ਦਸਤਾਰ ਸਜਾਓ...

ਜਸਪਾਲ ਸਿੰਘ ਹੇਰਾਂ
'ਸਿੰਘ ਇੰਜ਼ ਕਿੰਗ' ਸੁਣ ਕੇ ਹਰ ਸਿੱਖ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਅਤੇ ਉਹ ਆਪਣੇ ਆਪ ਨੂੰ ਇਸ ਧਰਤੀ ਦੇ ਸਰਬੋਤਮ ਮਨੁੱਖਾਂ ਦੀ ਕਤਾਰ 'ਚ ਅੱਗੇ ਖੜ੍ਹਾ ਮਹਿਸੂਸ ਕਰਦਾ ਹੈ, ਪ੍ਰੰਤੂ ਅਸੀਂ ਕਦੇ ਇਹ ਸੋਚਣ ਦੀ ਸ਼ਾਇਦ ਲੋੜ ਹੀ ਨਹੀਂ ਸਮਝੀ ਕਿ ਕੀ ਅਸੀਂ ਹੁਣ ਇਸ ਵਾਕ ਦੇ ਯੋਗ ਰਹਿ ਗਏ ਹਾਂ ਜਾਂ ਨਹੀਂ? ਤਖ਼ਤ ਤੇ ਤਾਜ਼ ਤੋਂ ਬਿਨਾਂ 'ਕਿੰਗ' ਨਹੀਂ ਹੁੰਦਾ ਅਤੇ ਕੇਸਾਂ ਤੇ ਦਸਤਾਰ ਤੋਂ ਬਿਨਾਂ ਸਿੰਘ ਨਹੀਂ ਹੁੰਦਾ। ਕੌਮ ਅਗਲੇ ਹਫ਼ਤੇ ਖਾਲਸੇ ਦਾ ਸਾਜਨਾ ਦਿਵਸ ਮਨਾਉਣ ਜਾ ਰਹੀ ਹੈ, 13 ਅਪ੍ਰੈਲ ਨੂੰ 'ਦਸਤਾਰ ਦਿਵਸ' ਵਜੋਂ ਵੀ ਮਨਾਇਆ ਜਾਣ ਲੱਗਾ ਹੈ, ਇਸ ਲਈ 'ਦਸਤਾਰ' ਬਾਰੇ ਆਪਣੇ ਮਨ ਦੇ ਦਰਦ ਨੂੰ ਕੌਮ ਨਾਲ ਸਾਂਝਾ ਕਰ ਰਹੇ ਹਾਂ। ਤਾਜ਼ਾ ਸਰਵੇਖਣ ਅਨੁਸਾਰ ਮਾਲਵੇ ਖੇਤਰ 'ਚ ਕੇਸ ਕਤਲ ਕਰਵਾਉਣ ਤੇ ਦਸਤਾਰ ਨੂੰ ਅਲਵਿਦਾ ਆਖ਼ ਕੇ ਨੱਤੀਆਂ ਜਾਂ ਟੋਪੀ ਪਾ ਕੇ ਸਿੱਖ ਤੋਂ 'ਮਾਡਰਨ ਮਜਨੂੰ' ਬਣਨ ਵਾਲਿਆਂ ਦੀ ਗਿਣਤੀ 68 ਫੀਸਦੀ ਤੋਂ ਵੱਧ ਹੈ, ਇਸ ਤੋਂ ਮਾੜਾ ਹਾਲ ਦੁਆਬੇ ਦਾ ਹੈ, ਮਾਝੇ 'ਚ ਇਹ ਫੀਸਦੀ ਜ਼ਰੂਰ 50 ਫੀਸਦੀ ਤੋਂ ਹਾਲੇਂ ਘੱਟ ਹੈ। ਜਿਸ 'ਸਿਰਦਾਰੀ' ਲਈ ਦਸਮੇਸ਼ ਪਿਤਾ ਨੇ ਆਪਣਾ ਸਰਬੰਸ ਕੁਰਬਾਨ ਕਰ ਦਿੱਤਾ, ਪੰਜ ਤੇ ਸੱਤ ਸਾਲ ਦੇ ਮਾਸੂਮ ਸ਼ਾਹਿਬਜ਼ਾਦਿਆਂ ਨੂੰ ਨੀਂਹਾਂ 'ਚ ਚਿਣਿਆ ਜਾਣਾ ਮੰਨਜ਼ੂਰ ਕਰ ਲਿਆ, ਭਾਈ ਤਾਰੂ ਸਿੰਘ ਨੇ ਖੋਪਰੀ ਲੁਹਾ ਦਿੱਤੀ, ਉਸ 'ਸਿਰਦਾਰੀ ਨੂੰ ਜੇ ਸਾਡੀ ਨਵੀਂ ਪੀੜ੍ਹੀ 'ਨਾਈਆ' ਦੀਆਂ ਦੁਕਾਨਾਂ ਤੇ ਰੋਲ ਰਹੀ ਹੈ ਤਾਂ ਇਸ ਲਈ ਜਿੰਮੇਵਾਰ ਕੌਣ ਹੈ? ਕਲਗੀਧਰ ਪਿਤਾ ਨੇ ਸਿੱਖਾਂ 'ਚ ਗੁਲਾਮੀ ਦੀ ਜ਼ਹਿਨੀਅਤ ਨੂੰ ਸਦਾ ਸਦਾ ਲਈ ਖ਼ਤਮ ਕਰਨ ਲਈ ਉਨ੍ਹਾਂ ਨੂੰ ਇੱਜ਼ਤ ਦੀ ਇਹ ਸੱਭ ਤੋਂ ਵੱਡੀ ਦਾਤ 'ਸਿਰਦਾਰੀ' ਬਖ਼ਸੀ ਸੀ। ਪ੍ਰੰਤੂ ਜੇ ਅਸੀਂ ਇਸ 'ਦਾਤ' ਨੂੰ ਗੁਆ ਰਹੇ ਹਾਂ ਤਾਂ ਇਸ ਤੋਂ ਸਾਫ਼ ਹੈ ਕਿ ਸਾਡੇ 'ਚ ਗੁਲਾਮ ਜ਼ਹਿਨੀਅਤ ਭਾਰੂ ਹੈ। ਅਸੀਂ ਅੱਜ ਵੀ ਗੁਲਾਮ ਹਾਂ, ਦਾਸ ਹਾਂ। ਫ਼ਿਰ ਗੁਲਾਮ ਤੇ ਸਿੱਖ ਇਕੱਠੇ ਨਹੀਂ ਹੋ ਸਕਦੇ। ਦਸਤਾਰ ਸਿੱਖੀ ਦੀ ਇੱਜ਼ਤ ਤੇ ਅਣਖ਼ ਦੀ ਪ੍ਰਤੀਕ ਹੈ।

ਸਾਡੇ ਸਮਾਜ 'ਚ ਦਸਤਾਰ ਜਾਂ ਪੱਗ ਨੂੰ ਹੱਥ ਪਾਉਣ, ਪੱਗ ਲਾਹੁਣ, ਪੱਗ ਰੋਲਣ, ਪੱਗ ਪੈਰੀ ਰੱਖਣ ਤੋਂ ਵੱਡੀ ਹੋਰ ਬੇਇੱਜ਼ਤੀ ਨਹੀਂ। ਹਰ ਪਰਿਵਾਰ ਦਾ ਵੱਡਾ ਆਪਣੇ ਸਮੁੱਚੇ ਪਰਿਵਾਰ ਨੂੰ ਕਦੇ ਵਾਰ ਵਾਰ ਇਹ ਚਿਤਾਵਨੀ ਦਿੰਦਾ ਹੁੰਦਾ ਸੀ, ''ਦੇਖੀ''! ਪੱਗ ਨੂੰ ਦਾਗ ਨਾ ਲੱਗਣ ਦੇਈ।'' ਅੱਜ ਜਦੋਂ ਸਿੱਖ ਮੁੰਡਿਆਂ 'ਚ ਪੱਗ ਅਤੇ ਕੇਸਾਂ ਦੀ ਮਹੱਤਤਾ ਦਾ ਗਿਆਨ ਹੀ ਉੱਡ-ਪੁੱਡ ਗਿਆ ਹੈ। ਉਸ ਸਮੇਂ ਕੌਮ ਨੂੰ ਹੁਣ 'ਦਸਤਾਰ ਦਿਵਸ' ਮਨਾ ਕੇ ਨਵੀ ਪੀੜ੍ਹੀ ਨੂੰ ਦਸਤਾਰ ਦੀ ਯਾਦ ਕਰਵਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸਾਡੇ ਆਗੂ ਜਿਨ੍ਹਾਂ 'ਚ ਸਿਆਸੀ ਤੇ ਧਾਰਮਿਕ ਦੋਵਾਂ ਤਰ੍ਹਾਂ ਦੇ ਆਗੂ ਹਨ, ਉਨ੍ਹਾਂ ਦੇ ਚਰਿੱਤਰ 'ਚ ਆਈ ਗਿਰਾਵਟ ਤੇ ਕਹਿਣੀ ਤੇ ਕਰਨੀ 'ਚ ਆਏ ਵੱਡੇ ਫ਼ਰਕ ਨੇ, ਸਿੱਖੀ ਭਾਵਨਾ ਨੂੰ ਵੱਡੀ ਠੇਸ ਲਾਈ ਹੈ। ਆਪਣੇ ਸੁਆਰਥ ਲਈ ਗ੍ਰੰਥ ਤੇ ਪੰਥ ਦੋਵਾਂ ਨੂੰ ਦਾਅ ਤੇ ਲਾਉਣ ਵਾਲੇ ਇਨ੍ਹਾਂ ਆਗੂਆਂ ਨੇ ਨਵੀਂ ਪੀੜ੍ਹੀ 'ਚ ਉੱਚੇ ਸੁੱਚੇ ਸਿੱਖਾਂ ਦੇ ਕਿਰਦਾਰ ਦਾ ਅਕਸ ਧੁੰਦਲਾ ਕਰ ਦਿੱਤਾ ਹੈ। ਧਾਰਮਿਕ ਆਗੂਆਂ ਨੇ ਰਾਜਸੀ ਆਗੂ ਦੇ ਥੱਲੇ ਲੱਗ ਕੇ ਰਹਿੰਦੀ ਖੂੰਹਦੀ ਕਸਰ ਪੂਰੀ ਕਰ ਛੱਡੀ ਹੈ। ਨਵੀਂ ਪੀੜ੍ਹੀ ਵਿਰਸੇ ਤੋਂ ਕੋਹਾਂ ਦੂਰ ਚਲੀ ਗਈ ਹੈ, ਇਸ ਲਈ ਉਨ੍ਹਾਂ ਨੂੰ ਪੱਗ ਦੇ ਮੁੱਲ ਦਾ ਹੀ ਗਿਆਨ ਨਹੀਂ ਰਿਹਾ। ਉਹ ਆਪਣੇ ਅਨਮੋਲ ਵਿਰਸੇ ਦਾ ਤਿਆਗ ਕਰਕੇ ਪੱਛਮੀ ਸੱਭਿਅਤਾ ਦੇ ਰੰਗ 'ਚ ਰੰਗੀ ਜਾ ਰਹੀ ਹੈ। ਪਹਿਲੇ ਸਮੇਂ ਮਾਵਾਂ ਆਪਣੇ ਬੱਚਿਆਂ ਦੀ ਸੋਹਣੀ ਦਸਤਾਰ ਨੂੰ ਚੁੰਮਦੀਆਂ, ਉਸਤੇ ਮਾਣ ਮਹਿਸੂਸ ਕਰਦੀਆਂ ਸਨ। ਪਰ ਅੱਜ ਉਸ ਤੋਂ ਐਨ ਉਲਟ ਮਾਵਾਂ, ਬੱਚਿਆਂ ਦੇ ਕੇਸ ਸੰਭਾਲਣਾ, ਜੂੜ੍ਹਾ ਕਰਨ ਨੂੰ ਬੋਝ ਸਮਝਣ ਲੱਗ ਪਈਆਂ ਹਨ, ਉਨ੍ਹਾਂ ਲਈ ਇਹ ਕਾਰਜ, ਸਮੇਂ ਦੀ ਬਰਬਾਦੀ ਬਣ ਗਿਆ ਹੈ, ਕਿਉਂਕਿ ਟੀ. ਵੀ. ਸੀਰੀਅਲਾਂ ਤੋਂ ਵਿਹਲ ਹੀ ਨਹੀਂ ਹੈ। ਉਹ ਆਪਣੇ ਬੱਚਿਆਂ ਨੂੰ ਸਿੱਖੀ ਤੇ ਦਸਤਾਰ ਲਈ ਮੁੱਲ ਤਾਰਨ ਵਾਲੇ ਮਹਾਨ ਸਿੱਖਾਂ ਦੀ ਦਾਸਤਾਨ ਤੇ ਕੁਰਬਾਨੀਆਂ ਦੀ ਕਹਾਣੀ ਕਿਵੇਂ ਤੇ ਕਦੋਂ ਸੁਣਾ ਸਕਦੀਆਂ ਹਨ? ਅੱਜ ਲੋੜ ਹੈ ਕੁਦਰਤ ਦੇ ਇਸ ਸਦੀਵੀ ਨਿਯਮ ਨੂੰ ਯਾਦ ਰੱਖਣ ਦੀ ਕਿ ਜਿਹੜੀ ਕੌਮ ਆਪਣੀ ਬੋਲੀ, ਆਪਣਾ ਪਹਿਰਾਵਾ ਤੇ ਆਪਣਾ ਵਿਰਸਾ ਭੁੱਲ ਜਾਵੇ, ਉਸਦੀ ਹੋਂਦ ਸਹੀ ਅਰਥਾਂ 'ਚ ਖ਼ਤਮ ਹੋ ਜਾਂਦੀ ਹੈ।

ਅੱਜ ਇਕ ਪਾਸੇ ਅਸੀਂ ਵਿਦੇਸ਼ਾਂ 'ਚ 'ਦਸਤਾਰ' ਦੀ ਲੜਾਈ ਲੜ੍ਹ ਰਹੇ ਹਾਂ ਅਤੇ ਦੂਜੇ ਪਾਸੇ ਆਪਣੇ ਘਰੋਂ ਇਸਨੂੰ ਤਿਲਾਂਜਲੀ ਦੇ ਰਹੇ ਹਾਂ। ਕੀ ਦੁਨੀਆਂ ਸਾਨੂੰ ਇਹ ਨਹੀਂ ਪੁੱਛੇਗੀ ਕਿ ਪੰਜਾਬ 'ਚੋਂ ਪੱਗ ਕਿਉਂ ਗਾਇਬ ਹੋ ਰਹੀ ਹੈ? ਸਿੱਖਾਂ ਦੇ ਮੁੰਡੇ ਨਾਈਆਂ ਦੀਆਂ ਦੁਕਾਨਾਂ 'ਚ ਕਿਉਂ ਬੈਠੇ ਹਨ? ਜਿਹੜੇ ਕੇਸ ਰੱਖਦੇ ਹਨ, ਉਹ ਵੀ ਪੱਗ ਬੰਨ੍ਹਣੀ ਭੁੱਲ ਗਏ ਹਨ, ਪੈਸੇ ਲੈ ਕੇ ਪੱਗ ਬੰਨ੍ਹਣ ਵਾਲੇ ਸੈਂਟਰ ਕਿਉਂ ਖੁੱਲ੍ਹ ਰਹੇ ਹਨ? 'ਦਸਤਾਰ ਦਿਵਸ' ਕੌਮ 'ਚ ਦਸਤਾਰ ਸਬੰਧੀ ਆਈ ਵੱਡੀ ਗਿਰਾਵਟ ਦਾ ਪ੍ਰਤੀਕ ਹੈ, ਇਸ ਲਈ ਇਸ ਦਿਵਸ ਤੇ ਕੁਝ ਥਾਵਾਂ ਤੇ ਸੋਹਣੀ ਦਸਤਾਰ ਬੰਨ੍ਹਣ ਦੇ ਮੁਕਾਬਲੇ ਕਰਵਾ ਕੇ ਹੀ ਆਪਣੇ ਫਰਜ਼ ਤੋਂ ਸੁਰਖਰੂ ਹੋਇਆ ਨਹੀਂ ਮੰਨ ਲੈਣਾ ਚਾਹੀਦਾ ਹੈ। ਅੱਜ ਲੋੜ ਗੌਰਵਮਈ ਵਿਰਸੇ ਨੂੰ ਸੰਭਾਲਣ ਦੀ, ਆਪਣੀ ਅਜ਼ਾਦੀ ਅਣਖ਼ ਅਤੇ ਗੈਰਤ ਨੂੰ ਕਾਇਮ ਰੱਖਣ ਦੀ ਹੈ। ਨਵੀਂ ਪੀੜ੍ਹੀ ਨੂੰ ਵਿਰਸੇ ਦੀ ਮਹਾਨਤਾ ਤੇ ਮਾਣ ਕਰਨਾ ਸਿਖਾਉਣ ਲਈ ਉਸਨੂੰ ਵਿਰਸੇ ਨਾਲ ਜੋੜਨ ਲਈ ਵੱਡਾ ਉਪਰਾਲਾ ਕਰਨਾ ਚਾਹੀਦਾ ਹੈ। ਸਿੱਖੀ ਦੀ ਚਿਣਗ, ਦਸਮੇਸ਼ ਪਿਤਾ ਦੀ ਲਾਈ ਹੋਈ ਹੈ, ਇਸ ਲਈ ਇਹ ਬੁੱਝ ਨਹੀਂ ਸਕਦੀ, ਲੋੜ ਆਪਣੇ ਮੂਲ ਨਾਲੋਂ ਟੁੱਟਿਆਂ ਨੂੰ ਮੁੜ ਮੂਲ ਨਾਲ ਜੋੜ੍ਹਨ ਦੀ ਹੈ। ਹਰ ਪੰਥ ਦਰਦੀ ਨੂੰ ਵਿਰਸਾ ਸੰਭਾਲ ਲਹਿਰ 'ਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਕੌਮ 'ਚ 'ਸਿਰਦਾਰੀ' ਦੀ ਭਾਵਨਾ ਨੂੰ ਖ਼ਤਮ ਹੋਣ ਤੋਂ ਬਚਾਇਆ ਜਾ ਸਕੇ।

Editorial
Jaspal Singh Heran

International