ਭਾਈ ਜਸਪਾਲ ਸਿੰਘ ਦੀ ਸ਼ਹੀਦੀ , ਪਰ ਕਾਤਲ...?

ਸਿੱਖ ਆਖ਼ਰ ਕਿਹੜੇ-ਕਿਹੜੇ ਜ਼ੋਰ-ਜਬਰ , ਜ਼ੁਲਮ -ਤਸ਼ੱਦਦ, ਵਿਤਕਰੇ, ਧੱਕੇਸ਼ਾਹੀ ਦਾ ਇਨਸਾਫ਼ ਮੰਗਦੇ ਰਹਿਣਗੇ। ਉਨ੍ਹਾਂ ਨੂੰ ਤਾਂ ਮੰਗਿਆ ਵੀ ਇਨਸਾਫ਼ ਨਹੀਂ ਮਿਲਦਾ, ਨਵੰਬਰ 1984 ਦੇ ਕਤਲੇਆਮ ਨੂੰ 35ਵਰ੍ਹੇ ਬੀਤੇ ਜਾਣ ਦੇ ਬਾਵਜੂਦ ਸਿੱਖਾਂ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਇਸੇ ਤਰ੍ਹਾਂ ਕੇਸਰੀ ਲਹਿਰ ਦੇ ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿਧਵਾਂ ਦੀ ਸ਼ਹੀਦੀ  ਨੂੰ ਵੀ ਅੱਜ 7 ਵਰ੍ਹੇ ਲੰਘ ਗਏ ਹਨ, ਪ੍ਰੰਤੂ ਇਨਸਾਫ਼ ਤਾਂ ਦੂਰ ਹਾਲੇ ਤੱਕ ਕਾਤਲ ਨਾਮਜ਼ਦ ਨਹੀਂ ਕੀਤੇ ਗਏ, ਇੱਥੋਂ ਤੱਕ ਕਿ ਉਸ ਸਮੇਂ ਦਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਖ਼ੁਦ ਇਨਸਾਫ਼ ਦਾ ਭਰੋਸਾ ਦੇ ਕੇ ਗਿਆ ਸੀ, ਪ੍ਰੰਤੂ ਬਾਦਲਾਂ ਦੀ ਸਰਕਾਰ ਨੇ 5 ਸਾਲ 'ਚ ਮਾਮਲੇ ਨੂੰ ਠੰਡੇ ਬਸਤੇ 'ਚ ਸੁੱਟੀ ਰੱਖਿਆ। ਹੁਣ ਉਹੋ ਕੁਝ ਕੈਪਟਨ ਸਰਕਾਰ ਕਰ ਰਹੀ ਹੈ।  ਪੰਜਾਬ ਵਿਚ ਚੱਲੀ 'ਕੇਸਰੀ ਲਹਿਰ' ਦੇ ਮੁੱਛ-ਫੁੱਟ ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿੱਧਵਾ ਦੀ 7 ਬਰਸੀ ਹੈ। ਉਸ ਨੌਜਵਾਨ ਸ਼ਹੀਦ ਨੂੰ ਜਿਸ ਨੇ 'ਕੇਸਰੀ ਲਹਿਰ' ਦੀ ਪ੍ਰਚੰਡਤਾ 'ਚ ਆਪਣਾ ਬਲੀਦਾਨ ਦਿੱਤਾ, ਜਿਥੇ ਅੱਜ ਅਸੀਂ ਉਸਦੀ ਸ਼ਹੀਦੀ ਨੂੰ ਨਤਮਸਤਕ ਹਾਂ, ਉਥੇ ਸ਼ਰਮਸ਼ਾਰ ਵੀ ਹਾਂ ਕਿ 7 ਸਾਲ ਲੰਘ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੂੰ ਭਾਈ ਜਸਪਾਲ ਸਿੰਘ ਦੇ ਕਾਤਲਾਂ ਦੀ ਸਨਾਖ਼ਤ ਕਰਕੇ ਉਨ੍ਹਾਂ ਨੂੰ ਇਸ ਕੇਸ 'ਚ ਨਾਮਜ਼ਦ ਤੱਕ ਨਹੀਂ ਕੀਤਾ, ਭਾਈ ਜਸਪਾਲ ਸਿੰਘ ਦੀ ਸ਼ਹੀਦੀ ਦਾ ਸੱਚ ਤੇ ਪੁਲਿਸ ਦੀ ਜ਼ਾਲਮਾਨਾ ਕਰਤੂਤ, ਸਾਰੀ ਦੁਨੀਆ ਨੇ 'ਯੂ-ਟਿਊਬ ਤੇ ਅੱਖੀ ਵੇਖੀ ਹੈ, ਉਸਦੇ ਬਾਵਜੂਦ ਜੇ ਪੁਲਿਸ ਨੇ ਹਾਲੇਂ ਤੱਕ ਦੋਸ਼ੀਆਂ ਦੀ ਸਨਾਖ਼ਤ ਹੀ ਨਹੀਂ ਕੀਤੀ ਤਾਂ ਇਸਦਾ ਸਾਫ਼-ਸਾਫ਼ ਅਰਥ ਹੈ ਕਿ ਸਰਕਾਰ ਤੇ ਪੁਲਿਸ, ਦੋਸ਼ੀਆਂ ਨੂੰ ਬਚਾਉਣ ਦੇ ਰਾਹ ਤੁਰੀ ਹੋਈ ਹੈ।

ਗੁਰਦਾਸਪੁਰ ਇਲਾਕੇ ਦੇ ਕੁਝ ਸਿਰ ਫਿਰੇ ਹਿੰਦੂ ਕੱਟੜ-ਪੰਥੀਆਂ ਨੇ ਜਾਣਬੁੱਝ ਕੇ ਕੇਸਰੀ ਲਹਿਰ ਨਾਲ ਟਕਰਾਅ ਪੈਦਾ ਕੀਤਾ, ਸਿੱਖਾਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਸਦਕਾ ਹੀ ਗੁਰਦਾਸਪੁਰ 'ਚ ਆਹਮੋ-ਸਾਹਮਣੇ ਟੱਕਰ ਹੋਈ, ਕਰਫਿਊ ਲੱਗਾ ਅਤੇ ਆਖ਼ਰ ਭਾਈ ਜਸਪਾਲ ਸਿੰਘ ਚੌੜ ਸਿਧਵਾਂ ਪੁਲਿਸ ਗੋਲੀ ਦਾ ਸ਼ਿਕਾਰ ਹੋ ਗਿਆ। ਪੁਲਿਸ ਨੇ ਜਿਸ ਤਰ੍ਹਾਂ ਪਿੱਛਾ ਕਰਕੇ ਭੱਜੇ ਜਾਂਦੇ ਸਿੱਖ ਮੁਜ਼ਹਾਰਾਕਾਰੀਆਂ ਤੇ ਡਾਂਗ ਵਰ੍ਹਾਈ, ਗੋਲੀ ਚਲਾਈ, ਇਸ ਦੀ ਵੀਡੀਓ ਫ਼ਿਲਮ, ਉਸੇ ਦਿਨ ਯੂ-ਟਿਊਬ ਤੇ ਪਾ ਦਿੱਤੀ ਗਈ ਸੀ ਅਤੇ ਸਮੁੱਚੀ ਦੁਨੀਆ ਨੇ ਪੰਜਾਬ ਪੁਲਿਸ ਦੀ ਇਸ ਵਹਿਸ਼ੀਆਨਾ ਕਾਰਵਾਈ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਸਿੱਖ ਸੰਗਤਾਂ 'ਚ ਇਸ ਜ਼ੁਲਮ ਵਿਰੁੱਧ ਰੋਹ ਜਾਗਣਾ ਸੁਭਾਵਿਕ ਸੀ ਅਤੇ ਉਸ ਰੋਹ ਨੂੰ ਸ਼ਾਂਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਖ਼ੁਦ ਦਖ਼ਲ ਦਿੱਤਾ ਅਤੇ ਉਨ੍ਹਾਂ ਦੀ ਦਿੱਤੀ ਧਮਕੀ ਅੱਗੇ, ਸਰਕਾਰ ਉਸ ਸਮੇਂ ਝੁਕ ਵੀ ਗਈ ਸੀ। ਸਮਾਂ ਲੰਘਣ ਅਤੇ ਸਥਿਤੀ ਦੇ ਸਾਂਤ ਹੋਣ ਉਪਰੰਤ ਸਰਕਾਰ ਆਪਣਾ ਫਰਜ਼ ਤੇ ਵਾਅਦਾ ਦੋਵੇਂ ਭੁੱਲ ਗਈ। ਜਿਹੜੇ ਦੋਸ਼ੀਆਂ ਦਾ ਚਿਹਰਾ ਪੂਰੀ ਤਰ੍ਹਾਂ ਸਾਫ਼ ਹੈ ਅਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਫਿਰਕੂ, ਭਾਂਬੜ ਲਾਉਣ ਵਾਲਿਆਂ ਬਾਰੇ ਸਰਕਾਰ ਤੇ ਪੁਲਿਸ ਸਭ ਕੁਝ ਜਾਣਦੀ ਹੈ, ਪ੍ਰੰਤੂ ਦੇਸ਼ ਦੀ ਬਹੁਗਿਣਤੀ ਦੀ ਖੁਸ਼ੀ ਲਈ, ਭਗਵਿਆਂ ਦੇ ਥੱਲੇ ਲੱਗੀ ਪੰਜਾਬ ਸਰਕਾਰ, ਸਿੱਖਾਂ ਨੂੰ ਇਨਸਾਫ਼ ਦੇਣ ਤੋਂ ਟਾਲਾ ਵੱਟ ਗਈ।

ਇਕ ਪਾਸੇ ਅਸੀਂ ਕੇਂਦਰ ਸਰਕਾਰ ਤੇ 1984 ਦੀ ਸਿੱਖ ਨਸਲਕੁਸ਼ੀ ਦਾ 35 ਸਾਲ ਲੰਘ ਜਾਣ ਦੇ ਬਾਵਜੂਦ ਇਨਸਾਫ਼ ਨਾ ਦੇਣ ਦਾ ਦੋਸ਼ ਲਾਉਂਦੇ ਹਾਂ, ਦੂਜੇ ਪਾਸੇ ਸੌਦਾ ਸਾਧ ਦੇ ਮਾਮਲੇ ਤੋਂ ਲੈ ਕੇ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਤੱਕ ਸਿੱਖ ਕੌਮ ਦੀ ਝੋਲੀ ਇਨਸਾਫ਼ ਪਾਉਣ ਲਈ ਰੰਚਕ ਮਾਤਰ ਵੀ ਤਿਆਰ ਨਹੀਂ ਹਾਂ, ਸਿੱਖਾਂ ਲਈ ਫਿਰ ਦਿੱਲੀ ਤੇ ਚੰਡੀਗੜ੍ਹ ਦੀ ਸਰਕਾਰ 'ਚ ਕਿੰਨਾ ਕੁ ਫ਼ਰਕ ਸਮਝਿਆ ਜਾਵੇ?  ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਉਨ੍ਹਾਂ ਦੀ ਸ਼ਹੀਦੀ, ਕੌਮ ਸਿਰ ਚੜ੍ਹਿਆ ਉਹ ਕਰਜ਼ ਹੁੰਦਾ ਹੈ, ਜਿਸਦੀ ਵਿਆਜ ਸ਼ਹੀਦੀ ਦੇ ਮਿਸ਼ਨ ਦੀ ਪ੍ਰਾਪਤੀ ਲਈ ਯੋਗਦਾਨ ਪਾ ਕੇ ਹੀ ਉਤਾਰੀ ਜਾ ਸਕਦੀ ਹੈ। ਸ਼ਹੀਦ ਜਸਪਾਲ ਸਿੰਘ ਦਾ ਮਿਸ਼ਨ, ਜਿਹੜਾ ਕੌਮ ਦੀ ਚੜ੍ਹਦੀ ਕਲਾ ਦਾ ਮਿਸ਼ਨ ਸੀ, ਉਸਦੀ ਪੂਰਤੀ ਅਤੇ ਉਸਦੇ 'ਕਾਤਲਾਂ' ਨੂੰ ਸਜ਼ਾਵਾਂ ਦਿਵਾਉਣਾ ਕੌਮ ਦੀ ਜੁੰਮੇਵਾਰੀ ਵੀ ਹੈ ਅਤੇ ਫਰਜ਼ ਵੀ ਹੈ, 7 ਸਾਲ ਦਾ ਸਮਾਂ ਥੋੜ੍ਹਾ ਨਹੀਂ ਹੁੰਦਾ, ਆਖ਼ਰ ਕੀ ਕਾਰਣ ਹੈ ਕਿ ਕਾਤਲ ਐਨੇ ਲੰਬੇ ਸਮੇਂ 'ਚ ਨਾਮਜ਼ਦ ਹੀ ਨਹੀਂ ਕੀਤੇ ਗਏ। ਇਹ ਕੌਮ ਨਾਲ ਸਿੱਧਾ-ਸਿੱਧਾ ਧੱਕਾ, ਬੇਇਨਸਾਫ਼ੀ ਤੇ ਵਿਤਕਰੇਬਾਜ਼ੀ ਹੈ, ਅੱਜ ਕੌਮ ਕੇਂਦਰ ਦੀ ਸਿੱਖਾਂ ਨਾਲ ਧੱਕੇਸ਼ਾਹੀ ਵਿਰੁੱਧ ਜੰਗ ਲੜ੍ਹ ਰਹੀ ਹੈ, ਉਹ ਪੰਜਾਬ ਸਰਕਾਰ ਨੂੰ ਵੀ ਚਿਤਾਵਨੀ ਦੇਵੇ ਕਿ ਅਸੀਂ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਨੂੰ ਇਸ ਤਰ੍ਹਾਂ ਰੋਲ੍ਹਣ ਦੀ ਆਗਿਆ ਨਹੀਂ ਦੇਵਾਂਗੇ ਅਤੇ ਬਰਸੀ ਸਮਾਗਮਾਂ ਤੇ ਇਸ ਸਬੰਧੀ ਸਮਾਂ-ਸੀਮਾ ਮਿੱਥ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਵੇ ਅਤੇ ਇਹ ਚਿਤਾਵਨੀ ਸਿਰਫ਼ ਸਟੇਜੀ ਭਾਸ਼ਣਾਂ ਤੱਕ ਹੀ ਸੀਮਤ ਨਾ ਰਹੇ। ਅੱਜ ਸਮਾਂ ਆ ਗਿਆ ਕਿ ਅਸੀਂ ਸਰਕਾਰਾਂ ਦੇ ਸਿੱਖਾਂ ਪ੍ਰਤੀ ਦੋ-ਮੂੰਹੇ ਚਿਹਰੇ ਨੂੰ ਨੰਗਾ ਕਰਨ ਲਈ ਦ੍ਰਿੜਤਾ ਨਾਲ ਲੜਾਈ ਲੜ੍ਹੀਏ।

Article

International