ਚੋਣਾਂ ਨੇੜੇ ਆਉਣ ਤੇ ਮੁੱਖ ਮੰਤਰੀ ਵੀ ਸੜਕਾਂ ਤੇ ਆਏ

ਨਵੀਂ ਦਿੱਲੀ 11 ਫ਼ਰਵਰੀ (ਏਜੰਸੀਆਂ) : ਹਾਲ ਹੀ ਵਿੱਚ ਦੇਸ਼ ਦੇ ਤਿੰਨ ਅਜਿਹੇ ਮੁੱਖ ਮੰਤਰੀ ਰਹੇ ਜਿਨ੍ਹਾਂ ਨੇ ਸੂਬੇ ਦੇ ਮੁਖੀ ਹੋਣ ਦੇ ਬਾਵਜੂਦ ਵੱਖ-ਵੱਖ ਮੰਗਾਂ ਦੀ ਪੂਰਤੀ ਲਈ ਧਰਨਾ ਦੇ ਦਿੱਤਾ। ਇਨ੍ਹਾਂ ਵਿੱਚ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ। ਇਨ੍ਹਾਂ ਮੁੱਖ ਮੰਤਰੀਆਂ ਦੇ ਵਿਰੋਧ ਪ੍ਰਦਰਸ਼ਨ ਨੇ ਲੋਕਾਂ ਦਾ ਧਿਆਨ ਖ਼ੂਬ ਆਪਣੇ ਪਾਸੇ ਖਿੱਚਿਆ। ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਐਨ. ਚੰਦਰਬਾਬੂ ਨਾਇਡੂ ਸੋਮਵਾਰ ਤੋਂ ਕੌਮੀ ਰਾਜਧਾਨੀ ਦਿੱਲੀ ਵਿੱਚ ਇੱਕ ਦਿਨਾ ਭੁੱਖ ਹੜਤਾਲ 'ਤੇ ਬੈਠ ਗਏ ਹਨ। ਚੰਦਰਬਾਬੂ ਨਾਇਡੂ ਇਹ ਭੁੱਖ ਹੜਤਾਲ ਆਪਣੇ ਸੂਬੇ ਨੂੰ ਵਿਸ਼ੇਸ਼ ਦਰਜਾ ਦਿਵਾਉਣ ਅਤੇ ਸੂਬਾ ਪੁਨਰਗਠਨ ਐਕਟ, 2014 ਤਹਿਤ ਕੇਂਦਰ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਹਨ।

ਨਾਇਡੂ ਦੀ ਇਸ ਭੁੱਖ ਹੜਤਾਲ ਵਿੱਚ ਕਾਂਗਰਸ ਮੁਖੀ ਰਾਹੁਲ ਗਾਂਧੀ ਤੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੁਖ ਅਬਦੁੱਲਾ ਪਹੁੰਚੇ। ਨਾਇਡੂ ਆਪਣੇ ਮੰਤਰੀਆਂ, ਪਾਰਟੀ ਵਿਧਾਇਕਾਂ, ਐਮਐਲਸੀ ਤੇ ਸੰਸਦ ਮੈਂਬਰਾਂ ਸਮੇਤ ਧਰਨਾ ਦੇ ਰਹੇ ਹਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਾਲ ਹੀ ਵਿੱਚ ਕੋਲਕਾਤਾ ਵਿੱਚ ਧਰਨਾ ਦਿੱਤਾ ਹੈ। ਸੀਐਮ ਮਮਤਾ ਬੈਨਰਜੀ ਕੇਂਦਰ ਸਰਕਾਰ ਵੱਲੋਂ ਸੀਬੀਆਈ ਦੇ 'ਬੇਜਾ' ਦੀ ਵਰਤੋਂ ਨੂੰ ਮੁੱਦਾ ਬਣਾਉਂਦਿਆਂ ਧਰਨੇ 'ਤੇ ਬੈਠੇ ਸਨ। ਬੈਨਰਜੀ ਨੂੰ ਧਰਨੇ ਵਿੱਚ ਵਿਰੋਧੀ ਪਾਰਟੀਆਂ ਦਾ ਜ਼ੋਰਦਾਰ ਸਮਰਥਨ ਮਿਲਿਆ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸਮੇਤ ਵਿਰੋਧੀ ਧਿਰਾਂ ਦੇ ਕਈ ਵੱਡੇ ਨੇਤਾਵਾਂ ਨੇ ਮਮਤਾ ਦਾ ਸਮਰਥਨ ਕੀਤਾ। ਸੀਬੀਆਈ ਦੀ ਟੀਮ ਸ਼ਾਰਦਾ ਚਿਟ ਫੰਡ ਘਪਲੇ ਵਿੱਚ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਦੇ ਘਰ ਪੁੱਛਗਿੱਛ ਲਈ ਗਈ ਸੀ, ਜਿਸ ਮਗਰੋਂ ਪੱਛਮੀ ਬੰਗਾਲ ਪੁਲਿਸ ਨੇ ਸੀਬੀਆਈ ਅਧਿਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਇਸ ਮਗਰੋਂ ਹੀ ਇਹ ਧਰਨਾ ਸ਼ੁਰੂ ਕੀਤਾ ਗਿਆ ਸੀ।

ਇਨ੍ਹਾਂ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਅਹੁਦੇ 'ਤੇ ਰਹਿੰਦੇ ਹੋਏ ਕਈ ਵਾਰ ਧਰਨਾ-ਪ੍ਰਦਰਸ਼ਨ ਕਰ ਚੁੱਕੇ ਹਨ। ਹਾਲ ਹੀ ਵਿੱਚ ਉਹ ਉਪ-ਰਾਜਪਾਲ ਅਨਿਲ ਬੈਜਲ ਦੇ ਦਫ਼ਤਰ ਵਿੱਚ ਧਰਨੇ 'ਤੇ ਬੈਠ ਗਏ ਸਨ। ਇਸ ਧਰਨੇ ਪਿੱਛੇ ਉਨ੍ਹਾਂ ਦਾ ਇਲਜ਼ਾਮ ਸੀ ਕਿ ਦਿੱਲੀ ਦੇ ਅਧਿਕਾਰੀ ਕੰਮ ਨਹੀਂ ਕਰ ਰਹੇ ਹਨ। ਇਸ ਮਗਰੋਂ ਕੇਜਰੀਵਾਲ ਨੇ ਆਪਣੇ ਆਈਏਐਸ ਅਧਿਕਾਰੀਆਂ ਨਾਲ ਬੈਠਕ ਕੀਤੀ ਤੇ ਅਫਸਰਾਂ ਨੇ ਕੰਮਕਾਜ ਵਿੱਚ ਸਹਿਯੋਗ ਦਾ ਭਰੋਸਾ ਦਿੱਤਾ ਸੀ। ਉੱਥੇ, ਕੇਜਰੀਵਾਲ ਨੇ ਸਾਲ 2014 ਵਿੱਚ ਵੀ ਮੁੱਖ ਮੰਤਰੀ ਰਹਿੰਦਿਆਂ ਧਰਨਾ ਦਿੱਤਾ ਸੀ। ਇਸ ਵਿੱਚ ਉਨ੍ਹਾਂ ਦਿੱਲੀ ਪੁਲਿਸ ਦਾ ਕੰਟ੍ਰੋਲ ਸਰਕਾਰ ਨੂੰ ਦੇਣ ਤੇ ਪੁਲਿਸ ਸੁਧਾਰਾਂ ਦੀ ਮੰਗ ਮੁੱਖ ਸੀ। ਇਸ ਦੌਰਾਨ ਕੇਜਰੀਵਾਲ ਦਿੱਲੀ ਦੀਆਂ ਸੜਕਾਂ 'ਤੇ ਵੀ ਸੁੱਤੇ ਸਨ।

Unusual
Politics
Andhra Pradesh
Rahul Gandhi
Chief Minister

International