ਗਿਆਨੀ ਇਕਬਾਲ ਸਿੰਘ ਦਾ ਅਸਤੀਫ਼ਾ ਪ੍ਰਵਾਨ

ਜਾਂਚ ਰਹੇਗੀ ਜਾਰੀ,ਸਿੱਧ ਹੋਣ ਤੇ ਕੀਤਾ ਜਾਵੇਗਾ ਤਲਬ : ਗਿਆਨੀ ਹਰਪ੍ਰੀਤ ਸਿੰਘ 

ਅੰਮ੍ਰਿਤਸਰ 5 ਮਾਰਚ (ਨਰਿੰਦਰ ਪਾਲ ਸਿੰਘ): ਅਨੈਤਿਕਤਾ,ਆਚਰਣਹੀਣਤਾ ਤੇ ਧੱਕੇਸ਼ਾਹੀ ਦੇ ਦੋਸ਼ਾਂ ਹੇਠ ਘਿਰੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਪਰਸੋਂ ਰੋਜ ਜਥੇਦਾਰੀ ਤੋਂ ਦਿਤੇ ਅਸਤੀਫੇ ਨੂੰ ਤਖਤ ਸਾਹਿਬ ਪ੍ਰਬੰਧਕੀ ਬੋਰਡ ਦੀ ਇਕਤਰਤਾ ਨੇ ਪ੍ਰਵਾਨ ਕਰ ਲਿਆ ਹੈ।ਨਵੇਂ ਜਥੇਦਾਰ ਬਾਰੇ ਕੋਈ ਸਪਸ਼ਟ ਫੈਸਲਾ ਨਾ ਕਰਦਿਆਂ ਪ੍ਰਬੰਧਕੀ ਬੋਰਡ ਨੇ ਤਖਤ ਸਾਹਿਬ ਵਿਖੇ ਮੁਖ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਭਾਈ ਰਜਿੰਦਰ ਸਿੰਘ ਨੂੰ ਅਗਲੇ ਹੁਕਮਾਂ ਤੀਕ ਅੰਦਰੂਨੀ ਸੇਵਾ ਸੰਭਾਲ ਦੀ ਜਿੰਮੇਵਾਰੀ ਸੌਪ ਦਿੱਤੀ ਹੈ।ਦੂਸਰੇ ਪਾਸੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਗਿਆਨੀ ਇਕਬਾਲ ਸਿੰਘ ਉਪਰ ਲੱਗੇ ਦੋਸ਼ਾਂ ਦੀ ਜਾਂਚ ਜਾਰੀ ਰਹੇਗੀ ।ਪਹਿਲਾਂ ਤੋਂ ਗਠਿਤ 7 ਮੈਂਬਰੀ ਕਮੇਟੀ ਵਿੱਚ ਤਖਤ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਦੋ ਮੈਂਬਰ ਵੀ ਸ਼ਾਮਿਲ ਕੀਤੇ ਜਾਣਗੇ ।ਉਨ੍ਹਾਂ ਕਿਹਾ ਹੈ ਕਿ ਦੋਸ਼ੀ ਪਾਏ ਜਾਣ ਤੇ ਗਿਆਨੀ ਇਕਬਾਲ ਸਿੰਘ ਅਕਾਲ ਤਖਤ ਸਾਹਿਬ ਤੇ ਤਲਬ ਵੀ ਕੀਤੇ ਜਾ ਸਕਦੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੀ ਪਹਿਲਾਂ ਤੋਂ ਤੈਅ ਇੱਕਤਰਤਾ ਹੋਈ ਜਿਸ ਵਿੱਚ ਪ੍ਰਧਾਨ ਸ੍ਰ:ਅਵਤਾਰ ਸਿੰਘ ਹਿੱਤ,ਮੀਤ ਪਰਧਾਨ ਇੰਦਰਜੀਤ ਸਿੰਘ, ਸੁਰਿੰਦਰ ਸਿੰਘ ਰੁਮਾਲਿਆਂ ਵਾਲਾ, ਗੋਬਿੰਦ ਸਿੰਘ ਲੋਂਗੋਵਾਲ, ਕਮਿੱਕਰ ਸਿੰਘ, ਰਾਜਾ ਸਿੰਘ,ਲਖਬੀਰ ਸਿੰਘ, ਤਰਲੋਚਨ ਸਿੰਘ,ਹਰਬੰਸ ਸਿੰਘ ਖਨੂਜਾ ਤੇ ਜਗਜੋਤ ਸਿੰਘ ਸੋਹੀ ਸਮੇਤ ਕੁੱਲ 15 ਮੈਂਬਰੀ ਕਮੇਟੀ ਵਿੱਚੋਂ 10 ਮੈਂਬਰ ਹਾਜਰ ਸਨ।ਦੱਸਿਆ ਗਿਆ ਹੈ ਕਿ ਗਿਆਨੀ ਇਕਬਾਲ ਸਿੰਘ ਉਪਰ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਜਾਂਚ ਕਮੇਟੀ ਦੀ ਪਹਿਲੀ ਰਿਪੋਰਟ ਦੇ ਆਧਾਰ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਕਲ੍ਹ ਹੀ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਸਾਹਿਬਾਨ ਨੂੰ ਲਿਖੀ ਇੱਕ ਵਿਸ਼ੇਸ਼ ਪੱਤਰਕਾ ਵਿੱਚ ਲਿਖ ਦਿੱਤਾ ਸੀ ਕਿ ਗਿਆਨੀ ਇਕਬਾਲ ਸਿੰਘ ਵਲੋਂ 3ਮਾਰਚ 2019 ਨੂੰ ਦਿੱਤਾ ਅਸਤੀਫਾ ਪ੍ਰਵਾਨ ਕਰ ਲਿਆ ਜਾਏ ।ਅਕਾਲ ਤਖਤ ਸਾਹਿਬ ਦੇ ਆਦੇਸ਼ ਤੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਨੇ ਅਸਤੀਫਾ ਪ੍ਰਵਾਨ ਕਰਦਿਆਂ ਇਸਦੀ ਜਾਣਕਾਰੀ ਬੋਰਡ ਦੀ ਇਕਤਰਤਾ ਵਿੱਚ ਦਿੱਤੀ ਜਿਸਨੂੰ ਹਾਜਰ ਮੈਂਬਰਾਨ ਨੇ ਪ੍ਰਵਾਨਗੀ ਦੇ ਦਿੱਤੀ। ਇਕਤਰਤਾ ਨੇ ਗਿਆਨੀ ਇਕਬਾਲ ਸਿੰਘ ਦਾ ਜਾਨ ਨਸ਼ੀਨ ਲੱੜਣ ਲਈ ਕੋਈ ਕਾਹਲੀ ਨਹੀ ਵਿਖਾਈ ਬਲਕਿ ਤਖਤ ਸਾਹਿਬ ਵਿਖੇ ਮੁਖ ਗ੍ਰੰਥੀ ਦੀ ਸੇਵਾ ਨਿਭਾਅ ਰਹੇ ਭਾਈ ਰਜਿੰਦਰ ਸਿੰਘ ਨੂੰ ਅਗਲੇ ਹੁਕਮਾਂ ਤੀਕ ਅੰਦਰੂਨੀ ਸੇਵਾ ਸੰਭਾਲ ਦੀ ਜਿੰਮੇਵਾਰੀ ਸੌਪ ਦਿੱਤੀ ਹੈ।

ਪ੍ਰਬੰਧਕ ਕਮੇਟੀ ਦੇ ਫੈਸਲੇ ਬਾਰੇ ਜਾਰੀ ਬਿਆਨ ਵਿੱਚ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਗਿਆਨੀ ਇਕਬਾਲ ਸਿੰਘ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਜਾਰੀ ਰਹੇਗੀ।ਅਕਾਲ ਤਖਤ ਸਾਹਿਬ ਦੇ ਸਕਤਰੇਤ ਵਲੋਂ ਜਾਰੀ ਪ੍ਰੈਸ ਰਲੀਜ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ 'ਗਿਆਨੀ ਇਕਬਾਲ ਸਿੰਘ ਦੇ ਉੱਪਰ ਲੱੱਗੇ ਦੋਸ਼ਾਂ ਦੀ ਪੜਤਾਲ ਕਰਨ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।ਇਸ ਪੜਤਾਲੀਆ ਕਮੇਟੀ ਵੱਲੋਂ ਕੀਤੀ ਗਈ ਸਿਫਾਰਸ਼ ਨੂੰ ਪ੍ਰਵਾਨ ਕਰਦਿਆਂ ਉਹਨਾਂ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਨੂੰ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ ਦਾ ਅਸਤੀਫਾ ਪ੍ਰਵਾਨ ਕਰਨ ਦਾ ਆਦੇਸ਼ ਕੀਤਾ ਸੀ ਜਿਸ ਦੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਨੇ ਪਾਲਣਾ ਕੀਤੀ ਹੈ।ਗਿਆਨੀ ਇਕਬਾਲ ਸਿੰਘ ਉੱਪਰ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਸੱਤ ਮੈਂਬਰੀ ਪੜਤਾਲੀਆ ਕਮੇਟੀ ਨੂੰ ਮੁੜ ਦੋਸ਼ਾਂ ਦੀ ਗੰਭੀਰਤਾ ਨਾਲ ਜਾਂਚ ਕਰਕੇ ਜਲਦੀ ਰਿਪੋਰਟ ਦੇਣ ਲਈ ਕਿਹਾ ਹੈ।ਪੜਤਾਲੀਆ ਕਮੇਟੀ ਵਿਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਇੱਕ ਜਾਂ ਦੋ ਮੈਂਬਰ ਵੀ ਸ਼ਾਮਲ ਕੀਤੇ ਜਾਣਗੇ।ਜੇਕਰ ਜਥੇਦਾਰ ਗਿਆਨੀ ਇਕਬਾਲ ਸਿੰਘ ਜੀ ਉੱਪਰ ਲੱਗੇ ਦੋਸ਼ ਸਹੀ ਪਾਏ ਗਏ ਤਾਂ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਪ੍ਰਬੰਧਕੀ ਬੋਰਡ ਦੀ ਅੱਜ ਹੋਈ ਇਕਤਰਤਾ ਵਿੱਚ ਬੋਰਡ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਢਿਲੋਂ ਸ਼ਾਮਿਲ ਨਹੀ ਹੋਏ ।ਗਿਆਨੀ ਇਕਬਾਲ ਸਿੰਘ ਵਲੋਂ ਦਿੱਤਾ ਅਸਤੀਫਾ,ਜਨਰਲ ਸਕੱਤਰ ਦੇ ਨਾਮ ਸੀ ,ਜੋ ਸ੍ਰ:ਢਿੱਲੋਂ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਸੰਗਤਾਂ ਵਲੋਂ ਆਦੇਸ਼ ਮਿਲੇ ਹਨ। 

Unusual
Jathedar
Resign
Patna Sahib
Sikhs

International