ਸਿੱਖ ਨੌਜੁਆਨਾਂ ਨੂੰ ਗੈਰ ਕਾਨੂੰਨੀ ਸਜ਼ਾ ਸੁਣਾਏ ਜਾਣ ਖਿਲਾਫ਼ ਸੁਚੇਤ ਹੋ ਕੇ ਪਹਿਰੇਦਾਰੀ ਕਰੇ ਸਿੱਖ ਜਗਤ : ਪੰਜ ਪਿਆਰੇ ਸਿੰਘ

ਅੰਮ੍ਰਿਤਸਰ 11 ਫਰਵਰੀ (ਨਰਿੰਦਰ ਪਾਲ ਸਿੰਘ) ਨਵਾਂ ਸ਼ਹਿਰ ਦੀ ਅਦਾਲਤ ਵਲੋਂ ਤਿੰਨ ਸਿੱਖ ਨੌਜੁਆਨਾਂ ਨੂੰ ਉਮਰ ਕੈਦ ਦੀ ਸਜਾ ਸੁਣਾਏ ਜਾਣ ਤੇ ਹੈਰਾਨਗੀ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅੰਮ੍ਰਿਤ ਸੰਚਾਰ ਜਥੇ ਦੇ ਪੰਜ ਸਿੰਘਾਂ ਨੇ ਸਮੁਚੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਇਸ ਧੱਕੇਸ਼ਾਹੀ ਖਿਲਾਫ ਸੁਚੇਤ ਤੇ ਕੌਮੀ ਪਹਿਰੇਦਾਰ ਬਣ ਕੇ ਪਹਿਰੇਦਾਰੀ ਕੀਤੀ ਜਾਵੇ ।ਅੱਜ ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਅੰਮ੍ਰਿਤ ਸੰਚਾਰ ਜਥਾ ਦੇ ਭਾਈ ਸਤਨਾਮ ਸਿੰਘ ਖੰਡਾ,ਭਾਈ ਮੇਜਰ ਸਿੰਘ ,ਭਾਈ ਮੰਗਲ ਸਿੰਘ ਨੇ ਕਿਹਾ ਕਿ ਦਰਪੇਸ਼ ਪੰਥਕ ਹਾਲਾਤਾਂ ਤੇ ਵਿਚਾਰ ਕਰਦਿਆਂ ਪੰਜ ਸਿੰਘਾਂ ਨੇ ਨਵਾਂ ਸ਼ਹਿਰ ਦੀ ਸ਼ੈਸ਼ਨਜ ਕੋਰਟ ਵਲੋਂ ਤਿੰਨ ਸਿੱਖ ਨੌਜੁਆਨਾਂ ਅਰਵਿੰਦਰ ਸਿੰਘ ,ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਧਾਰਾ 121 ਅਤੇ 121 ਏ ਤਹਿਤ ਮੁਲਕ ਦੇ ਖਿਲਾਫ ਜੰਗ ਛੇੜਣ ਦਾ ਇਲਜਾਮ ਲਗਾਇਆ ਗਿਆ ਤੇ ਨਾਲ ਹੀ ਗੈਰ ਕਾਨੂੰਨੀ ਕਾਰਵਾਈ ਐਕਟ 1967 ਦੀ ਧਾਰਾ 10ਅਤੇ 13 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਤੱਥਾਂ ਅਨੁਸਾਰ ਨੌਜੁਆਨਾਂ ਤੋਂ ਕੇਵਲ ਸ਼ਹੀਦ ਸਿੰਘਾਂ ਦੀਆਂ ਫੋਟੋ ,ਪ੍ਰਕਾਸ਼ਿਤ ਸਹਿਤ ਅਤੇ ਕੁਝ ਕਿਤਾਬਾਂ ਮਿਲੀਆਂ ਹਨ ਜੋ ਸਿੱਖ ਸੰਘਰਸ਼ ਤੇ ਵਿਰਸੇ ਨਾਲ ਸਬੰਧਤ ਹਨ ਅਤੇ ਜਿਨ੍ਹਾਂ ਦੇ ਪ੍ਰਕਾਸ਼ਨ ਤੇ ਕਦੀ ਵੀ ਕੋਈ ਰੋਕ ਨਹੀ ਲੱਗੀ ।ਭਾਈ ਖੰਡਾ ਨੇ ਦੱਸਿਆ ਕਿ ਸੁਣਾਏ ਗਏ ਅਦਾਲਤੀ ਫੈਸਲੇ ਅਨੁਸਾਰ ਨਾ ਤਾਂ ਇਨ੍ਹਾਂ ਨੌਜੁਆਨਾਂ ਪਾਸੋਂ ਕੋਈ ਗੈਰ ਕਾਨੂੰਨੀ ਹਥਿਆਰ ਬਰਾਮਦ ਹੋਏ ਨਾ ਹੀ ਦੇਸ਼ ਦੀ ਅਖੰਡਤਾ ਨੂੰ ਤੋੜਨ ਦਾ ਕੋਈ ਮਨਸੂਬਾ ਨਜਰ ਆਉਂਦਾ ਹੈ।ਉਨ੍ਹਾਂ ਕਿਹਾ ਕਿ ਧਾਰਾ 121 ਤੇ 121 ਏ ਤਾਂ ਇੰਦਰਾ ,ਰਾਜੀਵ ਦੇ ਕਾਤਲਾਂ ਤੇ ਵੀ ਨਹੀ ਲਗਾਈ ਗਈ ਤੇ ਨਾ ਹੀ ਜੋਧਪੁਰ ਜੇਲ੍ਹ ਵਿੱਚ ਪੰਜ ਸਾਲ ਕੱਟਣ ਵਾਲੇ ਸਿੰਘਾਂ ਤੇ ਲਗਾਈਆਂ ਗਈਆਂ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਅਜੇਹੇ ਹਾਲਾਤ ਹੀ ਨਹੀ ਹਨ ਲੇਕਿਨ ਅਦਾਲਤ ਦੇ ਫੈਸਲੇ ਨੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਜਰੂਰ ਕਰਵਾਇਆ ਹੈ।

ਅੰਮ੍ਰਿਤ ਸੰਚਾਰ ਜਥਾ ਦੇ ਸਿੰਘਾਂ ਨੇ ਇੱਕ ਅੰਮ੍ਰਿਤਧਾਰੀ ਵਕੀਲ ਨੂੰ ਕ੍ਰਿਪਾਨ ਸਮੇਤ ਸੁਪਰੀਮ ਕੋਰਟ ਵਿੱਚ ਜਾਣ ਤੋਂ ਰੋਕਣ ਤੇ ਵੀ ਸਖਤ ਇਤਰਾਜ ਜਿਤਾਇਆ ਹੈ ।ਉਨ੍ਹਾਂ ਯਾਦ ਦਿਵਾਇਆ ਹੈ ਕਿ ਖਾਲਸੇ ਦੀ ਕ੍ਰਿਪਾਨ ਦੌਲਤ ਹੀ ਮੁਗਲ ਤੇ ਬ੍ਰਿਟਿਸ਼ ਸਾਮਰਾਜ ਦੀ ਜੜ੍ਹਾਂ ਇਸ ਮੁਲਕ ਚੋਂ ਪੁੱਟੀਆਂ ਗਈਆਂ ਸਨ ।ਉਨ੍ਹਾਂ ਸਮੁਚੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਇਸ ਧੱਕੇਸ਼ਾਹੀ ਖਿਲਾਫ ਸੁਚੇਤ ਤੇ ਕੌਮੀ ਪਹਿਰੇਦਾਰ ਬਣ ਕੇ ਪਹਿਰੇਦਾਰੀ ਕੀਤੀ ਜਾਵੇ ।

Unusual
Sikhs
Panj Pyare
Court Case

International