ਨਾਨਕਸ਼ਾਹੀ ਕੈਲੰਡਰ ਦਾ ਭੋਗ ਨਾ ਪਾਉ...

ਜਸਪਾਲ ਸਿੰਘ ਹੇਰਾਂ
ਬੀਤੇ ਦਿਨ ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਲਿਬਾਸ ਵਾਲਾ ਬਿਕਰਮੀ ਕੈਲੰਡਰ ਇਕ ਵਾਰ ਫ਼ਿਰ ਜਾਰੀ ਕਰ ਦਿੱਤਾ ਹੈ। ਅਸੀਂ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਕੌਮ ਦੀ ਵੱਖਰੀ, ਅੱਡਰੀ, ਨਿਆਰੀ, ਨਿਰਾਲੀ ਅਜ਼ਾਦ ਹੋਂਦ ਦਾ ਪ੍ਰਤੀਕ ਮੰਨਦੇ ਹਾਂ। ਇਸ ਲਈ ਨਾਨਕਸ਼ਾਹੀ ਕੈਲੰਡਰ ਦੀ ਰਾਖ਼ੀ ਦੀ ਹਮੇਸ਼ਾ ਡੱਟ ਕੇ ਪਹਿਰੇਦਾਰੀ ਕਰਦੇ ਆ ਰਹੇ ਹਾਂ ਅਤੇ ਕਰਦੇ ਰਹਾਂਗੇ। ''ਸਿੱਖ ਵੱਖਰੀ ਕੌਮ ਹੈ'' ਇਹ ਸੱਚ, ਸਿੱਖ ਦੁਸ਼ਮਣ ਤਾਕਤਾਂ ਨੂੰ ਸਿੱਖੀ ਦੀ ਹੋਂਦ ਤੋਂ ਹੀ ਹਜ਼ਮ ਨਹੀਂ ਹੋ ਰਿਹਾ ਅਤੇ ਉਹ ਸਿੱਖੀ ਨੂੰ ਹੜੱਪਣ ਤੋਂ ਪਹਿਲਾ ਸਿੱਖੀ ਦੀ ਨਿਆਰੀ-ਨਿਰਾਲੀ ਅਜ਼ਾਦ ਹੋਂਦ ਦੇ ਪ੍ਰਤੀਕਾਂ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ ਤਾਂ ਕਿ ਸਿੱਖਾਂ 'ਚ ਪਹਿਲਾ ਅਜ਼ਾਦ ਭਾਵਨਾ ਦੇ ਵਲਵਲੇ ਦਾ ਭੋਗ ਪਾਇਆ ਜਾਵੇ, ਉਸ ਤੋਂ ਬਾਅਦ ਸਿੱਖੀ ਨੂੰ ਹੜੱਪਣ ਅਤੇ ਸਿੱਖ ਨੂੰ ਕੇਸਾਧਾਰੀ ਹਿੰਦੂ ਬਿਆਨਣਾ ਸੌਖਾ ਹੋ ਜਾਵੇਗਾ। ਜਿਸ ਦਿਨ 2004 ਨੂੰ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ, ਉਸ ਦਿਨ ਤੋਂ ਹੀ ਨਾਗਪੁਰ ਦੇ ਭਗਵਾਂ ਤਖ਼ਤ ਤੋਂ ਇਸ ਨੂੰ ਖ਼ਤਮ ਕਰਨ ਦੇ ਹੁਕਮ ਜਾਰੀ ਹੋ ਗਏ ਸਨ। ਜਿਨ੍ਹਾਂ ਦੇ ਚੱਲਦਿਆਂ ਡੇਰੇਦਾਰਾਂ ਨੇ ਪਹਿਲੇ ਦਿਨ ਤੋਂ ਹੀ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਭਗਵਾਂ ਬ੍ਰਿਗੇਡ ਨੇ ਬਾਦਲਾਂ ਦੀ ਨਕੇਲ ਕੱਸੀ ਅਤੇ ਨਾਨਕਸ਼ਾਹੀ ਕੈਲੰਡਰ ਨੂੰ ਲੂਲਾ, ਲੰਗੜਾ ਬਣਾਉਣ ਲਈ ਇਸ 'ਚ ਭਗਵਾਂ ਸੋਧਾਂ ਕਰਵਾ ਦਿੱਤੀਆਂ ਗਈਆਂ। ਪ੍ਰੰਤੂ ਨਾਗਪੁਰ ਦਾ ਭਗਵਾਂ ਤਖ਼ਤ ਨਾਨਕਸ਼ਾਹੀ ਕੈਲੰਡਰ ਦਾ ਮੁਕੰਮਲ ਭੋਗ ਚਾਹੁੰਦਾ ਹੈ। ਸ਼੍ਰੋਮਣੀ ਕਮੇਟੀ ਹੁਣ ਮੁਕੰਮਲ ਰੂਪ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਚੁੱਕੀ ਹੈ। ਕੈਲੰਡਰ, ਨਿਰੋਲ ਖਾਗੋਲ ਤੇ ਭੂਗੋਲ ਵਿਗਿਆਨ ਦਾ ਵਿਸ਼ਾ ਹੈ। ਕਿਉਂਕਿ ਇਹ ਕੈਲੰਡਰ ਕੌਮੀ ਕੈਲੰਡਰ ਹੈ, ਇਸ ਲਈ ਸਿੱਖ ਇਤਿਹਾਸ ਨੂੰ ਕੈਲੰਡਰ ਰਾਂਹੀ ਰੂਪਮਾਨ ਰੱਖਿਆ ਜਾਣਾ ਹੈ।

ਇਸ ਲਈ ਖਾਗੋਲ, ਭੂਗੋਲ ਤੇ ਨਾਲ-ਨਾਲ ਸਿੱਖ ਇਤਿਹਾਸਕਾਰ ਤੇ ਗੁਰੂ ਸਾਹਿਬਾਨ ਵੱਲੋਂ ਸਿਰਜੇ ਬਾਰਾਂਮਾਹਾ ਦੀ ਰਹਿੰਦੀ ਦੁਨੀਆ ਤੱਕ ਮੌਸਮੀ ਅਹਿਮੀਅਤ ਸਦੀਵੀ ਬਣਾਈ ਰੱਖਣ ਲਈ ਇਸ ਕੈਲੰਡਰ ਦੀ ਹੋਂਦ ਬੇਹੱਦ ਜ਼ਰੂਰੀ ਇਸ ਤੋਂ ਪਹਿਲਾ ਵੀ ਅਸੀਂ ਵਾਰ-ਵਾਰ ਹੋਕਾ ਦਿੱਤਾ ਹੈ ਕਿ ਨਾਨਕਸ਼ਾਹੀ ਕੈਲੰਡਰ, ਕੌਮ ਦੀ ਅਮਾਨਤ ਹੈ। ਕਿਸੇ ਧਿਰ ਨੂੰ ਇਸ ਅਮਾਨਤ 'ਚ ਖਿਆਨਤ ਕਰਨ ਦਾ ਕੋਈ ਅਧਿਕਾਰ ਨਹੀਂ। ਜੇ ਨਾਨਕਸ਼ਾਹੀ ਕੈਲੰਡਰ 'ਚ ਕੁਝ ਤਰੁੱਟੀਆਂ ਹਨ ਤਾਂ ਉਨ੍ਹਾਂ ਨੂੰ ਮਾਹਿਰ ਮਿਲ ਕੇ ਹੱਲ ਕਰ ਸਕਦੇ ਹਨ। ਪ੍ਰੰਤੂ ਹਰ ਧਿਰ ਨੂੰ ਇਹ ਐਲਾਨ ਸ਼ਰੇਆਮ ਕਰ ਦੇਣਾ ਚਾਹੀਦਾ ਹੈ ਕਿ ਸਿੱਖਾਂ ਦਾ ਕੈਲੰਡਰ ਸਿਰਫ਼ ਤੇ ਸਿਰਫ਼ ਅਤੇ ਨਾਨਕਸ਼ਾਹੀ ਕੈਲੰਡਰ ਹੀ ਰਹੇਗਾ। ਅਸੀਂ ਬਾਦਲ ਦਲ ਦੇ ਕਰਤੇ-ਧਰਤਿਆਂ ਨੂੰ ਇਹ ਯਾਦ ਕਰਵਾ ਦੇਣਾ ਚਾਹੁੰਦੇ ਹਾਂ ਕਿ ਸਿੱਖੀ ਸਿਧਾਂਤਾਂ, ਪ੍ਰੰਪਰਾਵਾਂ ਤੇ ਮਰਿਆਦਾ ਦਾ ਘਾਣ ਕਰਨ ਵਾਲੇ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਉਸਦੀ ਗ਼ਲਤ ਵਰਤੋਂ ਕਰਕੇ, ਠੇਸ ਪਹੁੰਚਾਉਣ ਵਾਲੇ ਨੂੰ ਨਾ ਤਾਂ ਕੌਮ ਨੇ ਮਾਫ਼ ਕੀਤਾ ਹੈ ਅਤੇ ਨਾ ਹੀ ਕਲਗੀਆਂ ਵਾਲੇ ਪਾਤਸ਼ਾਹ ਨੇ ਮਾਫ਼ ਕੀਤਾ ਹੈ। ਸੱਤਾ ਵਕਤੀ ਹੁੰਦੀ ਹੈ। ਇਸ ਸੱਚ ਦਾ ਗਿਆਨ ਤਾਂ ਬਾਦਲ ਨੂੰ ਅੱਜ ਚੰਗੀ ਤਰ੍ਹਾਂ ਹੋ ਚੁੱਕਾ ਹੈ। ਪੰਥ ਤੇ ਗ੍ਰੰਥ ਤੋਂ ਬੇਮੁੱਖ ਹੋਣ ਵਾਲਿਆਂ ਦਾ ਹਸ਼ਰ ਇਤਿਹਾਸ ਰੋਜ਼ਾਨਾ ਦੱਸਦਾ ਹੈ, ਕੋਈ ਇਸ ਨੂੰ ਸਮਝੇ ਚਾਹੇ ਜਾਂ ਨਾਂਹ।

ਅਸੀਂ ਚਾਹੁੰਦੇ ਹਾਂ ਕਿ ਨਾਨਕਸ਼ਾਹੀ ਕੈਲੰਡਰ ਨੂੰ ਕੌਮ 'ਚ ਅੰਦਰੂਨੀ ਖਾਨਾਜੰਗੀ ਦਾ ਹਥਿਆਰ ਬਣਾ ਕੇ, ਕੌਮ ਦੀ ਤਾਕਤ ਨੂੰ ਖੋਰਾ ਲਾਉਣ ਦੀ ਭਗਵਾਂ ਸਾਜ਼ਿਸ ਨੂੰ ਹਰ ਸਿੱਖ ਨੂੰ ਸਮਝਣਾ ਚਾਹੀਦਾ ਹੈ। ਕੀ ਕੱਲ੍ਹ ਨੂੰ ਦੁਨੀਆ 'ਚ ਸਿੱਖ ਦੀ ਪਛਾਣ ਤੋਂ ਪਹਿਲਾ ਉਹ ਗੁਰੂ ਗ੍ਰੰਥ ਸਾਹਿਬ ਵਾਲਾ ਹੈ ਜਾਂ ਦਸਮ ਗ੍ਰੰਥ ਵਾਲਾ ਹੈ, ਉਹ ਨਾਨਕਸ਼ਾਹੀ ਹੈ ਜਾਂ ਨਾਗਪੁਰੀਆ ਇਹ ਦੱਸਣਾ ਪਿਆ ਕਰੇਗਾ? ਦੁਸ਼ਮਣ ਲੋੜ ਤੋਂ ਵੱਧ ਚਲਾਕ, ਸ਼ੈਤਾਨ, ਮਕਾਰ ਤੇ ਸ਼ਕਤੀਸ਼ਾਲੀ ਹੈ। ਸਿੱਖਾਂ ਨੂੰ ਆਪੋ 'ਚ ਉਲਝਾ ਕੇ, ਸਿੱਖੀ ਦੇ ਖ਼ਾਤਮੇ ਦੀ ਜ਼ਹਿਰੀਲੀ ਮਕਾਰ ਸੋਚ ਨੂੰ ਨੇਪਰੇ ਚਾੜ੍ਹਣ ਲਈ ਉਸ ਵੱਲੋਂ ਛੱਡਿਆ ਤੀਰ, ਕੌਮ ਨੂੰ ਸੂਝ-ਬੂਝ ਨਾਲ, ਇਕਜੁੱਟਤਾ ਨਾਲ, ਗੁਰਬਾਣੀ ਦੇ ਚਾਨਣ ਅਨੁਸਾਰ ਬੇਅਸਰ ਕੀਤਾ ਜਾ ਸਕਦਾ ਹੈ। ਅਸੀਂ ਸ਼੍ਰੋਮਣੀ ਕਮੇਟੀ ਦੇ ਕਰਤੇ-ਧਰਤਿਆਂ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਉਹ ਸਿੱਖਾਂ ਦੀ ਇਸ ਮਹਾਨ ਧਰਮਿਕ ਸੰਸਥਾ ਦੇ ਮਾਣ-ਸਨਮਾਨ ਨੂੰ ਸਦੀਵੀ ਰੂਪ 'ਚ ਖ਼ਤਮ ਕਰਕੇ, ਆਪਣੇ ਮੱਥੇ ਕਲੰਕ ਲਵਾਉਣ ਵੱਲ ਨਾਂਹ ਤੁਰਨ ਸਗੋਂ ਕੌਮੀ ਭਾਵਨਾ ਦੀ ਤਰਜਮਾਨੀ ਕਰਦਿਆਂ, ਨਾਨਕਸ਼ਾਹੀ ਕੈਲੰਡਰ ਨੂੰ ਸਰਵ ਪ੍ਰਵਾਨਿਤ ਬਣਾਉਣ ਹਿੱਤ ਕਦਮ ਮੋੜਨੇ ਚਾਹੀਦੇ ਹਨ।

Editorial
Jaspal Singh Heran

International