'ਹਾਂ ਮੈਂ ਅਪਰਾਧੀ ਹਾਂ'”ਹੁਣ ਦਾਗੀ ਉਮੀਦਵਾਰ ਨੂੰ ਚੋਣ ਲੜਨ ਤੋਂ ਪਹਿਲਾਂ ਇਸ਼ਤਿਹਾਰ ਦੇ ਕੇ ਦੱਸਣਾ ਪਏਗਾ “

ਨਵੀਂ ਦਿੱਲੀ 11 ਮਾਰਚ (ਏਜੰਸੀਆਂ): ਲੋਕਸਭਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ ਤੇ ਇਸਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਨੇ ਕੁਝ ਖਾਸ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸਦੇ ਚਲਦੇ ਹੁਣ ਉਮੀਦਵਾਰਾਂ ਨੂੰ ਆਪਣੀ ਉਮੀਦਵਾਰੀ ਭਰਨਾ ਮੁਸ਼ਕਿਲ ਹੋਵੇਗਾ ਤੇ ਜਨਤਾ ਨੂੰ ਆਪਣਾ ਉਮੀਦਵਾਰ ਚੁਣਨਾ ਸੌਖਾ ਹੋਵੇਗਾ। ਦਰਅਸਲ ਹੁਣ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਜੇਕਰ ਕੋਈ ਉਮੀਦਵਾਰ ਚੋਣ ਲੜ੍ਹ ਰਿਹਾ ਹੈ ਤੇ ਉਸਤੇ ਕੋਈ ਕ੍ਰਿਮਿਨਲ ਕੇਸ ਦਰਜ ਹੈ ਤਾਂ ਉਸਨੂੰ ਅਖਬਾਰ ਤੇ ਟੀਵੀ 'ਤੇ ਇਸ਼ਤਿਹਾਰ ਦੇਕੇ ਇਸ ਬਾਰੇ ਲੋਕਾਂ ਨੂੰ ਦਸਣਾ ਹੋਵੇਗਾ। ਇਸ਼ਤਿਹਾਰ 'ਚ ਉਮੀਦਵਾਰ ਨੂੰ ਦਸਣਾ ਹੋਵੇਗਾ ਕਿ ਉਸ 'ਤੇ ਇਹ ਕੇਸ ਦਰਜ ਹੈ ਅਜਿਹਾ ਉਸਨੂੰ ਇਕ ਵਾਰ ਨਹੀਂ ਸਗੋਂ ਤਿੰਨ ਵਾਰ ਕਰਨਾ ਹੋਵੇਗਾ। ਇਸਦੇ ਬਾਅਦ ਹੀ ਉਸਦੀ ਉਮੀਦਵਾਰੀ ਸਹੀ ਮੰਨੀ ਜਾਵੇਗੀ। ਜੇਕਰ ਉਹ ਇਸ ਤਰ੍ਹਾਂ ਨਹੀਂ ਕਰਦਾ ਤਾਂ ਚੋਣ ਕਮਿਸ਼ਨ ਵਲੋਂ ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਸਿਆਸੀ ਦਲਾਂ ਨੂੰ ਵੀ ਆਪਣੇ ਉਮੀਦਵਾਰਾਂ ਦੇ ਇਸ ਤਰ੍ਹਾਂ ਦੇ ਇਸ਼ਤਿਹਾਰ ਟੀਵੀ ਤੇ ਅਖਬਾਰ 'ਚ ਦੇਣੇ ਹੋਣਗੇ। ਨੈਸ਼ਨਲ ਇਲੈਕਸ਼ਨ ਵਾਚ ਤੇ ਏ ਡੀ ਆਰ ਦੀ ਇਕ ਰਿਪੋਰਟ 'ਤੇ ਗੌਰ ਕੀਤਾ ਜਾਵੇ ਤਾਂ 2014 ਦੀਆਂ ਲੋਕਸਭਾ 'ਚ ਹਰ ਤੀਜੇ ਸਾਂਸਦ 'ਤੇ ਕ੍ਰਿਮਿਨਲ ਕੇਸ ਦਰਜ ਸੀ। ਕੁਲ 34 ਫ਼ੀਸਦੀ ਸਾਂਸਦਾਂ ਨੇ ਆਪਣੇ ਸ਼ਪਥ ਪੱਤਰ 'ਚ ਇਸਦਾ ਖੁਲਾਸਾ ਕੀਤਾ ਸੀ। 2009 'ਚ ਅਜਿਹੇ ਸੰਸਦਾਂ ਦੀ ਗਿਣਤੀ 30 ਫ਼ੀਸਦੀ ਸੀ। ਇਕ ਹੋਰ ਰਿਪੋਰਟ ਮੁਤਾਬਕ ਦੇਸ਼ ਭਰ 'ਚ 4856 ਵਿਧਾਇਕ ਤੇ ਸਾਂਸਦਾਂ 'ਤੇ ਕ੍ਰਿਮਿਨਲ ਕੇਸ ਦਰਜ ਹਨ। ਇਹਨਾਂ ਖਿਲਾਫ ਹਤਿਆ, ਹਤਿਆ ਦੀ ਕੋਸ਼ਿਸ਼, ਕਿਡਨੈਪਿੰਗ ਤੇ ਹੋਰ ਕਈ ਅਪਰਾਧ ਦਰਜ ਹਨ।  ਏ ਡੀ ਆਰ  ਦੇ ਮੁਤਾਬਕ ਪਿਛਲੇ ਪੰਜ ਸਾਲਾਂ 'ਚ ਸਿਆਸੀ ਦਲਾਂ ਨੇ ਔਰਤਾਂ ਤੇ ਅਪਰਾਧਿਕ ਮਾਮਲੇ ਵਾਲੇ 334 ਲੋਕਾਂ ਨੂੰ ਟਿਕਟ ਦਿੱਤਾ ਸੀ  ਜਿਹਨਾਂ 'ਚੋਂ 40 ਲੋਕਸਭਾ ਤੇ 294 ਵਿਧਾਨਸਭਾ ਚੋਣਾਂ 'ਚ ਉਮੀਦਵਾਰ ਸਨ। 

Unusual
Election Commission
Election 2019

International