ਰਾਹੁਲ ਗਾਂਧੀ ਭੁੱਲੇ ਪੰਜਾਬ ਵਿਚ ਹੈ ਕਾਂਗਰਸ ਦੀ ਸਰਕਾਰ

ਨਸ਼ਿਆਂ ਦੇ ਮੁੱਦੇ ਤੇ ਮੋਦੀ ਸਰਕਾਰ ਨੂੰ ਲਾਏ ਰਗੜੇ ਪਰ ਕੈਪਟਨ ਸਰਕਾਰ ਨੂੰ ਵੀ ਕਰ ਗਏ ਕਟਹਿਰੇ 'ਚ ਖੜ੍ਹਾ

ਕਿਲੀ ਚਹਿਲਾਂ, 7 ਮਾਰਚ (ਇਕਬਾਲ ਸਿੰਘ) ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨ ਆਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਹ ਭੁੱਲ ਹੀ ਗਏ ਕਿ ਪੰਜਾਬ ਵਿਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੈ। ਉਨ੍ਹਾਂ ਨੇ ਪੰਜਾਬ ਵਿਚ ਨਸ਼ਿਆਂ ਦੀ ਸੁਨਾਮੀ ਤੇ ਖੁੱਲ੍ਹ ਕੇ ਭੜਾਸ ਕੱਢੀ ਅਤੇ ਮੰਨਿਆ ਪੰਜਾਬ ਵਿਚ ਅੱਜ ਵੀ ਨਸ਼ਿਆਂ ਦਾ ਛੇਵਾ ਦਰਿਆ ਵੱਗ ਰਿਹਾ ਹੈ। ਉਨ੍ਹਾਂ ਵੱਡੇ ਮਗਰਮੱਛਾਂ ਨੂੰ ਨੱਥ ਨਾ ਪਾ ਸਕਣ ਲਈ ਮੋਦੀ ਸਰਕਾਰ ਨੂੰ ਦੋਸ਼ ਦਿੱਤਾ। ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਚ ਨਸ਼ਿਆਂ ਦੇ ਖ਼ਾਤਮੇ ਦੇ ਆਪਣੇ ਭਾਸ਼ਣ ਵਿਚ ਕੀਤੇ ਦਾਅਵਿਆਂ ਤੇ ਰਾਹੁਲ ਗਾਂਧੀ ਨੇ ਪੂਰੀ ਤਰ੍ਹਾਂ ਪਾਣੀ ਫ਼ੇਰ ਦਿੱਤਾ। ਭਾਵੇਂ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਨਿਸ਼ਾਨੇ ਲਾਉਣ ਲਈ ਸਾਰੇ ਮੁੱਦਿਆਂ ਨੂੰ ਚੁੱਕਿਆ ਪ੍ਰੰਤੂ ਨਸ਼ਿਆਂ ਦੇ ਮਾਮਲੇ ਵਿਚ ਉਹ ਕੈਪਟਨ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਕਟਿਹਿਰੇ ਵਿਚ ਖੜ੍ਹਾ ਕਰ ਗਏ।

ਮੋਗਾ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਆ ਕੇ ਆਪਣੀ ਹੀ ਸਰਕਾਰ ਖ਼ਿਲਾਫ਼ ਬਿਆਨ ਦੇ ਦਿੱਤਾ। ਰਾਹੁਲ ਗਾਂਧੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ 'ਤੇ ਲੈਂਦਿਆਂ ਨਸ਼ਿਆਂ ਦੇ ਮਾਮਲੇ 'ਤੇ ਵੱਡੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ, ਜਿਸ ਦਾ ਸਿੱਧਾ ਸੰਕੇਤ ਇਹ ਜਾਂਦਾ ਹੈ ਕਿ ਪੰਜਾਬ ਸਰਕਾਰ ਨੇ ਨਸ਼ੇ ਦੇ ਮਗਰਮੱਛਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਜੋ ਗੱਲ ਪੰਜਾਬ ਦੀ ਜਨਤਾ ਕਰਦੀ ਹੈ ਉਹੋ ਮਸਲਾ ਰਾਹੁਲ ਗਾਂਧੀ ਨੇ ਅੱਜ ਸਟੇਜ ਤੋਂ ਸੰਬੋਧਨ ਕਰਦਿਆਂ ਛੇੜ ਲਿਆ। ਉਨ੍ਹਾਂ ਨਸ਼ਿਆਂ ਦੀ ਗੱਲ ਛੇੜ ਲਈ ਪਰ ਉਹ ਨਾ ਚਾਹੁੰਦੇ ਉਹ ਕੈਪਟਨ ਸਰਕਾਰ 'ਤੇ ਵਾਰ ਕਰ ਗਏ। ਰਾਹੁਲ ਗਾਂਧੀ, ਮੋਦੀ ਸਰਕਾਰ 'ਤੇ ਤੰਜ਼ ਕੱਸਦੇ ਕੱਸਦੇ ਆਪਣੀ ਹੀ ਸਰਕਾਰ ਦੀ ਕਿਰਕਿਰੀ ਕਰ ਗਏ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਨਸ਼ਿਆਂ ਦੇ ਕਾਰੋਬਾਰ 'ਚ ਸ਼ਾਮਲ ਪੰਜਾਬ ਦੀਆਂ ਵੱਡੀਆਂ ਮੱਛੀਆਂ ਤੇ ਮਗਰਮੱਛਾਂ ਉੱਪਰ ਕਾਰਵਾਈ ਕਿਓਂ ਨਹੀਂ ਕਰਵਾਉਂਦੀ। ਰਾਹੁਲ ਗਾਂਧੀ ਨੇ ਕਿਹਾ ਕਿ ਜਦ ਉਨ੍ਹਾਂ ਨਸ਼ੇ ਦਾ ਮਸਲਾ ਚੁੱਕਿਆ ਸੀ ਤਾਂ ਅਕਾਲੀਆਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ।

ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਨੇ ਨਸ਼ੇ ਦਾ ਲੱਕ ਤੋੜਿਆ ਹੈ ਪਰ ਮੋਦੀ ਸਰਕਾਰ ਨੂੰ ਉਹ ਅਪੀਲ ਕਰਦੇ ਹਨ ਕਿ ਈਡੀ ਨੂੰ ਕਹਿ ਕੇ ਪੰਜਾਬ ਦੇ ਇਨ੍ਹਾਂ ਵੱਡੇ ਮਗਰਮੱਛਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਸਵਾਲ ਉਦੋਂ ਕੀਤਾ ਜਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਭਾਸ਼ਣ ਦੌਰਾਨ ਪੰਜਾਬ ਵਿੱਚ ਨਸ਼ਿਆਂ ਦੀ ਰੋਕਥਾਮ ਬਾਰੇ ਵੱਡੇ ਦਾਅਵੇ ਕਰ ਚੁੱਕੇ ਸਨ। ਅਜਿਹੇ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਸਵਾਲ ਉੱਠਦੇ ਹਨ ਕਿ ਜੇਕਰ ਉਨ੍ਹਾਂ ਨਸ਼ਿਆਂ ਦੇ ਮਾਮਲੇ 'ਤੇ ਯੋਗ ਕਾਰਵਾਈ ਕੀਤੀ ਹੈ ਤਾਂ ਉਨ੍ਹਾਂ ਦੇ ਪਾਰਟੀ ਪ੍ਰਧਾਨ ਨੂੰ ਮੋਗਾ ਆ ਕੇ ਕਹਿਣ ਦੀ ਕੀ ਲੋੜ ਸੀ। ਰਾਹੁਲ ਗਾਂਧੀ ਦੀ ਮੋਦੀ ਨੂੰ ਅਪੀਲ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਜਿੰਨਾ ਜ਼ੋਰ ਅਕਾਲੀ ਦਲ ਖ਼ਿਲਾਫ਼ ਨਸ਼ਿਆਂ ਦਾ ਪ੍ਰਚਾਰ ਕਰਨ 'ਤੇ ਲਾਇਆ ਸੀ, ਓਨਾ ਜ਼ੋਰ ਕਾਰਵਾਈ 'ਤੇ ਨਹੀਂ ਲਾਇਆ।

''ਮੌਨ'' ਰਹੇ  'ਸਿੱਧੂ ਸਾਬ੍ਹ'

ਅਨਿਲ ਵਰਮਾ
ਕੈਪਟਨ ਸਰਕਾਰ ਵਿੱਚ ਸਭ ਕੁੱਝ ਠੀਕ ਠਾਕ ਨਹੀਂ? ਕੈਪਟਨ ਬ੍ਰਿਗੇਡ ਦੇ ਮੰਤਰੀਆਂ, ਵਿਧਾਇਕਾਂ ਵੱਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਜਦੀਕੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਹਮੇਸ਼ਾ ਹੀ ਬਗਾਵਤੀ ਸੁਰਾਂ ਅਲਾਪੀਆਂ ਜਾਂਦੀਆਂ ਹਨ? ਉਹੀ ਬਗਾਵਤੀ ਸੁਰਾਂ ਦਾ ਅਸਰ ਅੱਜ ਲੋਕ ਸਭਾ ਚੋਣਾਂ ਦੇ ਆਗਾਜ਼ ਲਈ ਪੰਜਾਬ ਕਾਂਗਰਸ ਵੱਲੋਂ ਮੋਗਾ ਵਿਖੇ ਕਰਵਾਈ ਗਈ ''ਵੱਧਦਾ ਪੰਜਾਬ ਬਦਲਦਾ ਪੰਜਾਬ ਮਿਸ਼ਨ-13'' ਦੇ ਬੈਨਰ ਹੇਠ ਕਰਵਾਈ ਰੈਲੀ ਮੌਕੇ ਦੇਖਣ ਨੂੰ ਮਿਲਿਆ। ਕਿਉਂਕਿ ਰੈਲੀ ਵਿੱਚ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਜਿਸ ਦੀ ਬਦੌਲਤ ਕਾਂਗਰਸ ਨੇ ਪਿਛਲੇ ਸਮੇਂ ਰਾਜਸਥਾਨ ਸਮੇਤ ਕਈ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਰਿਕਾਰਡ ਜਿੱਤ ਦਰਜ ਕੀਤੀ ਨੂੰ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਹੀ ਬੋਲਣ ਦਾ ਮੋਕਾ ਨਾ ਦਿੱਤਾ ਜਿਸ ਕਰਕੇ ਕਾਂਗਰਸ ਦੇ ਸਟਾਰ ਪ੍ਰਚਾਰਕ ਸਿੱਧੂ ਸਾਹਿਬ ਨੂੰ ਸਟੇਜ ਤੇ ਮੌਨ ਧਾਰਨਾ ਪਿਆ?

ਜਿਕਰਯੋਗ ਹੈ ਕਿ+ ਸਿੱਧੂ ਕਾਂਗਰਸ ਦੀ ਵਿਰੋਧੀ ਧਿਰ ਅਤੇ ਪਿਛਲੇ 10 ਸਾਲ ਪੰਜਾਬ ਦੀ ਸਤਾ ਤੇ ਕਾਬਜ ਬਾਦਲ ਪਰਿਵਾਰ ਨੂੰ ਪਾਣੀ ਪੀ-ਪੀ ਕੋਸਦੇ ਹਨ ਅਤੇ ਤਿੱਖੇ ਹਮਲੇ ਵੀ ਕਰਦੇ ਹਨ ਜਿਸ ਦਾ ਰੈਲੀ ਵਿੱਚ ਮੌਜੂਦ ਲੋਕ ਤਾੜੀਆਂ ਦੀ ਗੂੰਜ ਨਾਲ ਸਵਾਗਤ ਵੀ ਕਰਦੇ ਹਨ ਪਰ ਇਸ ਮੋਗਾ ਰੈਲੀ ਵਿੱਚ ਪੰਜਾਬੀਆਂ ਨੂੰ ਸਿੱਧੂ ਦੇ ਚੌਕੇ ਛੱਕੇ ਵਾਲੇ ਬਿਆਨਾਂ ਤੋਂ ਵਾਂਝਾ ਰਹਿਣਾ ਪਿਆ। ਜਦੋਂ ਕਿ ਰੈਲੀ ਨੂੰ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਬੋਲਣ ਤੋਂ ਪਹਿਲਾਂ ਕਈ ਆਗੂਆਂ ਨੇ ਸੰਬੋਧਨ ਕੀਤਾ। ਸਿੱਧੂ ਨੂੰ ਬੋਲਣ ਦਾ ਸਮਾਂ ਨਾ ਦੇਣ ਦਾ ਗੁੱਸਾ ਸਿੱਧੂ ਸਾਹਿਬ ਦੇ ਚਿਹਰੇ ਤੇ ਵੀ ਸਾਫ ਦਿਖਾਈ ਦਿੱਤਾ ਅਤੇ ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਸਿੱਧੂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਕੋਈ ਜਵਾਬ ਦੇਣ ਤੋਂ ਟਾਲਾ ਹੀ ਵੱਟ ਲਿਆ। ਹੁਣ ਦੇਖਣਾ ਹੋਵੇਗਾ ਕਿ ਮਿਸ਼ਨ 13 ਦਾ ਨਾਹਰਾ ਲੈਕੇ ਚੱਲੀ ਕਾਂਗਰਸ ਵਿੱਚ ਸਭ ਕੁੱਝ ਠੀਕ ਠਾਕ ਨਾ ਹੋਣ ਦਾ ਕੀ ਅਸਰ ਪੈਂਦਾ ਹੈ? ਕਿਉਂਕਿ ਰੈਲੀ ਵਿੱਚ ਸਟੇਜ ਤੇ ਕੈਪਟਨ ਦੀ ਬ੍ਰਿਗੇਡ ਕਾਮਯਾਬ ਰਹੀ ਅਤੇ ਸਟੇਜ ਸੈਕਟਰੀ ਵੱਲੋਂ ਸਾਰੇ ਮੰਤਰੀਆਂ ਦਾ ਭਾਵੇਂ ਕਈ ਵਾਰ ਨਾਮ ਲਿਆ ਪਰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਨਾਮ ਲੈਣ ਤੋਂ ਵੀ ਗੁਰੇਜ ਕੀਤਾ ਗਿਆ? 

ਰੈਲੀ 'ਚ ਪੁਲਿਸ ਦਾ ਕੰਬਲ ਐਕਸ਼ਨ

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਰੈਲੀ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲਾਂ ਵਿੱਚ ਸ਼ੁਰੂ ਹੋ ਗਈ ਹੈ। ਲੋਕ ਸਭਾ ਚੋਣਾਂ ਦੇ ਰਸਮੀ ਆਗ਼ਾਜ਼ ਵਜੋਂ ਸਮਝੀ ਜਾਣ ਵਾਲੀ ਇਸ ਰੈਲੀ ਲਈ ਪਾਰਟੀ ਨੇ ਖਾਸੇ ਪ੍ਰਬੰਧ ਕੀਤੇ ਹਨ, ਜਿਨ੍ਹਾਂ ਵਿੱਚ 12 ਸੈਕਟਰਾਂ 'ਚ ਵੰਡੇ ਪੰਡਾਲ, ਸਖ਼ਤ ਸੁਰੱਖਿਆ ਪ੍ਰਬੰਧ ਤੇ ਕਾਂਗਰਸ ਸਰਕਾਰ ਵਿਰੋਧੀ ਬੋਲਣ ਵਾਲੇ ਦੀ ਜ਼ੁਬਾਨ ਬੰਦ ਕਰਨ ਲਈ ਵਿਸ਼ੇਸ਼ ਤੌਰ 'ਤੇ ਕੰਬਲ ਮੁਹੱਈਆ ਕਰਵਾਏ ਗਏ ਹਨ। ਰੈਲੀ ਵਿੱਚ ਖੁਫ਼ੀਆ ਸਣੇ ਤਕਰੀਬਨ 6,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਤਕਰੀਬਨ ਇੱਕ ਹਜ਼ਾਰ ਮੁਲਾਜ਼ਮਾਂ ਨੂੰ ਰੈਲੀ ਪ੍ਰਬੰਧਾਂ ਲਈ ਪਾਸ ਜਾਰੀ ਕੀਤੇ ਗਏ ਹਨ। ਪੰਡਾਲ 'ਚ ਤਾਇਨਾਤ ਸਾਦਾ ਵਰਦੀ ਪੁਲਿਸ ਮੁਲਾਜ਼ਮਾਂ ਦੇ ਹੱਥਾਂ 'ਚ ਕੰਬਲਾਂ ਤੋਂ ਇਲਾਵਾ ਕਾਂਗਰਸ ਦੇ ਝੰਡੇ ਤੇ ਬੈਨਰ ਫੜਾਏ ਗਏ ਹਨ, ਜਿਸ ਦਾ ਮੰਤਵ ਪੰਡਾਲ 'ਚ ਸਰਕਾਰ ਜਾਂ ਪਾਰਟੀ ਵਿਰੋਧੀ ਨਾਅਰੇਬਾਜ਼ੀ ਕਰਨ ਵਾਲੇ ਉਤੇ ਕੰਬਲ ਸੁੱਟ ਕੇ ਆਵਾਜ਼ ਦਬਾਉਣ ਦਾ ਹੋਵੇਗਾ।

ਪੰਜਾਬ ਕਾਂਗਰਸ ਵੱਲੋਂ ਰੈਲੀ ਪ੍ਰਬੰਧਾਂ ਬਾਰੇ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ 'ਚ ਇਸ ਰੈਲੀ ਨੂੰ ਮਜ਼ਦੂਰ-ਬੇਜ਼ਮੀਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਵਾਲਾ ਸਮਾਗਮ ਦੱਸਿਆ ਗਿਆ ਹੈ। ਜਦਕਿ ਇਸ ਤੋਂ ਪਹਿਲਾਂ ਰੈਲੀ ਦਾ ਨਾਂ 'ਜੈ ਕਿਸਾਨ ਜੈ ਹਿੰਦੁਸਤਾਨ' ਤੇ ਪੰਡਾਲ ਦਾ ਨਾਂ ਪੁਲਵਾਮਾ ਹਮਲੇ 'ਚ ਸ਼ਹੀਦ ਇੱਥੋਂ ਦੇ ਸੀਆਰਪੀਐਫ ਜਵਾਨ ਜੈਮਲ ਸਿੰਘ ਦੇ ਨਾਂ ਉੱਤੇ ਰੱਖਣ ਦਾ ਐਲਾਨ ਹੋਇਆ ਸੀ। ਹੁਣ ਰੈਲੀ ਲਈ ਬਣਾਏ ਗਏ ਮੰਚ ਉੱਤੇ 'ਵਧਦਾ ਪੰਜਾਬ, ਬਦਲਦਾ ਪੰਜਾਬ' ਦਾ ਬੈਨਰ ਲਾਇਆ ਗਿਆ ਹੈ, ਯਾਨੀ ਕਿ ਇਹ ਪੰਜਾਬ ਸਰਕਾਰ ਦੇ ਕਰਜ਼ ਮੁਕਤੀ ਸਮਾਗਮ ਵਾਲੀ ਰੈਲੀ ਬਣ ਗਈ। ਇਸ ਤਰ੍ਹਾਂ ਕਾਂਗਰਸ ਨੇ ਇੱਕ ਪੰਥ ਨਾਲ ਦੋ ਕਾਜ ਕੀਤੇ ਜਾਪਦੇ ਹਨ। ਦੂਜੇ ਸ਼ਬਦਾਂ ਵਿੱਚ ਇਸ ਨੂੰ ਸਰਕਾਰੀ ਖਰਚੇ 'ਤੇ ਸਿਆਸੀ ਰੈਲੀ ਕਿਹਾ ਜਾ ਸਕਦਾ ਹੈ। ਰੈਲੀ ਲਈ 125 ਏਕੜ ਰਕਬੇ 'ਚ ਖੜ੍ਹੀ ਵੱਖ-ਵੱਖ ਕਿਸਮ ਦੀ ਫਸਲ ਨੂੰ ਨਸ਼ਟ ਕੀਤਾ ਗਿਆ ਤੇ ਮੈਦਾਨ ਸਾਫ ਕੀਤੇ ਗਏ। ਕਿਸਾਨਾਂ ਨੂੰ ਇਸ ਬਾਬਤ 40,000 ਰੁਪਏ ਫ਼ੀ ਏਕੜ ਮੁਆਵਜ਼ਾ ਵੀ ਦਿੱਤਾ ਜਾਵੇਗਾ। ਬੀਤੇ ਦਿਨੀਂ 'ਏਬੀਪੀ ਸਾਂਝਾ' 'ਤੇ ਹੀ ਮੋਗਾ ਦੇ ਡੀਸੀ ਸੰਦੀਪ ਹੰਸ ਨੇ ਕਿਹਾ ਸੀ ਕਿ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਦੇਵੇਗੀ। ਪਰ ਉਦੋਂ ਇਹੋ ਕਿਹਾ ਜਾ ਰਿਹਾ ਸੀ ਕਿ ਰਾਹੁਲ ਗਾਂਧੀ ਭਾਵ ਕਾਂਗਰਸ ਦੀ ਸਿਆਸੀ ਰੈਲੀ ਹੋਣ ਜਾ ਰਹੀ ਹੈ।

ਖਰਚਾ ਬਚਾਉਣ ਲਈ ਕੈਪਟਨ ਸਰਕਾਰ ਨੇ ਤੱਤੇ ਘਾਹ ਇਸ ਸਿਆਸੀ ਰੈਲੀ ਨੂੰ ਮਜ਼ਦੂਰ ਤੇ ਬੇਜ਼ਮੀਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਵਾਲੇ ਸਮਾਗਮ ਵਿੱਚ ਤਬਦੀਲ ਕਰਨ ਦਾ ਫੈਸਲਾ ਤਾਂ ਲੈ ਲਿਆ, ਪਰ ਇਸ ਦੇ ਪ੍ਰਬੰਧ ਬੇਹੱਦ ਮਾੜੇ ਹੋਏ। ਇਸ ਦੀ ਪੁਸ਼ਟੀ ਧਰਮਕੋਟ ਤੋਂ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਕੀਤੀ। ਉਨ੍ਹਾਂ ਇਸ ਕਰਜ਼ਮੁਆਫੀ ਦੀ ਮਨਸ਼ਾ 'ਤੇ ਸਵਾਲ ਖੜ੍ਹਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਵੀ ਸੂਚੀ ਨਹੀਂ ਆਈ ਕਿ ਕਿੰਨੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ। ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਸਮਾਗਮ ਵਿੱਚ ਪੰਜ ਹਜ਼ਾਰ ਕਿਸਾਨਾਂ ਦਾ ਕਰਜ਼ ਮੁਆਫ ਹੋਵੇਗਾ ਪਰ ਦੂਜੇ ਪਾਸੇ ਪਿੰਡਾਂ ਦੇ ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੋਈ ਸੱਦਾ-ਸੂਚਨਾ ਨਹੀਂ ਮਿਲੀ ਤੇ ਨਾ ਹੀ ਉਨ੍ਹਾਂ ਦਾ ਕਰਜ਼ਾ ਮੁਆਫ ਹੋਇਆ।

Unusual
Punjab Congress
Rahul Gandhi
Drugs

International