ਹੁਣ ਸਮੁੰਦਰੀ ਹਮਲਾ...?

ਜਸਪਾਲ ਸਿੰਘ ਹੇਰਾਂ
ਜਿਸ ਦਿਨ ਭਾਰਤੀ ਹਵਾਈ ਫੌਜ ਨੇ ਸਰਜੀਕਲ ਸਟ੍ਰਾਈਕ-2 ਕੀਤਾ ਸੀ, ਅਸੀਂ ਉਸ ਦਿਨ ਹੀ ਇਹ ਦਾਅਵਾ ਕੀਤਾ ਸੀ ਕਿ ਮੋਦੀ ਚੋਣਾਂ ਦੀ ਖੇਡ, ਖੇਡ ਰਿਹਾ ਹੈ। ਅੱਜ ਚਾਰੇ ਪਾਸੇ ਸੁਆਲ ਖੜ੍ਹੇ ਹੋ ਰਹੇ ਹਨ ਕਿ ਹਮਲੇ 'ਚ ਮਾਰੇ ਗਏ ਅੱਤਵਾਦੀਆਂ ਦੇ ਸਬੂਤ ਦਿੱਤੇ ਜਾਣ। ਮੋਦੀ ਸਰਕਾਰ ਵੱਲੋਂ ਫੌਜ ਦੀ ਵਰਤੋਂ ਰਾਜਸੀ ਮਨੋਰਥ ਲਈ ਕੀਤੇ ਜਾਣ ਦੇ ਦੋਸ਼ ਵੀ ਲੱਗਣੇ ਸ਼ੁਰੂ ਹੋ ਗਏ ਹਨ। ਇਸ ਸਾਰੀ  ਪ੍ਰਸਥਿਤੀ ਨੇ ਮੋਦੀ ਦੀ ਉਸ ਨੌਟੰਕੀ ਦੀ,ਜਿਹੜੀ ਉਸ ਨੇ ਚੋਣਾਂ ਲਈ ਖੇਡੀ ਸੀ, ਲੱਗਭੱਗ ਫੂਕ ਨਿਕਲ ਗਈ ਹੈ। ਦੇਸ਼ ਦਾ ਗੋਦੀ ਮੀਡੀਆ ਭਾਂਵੇਂ ਅੱਜ ਵੀ ਮੋਦੀ ਦੇ ਸਰਜੀਕਲ ਸਟ੍ਰਾਈਕ ਦੇ ਗੁੱਡੇ ਬੰਨ੍ਹ ਰਿਹਾ ਹੈ ,ਪ੍ਰੰਤੂ ਅੰਤਰਰਾਸ਼ਟਰੀ ਮੀਡੀਏ ਨੇ ਇਸਦਾ ਜਲੂਸ ਕੱਢ ਕੇ ਰੱਖ ਦਿੱਤਾ ਹੈ। 'ਰਾਈਟਰਜ਼' ਵੱਲੋਂ ਤਾਂ ਬਾਲਾਕੋਟ 'ਚ ਅੱਜ ਵੀ ਚੱਲ ਰਹੇ 6 ਮਦਰਸਿਆਂ ਦੀ ਤਸਵੀਰ ਜਾਰੀ ਕੀਤੀ ਹੈ। ਇਸੇ ਦੌਰਾਨ ਭਾਰਤੀ ਜਲ ਸੈਨਾ ਦੇ ਮੁੱਖੀ ਲਾਂਬਾ ਵੱਲੋਂ ਕੀਤੀ ਇਹ ਟਿੱਪਣੀ ਕਿ ਪਾਕਿਸਤਾਨ ਸਮੁੰਦਰੀ ਰਸਤੇ ਭਾਰਤ 'ਤੇ ਹਮਲਾ ਕਰ ਸਕਦਾ ਹੈ, ਬੇਹੱਦ ਗੰਭੀਰ ਤੇ ਚਿੰਤਾਜਨਕ ਹੈ। ਦੂਜੇ ਪਾਸੇ ਪਾਕਿਸਤਾਨ ਦਾ ਦਾਅਵਾ ਕਿ ਭਾਰਤ ਦੀ ਇੱਕ ਪਣਡੁੱਬੀ ਨੇ ਪਾਕਿਸਤਾਨੀ ਇਲਾਕੇ 'ਚ ਦਾਖ਼ਲ ਹੋਣ ਦਾ ਯਤਨ ਕੀਤਾ ਸੀ ,ਜਿਸ ਨੂੰ ਅਸਫ਼ਲ ਬਣਾ ਦਿੱਤਾ ਗਿਆ।

ਕੀ ਹਵਾਈ ਹਮਲੇ ਵਾਲੇ ਮਿਸ਼ਨ 'ਚ ਪੂਰਾ ਸਫ਼ਲ ਨਾ ਹੋਣ ਤੋਂ ਬਾਅਦ, ਹੁਣ ਜਲ ਹਮਲੇ ਦੀ ਕਹਾਣੀ ਜਨਮ ਲਵੇਗੀ? ਅਸੀਂ ਇਸ ਸਥਿਤੀ ਨੂੰ ਚਿੰਤਾਜਨਕ, ਵਿਸਫ਼ੋਟਕ ਮੰਨਦੇ ਹੋਏ ਜਾਗਰੂਕ ਦੇਸ਼ਵਾਸੀਆਂ ਨੂੰ ਜਗਾਉਣਾ ਚਾਹੁੰਦੇ ਹਾਂ। ਭਾਰਤੀ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੇ ਐਲਾਨ ਨੂੰ ਲਟਕਾ ਰਿਹਾ ਹੈ, ਜਦੋਂ ਕਿ ਚੋਣਾਂ ਦਾ ਸਮਾਂ ਪੂਰੀ ਤਰਾਂ੍ਹ ਸਿਰ 'ਤੇ ਆ ਚੁੱਕਾ ਹੈ। ਕੀ ਭਾਰਤੀ ਚੋਣ ਕਮਿਸ਼ਨ ਤੋਂ ਕਿਸੇ ਨਵੇਂ ਹਮਲੇ ਲਈ ਸਮਾਂ ਮੰਗਿਆ ਗਿਆ ਹੈ? ਅਸੀਂ ਸਮਝਦੇ ਹਾਂ ਕਿ ਭਲਕ ਨੂੰ ਜੇ ਕਰ ਜਲ ਸੈਨਾ ਕੋਈ ਕਾਰਵਾਈ ਕਰਦੀ ਹੈ ਤਾਂ  ਬਹੁਤਾ ਹੈਰਾਨ ਹੋਣ ਦੀ ਲੋੜ ਨਹੀਂ ਹੋਵੇਗੀ। ਅੱਜ ਦੀਆਂ ਪ੍ਰਸਥਿਤੀਆਂ, ਮੋਦੀ ਦੇ ਬਿਆਨ, ਇਸ ਗੱਲ ਦੇ ਸ਼ੰਕੇ ਖੜ੍ਹੇ ਕਰਦੇ ਹਨ ਕਿ ਵੋਟਾਂ ਲਈ ਮੋਦੀ ਕੁਝ ਵੀ ਕਰ ਗੁਜ਼ਰਨ ਦੀ ਤਿਆਰੀ 'ਚ ਹੈ। ਦੂਜੇ ਪਾਸੇ ਰਾਫੇਲ ਹਵਾਈ ਜ਼ਹਾਜ਼ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਮੋਦੀ ਸਰਕਾਰ ਸੀ. ਬੀ. ਆਈ ਜਾਂਚ ਤੋਂ ਭੱਜੀ ਹੈ ਅਤੇ ਰਾਫੇਲ ਸੌਦੇ ਦੇ ਕੁਝ ਕਾਗਜ਼ਾਤ ਚੋਰੀ ਹੋਣ ਦੀ ਗੱਲ ਕੀਤੀ ਹੈ। ਉਸ ਨਾਲ ਰਾਫੇਲ ਮੁੱਦਾ ਚੋਣ ਮੁੱਦਾ ਵੀ ਬਣ ਸਕਦਾ ਹੈ। ਜਿਹੜਾ ਮੋਦੀਕਿਆਂ ਦੇ ਹੱਡਾਂ 'ਚ ਬੈਠ ਸਕਦਾ ਹੈ। ਬਜ਼ੁਰਗ ਸਿਆਸਤਦਾਨ ਲਾਲ ਕ੍ਰਿਸ਼ਨ ਅਡਵਾਨੀ ਦਾ ਅਸਤੀਫ਼ਾ ਵੀ ਮੋਦੀਕਿਆਂ ਦੀਆਂ ਮੁਸ਼ਕਿਲਾਂ 'ਚ ਵਾਧਾ ਕਰਨ ਵਾਲਾ ਹੈ। ਇਸ ਲਈ ਜਿੱਤੀ ਬਾਜ਼ੀ ਨੂੰ ਹਾਰਦਿਆਂ ਵੇਖ ਕੇ, ਮੋਦੀ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਅਸੀਂ ਸਮਝਦੇ ਹਾਂ ਕਿ ਆਉਂਦੇ ਦੋ-ਚਾਰ ਦਿਨ ਬੇਹੱਦ ਸੰਵੇਦਨਾ ਭਰਪੂਰ ਤੇ ਤਣਾਅਪੂਰਨ ਹੋ ਸਕਦੇ ਹਨ। ਸਮੁੰਦਰੀ ਸੈਨਾ ਦੇ ਹਮਲੇ ਦੀ ਤਲਵਾਰ ਦੇਸ਼ ਵਾਸੀਆਂ ਦੇ ਸਿਰ 'ਤੇ ਲਟਕਾ ਦਿੱਤੀ ਗਈ ਹੈ।

ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀਆਂ ਸਾਰੀਆਂ ਸਿਆਸੀ ਧਿਰਾਂ ਮੋਦੀ ਦੀ ਇਸ ਮਕਾਰ ਖੇਡ ਦਾ ਭਾਂਡਾ ਪਹਿਲਾਂ ਹੀ ਭੰਨ ਦੇਣ ਤਾਂ ਕਿ ਮੋਦੀ ਨੂੰ ਆਪਣੀ ਖ਼ਤਰਨਾਕ ਖੇਡ ਦੇ ਨਤੀਜਿਆਂ ਨੂੰ ਸਿਰੇ ਚੜ੍ਹਾਉਣ ਤੋਂ ਰੋਕਿਆ ਜਾ ਸਕੇ। ਮੀਡੀਆ ਤਾਂ 'ਗੋਦੀ ਮੀਡੀਏ' 'ਚ ਬਦਲ ਚੁੱਕਾ ਹੈ। ਇਸ ਲਈ ਹੁਣ ਆਮ ਲੋਕਾਂ ਨੂੰ ਹੀ ਆਵਾਜ਼ ਬੁਲੰਦ ਕਰਨੀ ਪਵੇਗੀ। ਜਦੋਂ ਦੇਸ਼ ਦੇ ਵਰਤਮਾਨ ਹਾਕਮ ਸਮਝ ਜਾਣਗੇ ਕਿ ਡਰਾਮੇਬਾਜ਼ੀ ਨਾਲ ਲੋਕ ਭਾਵਨਾਵਾਂ ਨੂੰ ਵਾਰ-ਵਾਰ ਨਹੀਂ ਭੜਕਾਇਆ ਜਾ ਸਕਦਾ ਤਾਂ ਉਹ ਕੋਈ ਕਾਰਵਾਈ ਕਰਨ ਤੋਂ ਪਹਿਲਾਂ, ਉਸਦੇ ਅੰਜ਼ਾਮ ਬਾਰੇ ਲੱਖ ਵਾਰ ਸੋਚਣਗੇ। ਪਹਿਰੇਦਾਰ ਨੇ ਸਾਲ ਭਰ ਤੋਂ ਇਹ ਹੋਕਾ ਦੇਣਾ ਸ਼ੁਰੂ ਕੀਤਾ ਹੋਇਆ ਹੈ ਕਿ ਭਾਜਪਾ, 2019 ਦੀਆਂ ਚੋਣਾਂ ਪਾਕਿਸਤਾਨ ਨਾਲ ਜੰਗ, ਰਾਮ ਮੰਦਿਰ ਮੁੱਦੇ ਜਾਂ ਫਿਰਕੂ ਦੰਗਿਆਂ ਨੂੰ ਆਧਾਰ ਬਣਾ ਕੇ ਲੜੇਗੀ। ਮੋਦੀ ਨੇ ਪਾਕਿਸਤਾਨ ਨਾਲ ਟਕਰਾਅ ਦਾ ਰਾਹ ਚੁਣਿਆ, ਜਿਹੜਾ ਉਸ ਨੂੰ  ਮੰਜ਼ਿਲ ਤੱਕ ਲੈ ਕੇ ਜਾਂਦਾ ਵਿਖਾਈ ਨਹੀਂ ਦੇ ਰਿਹਾ । ਇਸ ਲਈ ਅਗਲਾ ਰਾਹ, ਜੰਗ ਦਾ ਹੈ, ਜਿਸ ਨੂੰ ਮੋਦੀ ਚੁਣ ਸਕਦਾ ਹੈ। ਮੋਦੀ ਨੂੰ ਇਸ ਰਾਹ 'ਤੇ ਜਾਣ ਤੋਂ ਰੋਕਣ ਲਈ ਦੇਸ਼ ਵਾਸੀਆਂ ਨੂੰ ਸਮਾਂ ਰਹਿੰਦੇ ਦੱਸਣਾ ਪਵੇਗਾ ਕਿ ਅਸੀਂ ਜਾਗਦੇ ਹਾਂ ਅਤੇ ਸਾਰਾ ਕੁਝ ਜਾਣਦੇ ਹਾਂ ।

Editorial
Jaspal Singh Heran

International