ਬਹਿਬਲ ਗੋਲੀਕਾਂਡ : ਆਈ.ਜੀ. ਉਮਰਾਨੰਗਲ ਨੂੰ ਸਿੱਟ ਰਿੜਕੇਗੀ ਚਾਰ ਦਿਨ

ਫ਼ਰੀਦਕੋਟ ਅਦਾਲਤ ਵੱਲੋਂ ਆਈ.ਜੀ. ਦਾ 23 ਤੱਕ ਪੁਲਿਸ ਰਿਮਾਂਡ

ਫਰੀਦਕੋਟ, 19 ਫਰਵਰੀ (ਜਗਦੀਸ ਬਾਂਬਾ)  : 1 ਜੂਨ 2015 ਨੂੰ ਫਰੀਦਕੋਟ ਦੇ ਨੇੜਲੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਸੋਚੀ ਸਮਝੀ ਸਾਜਿਸ ਤਹਿਤ ਕੀਤੀ ਗਈ ਬੇਅਦਬੀ ਤੋਂ ਬਾਅਦ ਪੰਥਕ ਜੱਥੇਬੰਦੀਆਂ ਸਮੇਤ ਵੱਡੀ ਗਿਣਤੀ ’ਚ ਇਕਜੁੱਟ ਹੋਈਆਂ ਸੰਗਤਾ ਵੱਲੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗਿ੍ਰਫਤਾਰੀ ਲਈ ਕੋਟਕਪੂਰਾ ਚੌਕ ਅਤੇ ਬਹਿਬਲ ਕਲਾਂ ਵਿਖੇ ਜਿਓ ਹੀ ਸਾਤਮਈ ਧਰਨਾ ਪ੍ਰਦਰਸ਼ਨ ਸੁਰੂ ਕੀਤਾ ਤਾਂ ਉਸ ਵੇਲੇ ਦੀ ਅਕਾਲੀ ਭਾਜਪਾ ਸਰਕਾਰ ਘਭਰਾ ਗਈ ਅਤੇ ਧਰਨਕਾਰੀਆਂ ਨੂੰ ਧਰਨਾ ਸਥਾਨ ਤੋਂ ਹਟਾਉਣ ਲਈ ਪੁਲਿਸ ਪ੍ਰਸਾਸਨ ਵੱਲੋਂ ਜਾਪ ਕਰਦੀਆਂ ਸੰਗਤਾ ’ਤੇ ਅਥਰੂ ਗੈਸ ਦੇ ਗੋਲੇ ਅਤੇ ਲਾਠੀਚਾਰਜ ਕਰਨ ਦੇ ਨਾਲ ਨਾਲ ਅੰਨੇਵਾਹ ਗੋਲੀਆਂ ਚਲਾਏ ਜਾਣ ਦੀਆਂ ਵੀਡੀਓ ਅੱਜ ਵੀ ਸੋਸਲ ਮੀਡੀਆਂ ’ਤੇ ਧੱੜਾ ਧੱੜ ਵਾਇਰਲ ਹੋ ਰਹੀਆਂ ਹਨ,ਇਸੇ ਗੋਲੀਕਾਂਡ ਦੌਰਾਨ ਦੋਂ ਸਿੰਘ ਸਹੀਦ ਅਤੇ 100 ਤੋਂ ਵੱਧ ਲੋਕਾਂ ਦੇ ਫੱਟੜ ਹੋ ਜਾਣ ਦੇ ਬਾਵਜੂਦ ਬੀਤੀ ਸਰਕਾਰ ਨੇ ਗੋਲੀਕਾਂਡ ਸਮੇਤ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਕੋਈ ਯਤਨ ਨਹੀ ਕੀਤੇ, ਸੱਤਾ ਬੱਦਲਦੇ ਸਾਰ ਹੀ ਕਾਂਗਰਸ ਸਰਕਾਰ ਵੱਲੋਂ ਬੇਅਦਬੀ ਅਤੇ ਗੋਲੀਕਾਂਡ ਨਾਲ ਸਬੰਧਤ ਮਾਮਲੇ ਦੀ ਜਾਂਚ ਕਰਨ ਲਈ ਜੋਰਾ ਸਿੰਘ ਕਮਿਸਨ ਦਾ ਬਣਾਏ ਕੀਤੇ ਜਾਣ ਤੋਂ ਬਾਅਦ ਰਿਪੋਰਟ ਦੇ ਅਧਾਰ ਤੇ ਪੁਲਿਸ ਦੀ ਵਿਸੇਸ ਜਾਂਚ ਟੀਮ ਐਸ.ਆਈ.ਟੀ.ਦਾ ਗਠਨ ਕੀਤਾ ਗਿਆ, ਇਸੇ ਟੀਮ ਵੱਲੋਂ ਸਾਬਕਾ ਮੁੱਖ ਮੰਤਰੀ ਤੋਂ ਲੈ ਕੇ ਫਿਲਮੀ ਸਟਾਰ ਅਤੇ ਅਨੇਂਕਾ ਪੁਲਿਸ ਅਧਿਕਾਰੀਆਂ ਸਮੇਤ 200 ਤੋਂ ਵੱਧ ਲੋਕਾਂ ਦੇ ਬਿਆਨ ਕਲਮਬੰਧ ਕੀਤੇ ਗਏ ਤਾਂ ਜੋ ਗੋਲੀਕਾਂਡ ਦੀ ਸਚਾਈ ਸਾਹਮਣੇ ਆ ਸਕੇ।

ਇਸੇ ਲੜੀ ਤਹਿਤ ਹੀ ਹੁਣ ਐਸ.ਆਈ.ਟੀ ਵੱਲੋਂ ਸੋਮਵਾਰ ਗੋਲੀਕਾਂਡ ਨਾਲ ਸਬੰਧਿਤ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗਿ੍ਰਫਤਾਰ ਕਰਕੇ ਮੰਗਲਵਾਰ ਕਰੀਬ 2 ਵਜੇ ਫਰੀਦਕੋਟ ਦੀ ਅਦਾਲਤ ’ਚ ਪੇਸ ਕੀਤੇ ਜਾਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਨੇ 10 ਦਾ ਪੁਲਿਸ ਰਿਮਾਂਡ ਮੰਗਿਆ, ਪਰ ਡਿਊਟੀ ਮਜਿਸਟ੍ਰੇਟ ਏਕਤਾ ਉੱਪਲ ਨੇ ਉਮਰਾਨੰਗਲ ਦਾ ਚਾਰ ਦਿਨ ਲਈ ਪੁਲਿਸ ਰਿਮਾਂਡ ਦੇ ਦਿੱਤਾ, ਹੁਣ ਪੁਲਿਸ ਉਮਰਾਨੰਗਲ ਤੋਂ 23 ਫਰਵਰੀ ਤੱਕ ਪੁੱਛਗਿੱਛ ਕਰੇਗੀ। ਦੱਸਣਯੋਗ ਹੈ ਕਿ ਉਮਰਾਨੰਗਲ ਦੀ ਗਿ੍ਰਫ਼ਤਾਰੀ ਨਾਲ ਪੁਲਿਸ ’ਤੇ ਸਿਆਸੀ ਹਲਕਿਆਂ ਵਿੱਚ ਭੂਚਾਲ ਆਇਆ ਹੋਇਆ ਹੈ,ਚਰਚਾ ਹੈ ਕਿ ਹੁਣ ਹੋਰ ਵੱਡੇ ਅਫਸਰਾਂ ਦੀ ਵੀ ਸ਼ਾਮਤ ਆ ਸਕਦੇ ਹੈ। ਸਿੱਟ ਨੇ ਦਾਅਵਾ ਕੀਤਾ ਸੀ ਕਿ ਉਮਰਾਨੰਗਲ ਨੇ ਪੁੱਛਗਿੱਛ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ,ਉਨਾਂ ਨੇ ਸਾਰੇ ਸਵਾਲਾਂ ਦਾ ਜਵਾਬ ਗੋਲਮੋਲ ਦਿੱਤਾ ਹੈ,ਇਸ ਕਰਕੇ ਹਾਲਤ ਹੋਰ ਸ਼ੱਕੀ ਹੋ ਗਈ ਹੈ। ਉਮਰਾਨੰਗਲ ‘ਤੇ ਸਭ ਤੋਂ ਵੱਡਾ ਸਵਾਲ ਉਹ ਹੀ ਹੈ ਕਿ ਉਹ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਹੁੰਦਿਆਂ ਫਰੀਦਕੋਟ ਕਿਉਂ ਗਏ, ਉਨਾਂ ਨੇ ਹੀ ਬਹਿਬਲ ਗੋਲੀ ਕਾਂਡ ਵੇਲੇ ਪੁਲਿਸ ਦੀ ਕਮਾਨ ਕਿਉਂ ਸੰਭਾਲੀ,ਇਸ ਤੋਂ ਇਲਾਵਾ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ। ਦੱਸਣਯੋਗ ਹੈ ਕਿ ਸੋਮਵਾਰ ਨੂੰ ਉਮਰਾਨੰਗਲ ਨੂੰ ਗੋਲੀ ਕਾਂਡ ਨਾਲ ਸਬੰਧਤ ਮਾਮਲੇ ਵਿੱਚ ਗਿ੍ਰਫ਼ਤਾਰ ਕੀਤਾ ਗਿਆ ਸੀ,ਆਈਜੀ ਰੈਂਕ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਬੇਅਦਬੀ ’ਤੇ ਗੋਲੀ ਕਾਂਡ ਦੇ ਮਾਮਲਿਆਂ ਨਾਲ ਜੁੜੇ ਇਸ ਵਿਵਾਦਤ ਪੁਲਿਸ ਅਧਿਕਾਰੀ ਨੂੰ ਚੰਡੀਗੜ ਦੇ ਸੈਕਟਰ-9 ਵਿਚਲੇ ਪੁਲਿਸ ਹੈੱਡਕੁਆਰਟਰ ਦੀ ਇਮਾਰਤ ‘ਚੋਂ ਸੋਮਵਾਰ ਦੁਪਹਿਰੇ 12 ਵਜੇ ਦੇ ਕਰੀਬ ਮੀਟਿੰਗ ਤੋਂ ਬਾਅਦ ਹਿਰਾਸਤ ਵਿੱਚ ਲਿਆ ਸੀ।

ਉਮਰਾਨੰਗਲ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਐਸਆਈਟੀ ਉਸ ਨੂੰ ਸੋਮਵਾਰ ਦੇਰ ਰਾਤ ਫ਼ਰੀਦਕੋਟ ਲੈ ਆਈ ਸੀ ਅਤੇ ਸਦਰ ਥਾਣੇ ’ਚ ਰਾਤ ਭਰ ਰੱਖ ਕੇ ਪੁੱਛਗਿੱਛ ਦਾ ਸਿਲਸਿਲਾ ਜਾਰੀ ਰੱਖਦਿਆਂ ਮੰਗਲਵਾਰ ਅਦਾਲਤ ’ਚ ਪੇਸ ਕਰਕੇ ਰਿਮਾਂਡ ਹਾਸਿਲ ਕੀਤਾ,ਜਿਸ ਤੋਂ ਬਾਅਦ ਸੂਤਰਾ ਦੇ ਦੱਸਣ ਮੁਤਾਬਿਕ ਆਉਣ ਵਾਲੇ ਦੋਂ ਚਾਰ ਦਿਨਾਂ ’ਚ ਸਿੱਟ ਵੱਲੋਂ ਵੱਡੇ ਖੁਲਾਸੇ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਊਧਰ ਦੂਜੇ ਪਾਸੇ ਅਦਾਲਤ ’ਚ ਬਚਾਅ ਪੱਖ ਦੇ ਵਕੀਲਾਂ ਦਾ ਕਹਿਣਾ ਸੀ ਕਿ ਉਨਾਂ ਦੇ ਮੁਵਕਲ ਨੂੰ ਸਰਕਾਰ ਰਾਜਨੀਤਿਕ ਰੰਜਿਸ ਦੇ ਤਹਿਤ ਬਲੀ ਦਾ ਬੱਕਰਾ ਬਣਾ ਰਹੀ ਹੈ। ਉਨਾਂ ਕਿਹਾ ਕਿ ਜਿਸ ਐਫ.ਆਈ.ਆਰ.ਦੇ ਅਧਾਰ ’ਤੇ ਪਰਮਰਾਜ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਉਸ ਵਿੱਚ ਨਾ ਤਾਂ ਸਕਾਇਤ ਕਰਤਾ ਨੇ ਪਰਮਰਾਜ ਸਿੰਘ ਉਮਰਾਨੰਗਲ ਦਾ ਨਾਮ ਲਿਆ ਹੈ ਅਤੇ ਨਾ ਹੀ ਮੁਕਦਮੇ ਵਿੱਚ ਪਰਮਰਾਜ ਸਿੰਘ ਦਾ ਨਾਮ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ ਹੋਏ ਵਕੀਲ ਨੇ ਕੋਰਟ ਵਿੱਚ ਮੰਨਿਆਂ ਕਿ ਉਹ ਤਾਂ ਉਮਰਾਨੰਗਲ ਤੋਂ ਰਾਜਸੀ ਨੇਤਾਵਾਂ ਜਾਂ ਵੱਡੇ ਅਧਿਕਾਰੀਆਂ ਦਾ ਨਾਮ ਪਤਾ ਕਰਨਾ ਚਾਹੰਦੇ ਹਨ, ਇਸੇ ਲਈ ਗਿ੍ਰਫਤਾਰ ਉਪਰੰਤ ਅਦਾਲਤ ’ਚ ਪੇਸ ਕੀਤਾ ਗਿਆ ਹੈ। ਅਦਾਲਤ ਦੇ ਬਾਹਰ ਉਮਰਾਨੰਗਲ ਦੇ ਹਮਾਇਤੀ ਅਤੇ ਪੁਲਿਸ ਬਲ ਰਿਹਾ ਤਾਇਨਾਤ : ਐਸ.ਆਈ.ਟੀ.ਵੱਲੋਂ ਸੋਮਵਾਰ ਗਿ੍ਰਫਤਾਰੀ ਕੀਤੇ ਪਰਮਰਾਜ ਸਿੰਘ ਉਮਰਾਨੰਗਲ ਨੂੰ ਮੰਗਲਵਾਰ ਫਰੀਦਕੋਟ ਅਦਾਲਤ ’ਚ ਜਿਓ ਹੀ ਪੇਸ ਕਰਨ ਲਈ ਲਿਆਂਦਾ ਗਿਆ ਤਾਂ ਜਿੱਥੇ ਵੱਡੀ ਗਿਣਤੀ ’ਚ ਚੱਪੇ ਚੱਪੇ ਤੇ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ ਉੱਥੇ ਹੀ ਆਈ.ਜੀ.ਉਮਰਾਨੰਗਲ ਦੇ ਹਮਾਇਤੀ ਵੀ ਪਹੁੰਚੇ ਹੋਏ ਸਨ।

ਗੋਲੀਕਾਂਡ ’ਚ ਅਣਪਛਾਤੀ ਪੁਲਿਸ ਦੀ ਹੋਣ ਲੱਗੀ ਪਹਿਚਾਣ : ਸਿੱਟ ਵੱਲੋਂ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲੇ ਨੂੰ ਲੈ ਕੇ ਸੁਰੂ ਕੀਤੀ ਜਾਂਚ ਦੌਰਾਨ ਇੱਕ ਗੱਲ ਉਭਰ ਕੇ ਸਾਹਮਣੇ ਆਈ ਹੈ,ਜਿਸ ਦੇ ਅਨੁਸਾਰ ਸੰਗਤਾ ਤੇ ਗੋਲੀ ਚਲਾਉਣ ਤੋਂ ਬਾਅਦ ਐਫ.ਆਈ.ਆਰ.’ਚ ਅਣਪਛਾਤੀ ਪੁਲਿਸ ਬਾਰੇ ਦੱਸਿਆ ਗਿਆ ਸੀ ਪ੍ਰੰਤੂ ਐਸ.ਆਈ.ਟੀ.ਵੱਲੋਂ ਗੋਲੀਕਾਂਡ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ ’ਚ ਪਹਿਲੀ ਗਿ੍ਰਫਤਾਰੀ ਸਾਬਕਾ ਐਸ.ਐਸ.ਪੀ.ਚਰਨਜੀਤ ਸਿੰਘ ਦੀ ਹੋੋਈ ਅਤੇ ਫਿਰ ਤਿੰਨ ਪੁਲਿਸ ਮੁਲਾਜਮਾਂ ਨੂੰ ਸੰਮਨ ਭੇਜੇ ਗਏ,ਜਿਨਾਂ ਵਿਚੋਂ 2 ਪੁਲਿਸ ਮੁਲਾਜਮਾ ਗਿ੍ਰਫਤਾਰੀ ਤੋਂ ਬਚਨ ਲਈ ਹਾਈਕੋਰਟ ਪਹੁੰਚੇ ਅਤੇ ਹਾਈਕੋਰਟ ਵੱਲੋਂ ਗਿ੍ਰਫਤਾਰੀ ਤੇ ਰੋਕ ਲਗਾ ਦਿੱਤੀ ਗਈ, ਇਸੇ ਗੋਲੀਕਾਂਡ ਮਾਮਲੇ ਨੂੰ ਲੈ ਕੇ ਐਸ.ਆਈ.ਟੀ.ਵੱਲੋਂ ਸੋਮਵਾਰ ਉਮਰਾਨੰਗਲ ਨੂੰ ਗਿ੍ਰਫਤਾਰ ਕਰਕੇ ਗੋਲੀਕਾਂਡ ਨਾਲ ਸਬੰਧਤ ਸਵਾਲਾ ਪੁੱਛੇ ਗਏ,ਜਿਸ ਤੋਂ ਬਾਅਦ ਇੱਕ ਗੱਲ ਤਾਂ ਪਾਣੀ ਵਾਂਗ ਸਾਫ ਹੋ ਗਈ ਕਿ ਗੋਲੀਕਾਂਡ ਦੌਰਾਨ ਅਣਪਛਾਤੀ ਪੁਲਿਸ ਦੀ ਹੁਣ ਹੌਲੀ ਹੌਲੀ ਪਹਿਚਾਣ ਹੋਣ ਲੱਗੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਵੱਡੇ ਖੁਲਾਸੇ ਹੋਣਗੇ। ਕੀ ਕਹਿੰਦੇ ਨੇ ਸਿੱਟ ਅਧਿਕਾਰੀ : ਆਈਜੀ ਰੈਂਕ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਗੋਲੀਕਾਂਡ ਨਾਲ ਸਬੰਧਤ ਮਾਮਲੇ ਦੀ ਨਿਰਪੱਖ ਜਾਂਚ ਚੱਲ ਰਹੀ ਹੈ,ਇਸੇ ਲੜੀ ਤਹਿਤ ਹੀ ਆਈ.ਜੀ.ਪਰਮਰਾਜ ਸਿੰਘ ਉਮਰਾਨੰਗਲ ਨੂੰ ਗਿ੍ਰਫਤਾਰ ਕਰਨ ਤੋਂ ਬਾਅਦ ਅਦਾਲਤ ’ਚ ਪੇਸ ਕਰਕੇ 23 ਫਰਵਰੀ ਤੱਕ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਜੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ।

Unusual
Behbal Kalan firing
Punjab Police
Court Case

International