ਔਰਤ ਦਿਵਸ, ਕੁਝ ਸੋਚਣ ਦੀ ਲੋੜ...

ਜਸਪਾਲ ਸਿੰਘ ਹੇਰਾਂ
ਦੁਨੀਆ ਦੇ ਸੱਭ ਤੋਂ ਨਵੀਨਤਮ, ਇਨਕਲਾਬੀ ਅਤੇ ਮਾਨਵਤਾ ਦਾ ਹਰ ਦੁੱਖ ਦੂਰ ਕਰਨ ਵਾਲੇ ਧਰਮ ਨੂੰ ਅਪਨਾਉਣ ਵਾਲਾ ਪਹਿਲਾ ਵਿਅਕਤੀ, ਬੇਬੇ ਨਾਨਕੀ ਸੀ, ਅਤੇ ਖਾਲਸਾ ਪੰਥ ਦੀ ਮਾਤਾ ਸਾਹਿਬ ਕੌਰ ਹੈ, ਇਸ ਲਈ ਗੁਰੂ ਸਾਹਿਬਾਨ ਵੱਲੋਂ ਵਿਖਾਏ ਮਾਰਗ ਕਾਰਣ, ਸਿੱਖ ਧਰਮ 'ਚ ਔਰਤ ਨੂੰ ਉੱਚ ਸਥਾਨ ਹਾਸਲ ਹੈ, ਪ੍ਰੰਤੂ ਬੇਬੇ ਨਾਨਕੀ ਜੀ, ਬੀਬੀ ਅਮਰੋ ਜੀ, ਮਾਤਾ ਖੀਵੀ ਜੀ, ਮਾਤਾ ਭਾਨੀ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ ਵੱਲੋਂ ਔਰਤ ਨੂੰ ਸਮਾਜ 'ਚ ਜਿਹੜਾ ਸਥਾਨ ਦਿਵਾਉਣ ਦਾ ਆਪਣੇ ਜੀਵਨ ਆਦਰਸ਼ਾਂ ਦੁਆਰਾ ਯਤਨ ਕੀਤਾ ਗਿਆ ਅਤੇ ਮਾਈ ਭਾਗੋ ਦੀਆਂ ਵਾਰਿਸ ਬਣਨ ਲਈ ਜਿਨ੍ਹਾਂ ਗੁਣਾਂ ਦੀ ਹਰ ਸਿੱਖ ਔਰਤ 'ਚ ਲੋੜ ਹੈ, ਉਸ ਪ੍ਰਾਪਤੀ ਤੋਂ ਅਸੀਂ ਅੱਜ ਵੀ ਕੋਹਾਂ ਦੂਰ ਹਾਂ। ਮਰਦ ਪ੍ਰਧਾਨ ਸਮਾਜ 'ਚ ਭਾਵੇਂ ਔਰਤ ਨੂੰ ਬਰਾਬਰੀ ਦਾ ਅਧਿਕਾਰ ਲਿਖਣ-ਬੋਲਣ ਤੱਕ ਹੀ ਬਹੁਤਾ ਸੀਮਤ ਹੈ ਪ੍ਰੰਤੂ ਅਸਲੀ ਜਾਮਾ ਹਾਲੇਂ ਦੂਰ ਹੈ। ਅੱਜ ਦੀ ਔਰਤ ਨੇ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਨੂੰ ਤਾਂ ਭਾਵੇਂ ਸਮਝਿਆ ਹੈ ਅਤੇ ਇਸਦੀ ਪ੍ਰਾਪਤੀ ਲਈ ਅੱਗੇ ਵੀ ਵਧ ਰਹੀ ਹੈ, ਪ੍ਰੰਤੂ ਉਹ ਆਪਣੇ ਫਰਜ਼ਾਂ ਤੋਂ ਅਵੇਸਲੀ ਹੋ ਰਹੀ ਹੈ, ਇਸ ਲਈ ਅੱਜ ਦਾ ਦਿਨ ਜਿਸਨੂੰ 'ਔਰਤ ਦਿਵਸ' ਵਜੋਂ ਜਾਣਿਆ ਜਾਂਦਾ ਹੈ, ਇਸ ਦਿਨ ਅਧਿਕਾਰਾਂ ਤੇ ਫਰਜ਼ਾਂ ਬਾਰੇ ਬਰਾਬਰ ਦੀ ਚਰਚਾ ਹੋਣੀ ਜ਼ਰੂਰੀ ਹੈ।

ਅੱਜ ਜਦੋਂ ਅਸੀਂ 21ਵੀਂ ਸਦੀ ਦੇ ਦੂਜੇ ਦਹਾਕੇ 'ਚ ਲੰਘ ਰਹੇ ਹਾਂ ਅਤੇ ਔਰਤਾਂ ਦੇ ਹਰ ਖੇਤਰ 'ਚ ਕਦਮ ਨਿਰੰਤਰ ਵੱਧ ਰਹੇ ਹਨ, ਉਸ ਸਮੇਂ ਵੀ ਜੇ ਔਰਤ ਦਾ ਸ਼ੋਸ਼ਣ ਹੋ ਰਿਹਾ ਹੈ ਤਾਂ ਇਹ ਸਾਡੇ ਸਮਾਜ ਲਈ ਬੇਹੱਦ ਸ਼ਰਮਨਾਕ ਹੈ। ਜਿਹੜਾ ਸਮਾਜ ਸਦੀਆਂ ਤੋਂ ਇਹ ਆਖਦਾ ਆ ਰਿਹਾ ਹੈ ਕਿ ਹਰ ਕਾਮਯਾਬ ਮਰਦ ਪਿੱਛੇ ਔਰਤ ਦਾ ਹੱਥ ਹੁੰਦਾ ਹੈ ਅਤੇ ਕਿਸੇ ਚੰਗੇ ਸਮਾਜ ਦਾ ਨਿਰਮਾਣ ਚੰਗੀਆਂ ਮਾਵਾਂ ਕਰਦੀਆਂ ਹਨ, ਇਸ ਲਈ ਇਹ ਸਾਫ਼ ਹੈ ਕਿ ਉਸ ਸਮਾਜ ਨੂੰ ਔਰਤ ਦੀ ਮਹਾਨਤਾ ਬਾਰੇ ਪੂਰਾ ਗਿਆਨ ਹੈ, ਪ੍ਰੰਤੂ ਸਦੀਆਂ ਤੋਂ ਸਥਾਪਿਤ ਮਰਦ ਦੀ ਚੌਧਰ ਅਤੇ ਔਰਤ ਨੂੰ ਸਿਰਫ਼ 'ਜਿਸਮ' ਮੰਨਣ ਦੀ ਲੁੱਕੀ ਪ੍ਰਵਿਰਤੀ ਹੀ ਔਰਤ ਨੂੰ ਪੈਰ ਦੀ ਜੁੱਤੀ ਵਰਗੀ ਘਟੀਆ ਸੋਚ ਨੂੰ ਅੱਜ ਵੀ ਬਣਾਈ ਰੱਖ ਰਹੀ ਹੈ, ਇਸ ਧੱਬੇ ਨੂੰ ਮਿਟਾਇਆ ਜਾਣਾ ਚਾਹੀਦਾ ਹੈ। ਬੱਚੇ ਨੂੰ ਸੰਸਕਾਰ ਦੇਣ ਵਾਲੀ ਵੀ ਮਾਂ ਦੇ ਰੂਪ 'ਚ ਔਰਤ ਹੁੰਦੀ ਹੈ, ਇਸ ਲਈ ਮਰਦ ਮਨ 'ਚੋਂ ਸਦੀਆਂ 'ਚ ਔਰਤ ਪ੍ਰਤੀ ਬਣੀ ਅਜਿਹੀ ਭਾਵਨਾ ਨੂੰ ਦੂਰ ਕਰਨ 'ਚ ਉਹ ਵੀ ਅਹਿਮ ਰੋਲ ਨਿਭਾਅ ਸਕਦੀ ਹੈ। ਅੱਜ ਜਦੋਂ ਅਸੀਂ ਔਰਤ ਦੀ ਆਜ਼ਾਦੀ ਤੇ ਬਰਾਬਰੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਮਰਦ ਮਨਾਂ 'ਚ ਔਰਤ ਪ੍ਰਤੀ ਸਦੀਆਂ ਪੁਰਾਣੀ ਜਾਂਗਲੀ ਸੋਚ ਨੂੰ ਪੂਰੀ ਤਰ੍ਹਾਂ ਸਾਫ਼ ਕਰਨਾ ਹੋਵੇਗਾ।

ਸਮੇਂ ਦੇ ਬਦਲ ਰਹੇ ਹਾਲਾਤਾਂ ਅਤੇ ਨਵੀਂ ਪੀੜ੍ਹੀ ਦੇ ਮੁੰਡਿਆਂ 'ਚ ਆਏ ਵਿਗਾੜ ਨੇ ਭਾਵੇਂ ''ਧੀਆਂ, ਪੁੱਤਾਂ ਨਾਲ ਕਿਤੇ ਵੱਧ ਚੰਗੀਆਂ ਹਨ'', ਦੀ ਆਵਾਜ਼ ਹਰ ਪਰਿਵਾਰ 'ਚ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ, ਪ੍ਰੰਤੂ ਇਸਦੇ ਬਾਵਜੂਦ ਧੀਆਂ ਨੂੰ ਕੁੱਖਾਂ ਦਾ ਮਾਰਨ ਦਾ ਪਾਪ ਦਿਨੋ ਦਿਨ ਵੱਧ ਰਿਹਾ ਹੈ। ਅੱਜ ਸਿੱਖਿਆ, ਨਵੀਂ ਤਕਨੀਕ ਅਤੇ ਪਦਾਰਥਵਾਦ ਦੀ ਦੌੜ ਨੇ ਸਾਨੂੰ ਆਧੁਨਿਕਤਾ ਦੇ ਵਿਖਾਵੇ ਵੱਲ ਤੋਰ ਤਾਂ ਦਿੱਤਾ ਹੈ, ਜਿਸਨੇ ਉਲਟਾ ਔਰਤ ਦੀ ਮਹਾਨਤਾ ਨੂੰ ਖੋਰਾ ਲਾਇਆ ਹੈ। ਉਹ ਸਜਾਵਟੀ ਵਸਤੂ ਬਣਨ ਦੇ ਰਾਹ ਪੈ ਗਈ ਹੈ।
 

Editorial
Jaspal Singh Heran

International