ਅੱਜ ਦੇ ਦਿਨ ਦਾ ਸੁਨੇਹਾ...

ਜੇ ਕੋਈ ਕੌਮ ਇਤਿਹਾਸ ਤੋਂ ਅਗਵਾਈ ਲੈਣੀ ਚਾਹੇ ਤੇ ਕੁੱਝ ਸਿੱਖਣਾ ਚਾਹੇ ਤਾਂ ਉਹ ਬਹੁਤ ਕੁੱਝ ਪ੍ਰਾਪਤ ਕਰ ਸਕਦੀ ਹੈ। ਇਤਿਹਾਸ ਤੋਂ ਅਗਵਾਈ ਲੈਣ ਵਾਲੀਆਂ ਕੌਮਾਂ ਨੇ ਹਮੇਸ਼ਾਂ ਬੁਲੰਦੀਆਂ ਨੂੰ ਛੂਹਿਆ ਹੈ, ਦੂਜੇ ਪਾਸੇ ਜਿਹੜੀ ਕੌਮ ਅਪਣੇ ਇਤਿਹਾਸ ਨੂੰ, ਆਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ, ਉਹ ਇੱਕ ਨਾ ਇੱਕ ਦਿਨ ਖ਼ੁਦ ਇਤਿਹਾਸ ਤੋਂ ਮਨਫ਼ੀ ਹੋ ਜਾਂਦੀ ਹੈ। ਭੁੱਲੀ- ਵਿਸਰੀ ਬਣ ਜਾਂਦੀ ਹੈ। ਇਹੋ ਕਾਰਨ ਹੈ ਕਿ ਪਹਿਰੇਦਾਰ ਹਰ ਚੜ੍ਹਦੇ ਸੂਰਜ ਇਤਿਹਾਸ ਦੇ ਪੰਨਿਆਂ ਦਾ ਜ਼ਿਕਰ ਵਰਤਮਾਨ ਦੇ ਸੰਦਰਭ 'ਚ ਕਰਦਾ ਹੈ। ਅੱਜ ਕੌਮ 'ਚ ਚੌਧਰ ਦੀ ਭੁੱਖ, ਲੋਭ- ਲਾਲਸਾ ਦੀ ਭੁੱਖ, ਕੌਮ ਵਿੱਚ ਵੱਡੇ ਨਿਘਾਰ ਦਾ ਕਾਰਨ ਬਣ ਚੁੱਕੀ ਹੈ। ਛੋਟੀ- ਛੋਟੀ ਚੌਧਰ ਲਈ ਆਪਣਾ ਦੀਨ- ਇਮਾਨ ਦਾਅ ਤੇ ਲਾਅ ਦਿੱਤਾ ਜਾਂਦਾ ਹੈ, ਨਿੱਕੀ- ਨਿੱਕੀ ਚੌਧਰ ਲਈ ਕੌਮ ਵਿੱਚ ਕਾਟੋ ਕਲੇਸ਼ ਹੁੰਦਾ ਹੈ। ਪ੍ਰੰਤੂ ਅੱਜ ਦਾ ਇਤਿਹਾਸ ਦੱਸਦਾ ਹੈ ਕਿ ਪੁਰਾਤਨ ਸਿੱਖ ਲਈ ਚੌਧਰ, ਕੋਈ ਖਿੱਚ, ਕੋਈ ਅਰਥ ਨਹੀਂ ਰੱਖਦੀ ਸੀ। ਉਹਨਾਂ ਲਈ ਸੇਵਾ ਸਭ ਤੋਂ ਮਹਾਨ ਸੀ। 1726 ਤੋਂ ਲੈ ਕੇ 1745 ਈਸਵੀ ਤੱਕ ਜਾਬਰ ਰਾਜਾ ਜ਼ਕਰੀਆ ਖਾਨ ਪੰਜਾਬ ਦਾ ਹਾਕਮ ਸੀ। ਉਸਨੇ ਸਿੱਖਾਂ ਤੇ ਜ਼ੋਰ-ਜ਼ਬਰ, ਜੁਲਮ ਤਸ਼ੱਦਦ ਦਾ ਸਖ਼ਤ ਤੋਂ ਸਖ਼ਤ ਦੌਰ ਚਲ ਕੇ ਵੇਖ ਲਿਆ। ਆਖ਼ਰ ਉਸ ਨੂੰ ਅਹਿਸਾਸ ਹੋ ਗਿਆ ਕਿ ਤਾਕਤ ਦੇ ਜ਼ੋਰ ਨਾਲ ਸਿੱਖ ਕਾਬੂ ਆਉਣ ਵਾਲੇ ਨਹੀਂ।

ਅੱਜ ਦੇ ਦਿਨ ਭਾਵ 29 ਮਾਰਚ 1733 ਨੂੰ ਜ਼ਕਰੀਆ ਖਾਨ ਨੇ ਸ. ਸੁਬੇਗ ਸਿੰਘ ਨੂੰ ਤਿੰਨ ਪੇਸ਼ਕਸ਼ਾਂ ਦੇ ਕੇ ਭੇਜਿਆ ਤਾਂ ਕਿ ਸਿੱਖ ਉਸ ਨਾਲ ਸਮਝੌਤਾ ਕਰ ਲੈਣ। ਸਮਝੌਤੇ ਦੀ ਪਹਿਲੀ ਮੱਦ 'ਚ ਸਿੱਖਾਂ ਤੋਂ ਹਰ ਤਰ੍ਹਾਂ ਦੀ ਪਾਬੰਦੀ ਹਟਾਉਣਾ, ਉਹਨਾਂ ਨੂੰ ਜਗੀਰ ਦੇਣੀ ਅਤੇ ਉਹਨਾਂ ਦੇ ਆਗੂ ਨੂੰ ਨਵਾਬ ਦੀ ਪੱਦਵੀ ਨਾਲ ਨਿਵਾਜਣਾ ਵੀ ਸ਼ਾਮਲ ਸੀ। ਸਿੰਘਾਂ ਨੇ ਲੰਬੀ- ਚੌੜੀ ਸੋਚ-ਵਿਚਾਰ ਤੋਂ ਬਾਅਦ ਜ਼ਕਰੀਆ ਖਾਨ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰਨ ਦਾ ਫੈਸਲਾ ਤਾਂ ਕਰ ਲਿਆ, ਪ੍ਰੰਤੂ ਨਵਾਬ ਕੌਣ ਬਣੇਗਾ?  ਇਹ ਫੈਸਲਾ ਇਸ ਕਾਰਨ ਨਹੀਂ ਹੋ ਰਿਹਾ ਸੀ ਕਿ ਕੋਈ ਵੀ ਸਿੱਖ ਆਗੂ ਨਵਾਬੀ ਲੈਣ ਲਈ ਰਾਜ਼ੀ ਨਹੀ ਸੀ ਹੋ ਰਿਹਾ। ਸਿੱਖਾਂ ਦੇ ਵਿਹੜੇ ਵਿੱਚ ਨਵਾਬੀ ਨੂੰ ਠੋਕਰਾਂ ਵੱਜ ਰਹੀਆਂ ਸਨ। ਆਖ਼ਰ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਕਪੂਰ ਸਿੰਘ ਨੂੰ ਕੌਮ ਵੱਲੋਂ ਨਵਾਬੀ ਲੈਣ ਦਾ ਹੁਕਮ ਸੁਣਾ ਦਿੱਤਾ। ਪ੍ਰੰਤੂ ਕਪੂਰ ਸਿੰਘ ਵੀ ਨਵਾਬ ਕਪੂਰ ਸਿੰਘ ਇਸ ਸ਼ਰਤ ਤੇ ਬਣਿਆ ਕਿ ਉਹ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਨੂੰ ਇਵੇਂ ਹੀ ਨਿਰੰਤਰ ਨਿਭਾਉਂਦਾ ਰਹੇਗਾ। ਕੌਮ ਦੇ ਕਿਰਦਾਰ ਵਿੱਚ ਕਿੰਨਾ ਵੱਡਾ ਫ਼ਰਕ ਆ ਗਿਆ ਹੈ। ਕਿਥੇ ਨਵਾਬੀ ਨੂੰ ਠੋਕਰਾਂ ਅਤੇ ਕਿਥੇ ਨਿੱਕੀ ਨਿੱਕੀ ਚੌਧਰ ਲਈ ਸਿੱਖੀ ਨੂੰ ਠੋਕਰਾਂ। ਭਗਵਾਂ ਬ੍ਰਿਗੇਡ ਸਿੱਖੀ ਦੀ ਹੋਂਦ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਸਿੱਖ ਆਗੂ ਕਤਾਰਾਂ ਬੰਨ੍ਹ ਕੇ ਖੜ੍ਹੇ ਹਨ ਕਿ ਇਹ ਸੇਵਾ ਸਾਨੂੰ ਦਿਓ। ਕਾਂਗਰਸ ਸਿੱਖਾਂ ਦਾ ਘਾਣ ਕਰਨਾ ਚਾਹੁੰਦੀ ਹੈ, ਸਿੱਖ ਆਗੂਆਂ ਲੰਬੀ ਲਾਈਨ ਸਿੱਖ ਨੌਜਵਾਨਾਂ ਦੇ ਖੂਨ ਨਾਲ ਹੱਥ ਰੰਗਣ ਲਈ ਲੰਬੀ ਲਾਈਨ ਲਾਈ ਖੜ੍ਹੇ ਹਨ।

ਆਪ ਵਾਲੇ ਪੰਜਾਬ 'ਚ ਦਸਤਾਰ ਦੀ ਥਾਂ ਟੋਪੀ ਤੇ ਕ੍ਰਿਪਾਨ ਦੀ ਥਾਂ ਝਾੜੂ ਫੜਾਉਣਾ ਚਾਹੁੰਦੇ ਹਨ ਤਾਂ ਵੀ ਸਿੱਖ ਆਗੂਆਂ ਦੀ ਕੋਈ ਘਾਟ ਨਹੀਂ। ਆਪਦਿਆਂ ਨੂੰ ਮਰਵਾਉਣ ਲਈ ਪੰਥਕ ਮਖੌਟੇ ਵਾਲੇ  ਕੌਮ ਦੇ ਗੱਦਾਰਾਂ ਦੀ ਸੂਚੀ ਵੀ ਘੱਟ ਲੰਬੀ ਨਹੀਂ ਹੈ। ਤਿਆਗ ਦਾ ਤਿਆਗ, ਲਾਲਸਾ ਦੀ ਗੁਲਾਮੀ, ਕੌਮ ਦੇ ਚਰਿੱਤਰ ਦਾ ਹਿੱਸਾ ਨਹੀਂ ਸੀ। ਪ੍ਰੰਤੂ ਅੱਜ ਕੌਮ ਦਾ ਚਰਿੱਤਰ ਹੀ ਸ਼ਾਇਦ ਇਹੋ ਜਿਹਾ ਰਹਿ ਗਿਆ ਹੈ। ਇਸੇ ਲਾਲਸਾ ਨੇ ਸਿੱਖਾਂ 'ਚ ਭਰਾ- ਮਾਰੂ ਜੰਗ ਨੂੰ ਤੇਜ਼ ਕੀਤਾ ਹੈ। ਹਰ ਕੋਈ ਆਪਣੀ ਦੁਕਾਨਦਾਰੀ ਚਮਕਾਉਣ ਲਈ ਕਾਹਲਾ ਹੈ। ਸਿੱਖੀ ਸਿਧਾਂਤ ਜਾਣ ਢੱਠੇ ਖੂਹ 'ਚ ਕਿਸੇ ਨੂੰ ਕੀ ਪ੍ਰਵਾਹ ਹੈ। ਗੁਰੂ ਸਾਹਿਬ ਨੇ “ਕਿਰਤ ਕਰੋ, ਨਾਮ ਜਪੋ, ਵੰਡ ਛੱਕੋ” ਅਤੇ ਸੇਵਾ-ਸਿਮਰਨ ਨੂੰ ਹਰ ਸਿੱਖ ਦੀ ਜੀਵਨ ਜਾਂਚ ਬਣਾਇਆ ਸੀ। ਦੁਨੀਆ ਦੇ ਪਦਾਰਥ ਤੇ ਪਦਵੀਆਂ ਸੱਚੇ ਸਿੱਖ ਦੀ ਗੁਲਾਮੀ 'ਚ ਹੁੰਦੇ ਹਨ, ਉਸ ਦਾ ਨਾਮ ਤੇ ਮਾਣ ਬਹੁਤ ਉਚਾ ਹੋ ਜਾਂਦਾ ਹੈ। ਲੋਭੀ- ਲਾਲਸੀਆਂ ਦੀ ਖੇਡ ਚੰਦ ਦਿਨਾਂ ਦੀ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਗੱਦਾਰਾਂ ਦੀ ਲਾਇਨ ਵਿੱਚ ਖੜ੍ਹਾ ਕਰ ਦਿੱਤਾ ਜਾਂਦਾ ਹੈ, ਜਿਥੇ ਸਦੀਵੀਂ ਰੂਪ ਵਿੱਚ ਉਨ੍ਹਾਂ ਦੇ ਬਦਸਲੂਕੀ ਦੀਆਂ ਜੁੱਤੀਆਂ ਪੈਦੀਆਂ ਰਹਿੰਦੀਆਂ ਹਨ। ਅਸੀਂ ਕੌਮ ਦੇ ਆਗੂਆਂ ਨੂੰ ਅੱਜ ਦੇ ਦਿਨ ਭਾਈ ਕਪੂਰ ਸਿੰਘ ਤੇ ਉਸਦੇ ਸਾਥੀ ਸਿੰਘਾਂ ਦੇ ਮਹਾਨ ਉੱਚੇ- ਸੁੱਚੇ ਤਿਆਗੀ ਕਿਰਦਾਰ ਨੂੰ ਇੱਕ ਵਾਰ ਯਾਦ ਕਰਨ ਦੀ ਅਪੀਲ ਜ਼ਰੂਰ ਕਰਾਂਗੇ। 

Article
Editorial
Jaspal Singh Heran

International