ਸੰਤ ਭਿੰਡਰਾਂਵਾਲਿਆਂ ਨੂੰ ਯਾਦ ਕਰਦਿਆਂ...

ਜਸਪਾਲ ਸਿੰਘ ਹੇਰਾਂ
ਵੀਹਵੀ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ੍ਹਿਆਂ ਦਾ ਅੱਜ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ, ਭਾਵੇਂ ਕਿ ਅਸਲ 'ਚ ਸੰਤਾਂ ਦਾ ਜਨਮ ਦਿਨ  2 ਜੂਨ ਹੈ, ਪ੍ਰੰਤੂ ਉਹ ਦਿਨ ਸਾਕਾ ਦਰਬਾਰ ਸਾਹਿਬ ਦੇ ਨਾਲ ਅਤੇ ਸ਼ਹਾਦਤਾਂ ਦੇ ਦਿਨ ਹੋਣ ਕਾਰਣ ਸੰਤਾਂ ਦਾ ਜਨਮ ਦਿਹਾੜਾ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ 12 ਫਰਵਰੀ ਨੂੰ ਮਨਾਉਣ ਸ਼ੁਰੂ ਕੀਤਾ ਗਿਆ ਹੈ। ਕੁਦਰਤੀ ਇਸ ਵਾਰ ਇੰਨ੍ਹਾਂ ਦਿਨਾਂ 'ਚ ਦੇਸ਼ ਦੀ ਨਿਆਪਾਲਿਕਾਂ ਨੇ ਸਿੱਖਾਂ ਨੂੰ ਇੱਕ ਗੰਭੀਰ ਚੁਣੌਤੀ ਦੇ ਦਿੱਤੀ ਹੈ। ਸਿੱਖਾਂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਣ ਲਈ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਅਸੀਂ ਸਮਝਦੇ ਹਾਂ ਕਿ ਸੰਤ ਭਿੰਡਰਾਂਵਾਲ੍ਹਿਆਂ ਦਾ ਜਨਮ ਦਿਹਾੜਾ, ਸਮੇਂ ਦੀ ਹਿੰਦੂਤਵੀ ਸੱਤਾ ਪ੍ਰਣਾਲੀ ਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਬੇਹੱਦ ਢੁੱਕਵਾਂ ਮੌਕਾ ਮੇਲ ਹੈ। ਕੌਮ ਨੂੰ ਸੰਤ ਭਿੰਡਰਾਂਵਾਲ੍ਹਿਆਂ ਦਾ ਜਨਮ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਕੇ ਸਮੇਂ ਦੇ ਹਾਕਮਾਂ ਤੇ ਦੇਸ਼ ਦੀ ਸੱਤਾਪ੍ਰਣਾਲੀ ਨੂੰ ਇਹ ਦੱਸ ਦੇਣਾ ਚਾਹੀਦਾ ਹੈ ਕਿ ਸਿੱਖ ਆਪਣੇ ਸ਼ਹੀਦਾਂ ਨੂੰ, ਉਨ੍ਹਾਂ ਦੀ ਸ਼ਹਾਦਤ ਨੂੰ ਦਿਲੋ ਯਾਦ ਕਰਦੇ ਹਨ ਅਤੇ ਕਰਦੇ ਰਹਿਣਗੇ। ਕਾਨੂੰਨ ਦੀ ਸਖ਼ਤੀ, ਸਰਕਾਰਾਂ ਦਾ ਜ਼ੁਲਮ, ਸਿੱਖਾਂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਤੋਂ ਰੋਕ ਨਹੀਂ ਸਕਦਾ। ਇਸ ਲਈ 12 ਫਰਵਰੀ ਨੂੰ ਸੰਤ ਭਿੰਡਰਾਂਵਾਲ੍ਹਿਆਂ ਨੂੰ ਕੌਮ ਪੂਰੀ ਸ਼ਿੱਦਤ ਨਾਲ  ਯਾਦ ਕਰਕੇ ਨਿਆਪਾਲਿਕਾਂ ਵੱਲੋਂ ਲਏ ਗਏ ਗਲ਼ਤ ਫੈਸਲੇ ਨੂੰ ਚੈਲਿਜ ਕਰ ਸਕਦੀ ਹੈ, ਕਿਉਂਕਿ ਇਹ ਫੈਸਲਾ ਸਿੱਖ ਮਨਾਂ 'ਚ ਆਪਣੇ ਸ਼ਹੀਦਾਂ ਅਤੇ ਆਪਣੇ ਕੌਮੀ ਘਰ ਦੀ ਯਾਦ ਨੂੰ ਕੱਢਣ ਲਈ ਦਹਿਸ਼ਤ ਪੈਦਾ ਕਰਨ ਲਈ ਕੀਤਾ ਗਿਆ ਹੈ।

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜਿਨ੍ਹਾਂ ਨੂੰ ਸਮੁੱਚੀ ਕੌਮ ਨੇ 20ਵੀਂ ਸਦੀ ਦੇ ਮਹਾਨ ਸਿੱਖ ਦੀ ਉਪਾਧੀ ਦਿੱਤੀ ਹੈ, ਉਨ੍ਹਾਂ ਦਾ ਅੱਜ ਦਿਹਾੜਾ ਹੈ। ਭਾਵੇਂ ਕਿ ਸਮੁੱਚੀ ਕੌਮ ਨੇ ਵਿਸ਼ਵ ਪੱਧਰ 'ਤੇ ਸਦੀ ਦੇ ਮਹਾਨ ਸਿੱਖ ਸਬੰਧੀ ਆਪਣਾ ਫਤਵਾ ਸੰਤ ਭਿੰਡਰਾਂਵਾਲਿਆਂ ਦੇ ਹੱਕ 'ਚ ਦਿੱਤਾ ਹੈ, ਪਰ ਜਿਸ ਤਰ੍ਹਾਂ ਸਿੱਖ ਵਿਰੋਧੀ ਸ਼ਕਤੀਆਂ ਨੇ ਸੰਤਾ ਦੀ ਸਖ਼ਸੀਅਤ, ਉਨ੍ਹਾਂ ਦੀ ਕਾਰਜਸ਼ੈਲੀ ਅਤੇ ਉਨ੍ਹਾਂ ਦੀ ਸ਼ਹਾਦਤ ਬਾਰੇ ਭੁਲੇਖੇ ਪਾਏ ਹਨ ਅਤੇ ਕੌਮ ਉਨਾਂ ਭੁਲੇਖਿਆਂ ਨੂੰ ਦੂਰ ਕਰਨ ਦੀ ਆਪਣੀ ਜੁੰੁੰਮੇਵਾਰੀ ਨਿਭਾਉਣ ਤੋਂ ਭੱਜੀ ਜਾਪਦੀ ਹੈ, ਇਸ ਸਬੰਧੀ ਅੱਜ ਡੂੰਘੀ ਵਿਚਾਰ ਅਤੇ ਆਤਮ ਵਿਸ਼ਲੇਸ਼ਣ ਦੀ ਵੱਡੀ ਲੋੜ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਸੰਤ-ਸਿਪਾਹੀ ਦੀ ਚੜ੍ਹਤ ਕੌਮ 'ਚ ਦੁਬਾਰਾ ਪੈਦਾ ਕੀਤੀ, ਉਨ੍ਹਾਂ ਸਿੱਖਾਂ ਦੇ ਹੱਕਾਂ ਦੀ ਰਾਖੀ ਕੀਤੀ, ਮਨੁੱਖਤਾ ਨੂੰ ਸਿੱਖੀ ਦੇ ਉਸ ਬੇਨਜ਼ੀਰ ਬੁਰਜ ਦੀ ਉਚਾਈ ਤੋਂ ਸ਼ਾਨ ਨਾਲ ਵੇਖਿਆ, ਜੋ ਸਰਬਤ ਦੇ ਭਲੇ ਦੀ ਨੁਹਾਰ ਨੂੰ ਸਿਰਜਦਾ ਹੈ। ਪਰ ਅਫ਼ਸੋਸ ਹੈ ਕਿ ਫਿਰਕੂ ਨਫ਼ਰਤ 'ਚ ਅੰਨ੍ਹੀਆਂ ਅਤੇ ਦੁਨਿਆਵੀ ਸੱਤਾ ਦੀ ਹਵਸ 'ਚ ਹਾਂਭੜੀਆਂ ਸ਼ਕਤੀਆਂ, ਜਿਨ੍ਹਾਂ ਦੀ ਭਾਰਤੀ ਪ੍ਰੈਸ ਨੇ ਵੀ ਪਿੱਠ ਥਾਪੜੀ, ਵੱਲੋਂ ਸੰਤਾ ਵਿਰੁੱਧ ਕੂੜ ਦੇ ਤੂਫ਼ਾਨ ਨੂੰ ਸਿਰਜਿਆ ਗਿਆ, ਅੱਜ ਵੀ ਕੱਟੜ-ਫਿਰਕੂ, ਜਾਨੂੰਨੀ ਹਿੰਦੂਵਾਦੀਆਂ ਵੱਲੋਂ ਸੰਤਾ ਦੇ ਪੋਸਟਰ ਪਾੜ ਕੇ ਪੰਜਾਬ ਦੇ ਅਮਨ-ਚੈਨ ਨੂੰ ਲਾਂਬੂ ਲਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ, ਪ੍ਰੰਤੂ ਉਨ੍ਹਾਂ ਦੀਆਂ ਇਹ ਕੋਝੀਆਂ ਹਰਕਤਾਂ ਵੀ ਸੰਤਾ ਦੇ ਤੇਜ਼ ਅਤੇ ਕੁਰਬਾਨੀ ਨੂੰ ਡੱਕ ਨਹੀਂ ਸਕੀਆਂ ਅਤੇ ਇਸ ਕੂੜ ਤੂਫ਼ਾਨ ਦੇ ਬਾਵਜੂਦ ਸਮੁੱਚੀ ਕੌਮ ਵੱਲੋਂ ਸੰਤ ਭਿੰਡਰਾਂਵਾਲਿਆਂ ਨੂੰ ਸਿੱਖਾਂ ਦੀ ਅਜ਼ਾਦੀ ਦੀ ਜੰਗ ਲੜਨ ਵਾਲੇ ਇਕ ਬਹਾਦਰ ਜਰਨੈਲ, ਦਰਬਾਰ ਸਾਹਿਬ ਦੀ ਰਾਖੀ ਕਰਨ ਵਾਲੇ ਮਹਾਨ ਯੋਧੇ, ਸਿੱਖਾਂ ਦੇ ਮਨਾਂ ਅਤੇ ਤਨਾਂ ਤੋਂ ਰੁੱਖਸਤ ਹੋ ਰਹੀ ਸਿੱਖੀ ਨੂੰ ਦੁਬਾਰਾ ਜਗਾ ਕੇ ਅੰਮ੍ਰਿਤਧਾਰੀ ਸਿੰਘ ਸਜਾ ਕੇ ਗੁਰੂ ਲੜ ਲਾਉਣ ਵਾਲੇ ਮਹਾਨ ਸੰਤ, ਸਿੱਖ ਹਿੱਤਾਂ ਲਈ ਲੜ ਕੇ ਹਿੰਦੋਸਤਾਨ ਦੇ ਅਖੌਤੀ ਲੋਕਤੰਤਰ ਦਾ ਸਮੁੱਚੇ ਵਿਸ਼ਵ ਅੱਗੇ ਭਾਂਡਾ ਭੰਨਣ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ ਵਜੋਂ ਪ੍ਰਵਾਨ ਕੀਤਾ ਹੈ।

ਖਾਲਸਾ ਪੰਥ ਸੰਤ ਭਿੰਡਰਾਂਵਾਲੇ ਨੂੰ ਸੁੱਤੀ ਕੌਮ ਜਗਾਉਣ ਵਾਲਾ ਜਰਨੈਲ ਮੰਨਦਾ ਹੈ। ਪਰ ਅੱਜ ਜਦੋਂ ਸੰਤਾ ਨੂੰ ਸ਼ਹੀਦ ਹੋਇਆ ੩੫ ਵਰ੍ਹੇ ਹੋਣ ਵਾਲੇ ਹਨ ਅਤੇ ਉਨ੍ਹਾਂ ਵੱਲੋਂ ਆਮ ਸਿੱਖਾਂ ਦੇ ਮਨਾਂ 'ਚ ਜਗਾਈ ਅਣਖ, ਗੈਰਤ ਤੇ ਅਜ਼ਾਦੀ ਦੀ ਚਿਣਗ ਮੱਠੀ ਪੈ ਗਈ ਹੈ ਅਤੇ ਦੂਜੇ ਪਾਸੇ ਸਿੱਖ ਵਿਰੋਧੀ ਸ਼ਕਤੀਆਂ ਨੇ ਆਪਣੇ ਕੂੜ ਪ੍ਰਚਾਰ ਨਾਲ ਫਿਰਕੂ ਜ਼ਹਿਰ ਉਗਲ ਕੇ ਸੰਤਾ ਨੂੰ ਸੰਤ ਸਿਪਾਹੀ ਦੀ ਥਾਂ 'ਅੱਤਵਾਦੀ' ਗਰਦਾਨਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਹੋਈ, ਉਸ ਸਮੇਂ ਜਿੱਥੇ ਉਹ ਸ਼ਕਤੀਆਂ, ਜਿਨ੍ਹਾਂ ਨੂੰ 'ਨਰਮ ਦਲੀਏ ਸਿੱਖ' ਆਖਿਆ ਜਾਂਦਾ ਹੈ, ਆਪਣੀ ਸੱਤਾ ਲਾਲਸਾ ਅਤੇ ਪਦਾਰਥ ਦੀ ਭੁੱਖ ਕਾਰਣ ਇਨ੍ਹਾਂ ਸ਼ਕਤੀਆਂ ਦੇ ਹੱਥਾਂ ਦੇ ਖਿਡੌਣੇ ਬਣਕੇ ਅਤੇ ਆਪਣੇ ਉਸ ਕਿਰਦਾਰ ਨੂੰ ਜਿਹੜਾ ਇੰਨ੍ਹਾਂ ਤਾਕਤਾਂ ਨੇ ਕੌਮ ਤੇ ਹੋਏ ਹਮਲੇ ਸਮੇਂ ਹਮਲਾਵਰ ਸ਼ਕਤੀਆਂ ਦਾ ਸਾਥ ਦੇ ਕੇ ਨਿਭਾਇਆ ਸੀ, ਠੀਕ ਸਿੱਧ ਕਰਨ ਲਈ ਸੰਤਾਂ ਦੀ ਸਖ਼ਸੀਅਤ ਦੀ ਅਕਾਸ਼ ਛੂੰਹਦੀ ਬੁਲੰਦੀ ਨੂੰ ਬੌਣਾ ਕਰਨ ਦਾ ਹਰ ਸੰਭਵ ਯਤਨ ਕੀਤਾ ਹੈ ਅਤੇ ਕੀਤਾ ਜਾ ਰਿਹਾ ਹੈ। ਅੱਜ ਲੋੜ ਹੈ ਕਿ ਸੰਤਾਂ ਵੱਲੋਂ ਨਿਭਾਈ ਭੂਮਿਕਾ ਨੂੰ ਸਿੱਖੀ ਸਿਧਾਂਤਾਂ ਅਤੇ ਗੁਰੂ ਸਾਹਿਬ ਵੱਲੋਂ ਕੌਮ ਸਿਰਜਣਾ ਦੇ ਆਸ਼ੇ ਦੇ ਸੰਦਰਭ 'ਚ ਰੱਖ ਕੇ ਪਰਖਿਆ ਜਾਵੇ ਅਤੇ ਪਿੰਜਰੇ 'ਚ ਬੰਦ ਸ਼ੇਰ ਨੂੰ ਅਜ਼ਾਦੀ ਦੇ ਅਰਥ ਸਮਝਾਉਣ ਅਤੇ ਆਪਣੀ ਸ਼ਕਤੀ ਨੂੰ ਸਮਝਣ ਲਈ ਸੰਤ ਭਿੰਡਰਾਂਵਾਲਿਆਂ ਵੱਲੋਂ ਕੀਤੇ ਯਤਨਾਂ ਨੂੰ, ਸਿੱਖਾਂ ਨਾਲ ਦੇਸ਼ ਦੀ ਅਜ਼ਾਦੀ ਤੋਂ ਬਾਅਦ ਹੋ ਰਹੇ ਲਗਾਤਾਰ ਵਿਤਕਰਿਆਂ ਨੂੰ ਸਾਹਮਣੇ ਰੱਖ ਕੇ ਵਾਚਣਾ ਜ਼ਰੂਰੀ ਹੈ। ਧਾਰਮਿਕ ਵਿਅਕਤੀ ਵੱਲੋਂ ਕੌਮੀ ਸੰਘਰਸ਼ ਦੀ ਅਗਵਾਈ ਕੋਈ ਅਲੋਕਾਰੀ ਵਰਤਾਰਾ ਨਹੀਂ ਸੀ।

ਗੁਰੂ ਸਾਹਿਬ ਵੱਲੋਂ ਸਿਰਜੇ ਮੀਰੀ-ਪੀਰੀ ਦੇ ਸਿਧਾਂਤ ਕਾਰਨ, ਹਰ ਔਕੜ, ਬਿਪਤਾ ਤੇ ਕਠਿਨਾਈ ਸਮੇਂ ਧਾਰਮਿਕ ਆਗੂਆਂ ਨੇ ਅੱਗੇ ਆ ਕੇ ਕੌਮ ਨੂੰ ਅਗਵਾਈ ਦਿੱਤੀ। ਉਹ ਭਾਵੇਂ ਬਾਬਾ ਦੀਪ ਸਿੰਘ ਜੀ ਹੋਣ ਜਾਂ ਫਿਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ। ਸਿੱਖੀ ਦਾ ਸਰਬੱਤ ਦੇ ਭਲਾ ਦਾ ਨਾਅਰਾ ਅਤੇ ਹਰ ਮਜ਼ਲੂਮ ਦੀ ਜ਼ਾਲਮ ਤੋਂ ਸੁਰੱਖਿਆ ਨੂੰ ਜਿਸ ਤਰ੍ਹਾਂ ਸੰਤਾ ਨੇ ਆਪਣਾ ਜੀਵਨ ਵਾਰ ਕੇ ਸਿਰੇ ਚਾੜ੍ਹਿਆ, ਉਹ ਹਰ ਸਿੱਖੀ ਸਿਧਾਤਾਂ ਦੇ ਸੱਚੇ ਪਹਿਰੇਦਾਰ ਦਾ ਮੁੱਢਲਾ ਮਿਸ਼ਨ ਹੁੰਦਾ ਹੈ। ਅਸੀਂ ਸਾਰੇ ਵਾਰ-ਵਾਰ ਇਹ ਦੁਹਰਾਉਂਦੇ ਆ ਰਹੇ ਹਾਂ ਕਿ ਆਪਣੇ ਸ਼ਹੀਦਾਂ ਨੂੰ ਭੁੱਲ ਜਾਣ ਵਾਲੀਆਂ ਕੌਮਾਂ ਇਤਿਹਾਸ 'ਚੋਂ ਖ਼ਤਮ ਹੋ ਜਾਂਦੀਆਂ ਹਨ, ਪ੍ਰੰਤੂ ਕਦੇ ਵੀ ਇਹ ਨਹੀਂ ਵਿਚਾਰਿਆ ਕਿ ਜਿਹੜੀ ਕੌਮ ਇਨਕਲਾਬੀ ਮੋੜ ਨੂੰ ਹੀ ਵਿਸਰ ਜਾਵੇ, ਫਿਰ ਉਹ ਆਪਣੇ ਨਿਸ਼ਾਨੇ ਤੇ ਕਿਵੇਂ ਪਹੁੰਚ ਸਕੇਗੀ? ਲੋੜ ਹੈ ਅਸੀਂ ਸਿੱਖੀ ਦੇ ਮਹਾਨ ਫਲਸਫ਼ੇ ਨੂੰ ਜਿੱਥੇ ਦੁਨੀਆ 'ਚ ਲੈ ਕੇ ਜਾਈਏ, ਉਥੇ ਕੌਮ ਵੱਲੋਂ ਸਮੇਂ-ਸਮੇਂ ਲੜ੍ਹੇ ਗਏ ਸੰਘਰਸ਼ਾਂ ਨੂੰ ਉਨ੍ਹਾਂ ਪਿੱਛੇ ਲੁੱਕੇ ਕਾਰਣਾਂ, ਮੰਤਵ ਅਤੇ ਮਿਸ਼ਨ ਨੂੰ ਦੁਨੀਆ ਸਾਹਮਣੇ ਰੱਖੀਏ ਤਾਂ ਕਿ ਜਿਸ ਮਹਾਨ ਸਖ਼ਸੀਅਤ ਨੂੰ ਸਮੁੱਚੀ ਕੌਮ ਨੇ ਇਕ ਸਦੀ ਦਾ ਮਹਾਨ ਸਿੱਖ ਮੰਨਿਆ ਹੋਵੇ, ਉਸ ਬਾਰੇ ਕਿਸੇ ਨੂੰ ਕੋਈ ਭਰਮ ਭੁਲੇਖਾ ਨਾ ਰਹੇ ਅਤੇ ਕੌਮ ਨੂੰ ਆਪਣੇ ਫਰਜ਼ ਦਾ ਅਹਿਸਾਸ ਵੀ ਹੋਵੇ।

Editorial
Jaspal Singh Heran

International