ਬੇਅਦਬੀ ਕਾਂਡ ਦੇ ਦੋਸ਼ੀ ਸੌਦਾ ਸਾਧ ਦੇ ਚੇਲੇ ਜਿੰਮੀ ਅਰੋੜਾ ਦੀ ਰੈਗੁਲਰ ਜ਼ਮਾਨਤ ਖਾਰਜ

ਸੌਦਾ ਸਾਧ ਦੇ ਚੇਲਿਆਂ ਨੇ ਵੱਡੀ ਸਾਜਿਸ਼ ਰਾਹੀਂ ਦਿੱਤਾ ਸੀ ਬੇਅਦਬੀ ਘਟਨਾਵਾਂ ਨੂੰ ਅੰਜਾਮ, ਸਜ਼ਾ ਦਿਵਾਉਣ ਤੱਕ ਲੜਾਂਗੇ ਲੜਾਈ : ਵਕੀਲ ਖਾਰਾ

ਬਠਿੰਡਾ 6 ਅਪ੍ਰੈਲ (ਅਨਿਲ ਵਰਮਾ) : ਬਾਦਲਾਂ ਦੇ ਰਾਜ ਵੇਲੇ ਸੌਦਾ ਸਾਧ ਦੇ ਚੇਲਿਆਂ ਵੱਲੋਂ ਗੁਰੂ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜੋ ਸੱਚ ਬਾਹਰ ਵੀ ਆ ਚੁੱਕਿਆ ਹੈ ਤੇ ਹੁਣ ਸੌਦਾ ਸਾਧ ਦੇ ਚੇਲਿਆਂ ਵੱਲੋਂ ਜੇਲ੍ਹ ਚੋਂ ਬਾਹਰ ਆਉਣ ਲਈ ਰੈਗੁਲਰ ਜਮਾਨਤਾਂ ਲਾਈਆਂ ਗਈਆਂ ਪਰ ਸਿੱਖ ਕੌਮ ਦੇ ਨਿਧੜਕ ਵਕੀਲ ਹਰਪਾਲ ਸਿੰਘ ਖਾਰਾ ਦੇ ਯਤਨਾਂ ਸਦਕਾ ਜਿੱਥੇ ਅੱਧਾ ਦਰਜਨ ਤੋਂ ਵੱਧ ਦੋਸ਼ੀਆਂ ਦੀਆਂ ਜਮਾਨਤਾਂ ਖਾਰਜ ਹੋਈਆਂ ਉਥੇ ਹੀ ਬੀਤੇ ਦਿਨ ਬੇਅਦਬੀ ਕਾਂਡ ਦੇ ਮੁਖ ਦੋਸ਼ੀ ਸੌਦਾ ਸਾਧ ਦੇ ਚੇਲੇ ਜਤਿੰਦਰਵੀਰ ਉਰਫ ਜਿੰਮੀ ਅਰੋੜਾ ਦੀ ਰੈਗੁਲਰ ਜਮਾਨਤ ਵੀ ਖਾਰਜ ਹੋ ਗਈ। ਜਾਣਕਾਰੀ ਦਿੰਦਿਆਂ ਵਕੀਲ ਹਰਪਾਲ ਸਿੰਘ ਖਾਰਾ ਨੇ ਦੱਸਿਆ ਕਿ ਐਫਆਈਆਰ ਨੰ:161 ਮਿਤੀ 20 ਅਕਤੂਬਰ 2015 ਥਾਣਾ ਦਿਆਲਪੁਰਾ ਵਿਖੇ ਧਾਰਾ 295ਏ ਤਹਿਤ ਜਿੰਮੀ ਅਰੋੜਾ ਸਮੇਤ ਛੇ ਪ੍ਰੇਮੀਆਂ ਖਿਲਾਫ ਸ਼ਿਕਾਇਤਕਰਤਾ ਇਕਬਾਲ ਸਿੰਘ ਪ੍ਰਧਾਨ ਗੁਰਦੁਆਰਾ ਦਸਵੀਂ ਪਾਤਸ਼ਾਹੀ ਗੁਰੂਸਰ ਮਹਿਰਾਜ ਦੀ ਸ਼ਿਕਾਇਤ ਤੇ ਪਰਚਾ ਦਰਜ ਹੋਇਆ ਸੀ ਤੇ ਦੋਸ਼ੀਆਂ ਵੱਲੋਂ ਜਮਾਨਤਾਂ ਲੈਣ ਲਈ ਅਦਾਲਤ ਦਾ ਸਹਾਰਾ ਲਿਆ ਪਰ ਉਹਨਾਂ ਵੱਲੋਂ ਡੱਟਵੇਂ ਵਿਰੋਧ ਕਰਕੇ ਮਾਨਯੋਗ ਸੈਸ਼ਨ ਜੱਜ ਬਠਿੰਡਾ ਕੰਵਲਜੀਤ ਲਾਂਬਾ ਵੱਲੋਂ ਜਿੰਮੀ ਅਰੋੜਾ ਦੀ ਰੈਗੁਲਰ ਜਮਾਨਤ ਖਾਰਜ ਕਰ ਦਿੱਤੀ।

ਉਹਨਾਂ ਦੱਸਿਆ ਕਿ ਉਕਤ ਦੋਸ਼ੀ ਜਿੰਮੀ ਅਰੋੜਾ ਨੇ ਫੂਲ ਅਦਾਲਤ ਵਿਖੇ 164 ਦੇ ਬਿਆਨਾਂ ਰਾਹੀਂ ਇਹ ਕਬੂਲ ਕੀਤਾ ਸੀ ਕਿ ਉਹਨਾਂ ਵੱਲੋਂ ਡੇਰਾ ਮੁਖੀ ਦੇ ਹੁਕਮਾਂ ਤੇ ਬੇਅਦਬੀ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ, ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜ ਕੇ ਗਲੀਆਂ ਵਿੱਚ ਖਿਲਾਰੇ ਸਨ ਕਿਉਂਕਿ ਸਿੱਖਾਂ ਵੱਲੋਂ ਡੇਰਾ ਮੁਖੀ ਦੀਆਂ ਸਤਸੰਗਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਗੁਰੂ ਦੀ ਫਿਲਮ ਵੀ ਨਹੀਂ ਲੱਗਣ ਦਿੱਤੀ ਜਿਸ ਕਰਕੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ। ਵਕੀਲ ਖਾਰਾ ਨੇ ਦੱਸਿਆ ਕਿ ਜਦੋਂ ਮੁੱਖ ਦੋਸ਼ੀ ਵੱਲੋਂ ਪੰਜਾਬ ਦੇ ਮਾਹੌਲ ਨੂੰ ਲਾਂਬੂ ਲਾਉਣ ਦੇ ਬਿਆਨ ਕਬੂਲ ਕੀਤੇ ਜਾ ਚੁੱਕੇ ਹਨ ਤਾਂ ਫਿਰ ਜਮਾਨਤ ਤੇ ਬਾਹਰ ਆਉਣ ਨਾਲ ਮਾਹੌਲ ਫੇਰ ਖਰਾਬ ਹੋ ਸਕਦਾ ਹੈ ਜਿਸ ਕਰਕੇ ਅਦਾਲਤ ਵੱਲੋਂ ਉਹਨਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜਿੰਮੀ ਅਰੋੜਾ ਦੀ ਰੈਗੁਲਰ ਜਮਾਨਤ ਖਾਰਜ ਕਰ ਦਿੱਤੀ। ਉਹਨਾਂ ਕਿਹਾ ਕਿ ਜਦੋਂ ਤੱਕ ਇਹਨਾਂ ਦੋਸ਼ੀਆਂ ਨੂੰ ਸਜਾ ਨਹੀਂ ਮਿਲਦੀ ਉਦੋਂ ਤੱਕ ਲੜਾਈ ਲੜਦੇ ਰਹਾਂਗੇ। ਇਸ ਮੋਕੇ ਉਹਨਾਂ ਦੇ ਨਾਲ ਹਾਜਰੀਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁੱਝ ਪ੍ਰੇਮੀਆਂ ਵੱਲੋਂ ਜਮਾਨਤਾਂ ਲੈਣ ਲਈ ਵੀ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਹੈ ਜਿਸ ਦਾ ਉਹਨਾਂ ਵੱਲੋਂ ਡੱਟਵਾਂ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਐਡਵੋਕੇਟ ਰਜਨੀਸ਼ ਰਾਮਪਾਲ, ਗੁਰਜੰਟ ਸਿੰਘ, ਪਾਲ ਸਿੰਘ, ਜੀਵਨ ਜੋਤ ਸੇਠੀ ਆਦਿ ਹਾਜਰ ਸਨ।

Unusual
Beadbi
Court Case
gurmeet ram rahim
Bathinda

International