ਕੌਮ ਦੇ ਗ਼ਦਾਰਾਂ ਨੂੰ ਗ਼ਦਾਰ ਕਦੋਂ ਮੰਨਾਂਗੇ...?

ਅੱਜ ਜਦੋਂ ਲੋਕ ਸਭਾ ਚੋਣਾਂ ਸਿਰ ਤੇ ਹਨ ਅਤੇ ਦੂਜੇ ਪਾਸੇ ਬਾਦਲਾਂ ਦੀ ਪੰਥ ਨਾਲ ਗ਼ਦਾਰੀ ਦੀਆਂ ਇੱਕ ਨਹੀਂ ਅਨੇਕਾਂ ਸਾਜਿਸ਼ਾਂ ਨੰਗੀਆਂ ਹੋ ਗਈਆਂ ਹਨ। ਉਸ ਸਮੇਂ ਵੀ ਪੰਥਕ ਵਿਹੜੇ ਦੀ ਸਿਆਸਤ ਦਾ ਖ਼ਾਲੀਪਣ ਅਤੇ ਬਾਦਲਾਂ ਦੇ ਪਿਛਲੱਗੂਆਂ ਦੇ ਅੱਜ ਵੀ ਹੁੰਦੇ ਵੱਡੇ ਇਕੱਠੇ, ਸਿੱਖ ਪੰਥ ਲਈ ਬੇਹੱਦ ਸ਼ਰਮਨਾਕ ਹਨ। ਅਸੀਂ ਪਹਿਲਾ ਵੀ ਕਈ ਵਾਰ ਲਿਖਿਆ ਹੈ ਕਿ ਸਾਡੀ ਬਾਦਲਾਂ ਨਾਲ ਕੋਈ ਨਿੱਜੀ ਕਿੜ ਜਾਂ ਦੁਸ਼ਮਣੀ ਨਹੀਂ, ਪ੍ਰੰਤੂ ਪੰਥ ਦੇ ਗ਼ਦਾਰ ਨੂੰ ਨੰਗਾ ਕਰਨ, ਪੰਥ 'ਚੋ ਅਲੱਗ-ਥਲੱਗ ਕਰਨਾ ਅਸੀਂ ਆਪਣਾ ਫ਼ਰਜ ਹੀ ਨਹੀਂ ਧਰਮ ਮੰਨਦੇ ਹਾਂ। ਬੀਤੇ ਦਿਨੀ ਉਪਰੋਥਾਲੀ ਤਿੰਨ ਘਟਨਾਵਾਂ ਵਾਪਰੀਆਂ ਹਨ। ਜਿੰਨ੍ਹਾਂ ਨੇ ਬਾਦਲਾਂ ਦੀ ਗ਼ਦਾਰੀ ਬਾਰੇ ਕੋਈ ਭਰਮ ਭੁਲੇਖਾ ਰਹਿਣ ਹੀ ਨਹੀਂ ਦਿੱਤਾ। ਬਾਦਲਾਂ ਦੇ ਖਾਸੋ ਖ਼ਾਸ ਤੇ ਉਸ ਵੇਲੇ ਦੇ ਕੋਟਕਪੂਰਾ ਦੇ ਐਮ.ਐਲ.ਏ ਮਨਤਾਰ ਸਿੰਘ ਬਰਾੜ ਜਿਹੜੇ ਸੰਸਦੀ ਸਕੱਤਰ ਵੀ ਸਨ ਦਾ ਕੋਟਕਪੂਰਾ ਗੋਲੀਕਾਂਡ 'ਚ ਮੋਹਰੀ  ਰੋਲ ਨਿਭਾਉਣਾ, ਸਬੂਤਾਂ ਸਮੇਤ ਸਿੱਧ ਹੋ ਗਿਆ ਹੈ। ਅੱਧੀ ਰਾਤ ਤੋਂ ਤੜਕੇ ਤੱਕ ਮਨਤਾਰ ਬਰਾੜ 157 ਵਾਰੀ ਆਪਣੇ ਫੋਨ ਤੋਂ ਵੱਡੇ ਛੋਟੇ ਬਾਦਲ, ਸੁਮੇਧ ਸੈਣੀ ਤੇ ਮੌਕੇ ਦੇ ਹੋਰ ਵੱਡੇ ਅਫ਼ਸਰਾਂ ਨਾਲ ਗੱਲਬਾਤ ਕਰਦਾ ਰਿਹਾ, ਜਿਸ ਤੋਂ ਸਾਫ਼ ਹੈ ਕਿ ਕੋਟਕਪੂਰੇ 'ਚ ਬੇਅਦਬੀ ਕਾਂਡ ਦੇ ਰੋਸ ਵਜੋਂ ਲੱਗੇ ਸ਼ਾਂਤਮਈ ਧਰਨੇ ਨੂੰ ਜਬਰੀ ਚੁਕਾਉਣ ਦਾ ਸੂਤਰਧਾਰ ਮਨਤਾਰ ਬਰਾੜ ਸੀ।

ਇਸੇ ਸੂਤਰਧਾਰ ਨੇ ਬਾਦਲਾਂ ਦੇ ਹੁਕਮ ਅੱਗੇ ਪਹੁੰਚਦੇ ਕੀਤੇ। ਸਿੱਟ ਦੀ ਜਾਂਚ ਇਸ ਸਿੱਟੇ ਤੇ ਪੁੱਜੀ ਹੈ ਅਤੇ ਅਦਾਲਤ ਨੇ ਵੀ ਮਨਤਾਰ ਬਰਾੜ ਦੀ ਜ਼ਮਾਨਤ ਅਰਜ਼ੀ ਰੱਦ ਕਰਕੇ, ਸਿੱਟ ਦੀਆਂ ਦਲੀਲਾਂ ਨਾਲ ਸਹਿਮਤੀ ਪ੍ਰਗਟਾ ਦਿੱਤੀ ਹੈ। ਜੇ ਕੈਪਟਨ ਸਰਕਾਰ ਦੀ ਨੀਤ ਸਾਫ਼ ਹੋਈ ਤਾਂ ਮਨਤਾਰ ਬਰਾੜ ਦੀ ਬੇਅਦਬੀ ਤੇ ਗੋਲੀਕਾਂਡ ਮਾਮਲੇ 'ਚ ਪਹਿਲੀ ਰਾਜਸੀ ਗ੍ਰਿਫ਼ਤਾਰੀ ਹੋਵੇਗੀ ਅਤੇ ਬਿਨ੍ਹਾਂ ਸ਼ੱਕ ਅਗਲਾ ਨੰਬਰ ਸੁਖਬੀਰ ਬਾਦਲ ਦਾ ਬਣਦਾ ਹੈ। ਦੂਜੇ ਪਾਸੇ ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ ਦੇ ਦੋਸ਼ੀ ਵਜੋਂ ਆਈ.ਜੀ. ਪਰਮਰਾਜ ਉਮਰਾਨੰਗਲ ਦੀ ਗ੍ਰਿਫ਼ਤਾਰੀ ਹੁੰਦੀ ਹੈ। ਉਮਰਾਨੰਗਲ ਨਾਲ ਪਟਿਆਲਾ ਜੇਲ੍ਹ 'ਚ ਸਭ ਤੋਂ ਵੱਧ ਗੁਪਤ ਮੁਲਾਕਾਤਾਂ, ਬਾਦਲ ਦਲ ਦੇ ਵੱਡੇ ਆਗੂਆਂ ਨੇ ਕੀਤੀਆਂ। ਜਿਸ ਤੋਂ ਸਾਫ਼ ਹੈ ਕਿ ਉਮਰਾਨੰਗਲ ਦਾ ਸੱਭ ਤੋਂ ਵੱਡਾ ਹੇਜ ਬਾਦਲਕਿਆਂ ਨੂੰ ਹੈ। ਉਮਰਾਨੰਗਲ ਨਾਲ ਇੰਨ੍ਹਾਂ ਮੁਲਾਕਾਤਾਂ ਦਾ ਅਰਥ ਕੀ ਹੈ? ਬਾਦਲਕਿਆਂ ਦਾ ਨਾਮ ਬੇਅਦਬੀ ਕਾਂਡ ਤੇ ਗੋਲੀਕਾਂਡ 'ਚ ਨਹੀਂ ਆਉਣਾ ਚਾਹੀਦਾ। ਤੀਜਾ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਹੋ ਚੁੱਕੇ ਜੱਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਚਸ਼ਮਦੀਦ ਗਵਾਹ ਵਜੋਂ ਸੱਚ ਉਗਲਣ ਨਾਲ ਵੀ ਇਹ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ ਕਿ ਸੌਦਾ ਸਾਧ ਨੂੰ ਮਾਫ਼ੀ ਤੇ ਝੂਠੀ ਚਿੱਠੀ ਪੂਰੀ ਤਰ੍ਹਾਂ ਬਾਦਲਕਿਆਂ ਦੀ ਸਾਜਿਸ਼ ਸੀ। ਗਿਆਨੀ ਇਕਬਾਲ ਸਿੰਘ ਨੇ ਇਸ ਮੁੱਦੇ ਤੇ ਬਾਦਲਕਿਆਂ ਤੇ ਉਸ ਵੇਲੇ ਦੇ ਤਖ਼ਤਾਂ ਦੇ ਜੱਥੇਦਾਰਾਂ ਨੂੰ ਤਲਬ ਕਰਨ ਦੀ ਮੰਗ ਕਰਕੇ, ਸਾਰਾ ਸੱਚ ਉਜਾਗਰ ਕਰ ਦਿੱਤਾ ਹੈ। ਇਹ ਵੀ ਯਾਦ ਕਰਨਾ ਪਵੇਗਾ ਕਿ ਸੌਦਾ ਸਾਧ ਨੇ ਗੁਰੂ ਸਾਹਿਬ ਦੀ  ਬੇਅਦਬੀ ਦਾ ਪਾਪਾਂ ਭਰਿਆ ਰਾਹ, ਆਪਣੇ ਉਸ ਗੁੱਸੇ ਕਾਰਣ ਚੁਣਿਆ ਸੀ।

ਜਦੋਂ ਸਿੱਖ ਪੰਥ ਨੇ ਉਸਦੇ ਮਾਫ਼ੀਨਾਮੇ ਨੂੰ ਬੁਰੀ ਤਰ੍ਹਾਂ ਰੱਦ ਕਰ ਦਿੱਤਾ ਸੀ, ਉਸਦੀ ਫਿਲਮ ਤੱਕ ਨੂੰ ਰਿਲੀਜ਼ ਹੋਣ ਤੋਂ ਸਖ਼ਤੀ ਨਾਲ ਰੋਕਣ ਦਾ ਸਾਂਝਾ ਯਤਨ ਕੀਤਾ ਸੀ। 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਵਿੱਤਰ ਪਾਵਨ ਗੁਰੂ ਸਾਹਿਬ ਦੇ ਪਾਵਨ ਸਰੂਪ ਚੁੱਕਣ ਤੋਂ ਬਾਅਦ, ਜਿਹੜੇ ਪੋਸਟਰ ਉਸ ਇਲਾਕੇ 'ਚ ਲਾਏ ਗਏ ਸੀ, ਉਨ੍ਹਾਂ 'ਚ ਸੌਦਾ ਸਾਧਕਿਆਂ ਦੇ ਮਾਫ਼ੀਨਾਮਾ ਰੱਦ ਤੇ ਫ਼ਿਲਮ ਦੀ ਰਿਲੀਜ਼ ਰੋਕਣ ਦਾ ਕੌੜਾ ਜ਼ਿਕਰ ਕੀਤਾ ਗਿਆ ਸੀ। ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਸੌਦਾ ਸਾਧ ਦੇ ਪਾਪਾਂ 'ਚ ਬਾਦਲਕੇ, ਬਰਾਬਰ ਦੇ ਭਾਈਵਾਲ ਹਨ। ਸਰਕਾਰ ਕੀ ਕਰਦੀ ਹੈ? ਅਦਾਲਤਾਂ ਕੀ ਫੈਸਲੇ ਦਿੰਦੀਆਂ ਹਨ? ਇਹ ਰਾਜਨੀਤੀ ਦੀ ਕੂੜੀ ਖੇਡ ਦਾ ਹਿੱਸਾ ਰਹਿੰਦਾ ਹੈ। ਪ੍ਰੰਤੂ ਮਨਤਾਰ ਬਰਾੜ ਦੀ ਜ਼ਮਾਨਤ ਦਾ ਰੱਦ ਹੋਣਾ, ਉਮਰਨੰਗਲ ਨਾਲ ਬਾਦਲਕਿਆਂ ਵੱਲੋਂ ਗੁਪਤ ਮੁਲਾਕਾਤਾਂ ਤੇ ਗਿਆਨੀ ਇਕਬਾਲ ਸਿੰਘ ਵੱਲੋਂ ਬਤੌਰ ਚਸ਼ਮਦੀਦ ਗਵਾਹ ਸੌਦਾ ਸਾਧ ਦੀ ਮਾਫ਼ੀ ਦੇ ਡਰਾਮੇ ਦਾ ਬਿਆਨ ਇਹ ਸਾਫ਼ ਕਰਨ ਲਈ ਬਹੁਤ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ, ਗੋਲੀਕਾਂਡ ਤੇ ਸੌਦਾ ਸਾਧ ਦੀ ਮਾਫ਼ੀ ਦੇ ਮੁੱਖ ਦੋਸ਼ੀ ਸਿਰਫ਼ ਤੇ ਸਿਰਫ਼ ਬਾਦਲਕੇ ਹਨ। ਇਸ ਸਮੇਂ ਜਦੋਂ ਇਹ  ਚੜ੍ਹਦੇ ਸੂਰਜ ਵਾਗੂੰ ਸਾਫ਼ ਹੋ ਚੁੱਕਾ ਹੈ, ਉਸਦੇ ਬਾਵਜੂਦ ਬਾਦਲਕੇ ਪੰਜਾਬ 'ਚ ਵਿਚਰਨ ਅਤੇ ਪਿੱਛਲੱਗੂਆਂ ਦੀ ਭੀੜਾਂ ਜੁੜਨ, ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ? ਬਾਦਲਕਿਆਂ ਦੇ ਚੇਲੇ ਚਾਟੜਿਆਂ 'ਚ ਜਿਹੜੇ ਅੰਮ੍ਰਿਤਧਾਰੀ ਹੋਣ ਦਾ ਵਿਖਾਕੇ ਕਰਕੇ ਵੀ ਬਾਦਲਕਿਆਂ ਨਾਲ ਖੜ੍ਹਦੇ ਹਨ। ਉਨ੍ਹਾਂ ਤੋਂ ਸੁਆਲ ਪੁੱਛਣਾ ਤਾਂ ਬਣਦਾ ਹੈ ਕਿ ਉਨ੍ਹਾਂ ਦਾ ਗੁਰੂ ਕੌਣ ਹੈ? ਜੇ ਉਹ ਗੁਰੂ ਗੰ੍ਰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ ਤਾਂ ਫ਼ਿਰ ਉਸਦੇ ਦੋਖੀ ਦੇ ਚੇਲੇ ਕਿਵੇਂ ਹੋ ਸਕਦੇ ਹਨ? ਇਹ ਠੀਕ ਹੈ ਕਿ ਉਹ ਪੰਥਕ ਸਿਆਸਤ ਦਾ ਪਿੜ ਖ਼ਾਲੀ ਹੋਣ ਦਾ ਬਹਾਨਾ ਬਣਾ ਸਕਦੇ ਹਨ, ਉਹ ਆਪਣੇ ਦੋਸ਼ ਨੂੰ ਫੁੱਟ ਦਾ ਸ਼ਿਕਾਰ ਪੰਥਕ ਸਿਆਸਤ ਸਿਰ ਮੜ ਸਕਦੇ ਹਨ, ਪ੍ਰੰਤੂ ਹਕੀਕਤ ਇਹ ਹੈ ਕਿ ਦੋਸ਼ੀ ਦਾ ਸਾਥ ਦੇਣਾ, ਪਾਪ ਦੇ ਬਰਾਬਰ ਹੁੰਦਾ ਹੈ। ਇਸ ਲਈ ਲੱਖ ਬਹਾਨੇ ਘੜਕੇ ਵੀ ਉਹ ਗੁਨਾਹ ਮੁਕਤ ਨਹੀਂ ਹੋ ਸਕਦੇ। ਅਸੀਂ ਚਾਹਾਂਗੇ ਕਿ ਉਪਰੋਕਤ ਸਮੱਸਿਆਵਾਂ, ਗੁੰਝਲਾਂ ਦੇ ਮੱਦੇਨਜ਼ਰ ਗ਼ੱਦਾਰਾਂ ਦੇ ਸਿੱਖ ਸਿਆਸਤ 'ਚੋਂ ਖ਼ਾਤਮੇ ਲਈ ਸੁਹਿਰਦ ਸਿੱਖ ਆਗੂ ਅੱਗੇ ਆਉਣ ਤੇ ਕੌਮ ਨੂੰ ਘੁੰਮਣਘੇਰ 'ਚੋ ਕੱਢਣ ਦਾ ਸੁਹਿਰਦ ਯਤਨ ਕੀਤਾ ਜਾਵੇ, ਇਹ ਨਾ ਹੋਵੇ ਕੱਲ ਨੂੰ ਇਤਿਹਾਸ ਸਾਨੂੰ ਵੀ ਦੋਸ਼ੀਆਂ ਦੀ ਕਤਾਰ 'ਚ ਖੜ੍ਹਾ ਕਰ ਦੇਵੇ।

Editorial
Jaspal Singh Heran

International