ਗਿਆਨੀ ਇਕਬਾਲ ਸਿੰਘ ਨੇ ਖੋਲ੍ਹਿਆਂ ਬਾਦਲਾਂ ਖਿਲਾਫ਼ ਮੁਹਾਜ

ਬਾਦਲਾਂ ਤੋਂ ਜਾਨ ਨੂੰ ਖ਼ਤਰਾ ਦਸਦਿਆਂ ਬਿਹਾਰ ਤੇ ਪੰਜਾਬ ਸਰਕਾਰ ਪਾਸੋਂ ਮੰਗੀ ਸੁਰੱਖਿਆ

ਸੁਖਬੀਰ, ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਨੂੰ ਕੀਤਾ ਜਾਵੇ ਤਲਬ : ਗਿਆਨੀ ਇਕਬਾਲ ਸਿੰਘ

ਅੰਮ੍ਰਿਤਸਰ 7 ਮਾਰਚ (ਨਰਿੰਦਰ ਪਾਲ ਸਿੰਘ) ਤਖਤ ਸ੍ਰੀ ਪਟਨਾ ਸਾਹਿਬ ਦੀ ਜਥੇਦਾਰੀ ਤੋਂ ਲਾਂਭੇ ਕੀਤੇ ਜਾਣ ਨੂੰ ਬਾਦਲਕਿਆਂ ਵਲੋਂ ਰਚੀ ਸਾਜਿਸ਼ ਕਰਾਰ ਦਿੰਦਿਆਂ ਗਿਆਨੀ ਇਕਬਾਲ ਸਿੰਘ ਨੇ ਸੁਖਬੀਰ ਸਿੰਘ ਬਾਦਲ,ਅਵਤਾਰ ਸਿੰਘ ਹਿੱਤ ਤੇ ਕਮਿੱਕਰ ਸਿੰਘ ਪਾਸੋਂ ਜਾਨ ਨੂੰ ਖਤਰੇ ਦੇ ਸੰਗੀਨ ਦੋਸ਼ ਲਾਏ ਹਨ ਤੇ ਗਿਆਨੀ ਹਰਪ੍ਰੀਤ ਸਿੰਘ ਪਾਸੋਂ ਮੰਗ ਕੀਤੀ ਹੈ ਕਿ ਡੇਰਾ ਸਿਰਸਾ ਮੁਖੀ ਮੁਆਫੀ ਮਾਮਲੇ ਦਾ ਸੱਚ ਸਾਹਮਣੇ ਲਿਆਉਣ ਲਈ ਸੁਖਬੀਰ ਸਿੰਘ ਬਾਦਲ,ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਏ।ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਮਾਮਲੇ ਦੀ ਸੁਣਵਾਈ ਵਿਸ਼ਵ ਭਰ ਦੇ ਮੀਡੀਆ ਦੀ ਮੌਜੂਦਗੀ ਵਿੱਚ ਹੋਵੇ ਤਾਂ ਜੋ ਮੁਆਫੀ ਦਾ ਸੱਚ ਸਾਹਮਣੇ ਆ ਸਕੇ।ਗਿਆਨੀ ਇਕਬਾਲ ਸਿੰਘ ਨੇ ਮੁਖ ਮੰਤਰੀ ਪੰਜਾਬ ਅਤੇ ਬਿਹਾਰ ਨੂੰ ਲਿਖੇ ਵੱਖ ਵੱਖ ਪੱਤਰਾਂ ਰਾਹੀਂ ਵਿਸ਼ੇਸ਼ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਅੱਜ ਮੀਡੀਆ ਦੇ ਨਾਮ ਜਾਰੀ ਪਰੈਸ ਰਲੀਜ ਵਿੱਚ ਗਿਆਨੀ ਇਕਬਾਲ ਸਿੰਘ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਅੱਹੁਦੇ ਤੋਂ ਹਟਾਉਣ ਲਈ ਉਨ੍ਹਾਂ ਲੋਕਾਂ ਨੇ ਆਪਣੀ ਤਾਕਤ ਤੇ ਰਸੂਖ ਦੀ ਦੁਰਵਰਤੋਂ ਕੀਤੀ ਹੈ ਜੋ ਇਹ ਚਾਹੁੰਦੇ ਹਨ ਕਿ ਸਤੰਬਰ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਬਾਦਲਾਂ ਵਲੋਂ ਜਥੇਦਾਰਾਂ ਪਾਸੋਂ ਦਿਵਾਈ ਬਿਨਮੰਗੀ ਮੁਆਫੀ ਦੀ ਅਸਲੀਅਤ ਬਾਰੇ ਕੋਈ ਵੀ ਜੁਬਾਨ ਨਾ ਖੋਹਲੇ ।

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਹਵਾਲੇ ਨਾਲ ਕੁਝ ਅਖਬਾਰਾਂ ਵਿੱਚ ਛਪੀਆਂ ਉਨ੍ਹਾਂ ਖਬਰਾਂ ਦਾ ਜਿਕਰ ਕਰਦਿਆਂ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਡੇਰਾ ਮੁਖੀ ਮੁਆਫੀ ਦਾ ਸੱਚ ਬੋਲਣ ਕਰਕੇ ਉਨ੍ਹਾਂ ਨੂੰ ਜਥੇਦਾਰਾਂ ਦੀ 9 ਮਾਰਚ ਦੀ ਇਕਤਰਤਾ ਵਿੱਚ ਡੰਡ ਦੇਣ ਦੀ ਵਿਉਂਤਬੰਦੀ ਕਰ ਲਈ ਗਈ ਹੈ ।ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ 9 ਮਾਰਚ ਦੀ ਇਕਤਰਤਾ ਮੌਕੇ ਜਰੂਰ ਆਉਣਗੇ ।ਗਿਆਨੀ ਇਕਬਾਲ ਸਿੰਘ ਨੇ ਕਿਹਾ ਹੈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਵਾਕਿਆ ਹੀ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਨ ਸਨਮਾਨ ਕਾਇਮ ਰੱਖਣ ਲਈ  ਜਥੇਦਾਰ ਅਕਾਲੀ ਫੂਲਾ ਸਿੰਘ ਵਾਂਗ ਫੈਸਲੇ ਲੈਕੇ ਅਹੁਦੇ ਦਾ ਮਾਨ ਸਨਮਾਨ ਵੀ ਕਾਇਮ ਰੱਖਣਾ ਚਾਹੁੰਦੇ ਹਨ ਤਾਂ 9 ਮਾਰਚ ਦੀ ਬੁਲਾਈ ਜਥੇਦਾਰਾਂ ਦੀ ਇਕਤਰਤਾ ਮੌਕੇ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਨੂੰ ਵੀ ਤਲਬ ਕਰ ਲੈਣ ।ਉਨ੍ਹਾਂ ਮੰਗ ਕੀਤੀ ਹੈ ਕਿ ਮੁਆਫੀ ਮਾਮਲੇ ਦੀ ਸੁਣਵਾਈ  ਸੰਸਾਰ ਭਰ ਦੇ ਮੀਡੀਆ ਦੀ ਮੌਜੂਦਗੀ ਵਿੱਚ ਕੀਤੀ ਜਾਏ ਤਾਂ ਜੋ ਮੁਆਫੀ ਦਾ ਸੱਚ ਸਾਹਮਣੇ ਆ ਜਾਏ ।ਮੁਖ ਮੰਤਰੀ ਬਿਹਾਰ ਅਤੇ ਮੁਖ ਮੰਤਰੀ ਪੰਜਾਬ ਦੇ ਨਾਮ ਲਿਖੀਆਂ ਚਿੱਠੀਆਂ ਵਿੱਚ ਵੀ ਡੇਰਾ ਸਿਰਸਾ ਮੁਖੀ ਮੁਆਫੀ ਦਾ ਹਵਾਲਾ ਦਿੰਦਿਆਂ ਗਿਆਨੀ ਇਕਬਾਲ ਸਿੰਘ ਨੇ ਬਾਦਲ ਦਲ ਪਰਧਾਨ ਸੁਖਬੀਰ ਸਿੰਘ ਬਾਦਲ,ਤਖਤ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਸ੍ਰ:ਕਮਿੱਕਰ ਸਿੰਘ ਪਾਸੋਂ ਜਾਨ ਨੂੰ ਖਤਰੇ ਦੇ ਦੋਸ਼ ਲਾਏ ਹਨ ।ਗਿਆਨੀ ਇਕਬਾਲ ਸਿੰਘ  ਨੇ ਦੋਨਾਂ ਸਰਕਾਰਾਂ ਪਾਸੋਂ ਵਿਸ਼ੇਸ਼ ਸੁਰੱਖਿਆ ਦੀ ਮੰਗ ਕੀਤੀ ਹੈ ।

ਜਿਕਰਯੋਗ ਹੈ ਕਿ ਗਿਆਨੀ ਇਕਬਾਲ ਸਿੰਘ ਹੁਰਾਂ ਨੇ ਮੀਡੀਆ ਦੇ ਨਾਮ ਜਾਰੀ ਪ੍ਰੈਸ ਰਲੀਜ ਦੀ ਕਾਪੀ ਦਾ ਉਤਾਰਾ ਗਿਆਨੀ ਹਰਪ੍ਰੀਤ ਸਿੰਘ ਨੂੰ ਭੇਜਿਆ ਹੈ।ਪ੍ਰੈਸ ਰਲੀਜ ਵਿੱਚ ਉਨ੍ਹਾਂ ਵਿਸ਼ੇਸ਼ ਨੋਟ ਤਹਿਤ ਲਿਖਿਆ ਹੈ ਕਿ “ਜਦੋਂ ਮੈਂ ਸ੍ਰ:ਅਵਤਾਰ ਸਿੰਘ ਹਿਤ ਪ੍ਰਧਾਨ,ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਅਸਤੀਫਾ ਭੇਜਿਆ ਹੀ ਨਹੀ ਤਾਂ ਇਸਤੇ ਕਾਰਵਾਈ ਕਿਸ ਆਧਾਰ 'ਤੇ ਕੀਤੀ ਗਈ।ਜਨਰਲ ਸਕੱਤਰ ਸਾਹਿਬ ਦੇ ਨਾਮ ਅਸਤੀਫਾ ਦਿੱਤਾ ਸੀ ਜੋ ਉਨ੍ਹਾਂ ਮੈਨੂੰ ਵਾਪਿਸ ਕਰ ਦਿੱਤਾ ਸੀ”।

Unusual
Patna Sahib
Jathedar
Shiromani Akali Dal
Security

International