੰ ਕੌਮ ਨੇ ਇਕ ਮਹਾਨ ਜਰਨੈਲ ਦੀ ਸ਼ਹੀਦੀ ਨੂੰ ਯਾਦ ਕਰਨਾ ਹੈ ਤਾਂ ਇਕ ਦਿਨ ਬਾਅਦ 12 ਫਰਵਰੀ ਨੂੰ ਇਕ ਹੋਰ ਮਹਾਨ ਜਰਨੈਲ ਨੂੰ ਉਸਦੇ ਜਨਮ ਦਿਹਾੜੇ ਕਾਰਣ ਯਾਦ ਕਰਨਾ ਹੈ। ਇਸ ਲਈ ਇਨ੍ਹਾਂ ਦਿਨਾਂ 'ਚ ਕੌਮ ਦੀ ਅਗਵਾਈ ਦਾ ਮਾਮਲਾ ਆਪਣੇ-ਆਪ ਵਿਚਾਰ ਚਰਚਾ 'ਚ ਆ ਜਾਂਦਾ ਹੈ ਅਤੇ ਖ਼ਾਸ ਕਰਕੇ ਉਦੋਂ ਜਦੋਂ ਕੌਮ ਦੀ ਲੀਡਰਸ਼ਿਪ ਦਾ ਵਿਹੜਾ ਪੂਰੀ ਤਰ੍ਹਾਂ ਖਾਲੀ ਪਿਆ ਹੈ ਅਤੇ ਕੌਮ ਦੋਖੀ, ਧਮਾਲਾਂ ਪਾ ਰਹੇ ਹਨ, ਉਸ ਸਮੇਂ ਜਰਨੈਲ ਸ਼ਾਮ ਸਿੰਘ ਅਟਾਰੀ ਵਰਗੇ ਮਹਾਨ ਜਰਨੈਲਾਂ ਦੀ ਲੋੜ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਹੈ ਤਾਂ ਕਿ ਦਸਮੇਸ਼ ਪਿਤਾ ਦੇ ਲਾਏ ਸਿੱਖੀ ਦੇ ਬੂਟੇ ਦੀ ਖੁਸ਼ਬੋ ਨੂੰ ਆਲੋਪ ਹੋਣ ਤੋਂ ਬਚਾਇਆ ਜਾ ਸਕੇ।

Editorial
Jaspal Singh Heran

International