ਸ਼ਰਾਬ ਬਨਾਮ ਪੰਜਾਬੀ...

ਜਸਪਾਲ ਸਿੰਘ ਹੇਰਾਂ
ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਵੱਗ ਰਿਹਾ ਹੈ। ਇਹ ਵਾਕ ਲਗਭਗ ਹਰ ਪੰਜਾਬੀ ਜਿਹੜਾ ਪੰਜਾਬ 'ਚ ਵੱਧਦੇ ਨਸ਼ਿਆਂ ਨੂੰ ਲੈ ਕੇ ਚਿੰਤਤ ਹੈ, ਵਾਰ-ਵਾਰ ਦੁਹਰਾਉਂਦਾ ਰਹਿੰਦਾ ਹੈ। ਇਹ ਠੀਕ ਹੈ ਕਿ ਇਸ ਸਮੇਂ ਪੰਜਾਬ ਦੀ ਧਰਤੀ ਤੇ ਪਾਣੀ ਦੇ ਦਰਿਆ ਭਾਵੇਂ ਢਾਈ ਕੁ ਰਹਿ ਗਏ ਹਨ ਅਤੇ ਉਹਵੀ ਲੁੱਟੇ-ਪੁੱਟੇ ਜਾ ਚੁੱਕੇ ਹਨ। ਪ੍ਰੰਤੂ ਨਸ਼ਿਆਂ ਦਾ ਦਰਿਆਂ ਪੂਰੇ ਵੇਗ ਨਾਲ ਸ਼ੂਕਦਾ ਵੱਗ ਰਿਹਾ ਹੈ। ਜਿਸ 'ਚ ਪੰਜਾਬੀ ਰੁੜੇ ਜਾ ਰਹੇ ਹਨ, ਪ੍ਰੰਤੂ ਉਨ੍ਹਾਂ ਨੂੰ ਕੱਢਣਾ ਵਾਲਾ ਕੋਈ ਨਹੀਂ। ਪੰਜਾਬ ਦੀ ਵਰਤਮਾਨ ਕਾਂਗਰਸ ਸਰਕਾਰ, ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚੋ ਨਸ਼ਿਆ ਦੇ ਚਾਰ ਹਫ਼ਤਿਆਂ 'ਚ ਖ਼ਾਤਮੇ ਲਈ ਪਵਿੱਤਰ ਪਾਵਨ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਾ ਕੇ ਚੁੱਕੀ ਸਹੁੰ ਕਾਰਣ ਸੱਤਾ 'ਚ ਆਈ ਸੀ, ਪ੍ਰੰਤੂ ਸੱਤਾ 'ਚ ਆਉਣ ਤੋਂ ਬਾਅਦ ਸਹੁੰ ਭੁੱਲ ਗਈ ਤੇ ਪੰਜਾਬ 'ਚ ਨਸ਼ਿਆਂ ਦਾ ਦਰਿਆ, ਉਵੇਂ ਹੀ ਵਗੀ ਜਾ ਰਿਹਾ ਹੈ। ਪੰਜਾਬ 'ਚ ਸ਼ਰਾਬ ਨੂੰ ਤਾਂ ਹੁਣ ਨਸ਼ਾ ਮੰਨਣਾ ਹੀ ਛੱਡ ਦਿੱਤਾ ਗਿਆ ਹੈ। ਪਹਿਲੀ ਸਰਕਾਰ ਦੇ ਕਰਤਾ -ਧਰਤਾ ਸੁਖਬੀਰ ਬਾਦਲ ਤੇ ਵਰਤਮਾਨ ਸਰਕਾਰ ਦੇ ਮੁੱਖੀ ਤਾਂ ਸ਼ਰਾਬ ਨੂੰ ਮਨੋਰੰਜਨ ਦਾ ਸਾਧਨ ਮੰਨਦੇ ਹਨ। ਮੀਟਿੰਗ, ਰੈਲੀ, ਧਰਨੇ ਤੋਂ ਲੈ ਕੇ ਖੁਸ਼ੀ-ਗ਼ਮੀ ਦੇ ਸਮਾਗਮ ਤੱਕ ਕੋਈ ਵੀ ਇਕੱਠ ਸ਼ਰਾਬ ਦੀ ਵਰਤੋਂ ਤੋਂ ਬਿਨ੍ਹਾਂ ਪੂਰਾ ਹੀ ਨਹੀਂ ਮੰਨਿਆ ਜਾਂਦਾ। ਜਿਸ ਸੂਬੇ ਦੀ ਸਰਕਾਰ ਨੇ ਸ਼ਰਾਬ ਨੂੰ ਆਪਣੇ ਖ਼ਜਾਨੇ ਦਾ ਠੁੰਮਣਾ ਮੰਨ ਲਿਆ ਹੋਵੇ, ਫ਼ਿਰ ਉਹ ਭਲਾ ਸ਼ਰਾਬ ਦੀ ਵਿਕਰੀ ਨੂੰ ਘਟਾਉਣ ਵੱਲ ਕਿਉਂ ਧਿਆਨ ਦੇਵੇਗੀ? ਬੀਤੇ ਦਿਨ ਪੰਜਾਬ ਮੰਤਰੀ ਮੰਡਲ ਨੇ ਸ਼ਰਾਬ ਬਾਰੇ ਨਵੇਂ ਸਾਲ ਦੀ ਨੀਤੀ ਜਾਰੀ ਕੀਤੀ ਹੈ, ਸੂਬੇ 'ਚ ਕੋਈ ਖੇਤੀਬਾੜੀ ਨੀਤੀ ਨਹੀਂ, ਕੋਈ ਰੁਜ਼ਗਾਰ ਨੀਤੀ ਨਹੀਂ, ਕੋਈ ਸੱਨਅਤ ਨੀਤੀ ਨਹੀਂ, ਕੋਈ ਖੇਡ ਨੀਤੀ ਨਹੀਂ, ਕੋਈ ਵਿੱਦਿਅਕ ਤੇ ਸਿਹਤ ਨੀਤੀ ਨਹੀ, ਪ੍ਰੰਤੂ ਸ਼ਰਾਬ ਨੀਤੀ ਜ਼ਰੂਰ ਹੈ।

ਸ਼ਰਾਬ ਨੀਤੀ ਸ਼ਰਾਬ ਵੱਧ ਤੋਂ ਵੱਧ ਵੇਚਕੇ, ਪੈਸੇ ਵੱਧ ਤੋਂ ਵੱਧ ਕਿਵੇਂ ਇਕੱਠਾ ਕਰਨਾ ਹੈ ਬਾਰੇ ਹੈ। ਇਸ ਸਾਲ ਸ਼ਰਾਬ ਤੋਂ ਪੰਜਾਬ ਸਰਕਾਰ ਨੂੰ ਪਿਛਲੇ ਸਾਲ ਨਾਲੋ 739 ਕਰੋੜ ਰੁਪਏ ਵੱਧ ਇਕੱਠੇ ਹੋਣੇ ਹਨ, ਫ਼ਿਰ ਖ਼ਾਲੀ ਖੜਕਦੇ ਖ਼ਜਾਨੇ ਵਾਲੀ ਸਰਕਾਰ ਐਨੀ ਵੱਡੀ ਰਕਮ ਨੂੰ ਭਲਾ ਠੋਕਰ ਕਿਵੇਂ ਮਾਰ ਦੇਵੇ? ਪੰਜਾਬੀਆਂ ਨੂੰ ਇਹ ਖ਼ਬਰ ਪੜਕੇ ਥੋੜੀ ਬਹੁਤ ਚਿੰਤਾ ਵੀ ਨਹੀਂ ਹੋਈ ਕਿ ਇਸ ਸਾਲ ਪੰਜਾਬੀਆਂ ਨੇ 26 ਕਰੋੜ ਬੋਤਲਾਂ, ਸ਼ਰਾਬ ਦੀਆਂ ਡਕਾਰ ਜਾਣੀਆਂ ਹਨ। ਜੇ ਅਸੀਂ ਹਰ ਪੰਜਾਬੀ ਦੀ ਔਸਤ ਲਾਈਏ ਤਾਂ 12 ਬੋਤਲਾਂ ਸ਼ਰਾਬ ਦੀ ਨਿਕਲਦੀ ਹੈ, ਜੇ ਸਿਰਫ਼ ਬਾਲਗ ਪੰਜਾਬੀਆਂ ਦੀ ਗੱਲ੍ਹ ਕਰੀਏ ਤਾਂ 27 ਬੋਤਲਾਂ ਦੀ ਔਸਤ ਨਿਕਲਦੀ ਹੈ। 26 ਕਰੋੜ ਬੋਤਲਾਂ 'ਚ ਕਿੰਨੇ ਪੰਜਾਬੀਆਂ ਦੇ ਘਰ ਤਬਾਹ ਹੋਣੇ ਹਨ ਅਤੇ ਕਿੰਨੀਆਂ ਜਾਨਾਂ ਜਾਣੀਆਂ ਹਨ, ਇਸਦਾ ਲੇਖਾ-ਜੋਖਾ ਕੋਈ ਕਰਨ ਦੀ ਲੋੜ ਹੀ ਨਹੀਂ ਸਮਝਦਾ। ਜਿਵੇਂ ਅਸੀਂ ਉਪਰ ਲਿਖਿਆ ਹੈ ਕਿ ਪੰਜਾਬੀ ਸੱਭਿਆਚਾਰ 'ਚ ਕਿੰਨਾ ਨਿਘਾਰ ਆ ਗਿਆ ਹੈ ਕਿ ਸ਼ਰਾਬ ਤੇ ਪੰਜਾਬੀ ਇੱਕ ਦੂਜੇ ਦੇ ਪੂਰਕ ਸ਼ਬਦ ਬਣਾ ਦਿੱਤੇ ਗਏ ਹਨ। ਭਲਾ ਉਹ ਜੱਟ ਕਾਹਦਾ ਜਿਹੜਾ ਸ਼ਰਾਬ ਨਾ ਪੀਂਦਾ ਹੋਵੇ? ਜਦੋਂ ਸਰਕਾਰਾਂ ਨਸ਼ਿਆਂ ਤੋਂ ਆਪਣੇ ਖ਼ਜਾਨੇ ਭਰਨ ਦੇ ਟੀਚੇ ਨੂੰ ਸਾਹਮਣੇ ਰੱਖਣ ਲੱਗ ਪੈਣ ਫ਼ਿਰ ਭੁੱਕੀ-ਅਫ਼ੀਮ ਦੇ ਠੇਕੇ ਖੋਲਣ 'ਚ ਕੀ ਕਸਰ ਰਹਿ ਜਾਂਦੀ ਹੈ? ਅਸੀਂ ਸਮਝ ਸਕਦੇ ਹਾਂ ਕਿ ਸਮੈਕ ਤੇ ਹੈਰੋਇਨ ਵਰਗੇ ਰਸਾਇਣਿਕ ਨਸ਼ੇ ਸ਼ਰਾਬ ਤੋਂ ਕਿਤੇ ਵਧੇਰੇ ਖ਼ਤਰਨਾਕ ਹਨ, ਇਸ ਲਈ ਸ਼ਰਾਬ ਤੇ ਉਨ੍ਹਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਪ੍ਰੰਤੂ ਨਸ਼ਾ ਰਹਿਤ ਸਮਾਜ ਸਿਰਜਣ ਲਈ ਨਸ਼ਿਆਂ ਦੀ ਰੋਕਥਾਮ ਦੀ ਚਾਹੇ ਉਹ ਕਿਸੇ ਵੀ ਕਿਸਮ ਦੇ ਕਿਉਂ ਨਾ ਹੋਣ, ਜ਼ਰੂਰੀ ਹੈ। ਗੁਰੂਆਂ ਦੇ ਪੰਜਾਬ 'ਚ ਜੇ ਅੱਜ ਸੱਭ ਤੋਂ ਵੱਧ ਸਜੀ ਹੋਈ ਦੁਕਾਨ ਦਿਖਾਈ ਦਿੰਦੀ ਹੈ ਤਾਂ ਉਹ ਸ਼ਰਾਬ ਦਾ ਠੇਕਾ ਹੁੰਦਾ ਹੈ।

ਸ਼ਰਾਬ ਦੀ ਵਰਤੋ ਕਿੰਨੀ ਕੁ ਖ਼ਤਰਨਾਕ ਤੇ ਤਬਾਹਕੁੰਨ ਹੈ, ਇਹ ਇੱਕ ਸ਼ਰਾਬੀ ਦਾ ਪਰਿਵਾਰ ਹੀ ਦੱਸ ਸਕਦਾ ਹੈ। ਅੱਜ ਸ਼ਰਾਬ ਦੀ ਖ਼ਪਤ 'ਚ ਪੰਜਾਬ ਸਿਖ਼ਰ ਤੇ ਹੈ, ਕਦੇ ਇਹ ਗੁਰਜ ਕੇਰਲਾ ਕੋਲ ਚੱਲੀ ਗਈ ਸੀ, ਪ੍ਰੰਤੂ ਉਸ ਸੂਬੇ ਦੀ ਸਰਕਾਰ ਨੇ ਇਸਨੂੰ ਆਪਣੇ ਸੂਬੇ ਲਈ ਧੱਬਾ ਮੰਨਿਆ ਤੇ ਤਿੰਨ ਕੁ ਸਾਲਾਂ 'ਚ ਹੀ ਕੇਰਲਾ 'ਚ ਸ਼ਰਾਬ ਦੀ ਖ਼ਪਤ ਪ੍ਰਤੀ ਵਿਅਕਤੀ 3 ਬੋਤਲਾਂ ਪ੍ਰਤੀ ਸਾਲ ਘਟਾ ਲਈ। ਪ੍ਰੰਤੂ ਪੰਜਾਬ 'ਚ ਆਏ ਸਾਲ ਠੇਕਿਆਂ ਦੀ ਗਿਣਤੀ ਵਧਾ ਦਿੱਤੀ ਜਾਂਦੀ ਹੈ, ਸ਼ਰਾਬ ਦਾ ਕੋਟਾ ਵਧਾ ਦਿੱਤਾ ਜਾਂਦਾ ਹੈ, ਦੇਸੀ ਸ਼ਰਾਬ ਦਾ ਇਸ ਵਰ੍ਹੇ ਕੋਟਾ 10 ਫ਼ੀਸਦੀ ਵਧਾਉਣ ਦਾ ਸਿੱਧਾ ਸਿੱਧਾ ਅਰਥ, ਗਰੀਬ ਸ਼ਰਾਬੀ ਦੇ ਘਰ ਦਾ ਚੁੱਲਾ ਠੰਡਾ ਕਰਨਾ ਹੈ। ਸਰਕਾਰ ਤਾਂ ਆਪਣੇ ਖ਼ਜਾਨੇ ਨੂੰ ਭਰਨ ਲਈ ਸ਼ਰਾਬ ਦਾ ਕੋਟਾ ਹਰ ਵਰ੍ਹੇ ਵਧਾ ਰਹੀ ਹੈ, ਪ੍ਰੰਤੂ ਪੰਜਾਬੀ ਸਮਾਜ ਵੱਲੋਂ ਸ਼ਰਾਬ ਨੂੰ ਸ਼ਰੇਆਮ ਪ੍ਰਵਾਨ ਕਰ ਲੈਣਾ, ਬੇੜਾ ਗਰਕ ਕਰ ਗਿਆ ਹੈ। ਵਿਆਹ-ਸ਼ਾਦੀਆਂ 'ਚ ਲੜਕੀਆਂ ਵੱਲੋਂ ਸ਼ਰਾਬ ਵਰਤਾਉਣ ਦੀ ਪਿਰਤ ਸ਼ੁਰੂ ਹੋਣ ਨੇ ਹਰ ਸੰਗ-ਸ਼ਰਮ ਲਾਹ ਦਿੱਤੀ ਹੈ। ਸ਼ਰਾਬ ਦੇ ਸੇਵਨ ਸਮੇਂ ਵੱਡੇ-ਛੋਟੇ ਦਾ ਓਹਲਾ ਵੀ ਖ਼ਤਮ ਹੋ ਗਿਆ ਹੈ, ਦੂਜੇ ਪਾਸੇ ਸ਼ਰਾਬ ਨਾਲ ਹੁੰਦੀ ਤਬਾਹੀ ਦਾ ਪ੍ਰਚਾਰ ਖ਼ਤਮ ਹੋ ਗਿਆ ਹੈ। ਜਦੋਂ ਸਰਕਾਰ ਤੇ ਸਮਾਜ ਦੋਵਾਂ ਨੇ ਸ਼ਰਾਬ ਨੂੰ ਖੁਸ਼ੀ-ਖੁਸ਼ੀ ਪੂਰਨ ਸਵੀਕਾਰ ਕਰ ਲਿਆ ਹੈ, ਫ਼ਿਰ ਪੰਜਾਬ ਚੋ ਇਸ ਕੋਹੜ ਤੋਂ ਛੁਟਕਾਰਾ ਸੋਚਣਾ ਵੀ ਦਿਨੇ ਸੁਫ਼ਨੇ ਲੈਣ ਵਰਗਾ ਹੀ ਹੈ, ਪੰਜਾਬੀਆਂ 'ਚ ਸ਼ਰਾਬ ਦੀ ਲਾਹਨਤ ਨੇ ਡੇਰਾ ਰਾਧਾ ਸੁਆਮੀ ਤੇ ਸੌਦਾ ਸਾਧ ਨੂੰ ਵੱਧਣ ਫੁੱਲਣ 'ਚ ਹਿੱਸਾ ਪਾਇਆ ਸੀ। ਸਿੱਖ ਧਰਮ 'ਚ ਇਸ ਸਮਾਜਿਕ ਬੁਰਾਈਆਂ ਵਿਰੁੱਧ ਪ੍ਰਚਾਰ ਤੇ ਯਤਨ ਨਾ ਦੇ ਬਰਾਬਰ ਹਨ, ਅਸੀਂ ਹੋਕਾ ਦੇ ਰਹੇ ਹਾਂ ਕਿ ਪੰਜਾਬੀਆਂ ਦੇ ਢਿੱਡ 'ਚੋ 26 ਕਰੋੜ ਠੇਕੇ ਵਾਲੀ ਸ਼ਰਾਬ ਦੀਆਂ ਬੋਤਲਾਂ ਰੂੜੀ ਮਾਰਕਾ ਸ਼ਾਮਲ ਨਹੀਂ, ਜਾਣ ਦੀ ਜਾਣਕਾਰੀ ਤੋਂ ਪੰਜਾਬੀਆਂ ਨੂੰ ਜਾਗਣਾ ਚਾਹੀਦਾ ਹੈ। ਸ਼ਰਾਬ, ਨਸ਼ਾ ਹੈ, ਘੱਟੋ ਘੱਟ ਇਸ ਪ੍ਰਚਾਰ ਨੂੰ ਤਾਂ ਆਰੰਭਿਆ ਹੀ ਜਾਵੇ।

Editorial
Jaspal Singh Heran

International