ਪੰਜਾਬ ਦੇ ਰਾਖਿਓ! ਜਾਗੋ...

ਜਸਪਾਲ ਸਿੰਘ ਹੇਰਾਂ
ਕਦੇ ''ਪੰਜਾਬ ਵੱਸਦਾ ਗੁਰਾਂ ਦੇ ਨਾਮ 'ਤੇ'' ਨਾਅਰਾ ਹਰ ਸਿੱਖ ਦੇ ਮਨ ਮਸਤਕ ਤੇ ਗੂੰਜਦਾ ਸੀ, ਪ੍ਰੰਤੂ ਅੱਜ ਇਹ ਆਖਦੇ ਪ੍ਰਤੀਤ ਹੋ ਰਹੇ ਹਨ ਕਿ '' ਪੰਜਾਬ ਮਰਦਾ ਨਸ਼ਿਆਂ 'ਤੇ। ਖੁਸ਼ਹਾਲ ਪੰਜਾਬ, ਜੁਝਾਰੂ ਪੰਜਾਬ ਅੱਜ ਨਸ਼ੇੜੀਆਂ ਦਾ ਪੰਜਾਬ ਆਖਿਆ ਜਾਣ ਲੱਗ ਪਿਆ ਹੈ। ਪੰਜਾਬ ਦੇ ਠੇਕੇਦਾਰ ਖ਼ੁਦ ਪੰਜਾਬ ਨੂੰ ਨਸ਼ਿਆਂ ਦੇ ਦਰਿਆਂ 'ਚ ਧੱਕਾ ਦੇ ਰਹੇ ਹਨ, ਜਦੋਂ ਕੁੱਤੀ ਚੋਰਾਂ ਨਾਲ ਰਲ ਜਾਵੇਂ, ਫ਼ਿਰ ਘਰ ਦੀ ਰਾਖ਼ੀ ਹੋਣ ਕਰੇਗਾ? 19 ਮਈ ਨੂੰ ਪੰਜਾਬ 'ਚ ਲੋਕ ਸਭਾ ਲਈ ਵੋਟਾਂ ਪੈਣੀਆਂ ਹਨ । ਪੰਜਾਬ ਨੂੰ ਆਖ਼ਰੀ ਸੱਤਵੇਂ ਗੇੜ੍ਹ 'ਚ ਰੱਖਿਆ ਗਿਆ ਹੈ, ਇਸ ਲਈ ਚੋਣ ਬੁਖ਼ਾਰ ਦੋ ਮਹੀਨੇ ਚੜ੍ਹਿਆ ਰਹਿਣਾ ਹੈ। ਚੋਣਾਂ 'ਚ ਦੋ ਧਿਰਾਂ ਦੀ ਹੋਂਦ ਦਾਅ ਤੇ ਲੱਗੀ ਹੋਈ ਹੈ, ਇਸ ਲਈ ਕਰੋ ਜਾਂ ਮਰੋ ਦੀ ਤਰਜ਼ ਤੇ  ਇਹ ਚੋਣਾਂ ਲੜ੍ਹੀਆਂ ਜਾਣੀਆਂ ਹਨ। ਕਿਵੇਂ ਲੜ੍ਹੀਆਂ ਜਾਣੀਆਂ ਹਨ? ਇਸ ਦਾ ਟ੍ਰੇਲਰ ਖਡੂਰ ਸਾਹਿਬ ਹਲਕੇ 'ਚ ਬਾਦਲ ਦਲ ਨੇ ਵਿਖਾ ਹੀ ਦਿੱਤਾ ਹੈ। ਵੋਟਰਾਂ ਨੂੰ ਸ਼ਰਾਬ ਸ਼ਰੇਆਮ ਪਿਆਈ ਗਈ, ਡੱਟ ਕੇ ਰਜਾਇਆ ਗਿਆ। ਘੰਟੀ ਵਜਾ ਦਿੱਤੀ ਕਿ ਬਾਦਲ ਕੇ ਨਸ਼ਿਆਂ ਤੇ ਨੋਟਾਂ ਦੇ ਸਹਾਰੇ ਚੋਣਾਂ ਜਿੱਤਣ ਦੀ ਰਣਨੀਤੀ ਘੜੀ ਬੈਠੇ ਹਨ। ਜੇ ਬਾਦਲਕੇ ਚੋਣਾਂ ਨਸ਼ੇ ਤੇ ਨੋਟਾਂ ਦੇ ਸਹਾਰੇ ਜਿੱਤਣ ਦੀ ਖ਼ਤਰਨਾਕ ਖੇਡ ਖੇਡਦੇ ਹਨ, ਫ਼ਿਰ ਸੱਤਾਧਾਰੀ ਕਾਂਗਰਸ ਕਿਵੇਂ ਪਿੱਛੇ ਰਹੂਗੀ? ਤਰਨਤਾਰਨ ਦੇ ਡੀ.ਸੀ ਨੇ ਬਾਦਲਾਂ ਵੱਲੋਂ ਧੜੱਲੇ ਨਾਲ ਸ਼ਰਾਬ ਪਿਆਏ ਜਾਣ ਤੇ ਮਿੱਟੀ ਪਾਉਣ ਦੀ ਕੋਸ਼ਿਸ ਕਰਕੇ, ਸਾਫ਼ ਕਰ ਦਿੱਤਾ ਹੈ ਕਿ ਇਹ ਤਾਂ ਇਵੇਂ ਹੀ ਚੱਲਣਾ ਹੈ। ਦੋ ਮਹੀਨੇ ਦਾ ਸਮਾਂ ਬਹੁਤ ਲੰਬਾ ਹੁੰਦਾ ਹੈ, ਮੁਫ਼ਤ ਸ਼ਰਾਬ ਪਤਾ ਨਹੀਂ ਕਿੰਨੇ ਨਵੇਂ ਪੱਕੇ ਨਸ਼ੇੜੀ ਪੈਦਾ ਕਰੂਗੀ? ਕਿੰਨੇ ਘਰ ਤੇ ਕਿੰਨੀਆਂ ਜੁਆਨੀਆਂ ਬਰਬਾਦ ਹੋਣਗੀਆਂ ?

ਅਸੀਂ ਪੰਜਾਬ ਦੇ ਜਾਗਰੂਕ ਲੋਕਾਂ ਤੇ ਗੁਰੂ ਨੂੰ ਸਮਰਪਿਤ ਸਿੱਖਾਂ ਨੂੰ ਜਿਹੜੇ ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ ਸੋਚ ਦੇ ਧਾਰਣੀ ਹਨ, ਹੋਕਾ ਦੇ ਕੇ ਜਗਾਉਣਾ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਪਹਿਲਾ ਹੀ ਮਰ ਰਿਹਾ ਹੈ, ਉਸਨੂੰ ਵੈਟੀਲੇਂਟਰ ਤੋ ਭੁੰਜੇ ਲਾਹੁੰਣ ਦੀ ਕੋਝੀ ਸਾਜਿਸ਼ ਦਾ ਮੁਕਾਬਲਾ ਕਰਨ ਲਈ ਜਾਗ ਪਵੇ। ਜੇ ਤੁਸੀ ਹੁਣ ਵੀ ਗਫ਼ਲਤ, ਚਾਪਲੂਸੀ ਜਾਂ ਡਰ ਦੀ ਨੀਂਦ ਸੁੱਤੇ ਰਹੇ ਤਾਂ ਪੰਜਾਬ ਨੂੰ ਫ਼ਿਰ ਕੋਈ ਬਚਾਅ ਨਹੀਂ ਸਕੇਗਾ। ਭਾਵੇਂ ਅੱਜ ਦੇ ਸੁਆਰਥੀ-ਪਦਾਰਥੀ ਯੁੱਗ 'ਚ ਸਾਡੀ ਸੋਚ ਵੀ '' ਮੈਨੂੰ ਕੀ, ਜਿਹੜਾ ਕਰੂੰਗਾ ਆਪ ਭਰੂੰਗਾ'' ਤੱਕ ਸੀਮਤ ਹੋ ਗਈ ਹੈ। ਇਸ ਕਾਰਣ ਅਸੀਂ ਸਿੱਖੀ ਤੇ ਪੰਜਾਬ ਦੀ ਰਾਖ਼ੀ ਲਈ ਮੈਦਾਨ 'ਚ ਨਿੱਤਰਣ ਤੋਂ ਆਨੇ-ਬਹਾਨੇ ਬੱਚਦੇ ਹਾਂ। ਸਾਨੂੰ ਇਹ ਵੀ ਅਹਿਸਾਸ ਹੈ ਕਿ '' ਨਗਾਰਖਾਨੇ 'ਚ ਤੂਤੀ ਦੀ ਅਵਾਜ਼ ਕਿਸੇ ਨੇ ਨਹੀਂ ਸੁਣਨੀ। ਪ੍ਰੰਤੂ ਇਸਦੇ ਬਾਵਜੂਦ ਅਸੀਂ ਪਹਿਰੇਦਾਰੀ ਕਰਨ ਤੇ ਹੋਕਾ ਦੇਣ ਦਾ ਆਪਣਾ ਧਰਮ ਜ਼ਰੂਰ ਪੂਰਾ ਕਰਾਂਗੇ। ਵੋਟਾਂ ਦੇ ਸੌਦਾਗਰਾਂ ਤੇ ਨਸ਼ਿਆਂ ਦੇ ਕਾਲੇ ਵਪਾਰੀਆਂ ਨੇ ਪੰਜਾਬ ਨੂੰ ਨਸ਼ਿਆਂ 'ਚ ਧੁੱਤ ਕਰਕੇ, ਬੇਹੋਸ਼ ਕਰਕੇ, ਮੰਦਹੋਸ਼ ਕਰਕੇ, ਚੋਣਾਂ ਜਿੱਤਣੀਆਂ  ਹਨ, ਉਹ ਹਰ ਹੀਲੇ ਪੰਜਾਬ  'ਚ ਨਸ਼ਿਆਂ ਦੀ ਸੁਨਾਮੀ ਵਗਾਉਣਗ। ਪੰਜਾਬ ਦੀ ਜੁਆਨੀ ਨੂੰ ਜਿਹੜੀ ਪਹਿਲਾ ਹੀ ਤਬਾਹੀ ਦੇ ਕਿਨਾਰੇ ਖੜ੍ਹੀ ਹੈ, ਪੂਰੀ ਤਰ੍ਹਾਂ ਤਬਾਹ ਕਰਨਗੇ। ਇੱਕ ਧਿਰ ਨੇ 10 ਸਾਲ ਲੁੱਟ ਕੀਤੀ ਹੋਈ ਹੈ, ਦੂਜੀ ਧਿਰ ਸੱਤਾਂ 'ਚ ਹੈ। ਉਨ੍ਹਾਂ ਨੂੰ ਪੈਸੇ ਦੀ ਭੋਰਾ ਵੀ ਤੋਟ ਜਾਂ ਪ੍ਰਵਾਹ ਨਹੀਂ। ਪੰਜਾਬ ਤੇ ਦੁਸ਼ਮਣਾਂ ਦਾ ਹੱਲਾ ਹੋਣ ਵਾਲਾ ਹੈ, ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੀ ਘੇਰਾਬੰਦੀ ਕਰਨੀ ਜ਼ਰੂਰੀ ਹੈ। ਅਸੀਂ ਸਮੂਹ ਪੰਜਾਬ ਦਰਦੀਆਂ ਨੂੰ ਹੋਕਾ ਦਿਆਂਗੇ ਕਿ ਪਿੰਡ-ਪਿੰਡ 11-11, 21-21 ਜਾਂ ਜਿੰਨੇ ਵੀ ਹੋ ਸਕਣ '' ਪੰਜਾਬ ਦੇ ਰਾਖਿਆਂ ਦੀਆਂ ਟੀਮਾਂ ਬਣਾ ਲੈਣ। ਇਹ ਟੀਮਾਂ ਪੂਰੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ, ਪਿੰਡ 'ਚ ਵੋਟਾਂ ਵਾਲਿਆਂ ਦਾ ਨਸ਼ਾ ਨਹੀਂ ਵੜ੍ਹਨ ਦੇਣ ਦਾ ਪ੍ਰਣ ਕਰਨ। ਪਿੰਡ-ਪਿੰਡ ਅਜਿਹੇ ਮਤੇ ਪਾਏ ਜਾਣ ਕਿ ਜਿਸ ਪਿੰਡ ਵਿਚ ਨਸ਼ਾ ਵੰਡਣ ਦੀ ਭਿਣਕ ਮਿਲੀ, ਉਹ ਸਮੁੱਚਾ ਪਿੰਡ ਨਸ਼ਾ ਵੰਡਣ ਵਾਲੀ ਧਿਰ ਦਾ ਬਾਈਕਾਟ ਕਰੇਗੀ।

ਚੰਗਾ ਹੋਵੇ ਜੇ ਪੰਜਾਬ ਦੇ ਰਾਖਿਆਂ ਦੀ ਟੀਮ ਫੈਸਲਾ ਕਰਨ ਲਈ, ਪਿੰਡ ਦਾ ਇਕੱਠ ਗੁਰਦੁਆਰਾ ਸਾਹਿਬ 'ਚ ਹੀ ਕਰੇ ਤੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਪ੍ਰਣ ਲਿਆ ਜਾਵੇ। ਪੰਜਾਬ ਦੀ ਰਾਖ਼ੀ ਲਈ ਹੁਣ 2 ਮਹੀਨੇ ਪਹਿਰੇਦਾਰੀ ਕਰਨੀ ਅਤਿ ਜ਼ਰੂਰੀ ਹੈ। ਵੋਟ ਕਿਸਨੂੰ ਪਾਉਣੀ ਹੈ? ਅਸੀਂ ਇਹ ਫੈਸਲਾ ਤਾਂ ਸੂਝਵਾਨ ਪੰਜਾਬੀਆਂ ਜੁੰਮੇ ਹੀ ਛੱਡਦੇ ਹਾਂ, ਪ੍ਰੰਤੂ ਇਹ ਜ਼ਰੂਰ ਆਖਾਂਗੇ ਕਿ ਇਹ ਪ੍ਰਣ ਜ਼ਰੂਰ ਕਰਨਾ ਹੈ ਕਿ ਜਿਹੜੀਆਂ ਧਿਰਾਂ ਨਸ਼ਿਆਂ ਦੇ ਜ਼ੋਰ ਨਾਲ ਵੋਟਾਂ ਬਟੋਰਨੀਆਂ ਚਾਹੁੰਦੀਆਂ ਹਨ, ਉਨ੍ਹਾਂ ਨੂੰ ਹਰਾਇਆ ਹੀ ਨਾਂਹ ਜਾਵੇਂ ਸਗੋਂ ਭਜਾਇਆ ਵੀ ਜਾਵੇ। ''ਨਸ਼ੇ ਦੇ ਕਾਲੇ ਸੌਦਾਗਰੋ! ਪੰਜਾਬ ਦਾ ਖਹਿੜਾ ਛੱਡੋ, ਸਾਡੇ ਪਿੰਡ ਨਾ ਵੜਿਓ'', ਇਹ ਬੋਰਡ ਹਰ ਪਿੰਡ ਨੂੰ ਆਉਣ ਵਾਲੇ ਹਰ ਰਾਹ ਤੇ ਜ਼ਰੂਰ ਲਾ ਦਿੱਤੇ ਜਾਣੇ ਚਾਹੀਦੇ ਹਨ। ਪਿੰਡ-ਪਿੰਡ ਪੰਜਾਬ ਦੇ ਰਾਖਿਆਂ ਦੀਆਂ ਟੀਮਾਂ ਤਿਆਰ ਕੀਤੀਆਂ ਜਾਣ। ਉਨ੍ਹਾਂ ਦੀਆਂ ਫੋਟੋਆਂ ਅਤੇ ਨਸ਼ਿਆਂ ਦੇ ਸੌਦਾਗਰਾਂ ਤੋਂ ਪਿੰਡ ਦੀ ਰਾਖ਼ੀ ਲਈ ਕੀਤੀ ਘੇਰਾਬੰਦੀ ਦੀਆਂ ਖ਼ਬਰਾਂ ਪਹਿਰੇਦਾਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕਰੇਗਾ ਅਤੇ ਜਿੱਥੇ ਲੋੜ ਪਊਗੀ ਉਥੇ ਪੰਜਾਬ ਦੇ ਰਾਖਿਆਂ ਨਾਲ ਡੱਟਕੇ ਖੜੇਗਾ ਵੀ। ਅਸੀਂ ਚਾਹੁੰਦੇ ਹਾਂ ਕਿ ਇੰਨ੍ਹਾਂ ਲੋਕ ਸਭਾ ਚੋਣਾਂ 'ਚ ਪੰਜਾਬ ਦੀ ਨਸ਼ਿਆਂ ਤੋਂ ਰਾਖ਼ੀ ਦੀ ਲਹਿਰ ਜ਼ਰੂਰ ਚੱਲੇ ਤਾਂ ਕਿ ਉਹ ਧਿਰਾਂ ਜਿਹੜੀਆਂ ਪੰਜਾਬ ਨੂੰ ਲੁੱਟਕੇ, ਫ਼ਿਰ ਉਸੇ ਲੁੱਟ ਨਾਲ ਪੰਜਾਬ ਨੂੰ ਜਿੱਤਣ ਦੇ ਸੁਫ਼ਨੇ ਲੈਂਦੀਆਂ ਹਨ, ਉਹ ਇਹ ਸੁਫ਼ਨੇ ਦੇਖਣੇ ਛੱਡ ਦੇਣ ਅਤੇ ਸਮਝ ਜਾਣ ਕਿ ਹੁਣ ਪੰਜਾਬ ਦੇ ਰਾਖ਼ੇ ਜਾਗ ਪਏ ਹਨ।  ਇਸ ਲਈ ਪੰਜਾਬ ਨੂੰ ਲੁੱਟਣ, ਕੁੱਟਣ ਤੇ ਤਬਾਹ ਕਰਨ ਦਾ ਸਮਾਂ ਲੰਘ ਚੁੱਕਾ ਹੈ। ਪੰਜਾਬ ਜਾਗ ਪਿਆ ਹੈ, ਹੁਣ ਉਸਨੂੰ ਮਾਰਨਾ ਸੰਭਵ ਨਹੀਂ।

Editorial
Jaspal Singh Heran

International