ਔਰਤ ਦਿਵਸ ਤੋਂ ਪਹਿਲਾ, ਕੁੱਖ ਦੀ ਧੀ ਬਾਰੇ ਸੋਚੋ...!

ਜਸਪਾਲ ਸਿੰਘ ਹੇਰਾਂ
8 ਮਾਰਚ ਨੂੰ ਔਰਤ ਦਿਵਸ ਹੈ, ਉਸ ਦਿਨ ਅਸੀਂ ਔਰਤਾਂ ਦੇ ਅਧਿਕਾਰਾਂ, ਉਨ੍ਹਾਂ ਦਾ ਸਮਾਜ ਵਿੱਚ ਰੁੱਤਬਾ, ਮਾਣ-ਸਤਿਕਾਰ ਬਾਰੇ ਗੱਜ-ਵੱਜ ਕੇ ਐਲਾਨ ਕਰਾਂਗੇ, ਵਿਚਾਰ-ਚਰਚਾ ਕਰਾਂਗੇ, ਰਸਮੀ ਪ੍ਰੋਗਰਾਮ ਵੀ ਹੋਣਗੇ। ਪ੍ਰੰਤੂ ਔਰਤ ਪ੍ਰਤੀ ਸਾਡੇ ਸਮਾਜ ਸੋਚ ਵਿੱਚ ਕੀ ਤਬਦੀਲੀ ਆਈ ਹੈ ਅਤੇ ਅੱਜ ਵੀ ਧੀ ਨੂੰ ਪੱਥਰ ਕਿਉਂ ਮੰਨਿਆ ਜਾਂਦਾ ਹੈ ਅਤੇ ਧੀਆਂ ਨੂੰ ਗਿਣਤੀ ਦਿਨੋ-ਦਿਨ ਕਿਉਂ ਘੱਟਦੀ ਜਾ ਰਹੀ ਹੈ, ਇਹ ਸਾਰੇ ਸੁਆਲ ਜਿਉਂ ਦੇ ਤਿਉਂ ਸਦੀਆਂ ਤੋਂ ਮੂੰਹ ਅੱਡੀ ਖੜ੍ਹੇ ਹਨ। 15ਵੀਂ ਜਨਗਣਨਾ ਦੇ ਜਿਹੜੇ ਅੰਕੜੇ ਜਾਰੀ ਹੋਏ ਹਨ, ਜਿਨ੍ਹਾਂ ਨੇ ਪੰਜਾਬ ਤੇ ਹਰਿਆਣਾ ਦਾ ਸਿਰ ਇੱਕ ਵਾਰ ਫ਼ਿਰ ਸ਼ਰਮ ਨਾਲ ਝੁਕਾ ਦਿੱਤਾ ਹੈ, ਭਾਵੇਂ ਹਰਿਆਣਾ ਤੇ ਪੰਜਾਬ 'ਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਗਿਣਤੀ 'ਚ ਪਿਛਲੀ ਜਨਗਣਨਾ ਦੇ ਅੰਕੜਿਆਂ ਨਾਲੋਂ ਕੁਝ ਸੁਧਾਰ ਹੋਇਆ ਹੈ, ਪ੍ਰੰਤੂ ਇਸਦੇ ਬਾਵਜੂਦ ਅੱਜ ਵੀ ਪੰਜਾਬ 'ਚ ਇੱਕ ਹਜ਼ਾਰ ਮੁੰਡਿਆਂ ਪਿੱਛੇ 846 ਕੁੜੀਆਂ ਹਨ। ਪੰਜਾਬ, ਜਿਹੜਾ ਗੁਰੂਆਂ ਦੀ ਧਰਤੀ ਹੈ, ਜਿੱਥੇ ਮਾਤਾ ਨੂੰ ਸਭ ਤੋਂ ਪਹਿਲਾ 'ਗੁਰਦੇਵ' ਮੰਨਿਆ ਗਿਆ ਹੈ ਅਤੇ ਇਹ ਉਨ੍ਹਾਂ ਮਹਾਨ ਔਰਤਾਂ ਦੀ ਧਰਤੀ ਹੈ, ਜਿਨ੍ਹਾਂ ਨੇ ਸਿੱਖ ਪੰਥ ਨੂੰ ਸਮੇਂ ਸਮੇਂ ਆਪਣੀ ਮਹਾਨਤਾ ਦਾ ਅਹਿਸਾਸ ਕਰਵਾਇਆ ਹੈ। ਬੇਬੇ ਨਾਨਕੀ, ਜਿਸਨੇ ਜਗ-ਤਾਰਨਹਾਰ ਬਾਬੇ ਨੂੰ ਸਹਾਰਾ ਦਿੱਤਾ, ਮਾਤਾ ਖੀਵੀ, ਜਿਸਨੇ ਲੰਗਰ ਦੀ ਮਹਾਨਤਾ ਤੇ ਸੇਵਾ ਨਾਲ ਤ੍ਰਿਪਤੀ ਬਖ਼ਸੀ, ਬੀਬੀ ਭਾਨੀ ਜਿਸਨੇ ਗੁਰੂ ਤੋਂ ਵਰ ਪ੍ਰਾਪਤ ਕਰਨ ਦੀ ਜਾਂਚ ਸਿਖਾਈ ਮਾਤਾ ਗੁਜਰੀ, ਜਿਹੜੀ ਇਤਿਹਾਸ ਦਾ ਗੌਰਵ ਬਣੀ ਅਤੇ ਮਾਤਾ ਸਾਹਿਬ ਕੌਰ ਨੇ ਤਾਂ ਖਾਲਸੇ ਦੀ ਮਾਤਾ ਹੋਣ ਦਾ ਮਾਣ ਹਾਸਲ ਕੀਤਾ, ਇਨ੍ਹਾਂ ਮਹਾਨ ਔਰਤਾਂ ਦੀ ਧਰਤੀ ਤੇ ਜੇ ਭਰੂਣ ਹੱਤਿਆ ਹੁੰਦੀ ਹੋਵੇ, ਅਣਜੰਮੀ ਧੀ ਨੂੰ ਗਰਭ 'ਚ ਹੀ ਕਤਲ ਕਰ ਦਿੱਤਾ ਜਾਵੇ, ਤਾਂ ਦਸਮੇਸ਼ ਪਿਤਾ ਦਾ ਉਹ ਹੁਕਮਨਾਮਾ ਜਿਹੜਾ ਕੁੜੀਮਾਰ ਤੇ ਨੜੀਮਾਰ ਨਾਲ ਸਬੰਧ ਰੱਖਣ ਦੀ ਮਨਾਹੀ ਕਰਦਾ ਹੈ, ਉਹ ਪੰਥਕ ਵਿਹੜੇ ਦੇ ਕਿਸ ਕਿਸ ਬੂਹੇ ਤੇ ਲਾਗੂ ਹੁੰਦਾ ਹੈ, ਉਸ ਬਾਰੇ ਸਾਨੂੰ ਆਪਣੇ ਮਨਾਂ 'ਚ ਝਾਤੀ ਮਾਰਨ ਦੀ ਲੋੜ ਹੈ। ਪਿਛਲੀ ਅਤੇ ਵਰਤਮਾਨ ਜਨਗਣਨਾ ਦੇ ਅੰਕੜੇ ਅਤਿਅੰਤ ਖੌਫ਼ਨਾਕ, ਹੌਲਨਾਕ, ਦਿਲ ਕੰਬਾਊ ਅਤੇ ਦਿਲਢਾਊ ਹਨ।

ਪੰਜਾਬ ਵਰਗੇ ਸੂਬੇ ਦੇ ਮੱਥੇ 'ਕੁੜੀਮਾਰ ਦੇ ਕਲੰਕ' ਨੇ ਹਰ ਮਾਨਵਵਾਦੀ ਸਮਾਜ ਵਿਗਿਆਨੀ ਅਤੇ ਮਾਨਵ ਵਿਗਿਆਨੀ ਨੂੰ ਝੰਜੋੜ ਦੇ ਰੱਖ ਦਿੱਤਾ ਹੈ ''ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ'' 'ਦਿਨ ਰਾਤ ਗੁਰਬਾਣੀ ਦੇ ਇਹ ਅਥਾਹ ਅਰਥਪੂਰਨ ਮਹਾਂਵਾਕਾਂ ਨੂੰ ਸੁਣਦਿਆਂ, ਪੜ੍ਹਦਿਆਂ, ਗਾਉਂਦਿਆਂ ਵੀ ਅਸੀਂ ਇਨ੍ਹਾਂ ਦੇ ਭਾਵਾਂ ਨੂੰ ਸਮਝਣੋਂ, ਸਵੀਕਾਰਨੋਂ ਅਤੇ ਅਮਲਾਂ 'ਚ ਲਿਆਉਣ ਤੋਂ ਊਣੇ ਕਿਉਂ ਹਾਂ? ''ਪੁੱਤੀ ਗੰਢ ਪਵੈ ਸੰਸਾਰ'' ਦੀ ਭਾਵਨਾ ਨੇ ਸਾਡੀ ਸਮਝ ਨੂੰ ਤਾਲੇ ਲਾ ਛੱਡੇ ਹਨ, ਜਦੋਂ ਅਸੀਂ ਪੁੱਤ ਜੰਮਣ ਵਾਲੀ ਨੂੰ ਹੀ ਜੰਮਣ ਨਹੀਂ ਦੇਣਾ ਫ਼ਿਰ ਪੁੱਤ ਕਿੱਥੋਂ ਆਉਣਗੇ? ਅੱਜ ਅਸੀਂ ਆਪਣੇ-ਆਪ ਨੂੰ ਆਧੁਨਿਕ ਵਿਖਾਉਣ ਦਾ ਵੱਡਾ ਵਿਖਾਵਾ ਕਰਦੇ ਹਾਂ, ਪ੍ਰੰਤੂ ਸਾਡੀ ਸੋਚ 'ਚ ਕੋਈ ਤਬਦੀਲੀ ਨਹੀਂ ਆਈ, ਅਸੀਂ ਨਾ ਤਾਂ ਆਪਣੀ ਪੁੱਤ ਦੀ ਅੰਨੀ ਚਾਹਤ ਵਾਲੀ ਸੋਚ ਨੂੰ ਬਦਲ ਸਕੇ ਹਾਂ ਅਤੇ ਨਾਂ ਹੀ ਸਮਾਜ ਦੀਆਂ ਉਨ੍ਹਾਂ ਖੋਖਲੀਆਂ ਕਦਰਾਂ-ਕੀਮਤਾਂ ਨੂੰ ਬਦਲਿਆ ਜਾ ਸਕਿਆ, ਜਿਨ੍ਹਾਂ ਕਾਰਣ ਕੁੜੀ ਦੇ ਜਨਮ ਨੂੰ ''ਪੱਥਰ ਜੰਮ ਪਿਆ'' ਮੰਨਿਆ ਜਾਂਦਾ ਸੀ। ਅੱਜ ਧੀ ਜੰਮਣ ਸਾਰ ਉਸਦੇ ਪਾਲਣ-ਪੋਸ਼ਣ ਤੇ ਵਿਆਹੁਣ ਦੇ ਦੂਹਰੇ ਖਰਚ ਦੀ ਮਾਰ, ਕੁੜੀ ਦੇ ਸੁਹਰਿਆਂ ਅੱਗੇ ਧੌਣ ਨੀਵੀਂ ਰੱਖਣ ਦੀ ਹੀਣ ਭਾਵਨਾ ਵਾਲੀ ਧੀ ਦੇ ਮਾਪਿਆਂ ਦੀ ਚਿੰਤਾ, ਅੱਜ ਤੱਕ ਦੂਰ ਨਹੀਂ ਕੀਤੀ ਜਾ ਸਕੀ। ਅੱਜ ਵੀ ਜਦੋਂ ਇਕ ਪਾਸੇ ਨਸ਼ੇੜੀ, ਵਿਹਲੜੇ ਅਤੇ ਵਿਗੜੇ ਇਕਲੌਤੇ ਪੁੱਤ ਦੇ ਮਾਪੇ, 'ਮੁੰਡੇ ਨਾਲੋਂ ਧੀ ਚੰਗੀ ਤਾਂ ਦਿਨ ਰਾਤ ਕੂਕਦੇ ਹਨ, ਪ੍ਰੰਤੂ ਧੀ ਦੇ ਜਨਮ ਤੇ ਢਿੱਡੋਂ ਖੁਸ਼ ਨਹੀਂ ਹੁੰਦੇ। ਇਸ ਲਈ ਮਨ 'ਚ ਬੈਠੀ 'ਵਿਰਾਸਤੀ ਗੰਢ' ਨੂੰ ਜਦੋਂ ਤੱਕ ਖੋਲ੍ਹਿਆ ਨਹੀਂ ਜਾਂਦਾ, ਉਦੋਂ ਤੱਕ ਧੀ ਦੇ ਜਨਮ ਦਾ ਸੁਆਗਤ ਮਨੋਂ ਨਹੀਂ ਹੋ ਸਕਦਾ। ਸਾਡੀ ਧਰਤੀ ਤੇ ਅੱਜ ਵੀ ਧੀ ਦਾ ਜਨਮ ਜ਼ਸਨਾਂ ਦੀ ਥਾਂ ਮਾਤਮ ਦਾ ਸਬੱਬ ਹੈ, ਭਾਵੇਂ ਅੱਜ ਧੀ ਦੇ ਜਨਮ ਤੇ ਲੱਡੂ ਵੰਡਣੇ ਸ਼ੁਰੂ ਹੋ ਗਏ ਹਨ।

ਲੋਹੜੀ ਮਨਾਉਣ ਦੀਆਂ ਫੋਟੋਆਂ, ਅਖ਼ਬਾਰਾਂ 'ਚ ਲੱਗਣ ਲੱਗ ਪਈਆਂ ਹਨ, ਪ੍ਰੰਤੂ ਇਹ ਸਿਰਫ਼ ਹਾਲੇਂ ਤੱਕ ਉੱਪਰਲੀ ਸਤਹਾਂ ਤੱਕ ਹੀ ਸੀਮਤ ਹੈ, ਜਦੋਂ ਕਿ ਅਸਲ 'ਚ ਧੀ ਦੇ ਜਨਮ ਤੇ ਚਾਵਾਂ ਮਲਾਰਾਂ ਦੀ ਥਾਂ ਰੋਣ ਕੁਰਲਾਉਣ ਤੇ ਵਧਾਈਆਂ ਦੇਣ ਤੇ ਲੈਣ ਦੀ ਥਾਂ ਦਿਲਬਰੀਆਂ ਤੇ ਦਿਲ ਰਾਖਵੀਆਂ ਹੀ ਸੁਣਾਈ ਦਿੰਦੀਆਂ ਹਨ। ਅਤੀਤ 'ਚ ਧੀਆਂ ਦੇ ਜਨਮ ਤੇ ਮਾਪਿਆਂ ਦੀ ਪ੍ਰੇਸ਼ਾਨੀ ਦੇ ਕਈ ਕਾਰਣ, ਉਦੋਂ ਦੇ ਜਾਹਲ ਤੇ ਅਨਪੜ੍ਹ ਸਮਾਜ ਕਾਰਣ ਸਮਝ 'ਚ ਆਉਂਦੇ ਹਨ, ਪ੍ਰੰਤੂ ਅੱਜ ਜਦੋਂ ਹਰ ਖੇਤਰ 'ਚ ਔਰਤਾਂ ਅੱਗੇ ਵੱਧ ਰਹੀਆਂ ਹਨ, ਉਸ ਸਮੇਂ ਵੀ ਜੇ ਕੁੜੀ ਨੂੰ ਇਸ ਸੰਸਾਰ ਤੇ ਆਉਣ ਦੀ ਆਗਿਆ ਨਹੀਂ ਮਿਲਦੀ ਤਾਂ ਖਾਂਦੇ-ਪੀਂਦੇ ਪੰਜਾਬ ਨੂੰ ਸੋਚਣਾ ਪਵੇਗਾ ਕਿ ਜੇ ਅੱਜ ਪੰਜਾਬ ਨੂੰ ਗ੍ਰਹਿਣ ਲੱਗ ਗਿਆ ਹੈ ਅਤੇ ਹਰ ਖੇਤਰ 'ਚ ਤਬਾਹੀ ਦੇ ਕੱਢੇ ਪੁੱਜ ਗਿਆ ਹੈ ਤਾਂ ਕਿਤੇ ਇਹ ਉਨ੍ਹਾਂ ਬਦਦੁਆਵਾਂ ਦਾ ਅਸਰ ਤਾਂ ਨਹੀਂ ਜਿਹੜੀਆਂ ਮਾਂ ਦੀ ਕੁੱਖ 'ਚ ਕਤਲ ਹੋਣ ਦੀ ਆਹਟ ਸੁਣਕੇ, ਇਹ ਮਾਸੂਮ ਜਿੰਦੜੀਆਂ ਦਿੰਦੀਆਂਹੋਣਗੀਆਂ। ਪੰਜਾਬੀਓ! ਗਫ਼ਲਤ ਦੀ ਨੀਂਦ 'ਚੋਂ ਜਾਗੋ, ਦਿਲ ਦੀ ਥਾਂ ਦਿਮਾਗ ਨੂੰ ਵਰਤੋਂ। ਸੰਸਕਾਰਾਂ ਦੀ ਥਾਂ ਵਿਚਾਰਾਂ ਤੋਂ ਕੰਮ ਲਓ। ਹੋਛੇਪਣ ਤੇ ਨਿਕਟ ਦ੍ਰਿਸ਼ਟੀ ਦੀ ਥਾਂ ਲੰਮੀ ਸੋਚ ਨੂੰ ਅਪਣਾਓ। ਹੱਸਦੀਆਂ, ਟੱਪਦੀਆਂ, ਗੁਟਕਦੀਆਂ,ਖਿੜਦੀਆਂ, ਨੱਚਦੀਆਂ,ਝੂਟਦੀਆਂ, ਗਾਉਂਦੀਆਂ ਤੇ ਪ੍ਰੇਰਦੀਆਂ ਬੱਚੀਆਂ ਤੋਂ ਬਿਨਾਂ ਕੇਵਲ ਪੁੱਤਾਂ ਵਾਲਾ ਘਰ, ਸੁੰਦਰ, ਸਜੀਲਾ ਤੇ ਸੰਤੁਲਿਤ ਘਰ ਨਹੀਂ ਹੋ ਸਕਦਾ, ਕੁਦਰਤ ਦੇ ਇਸ ਰਹੱਸ, ਨੂੰ ਜਾਣੋ ਤੇ ਪਹਿਚਾਣੋ।

ਇੰਝ, ਖੁਦਾਈ ਹੁਸਨ ਦਾ ਕ੍ਰਿਸ਼ਮਾ, ਲੋਹੜੇ ਦੀ ਸਿਰਜਣਾ, ਸਮਾਜ ਪਾਲਕ ਤੇ ਸੰਚਾਲਕ ਔਰਤ ਪ੍ਰਤੀ ਆਪਣੀ ਸੋਚ ਨੂੰ ਬਦਲੀਏ, ਨਹੀਂ ਤਾਂ ਫ਼ਿਰ ਔਰਤ ਦੀ ਥੁੜ੍ਹ ਕਾਰਣ ਉਸਦੇ ਆਤਮਿਕ, ਬੌਧਿਕ ਅਤੇ ਅਧਿਆਤਮਕ ਸਰੂਪ ਨੂੰ ਵੇਖਣ ਦਾ ਕਿਸੇ ਕੋਲ ਸਮਾਂ, ਜੇਰਾ ਤੇ ਸਬਰ ਨਹੀਂ ਰਹੇਗਾ, ਜੇ ਬੱਚੀਆਂ ਦੀਆਂ ਹੱਤਿਆਵਾਂ ਪ੍ਰਤੀ ਅਸੀਂ ਇਸ ਤਰ੍ਹਾਂ ਗਾਫ਼ਲ ਰਹੇ ਤਾਂ ਬਦਇਖ਼ਲਾਕੀ, ਅਰਾਜਕਤਾ, ਐਨਤਿਕਤਾ ਅਤੇ ਦੁਸ਼ਟਤਾ ਹੋਰ ਫੈਲੇਗੀ, ਜਿਹੜੀ ਸਾਡੇ ਗੌਰਵਮਈ ਸੱਭਿਆਚਾਰ ਤੇ ਮਹਾਨ ਅਮੀਰ ਵਿਰਸੇ ਲਈ ਆਤਮਘਾਤੀ ਸਿੱਧ ਹੋਵੇਗੀ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਭਾਵੇਂ ਇਸ ਭਿਆਨਕ ਕਤਲੋਗਾਰਤ ਵਿਰੁੱਧ ਹੁਕਮਨਾਮਾ ਜਾਰੀ ਹੋਇਆ, ਡੇਢ ਦਹਾਕਾ ਹੋ ਗਿਆ ਹੈ, ਪ੍ਰੰਤੂ ਸਾਡੇ ਪੰਜਾਬ 'ਚ ਕੁੜੀਆਂ ਦੀ ਗਿਣਤੀ 'ਚ ਮਾਮੂਲੀ ਜਿਹਾ ਸੁਧਾਰ ਹੋਇਆ ਹੈ। ਇਸ ਲਈ ਸਮਾਜ 'ਚ ਜਾਗਰੂਕਤਾ ਬੇਹੱਦ ਜ਼ਰੂਰੀ ਹੈ ਅਤੇ ਜਦੋਂ ਤੱਕ ਸਾਡਾ ਸਿੱਖ ਸਮਾਜ, ਸਿੱਖੀ ਸਿਧਾਤਾਂ ਅਨੁਸਾਰ 'ਕੁੜੀਮਾਰਾਂ' ਨਾਲੋਂ ਸਬੰਧ ਤੋੜਣ ਦਾ ਰਾਹ ਨਹੀਂ ਅਪਨਾਉਂਦਾ ਅਤੇ ਕੁੜੀ ਨੂੰ ਬੋਝ ਸਮਝਣ ਵਾਲੀਆਂ ਪ੍ਰਸਥਿਤੀਆਂ, ਮੁਕੰਮਲ ਰੂਪ 'ਚ ਖ਼ਤਮ ਨਹੀਂ ਕੀਤੀਆਂ ਜਾਦੀਆਂ, ਉਦੋਂ ਤੱਕ ਪੰਜਾਬ ਦੇ ਮੱਥੇ ਤੋਂ ਕੁੜੀਮਾਰ ਦਾ ਕਲੰਕ, ਸ਼ਾਇਦ ਹੀ ਮਿੱਟ ਸਕੇ।

Editorial
Jaspal Singh Heran

International