ਪਾਕਿਸਤਾਨ ਦਾ ਦਾਅਵਾ: ਦੋ ਭਾਰਤੀ ਲੜਾਕੂ ਜਹਾਜ਼ ਸੁੱਟੇ, ਪਾਇਲਟ ਗ੍ਰਿਫ਼ਤਾਰ

ਚੰਡੀਗੜ੍ਹ 27 ਫ਼ਰਵਰੀ (ਏਜੰਸੀਆਂ) : ਪਾਕਿਸਤਾਨ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੇ ਹਵਾਈ ਖੇਤਰ ਵਿੱਚ ਦੋ ਭਾਰਤੀ ਲੜਾਕੂ ਜਹਾਜ਼ਾਂ ਨੂੰ ਸੁੱਟਿਆ ਹੈ ਤੇ ਪਾਇਲਟ ਵੀ ਗ੍ਰਿਫ਼ਤਾਰ ਕੀਤੇ ਹਨ। ਹਾਲਾਂਕਿ ਭਾਰਤ ਸਰਕਾਰ ਵੱਲੋਂ ਇਸ ਬਾਰੇ ਕੋਈ ਸਪਸ਼ਟੀਕਰਨ ਨਹੀਂ ਆਇਆ। ਰੱਖਿਆ ਸੂਤਰਾਂ ਨੇ ਦੱਸਿਆ ਹੈ ਕਿ ਪਾਕਿਸਤਾਨ ਦੀ ਘੁਸਪੈਠ ਵਿੱਚ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਇਸ ਸਬੰਧੀ ਪਾਕਿਸਤਾਨੀ ਫੌਜ ਨੇ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿੱਚ ਅੱਖਾਂ 'ਤੇ ਪੱਟੀ ਬੰਨ੍ਹੀਂ ਵਿਅਕਤੀ ਨਜ਼ਰ ਆ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਵਿਅਕਤੀ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਹਨ। ਵੀਡੀਓ ਵਿੱਚ ਵਿਅਕਤੀ ਖ਼ੁਦ ਕਹਿ ਰਿਹਾ ਹੈ ਕਿ ਉਹ ਭਾਰਤੀ ਹਵਾਈ ਫੌਜ ਦਾ ਅਧਿਕਾਰੀ ਹੈ। ਉਸ ਨੇ ਆਪਣਾ ਸਰਵਿਸ ਨੰਬਰ 27981 ਵੀ ਦੱਸਿਆ ਹੈ।

ਹਾਲਾਂਕਿ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ। ਪਾਕਿਸਤਾਨੀ ਫੌਜ ਦੇ ਬੁਲਾਰਾ ਮੇਜਰ ਜਨਰਲ ਆਸਿਫ ਗਫੂਰ ਨੇ ਵੀ ਭਾਰਤੀ ਹਵਾਈ ਫੌਜ ਦੇ ਦੋ ਪਾਇਲਟਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਪਾਇਲਟ ਜ਼ਖ਼ਮੀ ਹੈ ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਇਲਟ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਉਨ੍ਹਾਂ ਦੱਸਿਆ ਕਿ ਇੱਕ ਜਹਾਜ਼ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਜਦਕਿ ਦੂਜਾ ਜੰਮੂ ਕਸ਼ਮੀਰ ਵਿੱਚ ਡਿੱਗਿਆ। ਇਸ ਤੋਂ ਪਹਿਲਾਂ ਅੱਜ ਸਵੇਰੇ ਪਾਕਿਸਤਾਨ ਨੇ ਭਾਰਤੀ ਹਵਾਈ ਖੇਤਰ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਬਾਅਦ ਭਾਰਤੀ ਹਵਾਈ ਫੌਜ ਨੇ ਜੰਮੂ ਖੇਤਰ ਦੇ ਰਜੌਰੀ ਇਲਾਕੇ ਵਿੱਚ ਪਾਕਿਸਤਾਨ ਦੀ ਹਵਾਈ ਫੌਜ ਦਾ ਇੱਕ ਐਫ-16 ਲੜਾਕੂ ਜਹਾਜ਼ ਸੁੱਟਿਆ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਜਹਾਜ਼ ਨੂੰ ਰਜੌਰੀ ਦੇ ਝਾਨਗੜ ਇਲਾਕੇ ਵਿੱਚ ਸੁੱਟਿਆ ਗਿਆ।

ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਮਿੱਗ-21 ਤੇ ਹੈਲੀਕਾਪਟਰ ਐਮਆਈ-17 ਦੇ ਕ੍ਰੈਸ਼ ਹੋਣ ਦੀ ਖ਼ਬਰ ਹੈ। ਹਾਦਸੇ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ। ਮਿੱਗ-21 ਨੇ ਸ੍ਰੀਨਗਰ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਤੇ ਬਡਗਾਮ ਕੋਲ ਧਮਾਕੇ ਨਾਲ ਜਹਾਜ਼ ਕ੍ਰੈਸ਼ ਹੋ ਗਿਆ।ਹਾਲੇ ਤਕ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਤੇ ਫ਼ੌਜ ਇਸ ਮਾਮਲੇ 'ਤੇ ਸਥਿਤੀ ਸਾਫ ਨਹੀਂ ਕਰ ਰਹੇ। ਬਡਗਾਮ ਦੇ ਐਸਐਪੀ ਨੇ ਇੰਨਾ ਜ਼ਰੂਰ ਕਿਹਾ ਕਿ ਫ਼ੌਜ ਦੇ ਕੁਝ ਜਹਾਜ਼ ਡਿੱਗੇ ਹਨ, ਪਰ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਲਾਕੇ ਦੀ ਤਲਾਸ਼ੀ ਜਾਰੀ ਹੈ। ਉੱਧਰ, ਕਸ਼ਮੀਰ ਦੇ ਰਾਜੌਰੀ ਤੇ ਪੁੰਛ ਜ਼ਿਲ੍ਹੇ ਵਿੱਚ ਪਾਕਿ ਲੜਾਕੂ ਜਹਾਜ਼ਾਂ ਵੱਲੋਂ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਦੀ ਖ਼ਬਰ ਵੀ ਮਿਲੀ ਸੀ। ਭਾਰਤ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦਾ ਐਫ-16 ਜਹਾਜ਼ ਡੇਗੇ ਜਾਣ ਦੀ ਵੀ ਸੂਚਨਾ ਹੈ। ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੁਰੱਖਿਆ ਸਲਾਹਕਾਰ ਨਾਲ ਉੱਚ ਪੱਧਰੀ ਬੈਠਕ ਵੀ ਕੀਤੀ ਹੈ।

ਭਾਰਤ ਨੇ ਮੰਨਿਆ, ਪਾਇਲਟ ਪਾਕਿਸਤਾਨ ਦੇ ਕਬਜ਼ੇ 'ਚ

ਭਾਰਤ ਨੇ ਅਧਿਕਾਰਿਤ ਤੌਰ 'ਤੇ ਪੁਸ਼ਟੀ ਕਰ ਦਿੱਤੀ ਹੈ ਕਿ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨ ਦੇ ਕਬਜ਼ੇ ਵਿੱਚ ਹਨ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਨੂੰ ਸਬੂਤ ਵੀ ਸੌਪ ਦਿੱਤੇ ਹਨ ਕਿ ਪੁਲਵਾਮਾ ਹਮਲੇ ਵਿੱਚ ਪਾਕਿਸਤਾਨ ਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਹੱਥ ਸੀ। ਭਾਰਤ ਨੇ ਪਾਕਿਸਤਾਨ ਨੂੰ ਭਾਰਤੀ ਪਾਇਲਟ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਅਤੇ ਉਸ ਨੂੰ ਸੁਰੱਖਿਅਤ ਵਾਪਸ ਸੌਪਣ ਲਈ ਕਿਹਾ ਹੈ। ਦੱਸ ਦੇਈਏ ਕਿ ਪਾਕਿਸਤਾਵ ਪਹਿਲਾਂ ਹੀ ਦਾਅਵਾ ਕਰ ਚੁੱਕਾ ਸੀ ਕਿ ਕਮਾਂਡਰ ਅਭਿਨੰਦਨ ਉਸ ਦੀ ਗ੍ਰਿਫ਼ਤ ਵਿੱਚ ਹੈ ਪਰ ਭਾਰਤ ਵੱਲੋਂ ਇਸ ਬਾਰੇ ਪੁਸ਼ਟੀ ਨਹੀਂ ਕੀਤੀ ਗਈ ਸੀ। ਹੁਣ ਸ਼ਾਮ ਵੇਲੇ ਭਾਰਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਮਾਂਡਰ ਨੂੰ ਪਾਕਿਸਤਾਨੀ ਫੌਜ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਬੀਤੇ ਕੱਲ੍ਹ ਭਾਰਤ ਨੇ ਪਾਕਿਸਤਾਨੀ ਹੱਦ ਅੰਦਰ ਦਾਖ਼ਲ ਹੋ ਕੇ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਕੈਂਪਾਂ 'ਤੇ ਹਵਾਈ ਕਾਰਵਾਈ ਕੀਤੀ ਸੀ। ਇਸ ਕਾਰਵਾਈ ਮਗਰੋਂ ਪਾਕਿਸਤਾਨ ਨੇ ਵੀ ਅੱਜ ਸਵੇਰੇ ਪਲਟਵਾਰ ਕੀਤਾ ਤੇ ਕਸ਼ਮੀਰ ਦੇ ਰਾਜੌਰੀ ਤੇ ਪੁੰਛ ਜ਼ਿਲ੍ਹਿਆਂ 'ਚ ਭਾਰਤੀ ਹਵਾਈ ਖੇਤਰ 'ਚ ਦਾਖ਼ਲ ਹੋਏ ਤੇ ਬੰਬ ਸੁੱਟੇ। ਇਸ ਦੀ ਜਵਾਬੀ ਕਾਰਵਾਈ ਵਿੱਚ ਭਾਰਤ ਨੇ ਇੱਕ ਪਾਕਿਸਤਾਨੀ ਜਹਾਜ਼ ਡੇਗਿਆ। ਇਸ ਮੁਕਾਬਲੇ ਦੌਰਾਨ ਭਾਰਤੀ ਹਵਾਈ ਫੌਜ ਦਾ ਵੀ ਮਿਗ-21 ਜਹਾਜ਼ ਕਰੈਸ਼ ਹੋਇਆ ਸੀ ਜਿਸ ਦਾ ਪਾਇਲਟ ਲਾਪਤਾ ਦੱਸਿਆ ਜਾ ਰਿਹਾ ਸੀ। ਪਰ ਹੁਣ ਭਾਰਤ ਦੇ ਬਿਆਨ ਤੋਂ ਸਪਸ਼ਟ ਹੋ ਗਿਆ ਹੈ ਕਿ ਪਾਇਲਟ ਪਾਕਿਸਤਾਨ ਦੇ ਕਬਜ਼ੇ ਵਿੱਚ ਹੈ।

ਭਾਰਤ 'ਤੇ ਜਵਾਬੀ ਹਮਲੇ ਮਗਰੋਂ ਬੋਲੇ ਪਾਕਿ ਪੀਐਮ ਇਮਰਾਨ ਖਾਨ

ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਦੌਰਾਨ ਬੁੱਧਵਾਰ ਨੂੰ ਪਾਕਿਸਤਾਨ ਨੇ ਭਾਰਤ ਦੇ ਦੋ ਲੜਾਕੂ ਜਹਾਜ਼ਾਂ ਨੂੰ ਡਿੱਗਣ ਤੇ ਦੋ ਪਾਇਲਟਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ। ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ 'ਤੇ ਭਾਰਤ ਨੇ ਮਿਗ-21 ਲੜਾਕੂ ਜਹਾਜ਼ ਡੇਗਣ ਤੇ ਇੱਕ ਪਾਇਲਟ ਦੇ ਗ਼ਾਇਬ ਹੋਣ ਦੀ ਗੱਲ ਨੂੰ ਕਬੂਲ ਲਿਆ ਹੈ। ਇਸੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਨੂੰ ਇੱਕ ਵਾਰ ਫਿਰ ਗੱਲਬਾਤ ਲਈ ਸੱਦਾ ਦਿੱਤਾ ਹੈ। ਇਮਰਾਨ ਖ਼ਾਨ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਫ਼ੌਜ ਨੂੰ ਮਜਬੂਰੀ ਵਿੱਚ ਜਵਾਬ ਦੇਣਾ ਪਿਆ ਸੀ, ਕਿਉਂਕਿ ਜੇਕਰ ਪ੍ਰਤੀਕਿਰਿਆ ਨਾ ਦਿੰਦੇ ਤਾਂ ਅਪਰਾਧੀ ਕਰਾਰ ਦੇ ਦਿੱਤੇ ਜਾਂਦੇ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਕੋਲ ਜੋ ਹਥਿਆਰ ਹਨ, ਉਨ੍ਹਾਂ ਨਾਲ ਜੰਗ ਹੋਈ ਤਾਂ ਅੰਜਾਮ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪਾਕਿ ਪੀਐਮ ਨੇ ਆਪਣੇ ਦੇਸ਼ਵਾਸੀਆਂ ਨੂੰ ਕਿਹਾ ਕਿ ਪੁਲਵਾਮਾ ਹਮਲੇ ਵਿੱਚ ਉਨ੍ਹਾਂ ਭਾਰਤ ਨੂੰ ਜਾਂਚ ਵਿੱਚ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ ਤੇ ਹੁਣ ਵੀ ਉਹ ਗੱਲਬਾਤ ਦੀ ਅਪੀਲ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਹੋਈ ਕਾਰਵਾਈ ਦਾ ਜਵਾਬ ਉਸੇ ਦਿਨ ਇਸ ਲਈ ਨਹੀਂ ਦਿੱਤਾ ਗਿਆ ਕਿ ਸਾਨੂੰ ਨਹੀਂ ਸੀ ਪਤਾ ਕਿ ਕਿੰਨਾ ਨੁਕਸਾਨ ਹੋਇਆ ਹੈ। ਇਸ ਲਈ ਅਸੀਂ ਬੁੱਧਵਾਰ ਨੂੰ ਕਾਰਵਾਈ ਕੀਤੀ। ਪਾਕਿ ਪੀਐਮ ਨੇ ਕਿਹਾ ਕਿ ਸਾਡੀ ਕਾਰਵਾਈ ਦਾ ਜਵਾਬ ਦੇਣ ਲਈ ਦੋ ਮਿਗ ਪਾਕਿਸਤਾਨੀ ਹੱਦ ਵਿੱਚ ਦਾਖ਼ਲ ਹੋਏ ਤੇ ਅਸੀਂ ਉਨ੍ਹਾਂ ਨੂੰ ਡੇਗ ਦਿੱਤਾ। ਪਾਇਲਟ ਸਾਡੇ ਕਬਜ਼ੇ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਅਕਲ ਤੋਂ ਕੰਮ ਲੈਣ ਦੀ ਲੋੜ ਹੈ। ਇਮਰਾਨ ਖ਼ਾਨ ਨੇ ਦੁਨੀਆ ਵਿੱਚ ਹੋਈਆਂ ਜੰਗਾਂ ਦੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਲੜਾਈਆਂ ਬਾਰੇ ਅੰਦਾਜ਼ੇ ਗ਼ਲਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੀ ਸਾਨੂੰ ਇਸ ਸਮੇਂ ਇਹ ਨਹੀਂ ਸੋਚਣਾ ਚਾਹੀਦਾ ਕਿ ਇੱਥੋਂ ਲੜਾਈ ਵਧਦੀ ਹੈ ਤਾਂ ਇਹ ਕਿੱਧਰ ਲੈ ਕੇ ਜਾਵੇਗੀ। ਇਹ ਨਾ ਮੇਰੇ ਨਾ ਨਰੇਂਦਰ ਮੋਦੀ ਦੇ ਕਾਬੂ ਵਿੱਚ ਰਹੇਗੀ। ਦਹਿਸ਼ਗਰਦੀ ਉੱਪਰ ਅਸੀਂ ਕਿਸੇ ਵੀ ਗੱਲਬਾਤ ਕਰਨਾ ਚਾਹੁੰਦੇ ਹਾਂ, ਸਾਨੂੰ ਬੈਠ ਕੇ ਗੱਲਬਾਤ ਨਾਲ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ।

Unusual
Air Force
India
pakistan

International