ਬਾਦਲਕਿਆਂ ਨੇ ਸਿੱਖ ਪ੍ਰੰਪਰਾਵਾਂ ਤੇ ਮਰਿਆਦਾ ਦਾ ਕੀਤਾ ਇਕ ਹੋਰ ਘਾਣ

ਦਾੜ੍ਹੀ ਰੰਗਣ ਵਾਲੇ ਪਤਿਤ ਨੂੰ ਬਣਾਇਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ

ਨਵੀਂ ਦਿੱਲੀ 15 ਮਾਰਚ (ਏਜੰਸੀਆਂ) : ਸਿੱਖੀ, ਸਿੱਖ ਸਿਧਾਂਤਾਂ, ਸਿੱਖ ਪ੍ਰੰਪਰਾਵਾਂ ਤੇ ਸਿੱਖ ਮਰਿਆਦਾ ਦਾ ਭੋਗ ਪਾਉਣ ਲੱਗੇ ਬਾਦਲਕਿਆਂ ਨੇ ਤਿੰਨ ਫੁੱਟੀ ਕ੍ਰਿਪਾਨ ਤੇ ਖੁੱਲ੍ਹੇ ਦਾੜ੍ਹੇ ਦੇ ਭੋਗ ਤੋਂ ਬਾਅਦ ਦਾੜ੍ਹੀ ਰੰਗਣ ਨੂੰ ਖੁੱਲ੍ਹੀ ਪ੍ਰਵਾਨਗੀ ਦੇ ਦਿੱਤੀ ਹੈ। ਦਿੱਲੀ ਗੁਰਦੁਆਰਾ ਪ੍ਰੰਬਧਕ ਕਮੇਟੀ ਦਾ ਪ੍ਰਧਾਨ ਉਸ ਵੱਡੇ ਸ਼ਰਮਾਏਦਾਰ ਵਿਧਾਇਕ ਨੂੰ ਜਿਹੜਾ ਭਾਜਪਾ ਦਾ ਵਿਧਾਇਕ ਹੋਣ ਦੇ ਨਾਲ ਨਾਲ ਦਾੜ੍ਹੀ ਰੰਗਣ ਵਰਗੀ ਕੁਰਹਿਤ ਵੀ ਕਰਦਾ ਹੈ, ਨੂੰ ਥਾਪ ਦਿੱਤਾ ਹੈ। ਸੀਨੀਅਰ ਅਕਾਲੀ ਲੀਡਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਥਾਂ ਹੁਣ ਮਨਜਿੰਦਰ ਸਿੰਘ ਸਿਰਸਾ ਨੇ ਲੈ ਲਈ ਹੈ। ਅੱਜ ਦਿੱਲੀ ਗੁਰਦੁਆਰਾ ਕਮੇਟੀ ਦੀ ਕਾਰਜਕਾਰਨੀ ਦੀ ਚੋਣ ਹੋਈ ਤੇ ਸਿਰਸਾ ਨੂੰ ਪ੍ਰਧਾਨ ਚੁਣਿਆ ਗਿਆ ਹੈ। ਅਜਿਹੇ ਵਿੱਚ ਜੀਕੇ ਹਾਸ਼ੀਏ 'ਤੇ ਚਲੇ ਗਏ ਜਾਪਦੇ ਹਨ।

ਤਾਜ਼ਾ ਚੋਣਾਂ ਵਿੱਚ ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਧਾਨ, ਹਰਮੀਤ ਸਿੰਘ ਕਾਲਕਾ ਨੂੰ ਜਨਰਲ ਸਕੱਤਰ, ਕੁਲਵੰਤ ਸਿੰਘ ਬਾਠ ਨੂੰ ਮੀਤ ਪ੍ਰਧਾਨ ਚੁਣੇ ਗਏ ਹਨ। ਸੀਨੀਅਰ ਮੀਤ ਪ੍ਰਧਾਨ ਰਣਜੀਤ ਕੌਰ ਨੂੰ ਬਣਾਇਆ ਗਿਆ ਹੈ ਤੇ ਸੰਯੁਕਤ ਸਕੱਤਰ ਦਾ ਅਹੁਦਾ ਹਰਵਿੰਦਰ ਸਿੰਘ ਕੇਪੀ ਨੂੰ ਸੰਭਾਲਿਆ ਗਿਆ ਹੈ। ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸਨ। ਕਈ ਕਾਨੂੰਨੀ ਅੜਚਨਾਂ ਦੇ ਬਾਅਦ ਅੱਜ ਇਹ ਚੋਣਾਂ ਨੇਪਰੇ ਚੜ ਗਈਆਂ ਹਨ। ਪਿਛਲੇ ਸਾਲ ਦਸੰਬਰ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਣ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅਸਤੀਫਾ ਦੇ ਦਿੱਤਾ ਸੀ ਤੇ ਫਿਰ ਕਮੇਟੀ ਦੀ ਕਾਰਜਕਾਰਨੀ ਵੀ ਭੰਗ ਕਰ ਦਿੱਤੀ ਗਈ ਸੀ।

ਇਸ ਮਗਰੋਂ ਜੀਕੇ 'ਤੇ ਭ੍ਰਿਸ਼ਟਾਚਾਰ ਦਾ ਕੇਸ ਵੀ ਦਰਜ ਹੋ ਗਿਆ ਸੀ। ਜੀਕੇ ਦੇ ਵਿਰੋਧੀ ਸਰਨਾ ਧੜੇ ਦੇ ਸਿੱਖ ਆਗੂ ਗੁਰਮੀਤ ਸਿੰਘ ਸ਼ੰਟੀ ਨੇ ਸ਼ਿਕਾਇਤ ਕੀਤੀ ਸੀ, ਜਿਸ ਕਾਰਨ ਉਹ ਹੁਣ ਕਮੇਟੀ ਤੇ ਸਰਗਰਮ ਸਿੱਖ ਸਿਆਸਤ ਤੋਂ ਬਾਹਰ ਹੋ ਗਏ ਜਾਪਦੇ ਹਨ।

Unusual
Parkash Singh Badal
New Delhi
DGPC
Sikhs

International