ਹਰਿਆਣੇ ਦਾ ਪੰਜਾਬ ਨਾਲ ਇਕ ਧੱਕਾ ਇਹ ਵੀ...

ਪੰਜਾਬ ਦੇ ਕਿਸਾਨਾਂ ਤੇ ਹਰਿਆਣੇ 'ਚ ਫ਼ਸਲ ਲੈ ਕੇ ਜਾਣ ਤੇ ਪਾਬੰਦੀ

ਕੀ ਪੰਜਾਬ ਇਸ ਦੇਸ਼ ਦਾ ਹਿੱਸਾ ਨਹੀਂ ਹੈ, ਅਸੀਂ ਇਹ ਸੁਆਲ ਹਰਿਆਣਾ ਸਰਕਾਰ ਦੇ ਉਨ੍ਹਾਂ ਹੁਕਮਾਂ ਕਿ ਪੰਜਾਬ ਦਾ ਕਿਸਾਨ ਹਰਿਆਣੇ 'ਚ ਆਪਣੀ ਕੋਈ ਫ਼ਸਲ ਵੇਚ ਨਹੀਂ ਸਕਦਾ, ਦੀ ਰੋਸ਼ਨੀ 'ਚ ਕੀਤਾ ਹੈ। ਪੰਜਾਬ ਦੇ ਗੁਆਂਢੀ ਸੂਬਿਆਂ ਨੇ ਆਪੋ ਆਪਣੇ ਸੂਬਿਆਂ 'ਚ ਬਾਹਰਲੇ ਸੂਬਿਆਂ ਦੇ ਲੋਕਾਂ ਤੇ ਕੋਈ ਜ਼ਮੀਨ-ਜਾਇਦਾਦ ਖਰੀਦਣ ਤੇ ਵੀ ਪਾਬੰਦੀ ਲਾਈ ਹੋਈ ਹੈ। ਪਰ ਪੰਜਾਬ 'ਚ ਕੋਈ ਵੀ ਕਿਤੇ ਵੀ ਆ ਕੇ ਜ਼ਮੀਨ-ਜਾਇਦਾਦ ਖਰੀਦਕੇ ਪੰਜਾਬ ਦਾ ਪੱਕਾ ਹਿਸੇਦਾਰ ਬਣ ਬੈਠਦਾ ਹੈ। ਹਰਿਆਣਾ ਸਰਕਾਰ ਵੱਲੋਂ ਪੰਜਾਬ ਦੇ ਉਨ੍ਹਾਂ ਪਿੰਡਾਂ ਦੇ ਕਿਸਾਨਾਂ ਤੇ ਵੀ ਇਹ ਪਾਬੰਦੀ ਲਾ ਦਿੱਤੀ ਹੈ।  ਜਿੰਨ੍ਹਾਂ ਨੂੰ ਹਰਿਆਣੇ 'ਚ ਪੈਦੀ ਮੰਡੀ ਪੰਜਾਬ 'ਚ ਪੈਂਦੀ ਮੰਡੀ ਨਾਲੋਂ ਨੇੜੇ ਹੈ। ਗੱਲ ਕੀ ਹਰਿਆਣਾ ਪੰਜਾਬ ਲਈ ਦੇਸ਼ ਦਾ ਗੁਆਢੀ ਸੂਬਾ ਨਹੀਂ, ਵੱਖਰਾ ਦੇਸ਼ ਹੋ ਗਿਆ, ਜਿੱਥੇ ਵੀਜੇ ਤੋਂ ਬਿਨ੍ਹਾਂ ਜਾਇਆ ਹੀ ਨਹੀ ਜਾ ਸਕਦਾ।

ਪਹਿਲੀ ਗੱਲ ਪੰਜਾਬ ਸਰਕਾਰ ਨੂੰ ਇਸ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਅਤੇ ਇਹੋ ਜਿਹੀ ਸਥਿਤੀ ਨੂੰ ਹਰ ਹੀਲੇ ਰੋਕਿਆ ਜਾਣਾ ਬਣਦਾ ਹੈ ਜਿਸ ਸਥਿਤੀ ਕਾਰਣ, ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਦੀਆਂ ਮੰਡੀਆਂ ਵੱਲ ਮੂੰਹ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਜਦੋਂ ਉਨ੍ਹਾਂ ਦੀ ਫ਼ਸਲ ਨੂੰ ਪੰਜਾਬ 'ਚ ਚੰਗੀ ਤਰ੍ਹਾਂ ਸੰਭਾਲਿਆ ਜਾਂਦਾ ਹੋਵੇ ਤਾਂ ਉਨ੍ਹਾਂ ਨੂੰ ਬੇਇੱਜ਼ਤ ਹੋਕੇ, ਗੈਰਾਂ ਦੇ ਬੂਹੇ ਤੇ ਦਸਤਕ ਕਿਉਂ ਦੇਣੀ  ਪਵੇ? ਦੂਜਾ ਹਰਿਆਣੇ 'ਚ ਅਤੇ ਕੇਂਦਰ 'ਚ ਭਾਜਪਾ ਦੀ ਸਰਕਾਰ ਹੈ, ਜਿਸ 'ਚ ਬਾਦਲ ਦਲ ਭਾਈਵਾਲ ਹੈ, ਫ਼ਿਰ ਬਾਦਲ ਦਲ ਅਜਿਹੇ ਗ਼ਲਤ ਫੈਸਲਿਆਂ ਨੂੰ ਜਿਹੜੇ ਪੰਜਾਬ ਦੇ ਕਿਸਾਨਾਂ ਨੂੰ ਬੇਇੱਜਤ ਵੀ ਕਰਦੇ ਹਨ, ਖੱਜਲ ਵੀ ਕਰਦੇ ਹਨ, ਉਨ੍ਹਾਂ ਫੈਸਲਿਆਂ ਵਿਰੁੱਧ ਭਾਜਪਾ ਨੂੰ ਕਰੜੀ ਚੇਤਾਵਨੀ ਕਿਉਂ ਨਹੀਂ ਦਿੱਤੀ ਜਾਂਦੀ। ਜਦੋਂ ਹਰਿਆਣਾ ਜਾਂ ਕੇਂਦਰੀ ਸਰਕਾਰ,ਪੰਜਾਬ ਨਾਲ ਪੰਜਾਬ ਦੇ ਕਿਸਾਨਾਂ ਨਾਲ ਦੁਸ਼ਮਣਾਂ ਵਰਗਾ ਵਰਤਾਉ ਕਰਦੇ ਹਨ, ਬਾਦਲਕਿਆਂ ਦਾ ਭਾਜਪਾ ਨਾਲ ਫ਼ਿਰ ਵੀ ਨਹੁੰ ਮਾਸ ਦਾ ਰਿਸਤਾ ਕਿਉਂ ਨਹੀਂ ਟੁੱਟਦਾ?

ਬਾਦਲ ਦਲ ਨੂੰ ਭਾਵੇਂ ਇਹ ਯਾਦ ਕਰਵਾਉਣ ਦਾ ਬਹੁਤਾ ਲਾਹਾ ਨਹੀਂ ਕਿ ਉਹ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹਨ, ਇਸ ਲਈ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ। ਪ੍ਰੰਤੂ ਬਾਦਲਕਿਆਂ ਨੇ ਸਿੱਖੀ ਤੇ ਪੰਜਾਬ ਦੇ ਹਿੱਤਾਂ ਨੂੰ ਸਿਆਸੀ ਲਾਹੇ ਲਈ ਭਾਜਪਾਈਆਂ ਕੋਲ ਗਹਿਣੇ ਰੱਖਿਆ ਹੋਇਆ ਹੈ। ਇਸ ਲਈ ਉਨ੍ਹਾਂ ਨੂੰ ਪੰਜਾਬ ਨਾਂਲ ਹੁੰਦੇ ਧੱਕੇ ਦਾ ਕਦੇ ਅਹਿਸਾਸ ਹੀ ਨਹੀਂ ਹੁੰਦਾ। ਉਹ ਭਾਜਪਾ ਦੇ ਹਰ ਹੁਕਮ ਅੱਗੇ, ਸਿਰਫ਼ ਸਿਰ ਝਕਾਉਣਾ ਹੀ ਜਾਣਦੇ ਹਨ। ਇਸੇ ਕਾਰਣ ਹਰਿਆਣਾ ਵਰਗਾ ਸੂਬਾ, ਜਿਹੜਾ ਪੰਜਾਬ ਦੇ ਪਾਣੀਆਂ ਦੇ ਸਿਰ ਤੇ ਪਲ ਰਿਹਾ ਹੈ ਅਤੇ ਗੱਲੀਬਾਤੀ ਪੰਜਾਬ ਨੂੰ ਵੱਡਾ ਭਾਈ ਵੀ ਆਖਦਾ ਹੈ। ਹਮੇਸ਼ਾ ਪੰਜਾਬ ਨੂੰ ਨੀਵਾ ਵਿਖਾਉਣ ਦੀ ਕੋਸ਼ਿਸ ਕਰਦਾ ਹੈ। 1982 ਦੀਆਂ ਏਸ਼ੀਅਨ ਖੇਡਾਂ ਵੇਲੇ, ਹਰਿਆਣੇ ਲਈ ਪਾਣੀ ਦੇ ਮੁੱਦੇ ਤੇ ਲਾਂਘੇ ਬੰਦ ਕਰਨ ਦੀਆਂ ਧਮਕੀਆਂ ਦੇ ਕੇ, ਹਰਿਆਣਾ ਪੰਜਾਬ ਪ੍ਰਤੀ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰਦਾ ਰਹਿੰਦਾ ਹੈ। ਜਾਟ ਰਿਜਰਵੇਸ਼ਨ ਅੰਦੋਲਨ ਸਮੇਂ ਦਿੱਲੀ ਨੂੰ ਜਾਂਦੇ ਸ਼ਾਹ ਮਾਰਗ ਤੇ ਜੋ ਕੁਝ ਸਾਡੀਆਂ ਧੀਆਂ-ਭੈਣਾਂ ਨਾਲ ਵਾਪਰਿਆਂ ਉਸਨੂੰ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ।  ਪੰਜਾਬ ਦੇ ਵਾਸੀ ਤੇ ਪੰਜਾਬ ਦੇ ਹਾਕਮ ਆਖ਼ਰ ਕਦੋ ਹਿੱਕ ਥਾਪੜ ਕੇ ਇਹ ਕਹਿਣਗੇ ਕਿ ਪੰਜਾਬ ਸਿਰਫ਼ ਸਿੱਖਾਂ ਜਾਂ ਪੰਜਾਬੀਆਂ ਦਾ ਹੈ, ਕਿਸੇ ਨੂੰ ਇਸਤੇ ਹੱਕ ਜਮਾਉਣ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ। ਜੇ ਹਰਿਆਣੇ ਨੂੰ ਪਤਾ ਹੋਵੇ ਕਿ ਅਸੀਂ ਪੰਜਾਬੀ ਕਿਸਾਨਾਂ ਦੀਆਂ ਫ਼ਸਲਾਂ ਨੂੰ ਜਾਂ ਪੰਜਾਬੀਆਂ ਨੂੰ ਹਰਿਆਣੇ 'ਚੋ ਲਾਂਘੇ ਤੋਂ ਵਰਜਦੇ ਹਾਂ ਤਾਂ ਪੰਜਾਬ ਸਾਡੀ ਸ਼ਾਹਰਗ ਕੱਟ ਸਕਦਾ ਹੈ, ਭਾਵ ਪਾਣੀ ਰੋਕ ਸਕਦਾ ਹੈ, ਤਾਂ ਹਰਿਆਣੇ ਵਾਲੇ ਅਜਿਹਾ ਫੈਸਲਾ ਲੈਣ ਤੋਂ ਪਹਿਲਾ 100 ਵਾਰੀ ਸੋਚਣਗੇ।

ਪੰਜਾਬ ਵਿਰੁੱਧ ਕੋਈ ਐਲਾਨ ਕਰਨ ਸਮੇਂ ਉਨ੍ਹਾਂ ਦੀਆਂ ਲੱਤਾਂ ਕੰਬਣਗੀਆਂ। ਪ੍ਰੰਤੂ ਉਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਦਾ ਕੋਈ ਵਾਲੀ-ਵਾਰਿਸ ਹੀ ਨਹੀਂ, ਇਸ ਲਈ ਇਸ ਨੂੰ ਜਿਵੇਂ ਮਰਜ਼ੀ ਜਲੀਲ ਕਰੀ ਜਾਵੋ, ਕੋਈ ਫ਼ਰਕ ਨਹੀਂ ਪੈਣ ਲੱਗਾ। ਪੰਜਾਬ ਦੀ ਕੈਪਟਨ ਸਰਕਾਰ ਨੇ ਵੀ ਹਰਿਆਣਾ ਸਰਕਾਰ ਦੇ ਇਸ ਫੈਸਲੇ ਦਾ ਮੂੰਹ ਤੋੜਵਾ ਜਵਾਬ ਨਹੀਂ ਦਿੱਤਾ। ਉਦੋ ਤੱਕ ਪੰਜਾਬ ਇਸੇ ਤਰ੍ਹਾਂ ਜਲੀਲ ਹੁੰਦਾ ਰਹੇਗਾ। ਗੈਰਤਮੰਦ ਅਖਵਾਉਂਦੇ ਪੰਜਾਬੀ ਸਿਰ ਸੁੱਟਕੇ ਜਲਾਲਤ, ਬਰਦਾਸ਼ਤ ਕਰਦੇ ਰਹਿਣਗੇ। ਲੋੜ ਹੈ ਪੰਜਾਬ ਦੇ ਰਾਖਿਆਂ ਨੂੰ ਪੰਜਾਬ ਦੀ ਸੱਤਾ ਸੰਭਾਲੀ ਜਾਵੇ।

Unusual
PUNJAB
Haryana
farmer
Article

International