ਘਾਗ ਸਿਆਸਤਦਾਨ ਬਾਦਲ ਦਾ ਨਾਟਕੀ ਧਮਾਕਾ

ਆਖਿਆ ਮੈਂ ਗ੍ਰਿਫ਼ਤਾਰੀ ਲਈ ਤਿਆਰ ਹਾਂ ਦੱਸੋ ਕਿੱਥੇ ਆਂਵਾ, ਸਰਕਾਰ ਸਮੇਂ ਹੋਈਆਂ ਗ਼ਲਤੀਆਂ ਦੀ ਮੰਗੀ ਜਨਤਕ ਮਾਫ਼ੀ

ਚੰਡੀਗੜ੍ਹ 21 ਫ਼ਰਵਰੀ (ਹਰੀਸ਼ ਚੰਦਰ ਬਾਗਾਵਾਲਾ/ ਮੇਜਰ ਸਿੰਘ/ਰਾਜਵਿੰਦਰ ਰਾਜੂ/) ਸਿਆਸਤ ਦੀ ਸਤਰੰਜ਼ ਦੇ ਘਾਗ ਖਿਡਾਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਬਾਦਲ ਪਿੰਡ ਤੋਂ ਚੰਡੀਗੜ੍ਹ ਪੁੱਜ ਕੇ ਆਪਣੀ ਗ੍ਰਿਫ਼ਤਾਰੀ ਪੇਸ਼ਕਸ਼ ਕਰਕੇ ਇਕ ਚੰਗਾ ਤਕੜਾ ਰਾਜਸੀ ਡਰਾਮਾ ਰੱਚ ਦਿੱਤਾ ਹੈ। ਬਾਦਲ ਵਲੋਂ ਇਸ ਰਾਜਸੀ ਡਰਾਮੇ ਦੀ ਲਿਖੀ ਗਈ ਪੱਟਕਥਾ ਨੂੰ ਕੈਪਟਨ ਅਮਰਿੰਦਰ ਸਿੰਘ ਅੱਗੋਂ ਕਿਵੇਂ ਸੰਭਾਲਦੇ ਹਨ, ਇਸ ਤੇ ਬਰਗਾੜੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਬਾਦਲਾਂ ਦੀ ਹੋਣੀ ਨਿਰਭਰ ਕਰੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਗ੍ਰਿਫਤਾਰੀ ਦੀਆਂ ਖਬਰਾਂ ਦੇ ਚੱਲਦਿਆਂ ਅੱਜ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਹੀ ਚੰਡੀਗੜ੍ਹ ਗ੍ਰਿਫਤਾਰੀ ਦੇਣ ਲਈ ਪਹੁੰਚ ਗਏ। ਉਨ੍ਹਾਂ ਨੇ ਕਿਹਾ ਕਿ ਉਹ ਪਤਾ ਲੱਗਦਿਆਂ ਹੀ ਪਿੰਡ ਬਾਦਲ ਤੋਂ ਚੰਡੀਗੜ੍ਹ ਪਹੁੰਚੇ ਹਨ। ਉਨ੍ਹਾਂ ਨੇ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੂੰ ਵੀ ਫੋਨ ਕੀਤਾ ਕਿ ਖੇਚਲ ਕਰਨ ਦੀ ਲੋੜ ਨਹੀਂ ਜਿੱਥੇ ਕਹਿਣਗੇ, ਉੱਥੇ ਹੀ ਆ ਜਾਣਗੇ।

ਬਾਦਲ ਨੇ ਕਿਹਾ ਕਿ ਉਹ ਬੜੀ ਵਾਰ ਜੇਲ੍ਹ ਜਾ ਚੁੱਕੇ ਹਨ। ਇਸ ਲਈ ਕੋਈ ਡਰ-ਭੈਅ ਨਹੀਂ। ਇਸ ਲਈ ਪੂਰਾ ਸਾਮਾਨ ਨਾਲ ਹੀ ਲੈ ਕੇ ਆਏ ਹਨ ਜਿੱਥੇ ਚਾਹੋ ਗ੍ਰਿਫਤਾਰ ਕਰ ਲਓ। ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਚੰਡੀਗੜ੍ਹ ਬੈਠ ਕੇ ਗ੍ਰਿਫਤਾਰੀ ਦੀ ਉਡੀਕ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਇੱਕੋ ਨਿਸ਼ਾਨਾ ਬਾਦਲ ਪਰਿਵਾਰ ਨੂੰ ਜੇਲ੍ਹ ਡੱਕਣ ਹੈ।

ਉਨ੍ਹਾਂ ਕਿਹਾ ਕਿ ਇਹ ਸਭ ਕਮਿਸ਼ਨ ਤੇ ਐਸਆਈਟੀ ਉਨ੍ਹਾਂ ਦੀ ਗ੍ਰਿਫਤਾਰੀ ਲਈ ਹੀ ਬਣਾਏ ਗਏ ਹਨ। ਇਸ ਲਈ ਜ਼ਿਆਦਾ ਡਰਾਮਾ ਕਰਨ ਦੀ ਲੋੜ ਨਹੀਂ। ਕੈਪਟਨ ਸਰਕਾਰ ਦਾ ਪੱਕਾ ਇਰਾਦਾ ਸਾਨੂੰ ਜੇਲ੍ਹ ਭੇਜਣ ਦਾ ਹੈ। ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਕਰੀਰ ਵੀ ਇਹੀ ਸੰਕੇਤ ਦਿੰਦੀ ਹੈ। ਇਸ ਲਈ ਉਹ ਤਿਆਰ ਹਨ। ਉਨ੍ਹਾਂ ਕਿਹਾ ਕਿ ਖੁਸ਼ੀ ਹੋਏਗੀ ਕਿ ਮੇਰਾ ਆਖਰੀ ਸਾਹ ਕੈਪਟਨ ਦੀ ਜੇਲ੍ਹ ਵਿੱਚ ਹੀ ਨਿਕਲੇ।

Unusual
Parkash Singh Badal
Punjab Politics

International