ਅੱਜ ਦੇ ਇਹ ਸੁਨੇਹੇ...

ਅੱਜ ਦਾ ਦਿਨ ਸਿੱਖ ਇਤਿਹਾਸ, ਕੌਮ ਲਈ ਤਿੰਨ ਸੁਨੇਹੇ ਦੇਣ ਵਾਲਾ ਦਿਨ ਹੈ, ਭਾਵੇਂ ਸਿੱਖ ਇਤਿਹਾਸ  ਦਾ ਹਰ ਪੰਨਾ ਆਪਣੇ ਆਪ 'ਚ ਨਵੇਂ ਇਨਕਲਾਬ, ਮਨੁੱਖੀ ਬਰਾਬਰੀ ਤੇ ਅਜ਼ਾਦੀ, ਲਾਸਾਨੀ ਕੁਰਬਾਨੀ ਅਤੇ ਸਰਬੱਤ ਦੇ ਭਲੇ ਦਾ ਪੂਰਨ ਸੰਦੇਸ਼ ਦੇਣ ਵਾਲਾ ਹੈ, ਜਿਸ ਵੀ ਪੰਨੇ ਨੂੰ ਖੋਲ੍ਹਿਆ ਜਾਵੇ, ਉਹ ਕੋਈ ਨਾ ਕੋਈ ਸੁਨੇਹਾ ਜ਼ਰੂਰ ਦਿੰਦਾ ਹੈ। ਅੱਜ ਦੇ ਦਿਨ ਦੇ ਇਹ ਸੁਨੇਹੇ ਕੌਮ ਲਈ ਬੇਹੱਦ-ਮਹੱਤਵਪੂਰਨ ਹਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਦੀ ਬਰਾਬਰੀ ਬਹਾਲ ਕਰਵਾਉਣ ਲਈ, ਜਾਬਰ ਸ਼ਕਤੀਆਂ ਨੂੰ ਚਿਤਾਵਨੀ ਦੇਣ ਹਿੱਤ ਪਹਿਲੀ ਵਾਰੀ ਰਣਜੀਤ ਨਗਾਰੇ ਤੇ ਆਨੰਦਪੁਰੀ ਦੀ ਧਰਤੀ 'ਤੇ ਚੋਟ ਲਾਈ ਸੀ। ਰਣਜੀਤ ਨਗਾਰਾ ਜਿਹੜਾ ਦੱਬੇ, ਕੁਚਲੇ, ਲਿਤਾੜੇ, ਨਿਮਾਣੇ, ਨਿਤਾਣੇ ਲੋਕਾਂ ਦੀ ਰੂਹ ਨੂੰ ਜਗਾ ਕੇ, ਉਨ੍ਹਾਂ 'ਚ ਸਵੈਮਾਣ ਤੇ ਗੈਰਤ ਪੈਦਾ ਕਰਨ ਦਾ ਪ੍ਰਤੀਕ ਸੀ, ਉਸ ਰਣਜੀਤ ਨਗਾਰੇ ਦੀ ਚੋਟ ਅਤੇ ਗੂੰਜ, ਅੱਜ ਸੁੱਤੀ ਕੌਮ ਨੂੰ ਜਗਾਉਣ ਲਈ ਬੇਹੱਦ ਜ਼ਰੂਰੀ ਹੈ। ਸਿੱਖੀ ਨੂੰ ਅੰਦਰੋ ਤੇ ਬਾਹਰੋਂ, ਖੋਰਾ ਲਾਉਣ, ਸਿੱਖਾਂ ਦੇ ਸਵੈਮਾਣ ਤੇ ਗੈਰਤ ਨੂੰ ਬੌਣਾ ਬਣਾਉਣ ਅਤੇ ਆਉਣ ਵਾਲੀ ਪੀੜ੍ਹੀ ਨੂੰ ਮਾਨਸਿਕ ਤੇ ਸਰੀਰਕ ਦੋਵਾਂ ਪਾਸਿਓਂ ਕੰਗਾਲ ਕਰਨ ਦੀਆਂ ਸਾਜ਼ਿਸਾਂ ਤੇਜ਼ੀ ਨਾਲ ਸਿਰੇ ਚਾੜ੍ਹੀਆਂ ਜਾ ਰਹੀਆਂ ਹਨ।

ਸਿੱਖ ਨੌਜਵਾਨੀ ਨਸ਼ਿਆਂ 'ਚ ਗਰਕ ਹੋ ਰਹੀ ਹੈ, ਆਮ ਸਿੱਖ ਕਿਸਾਨ ਤੇ ਮਜ਼ਦੂਰ ਦੀ ਆਰਥਿਕਤਾ ਡਾਵਾਂਡੋਲ ਹੈ ਤੇ ਆਰਥਿਕ ਪੱਖੋਂ ਮਰ ਰਹੇ ਗਰੀਬ ਸਿੱਖਾਂ ਨੂੰ ਦੇਹਧਾਰੀ ਗੁਰੂ ਤੇ ਸਾਧ, ਗਿਰਝਾਂ ਵਾਗੂੰ ਨੋਚ ਰਹੇ ਹਨ ਅਤੇ ਇਨ੍ਹਾਂ ਸਾਧਾਂ 'ਚ ਬਹੁਤਿਆਂ ਵੱਲੋਂ ਸਿੱਖ ਸਿਧਾਂਤਾਂ ਅਤੇ ਵਿਸ਼ਵਾਸਾਂ ਤੇ ਖੁੱਲ੍ਹੇ ਹਮਲੇ ਕੀਤੇ ਜਾ ਰਹੇ ਹਨ। ਰਾਜਨੀਤੀ ਨੂੰ ਮਦਾਰੀ ਵੱਲੋਂ ਨਕੇਲ ਪਾਏ ਰਿੱਛ ਵਾਗੂੰ ਨਚਾਉਣ ਦੇ ਮਨਸੂਬੇ ਘੜ੍ਹ ਰਹੇ ਹਨ। ਵਿਸ਼ਵ ਦੇ ਇੱਕ ਛੋਟੀ ਮੰਡੀ 'ਚ ਬਦਲ ਜਾਣ ਦਾ ਲਾਹਾ ਲੈਣ ਤੋਂ ਵੀ ਸਿੱਖ ਬੁਰੀ ਤਰ੍ਹਾਂ ਮਾਤ ਖਾ ਗਏ ਹਨ, ਸਾਡੇ ਮੁੰਡਿਆਂ ਦੀ ਵਿਦਿਅਕ ਯੋਗਤਾ, ਸੰਸਾਰ-ਪੱਧਰੀ ਮੁਕਾਬਲਿਆਂ 'ਚ ਕਿਤੇ ਖੜ੍ਹਦੀ ਵਿਖਾਈ ਨਹੀਂ ਦੇ ਰਹੀ, ਉਹ ਬਿਗਾਨੇ ਮੁਲਕਾਂ 'ਚ ਭਾਂਡੇ ਮਾਂਜਣ ਨੂੰ ਹੀ ਪ੍ਰਾਪਤੀ ਮੰਨੀ ਬੈਠੇ ਹਨ। ਪੰਜਾਬ 'ਚ ਵੱਸੋਂ ਅਨੁਪਾਤ, ਸਿੱਖਾਂ ਨੂੰ ਉਨ੍ਹਾਂ ਦੇ ਘਰ 'ਚ ਘੱਟ ਗਿਣਤੀ ਬਣਾਉਣ ਵੱਲ ਤੇਜ਼ੀ ਨਾਲ ਵੱਧ ਰਹੀ ਹੈ। ਸਿੱਖਾਂ ਦੀ ਧਾਰਮਿਕ ਤੇ ਰਾਜਸੀ ਲੀਡਰਸ਼ਿਪ ਪੂਰੀ ਤਰ੍ਹਾਂ ਵਿਕਾਊ ਤੇ ਸੁਆਰਥੀ ਹੋ ਚੁੱਕੀ ਹੈ, ਜਿਸ ਕਾਰਣ ਚਾਰੇ ਪਾਸੇ ਹਨੇਰਾ ਹੀ ਹਨੇਰਾ ਪਸਰ ਰਿਹਾ ਹੈ, ਉਹ ਭਾਵੇਂ ਧਾਰਮਿਕ ਖੇਤਰ 'ਚ ਵੱਗਦੇ, ਪਾਖੰਡਵਾਦ ਤੇ ਆਡੰਬਰਵਾਦ 'ਚ ਹੋਵੇ, ਆਰਥਿਕ ਮੰਦਹਾਲੀ ਦਾ ਹੋਵੇ, ਸਮਾਜਿਕ ਕਦਰਾਂ-ਕੀਮਤਾਂ ਦੇ ਗੁੰਮ ਹੋ ਜਾਣ ਦਾ ਹੋਵੇ, ਵਿਰਸੇ ਦੇ ਗੁਆਚ ਜਾਣ ਦਾ ਹੋਵੇ, ਜਾਂ ਫ਼ਿਰ ਇਨ੍ਹਾਂ ਸਾਰੀਆਂ ਚਿੰਤਾਵਾਂ ਤੋਂ ਮੁਕਤ ਹੋ ਕੇ ਪਦਾਰਥਵਾਦ ਦੀ ਚਾਦਰ ਲੈ ਕੇ ਗੂੜ੍ਹੀ ਨੀਂਦ ਸੁੱਤੀ ਕੌਮ ਦਾ ਹੋਵੇ। ਇਸ ਲਈ ਅੱਜ ਉਸ ਰਣਜੀਤ ਨਗਾਰੇ ਦੀ ਗੂੰਜ ਜਿੱਥੇ ਸੁੱਤੀ ਕੌਮ ਨੂੰ ਜਗਾਉਣ ਲਈ ਜ਼ਰੂਰੀ ਹੈ, ਉਥੇ ਪੰਥ ਵਿਰੋਧੀ ਸ਼ਕਤੀਆਂ ਨੂੰ ਸਿੱਖਾਂ ਦੇ ਜਾਗ ਜਾਣ ਦਾ ਸੰਕੇਤ ਦੇਣ ਲਈ ਵੀ ਲੋੜੀਂਦੀ ਹੈ।

ਆਖ਼ਰ ਅਸੀਂ ਇਹ ਕਦੋਂ ਮਹਿਸੂਸ ਕਰਾਂਗੇ ਕਿ ਅਸੀਂ ਦੁਨੀਆਂ ਦੇ ਉਸ ਨਿਰਾਲੇ ਪੰਥ ਦੇ ਵਾਰਿਸ ਹਾਂ, ਜਿਹੜਾ ਅੱਜ ਮਾਨਵਤਾ ਦੀ ਭਲਾਈ ਲਈ ਸੱਭ ਤੋਂ ਵਧੇਰੇ ਕਾਰਗਰ ਹੋ ਸਕਦਾ ਹੈ। ਕੌਮ ਦੇ ਵਿਹੜੇ 'ਚ ਜਦੋਂ ਤੱਕ ਰਣਜੀਤ ਨਗਾਰੇ ਦੀ ਗੂੰਜ ਮੁੜ ਨਹੀਂ ਉੱਭਰਦੀ, ਉਦੋਂ ਤੱਕ ਅਸੀਂ 'ਬਿਪਰਨ ਕੀ ਰੀਤ' ਦੇ ਪਾਂਧੀ ਹੀ ਬਣੇ ਰਹਾਂਗੇ ਤੇ ਗੁਰੂ ਦੀ ਪ੍ਰਤੀਤ ਤੋਂ ਵਾਂਝੇ ਰਹਾਂਗੇ। ਦੂਸਰਾ ਅਸੀਂ 1984 ਦੀ ਸਿੱਖ ਨਸਲਕੁਸ਼ੀ ਦੇ ਅੱਲ੍ਹੇ ਜ਼ਖਮਾਂ ਅਤੇ ਹੁਣ ਤੱਕ ਇਨਸਾਫ਼ ਨਾ ਮਿਲਣ ਦੀ ਪੀੜ੍ਹ ਹੰਢਾ ਰਹੇ ਹਾਂ, ਅੱਜ ਦਾ ਦਿਨ ਸਾਨੂੰ ਉਨ੍ਹਾਂ ਬਹਾਦਰ ਯੋਧਿਆ ਦਾ, ਜਿਨ੍ਹਾਂ ਦਾ ਕਤਲੇਆਮ ਅੱਜ ਦੇ ਦਿਨ ਦਿੱਲੀ 'ਚ ਸ਼ੁਰੂ ਹੋਇਆ ਸੀ, ਦੀ ਯਾਦ ਵੀ ਦਿਵਾਉਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜਿਸਨੇ ਜ਼ਾਲਮ ਸ਼ਕਤੀਆਂ ਨੂੰ ਇਹ ਅਹਿਸਾਸ ਕਰਵਾਇਆ ਸੀ ਕਿ ਜ਼ੁਲਮ-ਜਬਰ ਦੀ ਅੱਤ ਦਾ ਨਾਸ਼ ਧਰਮੀ ਸ਼ਕਤੀਆਂ ਹੀ ਕਰਦੀਆਂ ਹਨ, ਉਸਦੇ ਸਾਥੀਆਂ ਦਾ 5 ਮਾਰਚ 1761 ਤੋਂ ਕਤਲੇਆਮ ਦਿੱਲੀ ਦੇ ਚੌਰਾਹੇ 'ਚ ਸ਼ੁਰੂ ਹੋਇਆ ਸੀ। ਇਸ ਲਈ ਅੱਜ ਦੇ ਦਿਨ ਸਿੱਖੀ, ਸ਼ਹਾਦਤ ਤੇ ਦਿੱਲੀ ਦੇ ਪੁਰਾਣੇ ਰਿਸ਼ਤੇ ਨੂੰ ਯਾਦ ਕਰਵਾਉਂਦਾ ਹੈ ਕਿ ਦਿੱਲੀ ਕਦੇ ਸਿੱਖਾਂ ਦੀ ਨਹੀਂ ਬਣੀ, ਸਿੱਖ ਕੌਮ ਨੂੰ ਆਪਣੇ ਵਿਰਸੇ ਦੇ ਵਾਰਿਸ ਬਣ ਕੇ ਵਿਖਾਉਣ ਦਾ ਸੁਨੇਹਾ ਦਿੰਦਾ ਹੈ। ਤੀਸਰਾ ਅੱਜ ਦਾ ਦਿਨ ਸਿੱਖਾਂ ਨੂੰ ਗਿਆਨਵਾਨ ਤੇ ਹਰ ਖੇਤਰ 'ਚ ਮਾਹਿਰ ਬਣਾਉਣ ਲਈ ਚੰਗੀ ਵਿਦਿਆ ਦੇਣ ਵਾਸਤੇ ਸ਼ੁਰੂ ਕੀਤੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਨੂੰ ਯਾਦ ਕਰਵਾਉਂਦਾ ਹੈ। ਜਿਵੇਂ ਕਿ ਅਸੀਂ ਪਹਿਲਾ ਲਿਖਿਆ ਹੈ ਕਿ ਅੱਜ ਸਾਡੀ ਬਹੁਤੀ ਜੁਆਨੀ ਨਵੇਂ ਸਮੇਂ ਦੀ ਹਾਣ ਦੀ ਵਿਦਿਅਕ ਯੋਗਤਾ ਦੀ ਪ੍ਰਾਪਤੀ ਤੋਂ ਕੋਹਾਂ ਦੂਰ ਹੈ, ਉਹ ਮੁਕਾਬਲੇਬਾਜ਼ੀ ਦੇ ਯੁੱਗ 'ਚ ਮੁਕਾਬਲੇ ਦੇ ਯੋਗ ਬਣਨ ਲਈ ਕਿੱਤਾ ਮੁਖੀ ਤੇ ਤਕਨੀਕੀ ਵਿਦਿਆ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਦੀ ਥਾਂ, ਸੜਕ ਛਾਪ ਮਜਨੂੰ ਬਣਕੇ ਵਿਹਲੜ ਫੌਜ 'ਚ ਤਬਦੀਲ ਹੋ ਰਹੀ ਹੈ।

ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਨੇ ਜਿਸ ਤਰ੍ਹਾਂ ਸਿੱਖਾਂ ਨੂੰ ਬੌਧਿਕ ਖੇਤਰ 'ਚ ਪੈਰ ਧਰਨ ਜੋਗੇ ਕੀਤਾ ਸੀ, ਅੱਜ ਲੋੜ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਤੇ ਖ਼ਾਸ ਕਰਕੇ ਮੁੰਡਿਆਂ ਨੂੰ ਮੁਕਾਬਲੇਬਾਜ਼ੀ ਦੇ ਯੁੱਗ ਦਾ ਹਾਣੀ ਬਣਾਉਣ ਲਈ ਕਿੱਤਾ ਯੋਗਤਾ ਤੇ ਗਿਆਨ ਦੇ ਭੰਡਾਰ ਨਾਲ ਭਰਪੂਰ ਕਰਨ ਲਈ ਵਿਸ਼ੇਸ਼ ਉਪਰਾਲੇ ਕਰੀਏ। ਇਸ ਲਈ ਅੱਜ ਦੇ ਦਿਨ ਦੇ ਇਹ ਸੁਨੇਹੇ ਸੁਣਕੇ ਇਨ੍ਹਾਂ ਸੁਨੇਹਿਆਂ ਨੂੰ ਗੰਭੀਰਤਾ ਨਾਲ ਲੈ ਕੇ, ਜੇ ਅਸੀਂ ਅੱਜ ਵੀ ਆਪਣੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਵੱਲ ਤੁਰਨ ਦਾ ਪ੍ਰਣ ਕਰ ਲਈਏ ਤਾਂ ਹੋ ਸਕਦਾ ਹੈ ਕਿ ਤਬਾਹੀ ਦੇ ਰਾਹ ਵੱਲ ਜਾਂਦੇ ਕਦਮ ਰੁੱਕ ਜਾਣ।

Article

International