ਸਿੱਖੋਂ! ਭਲਕੇ ਤੁਹਾਡਾ ਨਵਾਂ ਸਾਲ ਹੈ...

ਜਸਪਾਲ ਸਿੰਘ ਹੇਰਾਂ
ਭਲਕੇ ਨਾਨਕਸ਼ਾਹੀ ਸੰਮਤ 551 ਸ਼ੁਰੂ ਹੋ ਰਿਹਾ ਹੈ। ਜਿਸਦਾ ਅਰਥ ਹੈ, ਸਿੱਖਾਂ ਦਾ ਨਵਾਂ ਸਾਲ ਆਰੰਭ ਹੋਣ ਜਾ ਰਿਹਾ ਹੈ। ਅਸੀਂ ਇਕ ਦਿਨ ਪਹਿਲਾਂ ਕੌਮ ਨੂੰ ਜਗਾਉਣ ਲਈ ਹੋਕਾ ਦੇਣ ਜਾ ਰਹੇ ਹਾਂ ਕਿ ਸਿੱਖੋ! ਭਲਕੇ ਤੁਹਾਡੇ ਲਈ ਨਵਾਂ ਵਰ੍ਹਾਂ ਚੜ੍ਹਨਾ ਹੈ। ਇਸ ਲਈ ਉਸਦੇ ਸੁਆਗਤ ਲਈ ਤੇ ਵਾਹਿਗੁਰੂ ਤੇ ਸ਼ੁਕਰਾਨੇ ਲਈ ਤਿਆਰੀ ਕਰ ਲਵੋ। ਵੱਖ ਵੱਖ ਧਰਮਾਂ ਦੇ ਸਿਆਣੇ ਲੋਕਾਂ ਨੇ ਆਪਣੇ ਧਰਮਾਂ ਦੇ ਪੈਗੰਬਰ, ਔਲੀਏ, ਬਾਨੀ ਆਦਿ ਨੂੰ ਹਰ ਦਿਨ ਯਾਦ ਰੱਖ ਲਈ ਆਪੋ ਆਪਣੇ ਕੈਲੰਡਰ ਬਣਾਏ ਹੋਏ ਹਨ। ਈਸਾਈ ਧਰਮ ਵਾਲੇ ਈਸਵੀ ਸੰਮਤ ਰਾਹੀਂ ਈਸਾ ਮਸੀਹ ਨੂੰ ਯਾਦ ਕਰਦੇ ਹਨ। ਮੁਸਲਮਾਨ, ਹਿਜ਼ਰੀ ਸੰਮਤ ਰਾਹੀਂ ਹਜ਼ਰਤ ਮੁਹੰਮਦ ਸਾਹਿਬ ਨੂੰ ਯਾਦ ਕਰਦੇ ਹਨ, ਹਿੰਦੂ ਧਰਮ ਵਾਲੇ ਬਿਕਰਮੀ ਕੈਲੰਡਰ ਰਾਹੀਂ ਆਪਣੇ ਪਰਉਪਕਾਰੀ ਮੰਨੇ ਜਾਂਦੇ ਰਾਜੇ ਬਿਕਰਮਾਦਿੱਤ ਨੂੰ ਯਾਦ ਕਰਦੇ ਹਨ। ਕੈਲੰਡਰ ਦਾ ਅਰਥ ਕੌਮ ਦੀ, ਧਰਮ ਦੀ ਆਜ਼ਦ ਹਸਤੀ ਦਾ ਪ੍ਰਗਟਾਵਾ ਕਰਨਾ ਅਤੇ ਹਰ ਦਿਨ ਨੂੰ ਆਪਣੇ ਗੁਰੂ, ਪੈਗੰਬਰ, ਔਲੀਏ ਦੀ ਯਾਦ ਨਾਲ ਜੋੜਨਾ ਹੈ। ਸਿੱਖਾਂ ਨੇ ਵੀ ਸਿੱਖ ਧਰਮ ਦੇ ਬਾਨੀ, ਜਗਤਗੁਰੂ, ਗੁਰੂ ਨਾਨਕ ਪਾਤਸ਼ਾਹ ਦੀ ਯਾਦ ਨੂੰ ਹਰ ਦਿਹਾੜੇ ਨਾਲ ਜੋੜਨ ਲਈ ਅਤੇ ਕੌਮ ਦੀ ਆਜ਼ਾਦ ਹੋਂਦ ਦੇ ਪ੍ਰਗਟਾਵੇ ਲਈ ਨਾਨਕਸ਼ਾਹੀ ਸੰਮਤ ਸ਼ੁਰੂ ਕੀਤਾ ਹੋਇਆ ਹੈ। ਇਸ ਲਈ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ ਭਾਵੇਂ ਇਹ ਵੱਖਰੀ ਗੱਲ ਹੈ ਕਿ ਹਿੰਦੂਤਵੀ ਤਾਕਤਾਂ ਨੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਲਈ ਕੋਝੀ ਸਾਜਿਸ਼ ਨੇਪਰੇ ਚੜਾਉਣ ਦਾ ਹਰ ਨਾਪਾਕ ਯਤਨ ਕੀਤਾ ਹੈ। ਪ੍ਰੰਤੂ ਪਹਿਲੀ ਚੇਤ ਗੁਰਬਾਣੀ ਅਨੁਸਾਰ ਸਾਡੇ ਨਵੇਂ ਸਾਲ ਦੀ ਸ਼ੁਰੂਆਤ ਹੈ। ਜਿਸ ਨੂੰ ਕੋਈ ਤਾਕਤ ਝੁਠਲਾ ਨਹੀਂ ਸਕਦੀ।

ਇਸ ਲਈ ਹਰ ਸਿੱਖ ਨੂੰ ਪਹਿਲੀ ਚੇਤ ਨੂੰ ''ਹੈਪੀ ਨਿਊ ਯੀਅਰ'' ਮਨਾਉਣਾ ਚਾਹੀਦਾ ਹੈ। ਗੁਰੂ ਘਰਾਂ ਵਿਚ ਜਾ ਕੇ ਨਵੇਂ ਸਾਲ 'ਚ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ, ਹਰ ਸਿੱਖ ਨੂੰ ਜ਼ਰੂਰੀ ਮੰਨਣੀ ਚਾਹੀਦੀ ਹੈ। 14 ਮਾਰਚ ਦਾ ਦਿਨ ਸਿੱਖ ਪੰਥ ਲਈ ਅਹਿਮ ਦਿਨ ਹੈ। ਇਸ ਦਿਨ ਸਿੱਖਾਂ ਦੀ ਵੱਖਰੀ ਕੌਮ ਦੀ ਪਹਿਚਾਣ ਵਾਲੇ ਨਾਨਕਸ਼ਾਹੀ ਕੈਲੰਡਰ, ਜਿਸ ਨੂੰ ਭਾਵੇਂ ਅਸੀਂ ਵਿਵਾਦਮਈ ਬਣਾ ਕੇ ਉਸਦੀ ਮਹਾਨਤਾ ਨੂੰ ਖ਼ਤਮ ਕਰਨ ਦਾ ਵੀ ਯਤਨ ਕੀਤਾ ਹੈ, ਪ੍ਰੰਤੂ ਇਸ ਨਾਨਕਸ਼ਾਹੀ ਕੈਲੰਡਰ ਨਾਲ ਨਾਨਕਸ਼ਾਹੀ ਸੰਮਤ ਸ਼ੁਰੂ ਹੁੰਦੀ ਹੈ, ਇਸ ਲਈ 14 ਮਾਰਚ ਸਮੂੰਹ ਨਾਨਕ ਨਾਮ ਲੇਵਾ ਲਈ ਨਵੇਂ ਵਰ੍ਹੇ ਦੀ ਆਮਦ ਲੈ ਕੇ ਆਉਂਦਾ ਹੈ। ਸਿੱਖਾਂ ਦਾ ਨਾਨਕਸ਼ਾਹੀ ਸੰਮਤ ਸਿੱਖੀ ਦੀ ਸਵੈਮਾਣ ਦੀ ਨਿਸ਼ਾਨੀ ਹੈ, ਇਸ ਲਈ ਕੌਮ ਨੂੰ ਇਸ ਨੂੰ ਆਪਣੀ ਵੱਖਰੀ ਹੋਂਦ ਦੇ ਪ੍ਰਗਟਾਵੇ ਵਜੋਂ ਮਨਾਉਣਾ ਚਾਹੀਦਾ ਹੈ। ਪ੍ਰੰਤੂ ਸਾਡੀ ਕੌਮੀ ਤ੍ਰਾਸਦੀ ਹੈ ਕਿ ਦਸਮੇਸ਼ ਪਿਤਾ ਦੀ ਇਹ ਨਿਰਾਲੀ ਕੌਮ ਆਪਣੇ ਨਿਆਰੇਪਣ ਦੀ ਮਹਾਨਤਾ ਨੂੰ ਭੁੱਲਦੀ ਜਾ ਰਹੀ ਹੈ। ਇਸ ਕਾਰਣ ਉਨ੍ਹਾਂ ਦੇ ਮਨਾਂ 'ਚ ਵੱਖਰੀ ਕੌਮ ਦਾ ਜ਼ਜਬਾ ਠੰਡਾ ਪੈਂਦਾ ਜਾ ਰਿਹਾ ਹੈ। ਜਿਹੜੀ ਕੌਮ ਈਸਾਈ ਮੱਤ ਦੇ ਈਸਵੀ ਸੰਮਤ ਵਾਲੇ 'ਨਿਊਯੀਅਰ' ਨੂੰ ਮਨਾਉਣ ਲਈ ਬਾਵਰੀ ਹੋ ਜਾਂਦੀ ਹੈ, ਉਸਨੂੰ ਆਪਣੇ ਨਾਨਕਸ਼ਾਹੀ ਸੰਮਤ ਦੇ 'ਨਵੇਂ ਸਾਲ' ਦੀ ਯਾਦ ਹੀ ਨਹੀਂ ਆਉਂਦੀ। ਦੀਵਾਲੀ ਵਾਲੇ ਦਿਨ ਦੁਨੀਆ ਭਰ ਦੀਆਂ ਖੁਸ਼ੀਆਂ ਮਨਾਉਣ ਵਾਲਿਆਂ ਨੂੰ ਸਿੱਖ ਪੰਥ ਦੇ ਕੌਮੀ ਤਿਉਹਾਰ 'ਵਿਸਾਖੀ' ਸਮੇਂ ਉਹ ਸਾਰੇ ਚਾਅ ਪਤਾ ਨਹੀਂ ਕਿਉਂ ਭੁੱਲ ਜਾਂਦੇ ਹਨ? ਸ਼੍ਰੋਮਣੀ ਕਮੇਟੀ ਵੱਲੋਂ ਵੀ ਨਾਨਕਸ਼ਾਹੀ ਸੰਮਤ ਦੇ ਨਵੇਂ ਵਰ੍ਹੇ ਪ੍ਰਤੀ ਕੌਮ ਨੂੰ ਅਗਾਊ ਸੁਚੇਤ ਕਰਨ ਲਈ ਕਦੇ ਗੰਭੀਰ ਉਪਰਾਲੇ ਨਹੀਂ ਕੀਤੇ ਗਏ ਅਤੇ ਨਾ ਹੀ ਕਦੇ ਵਿਸਾਖੀ ਨੂੰ 'ਕੌਮੀ ਤਿਉਹਾਰ' ਵਜੋਂ ਮਨਾਉਣ ਦਾ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ।

ਨਾਨਕਸ਼ਾਹੀ ਕੈਲੰਡਰ ਤੇ ਡਾਇਰੀਆਂ ਵੀ ਸ਼੍ਰੋਮਣੀ ਕਮੇਟੀ ਨਵੇਂ ਵਰ੍ਹੇ ਦੀ ਆਮਦ ਤੋਂ ਪਹਿਲਾ ਸਿੱਖ ਸੰਗਤਾਂ ਤੱਕ ਪਹੁੰਚਾਉਣ ਦੀ ਲੋੜ ਨਹੀਂ ਸਮਝਦੀ। ਸ਼੍ਰੋਮਣੀ ਕਮੇਟੀ ਅਧੀਨ ਚੱਲਦੇ ਸਕੂਲਾਂ, ਕਾਲਜਾਂ 'ਚ ਇਸ ਬਾਰੇ ਕੋਈ ਵਿਸ਼ੇਸ਼ ਪ੍ਰੋਗਰਾਮ ਨਹੀਂ ਕੀਤੇ ਜਾਂਦੇ, ਗੁਰੂ ਘਰਾਂ ਰਾਹੀਂ ਵੀ ਸਿੱਖ ਸੰਗਤਾਂ ਨੂੰ ਸਾਡੇ ਪ੍ਰਚਾਰਕਾਂ, ਰਾਗੀ, ਢਾਡੀ ਤੇ ਗ੍ਰੰਥੀ ਸਿੰਘ ਇਸ ਬਾਰੇ ਜਾਗਰੂਕ ਕਰਨ ਦਾ ਕੋਈ ਉਪਰਾਲਾ ਨਹੀਂ ਕਰਦੇ। ਨਾਨਕਸ਼ਾਹੀ ਸੰਮਤ, ਨਾਨਕਸ਼ਾਹੀ ਕੈਲੰਡਰ, ਕੌਮੀ ਨਿਸ਼ਾਨ, ਕੌਮੀ ਤਿਉਹਾਰ ਅਤੇ ਵਿਸ਼ੇਸ਼ ਕਰਕੇ ਕੌਮ ਦੇ ਸੰਵਿਧਾਨ, ਸਿੱਖੀ ਸਿਧਾਂਤਾਂ ਪ੍ਰਤੀ ਸਾਨੂੰ ਹਮੇਸ਼ਾ ਸੁਚੇਤ ਰੂਪ 'ਚ ਪੂਰਾ ਉਤਸ਼ਾਹ ਰੱਖਣਾ ਚਾਹੀਦਾ ਹੈ, ਕਿਉਂਕਿ ਜੇ ਅਸੀਂ ਇਨ੍ਹਾਂ ਨੂੰ ਹੀ ਭੁੱਲ-ਵਿਸਰ ਗਏ ਤਾਂ ਸਿੱਖ ਵੱਖਰੀ ਕੌਮ ਵਜੋਂ ਵੀ ਆਪਣੀ ਹੋਂਦ ਗੁਆ ਲੈਣਗੇ। ਅਸੀਂ 14 ਮਾਰਚ ਦੇ ਦਿਨ ਨੂੰ ਕੌਮ ਦੇ ਕੌਮੀ ਵਰ੍ਹੇ ਦੀ ਆਰੰਭਤਾ ਵਜੋਂ ਮਨਾਉਣ ਦੀ ਅਪੀਲ ਜ਼ਰੂਰ ਕਰਾਂਗੇ। 

Editorial
Jaspal Singh Heran

International