ਇਹ ਵੀ ਵਿਚਾਰਨ ਦੀ ਲੋੜ ਹੈ...

ਜਸਪਾਲ ਸਿੰਘ ਹੇਰਾਂ
ਅੱਜ ਇਕ ਪਾਸੇ ਜਲ੍ਹਿਆਂ ਵਾਲੇ ਬਾਗ ਕਾਂਡ ਦੀ ਸ਼ਤਾਬਦੀ  ਮਨਾਉਣ ਦੀਆਂ ਤਿਆਰੀਆਂ ਲੱਗਭਗ ਮੁਕੰਮਲ ਕਰ ਲਈਆ ਗਈਆ ਹਨ ਤੇ ਇੰਗਲੈਂਡ ਦੀ ਹਕੂਮਤ ਤੋਂ ਇਸ ਵਹਿਸ਼ੀਆਨਾ ਕਾਂਡ ਤੇ ਮਾਫ਼ੀ ਮੰਗਣ ਦੀ ਮੰਗ ਕੀਤੀ ਜਾ ਰਹੀ ਹੈ। ਬਿਨ੍ਹਾਂ ਸ਼ੱਕ ਜਲ੍ਹਿਆਂ ਵਾਲਾ ਬਾਗ, ਅੰਗਰੇਜ਼ੀ ਹਕੂਮਤ ਦੇ ਵਹਿਸ਼ੀਪਣ ਅਤੇ ਪੰਜਾਬੀਆਂ ਦੀ ਕੁਰਬਾਨੀ, ਦੇਸ਼ ਪਿਆਰ ਤੇ ਅਜ਼ਾਦੀ ਦੀ ਤੜਫ ਦਾ ਪ੍ਰਤੀਕ ਹੈ। 1919 ਦੀ ਵਿਸਾਖੀ ਨੂੰ ਇਸ ਸਥਾਨ ਤੇ 329 ਬੇਦੋਸ਼ੇ ਲੋਕਾਂ ਨੂੰ ਅੰਗਰੇਜ਼ ਹਕੂਮਤ ਦੀ ਗੋਲੀ ਦਾ ਸ਼ਿਕਾਰ ਹੋਣਾ ਪਿਆ ਅਤੇ ਜਲ੍ਹਿਆਂ ਵਾਲਾ ਬਾਗ ਦੇਸ਼ ਦੀ ਆਜ਼ਾਦੀ ਲਈ ਇੱਕ ਮੀਲ ਪੱਥਰ ਬਣ ਗਿਆ। ਅੱਜ ਇੱਥੇ ਸਥਾਪਿਤ ਸ਼ਹੀਦਾਂ ਦੀ ਯਾਦਗਾਰ, ਦੇਸ਼ ਦੇ ਲੋਕਾਂ ਲਈ ਤੀਰਥ ਅਸਥਾਨ ਦਾ ਦਰਜਾ ਰੱਖਦੀ ਹੈ। ਪ੍ਰੰਤੂ 1984 'ਚ ਜਲ੍ਹਿਆਂ ਵਾਲੇ ਬਾਗ ਤੋਂ 200 ਕੁ ਗਜ਼ ਦੀ ਵਿੱਥ ਤੇ ਹੀ ਭਾਰਤੀ ਫੌਜ ਨੇ ਸ਼ਹੀਦਾਂ ਦੇ ਸਿਰਤਾਜ, ਜਿਨ੍ਹਾਂ ਨੇ ਜ਼ੁਲਮ ਜਬਰ ਵਿਰੁੱਧ ਸ਼ਾਂਤਮਈ ਸ਼ਹਾਦਤਾਂ ਦੀ ਨੀਂਹ ਰੱਖੀ, ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਨ ਆਈ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤ ਨੂੰ ਗੋਲੀਆਂ ਤੇ ਬੰਬਾਂ ਨਾਲ ਭੁੰਨ ਦਿੱਤਾ ਸੀ, ਸਰਕਾਰੀ ਵਹਿਸ਼ੀਪਣ ਦਾ ਸ਼ਿਕਾਰ ਹੋਈ ਸਿੱਖ ਸੰਗਤ ਦੀ ਯਾਦ ਅਤੇ ਇਸ ਸਰਕਾਰੀ ਵਹਿਸ਼ੀਪਣ ਦੀ ਨਿੰਦਿਆ, ਹਰ ਇਨਸਾਫ਼ ਪਸੰਦ ਵਿਅਕਤੀ ਨੂੰ ਕਰਨੀ ਬਣਦੀ ਹੈ ਅਤੇ ਜਲ੍ਹਿਆਂ ਵਾਲੇ ਬਾਗ 'ਚ ਜਿਹੜੇ ਲੋਕ ਇਸ ਅਸਥਾਨ ਤੇ ਹੋਏ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਹਨ, ਉਨ੍ਹਾਂ ਨੂੰ 1984 ਦੇ ਉਸ ਘੱਲੂਘਾਰੇ ਦਾ ਜਿਸ 'ਚ ਭਾਰਤੀ ਫੌਜ ਨੇ ਹਜ਼ਾਰਾਂ ਬੇਦੋਸ਼ੀਆਂ ਸਿੱਖ ਸੰਗਤਾਂ ਦਾ ਕਤਲੇਆਮ ਕੀਤਾ ਸੀ, ਉਸ ਬਾਰੇ ਵੀ ਮੂੰਹ ਖੋਲ੍ਹਣਾ ਚਾਹੀਦਾ ਹੈ।

ਅੱਤਵਾਦ-ਵੱਖਵਾਦ ਦੇ ਪਰਦੇ ਹੇਠ, ਹਰ ਸਰਕਾਰੀ ਜ਼ੁਲਮ ਨੂੰ ਦਬਾਉਣਾ, ਮਨੁੱਖੀ ਅਧਿਕਾਰਾਂ ਦੀ ਸਿੱਧੋ-ਸਿੱਧੀ ਉਲੰਘਣਾ ਹੈ, ਪ੍ਰੰਤੂ ਜੇ ਅੱਤਵਾਦ ਜਾਂ ਵੱਖਵਾਦ ਦੀ ਆੜ 'ਚ ਹੋਈ ਸਰਕਾਰੀ ਦਹਿਸ਼ਤ ਬਾਰੇ ਮਨੁੱਖੀ ਅਧਿਕਾਰਾਂ ਦੇ ਰਾਖੇ ਵੀ ਮੂੰਹ 'ਚ 'ਘੁੰਗਣੀਆ' ਪਾ ਲੈਂਦੇ ਹਨ ਤਾਂ ਇਸਨੂੰ ਉਨ੍ਹਾਂ ਦੇ ਦੋਗਲੇਪਣ ਵਜੋਂ ਹੀ ਵੇਖਿਆ ਜਾਵੇਗਾ। ਸਿੱਖੀ ਸਿਧਾਤਾਂ 'ਚ ਦਹਿਸ਼ਤਗਰਦੀ ਲਈ ਕੋਈ ਥਾਂ ਨਹੀਂ, ਪ੍ਰੰਤੂ ਆਪਣੇ ਹੱਕਾਂ ਦੀ ਰਾਖੀ ਕਰਨੀ ਅਤੇ ਹਰ ਜ਼ੋਰ ਜਬਰ ਦਾ ਮੂੰਹ ਤੋੜਵਾ ਉੱਤਰ ਦੇਣਾ, ਸਿੱਖੀ ਦੇ ਮੁੱਢਲੇ ਸਿਧਾਂਤਾ 'ਚ ਸ਼ਾਮਲ ਹੈ। ਇਹੋ ਕਾਰਣ ਹੈ ਕਿ ਜਰਵਾਣੀਆਂ ਤੇ ਲੋਟੂ ਧਿਰਾਂ ਨੂੰ ਸਿੱਖੀ ਦੀ ਇਨਕਲਾਬੀ ਵਿਚਾਰਧਾਰਾ ਹਜ਼ਮ ਨਹੀਂ ਹੋ ਰਹੀ ਅਤੇ ਉਨ੍ਹਾਂ ਵੱਲੋਂ ਆਨੇ-ਬਹਾਨੀ ਵਾਰ-ਵਾਰ ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਅਸੀਂ ਹੈਰਾਨ ਹਾਂ ਕਿ ਪਿਛਲੇ 31 ਸਾਲ ਦੇ ਲੰਬੇ ਸਮੇਂ ਤੋਂ ਕਿਸੇ ਵੀ ਇਨਸਾਫ਼ ਪਸੰਦ ਧਿਰ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਕੋਹ-ਕੋਹ ਕੇ ਤੂੰਬਾ-ਤੂੰਬਾ ਉਡਾ ਕੇ, ਸ਼ਹੀਦ ਕੀਤੀਆਂ ਗਈਆਂ ਪੰਜ ਹਜ਼ਾਰ ਤੋਂ ਵਧੇਰੇ ਸੰਗਤਾਂ ਦੇ ਕਤਲੇਆਮ ਦੇ ਮਾਮਲੇ ਤੇ ਭਾਰਤ ਸਰਕਾਰ ਤੇ ਭਾਰਤੀ ਫੌਜ ਨੂੰ ਕਟਿਹਰੇ 'ਚ ਖੜ੍ਹਾ ਕਰਨ ਦਾ ਯਤਨ ਵੀ ਨਹੀਂ ਕੀਤਾ। ਜ਼ੁਲਮ ਤੇ ਦਹਿਸ਼ਤ ਦੇ ਅਰਥ ਵੱਖੋ-ਵੱਖਰੇ ਕਿਉਂ ਹਨ? ਸਰਕਾਰ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੀ ਸ਼ਹੀਦੀ ਦਿਹਾੜੇ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਚੁਣੇ ਜਾਣ ਪਿੱਛੇ ਆਖ਼ਰ ਕੀ ਮਜ਼ਬੂਰੀ ਸੀ? ਹਿੰਦ ਸਰਕਾਰ, ਸਿਰਫ਼ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਅਤੇ ਇਸ ਲਈ ਵੱਧ ਤੋਂ ਵੱਧ ਜ਼ੁਲਮ ਕਰਨ ਦੀ ਰਣਨੀਤੀ ਅਪਨਾਈ ਗਈ ਸੀ।

ਜਿਸ ਤਰ੍ਹਾਂ ਅਸੀਂ ਅੱਜ ਤੱਕ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਪੱਕੇ ਅੰਕੜੇ ਇਕੱਠੇ ਨਹੀਂ ਕਰ ਸਕੇ ਅਤੇ ਹੁਣ ੩੫ ਵਰ੍ਹਿਆਂ ਬਾਅਦ ਨਵੀਂ ਤੋਂ ਨਵੀਂ ਦੁੱਖਦਾਈ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸੇ ਤਰ੍ਹਾਂ ਦਰਬਾਰ ਸਾਹਿਬ ਕੰਪਲੈਕਸ 'ਚ ਭਾਰਤੀ ਫੌਜ ਹੱਥੋਂ ਮਾਰੀਆਂ ਗਈਆਂ ਸਿੱਖ ਸੰਗਤਾਂ, ਜਿਹੜੀਆਂ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੋਣ ਆਈਆਂ ਸਨ, ਦੀ ਪੱਕੀ ਗਿਣਤੀ ਨਾਂ ਤਾਂ ਕੇਂਦਰ ਸਰਕਾਰ ਵੱਲੋਂ, ਨਾਂ ਹੀ ਭਾਰਤੀ ਫੌਜ ਵੱਲੋਂ ਅਤੇ ਨਾਂ ਹੀ ਖੁਦ ਸਿੱਖਾਂ ਵੱਲੋਂ ਅੱਜ ਤੱਕ ਨਸ਼ਰ ਕੀਤੀ ਗਈ ਹੈ। ਹੁਣ ਤੋਂ ਪੌਣੇ ਦੋ ਮਹੀਨੇ ਬਾਅਦ ਉਸ ਕਾਲੇ ਕਾਂਡ ਦੀ ੩੫ਵੀਂ ਵਰ੍ਹੇ ਗੰਢ ਆ ਜਾਣੀ ਹੈ, ਪ੍ਰੰਤੂ ਅਫਸੋਸ ਹੈ ਕਿ ਕੌਮ ਵੱਲੋਂ  ਇਸ ਭਿਆਨਕ ਕਤਲੇਆਮ ਦੇ ਦੋਸ਼ੀਆਂ ਨੂੰ ਕਟਿਹਰੇ 'ਚ ਖੜ੍ਹਾ ਕਰਨ ਵੱਲ ਅੱਜ ਤੱਕ ਕੋਈ ਗੰਭੀਰ ਉਪਰਾਲਾ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਤੇ ਕਾਬਜ਼ ਧਿਰ ਨੇ, ਵੋਟ ਰਾਜਨੀਤੀ ਕਾਰਣ ਆਪਣੀ ਜ਼ਮੀਰ ਤੇ ਸਿੱਖ ਸੋਚ ਦੋਵਾਂ ਨੂੰ ਸਿੱਖ ਵਿਰੋਧੀ ਸ਼ਕਤੀਆਂ ਪਾਸ ਗਹਿਣੇ ਰੱਖਿਆ ਹੈ, ਇਸ ਕਾਰਣ ਉਨ੍ਹਾਂ ਤੋਂ ਤਾਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਸੁਹਿਰਦ ਪੰਥਕ ਧਿਰਾਂ, ਇਨਸਾਫ਼ ਪਸੰਦ ਸ਼ਕਤੀਆਂ ਤੇ ਮਨੁੱਖੀ ਅਧਿਕਾਰਾਂ ਦੇ ਰਾਖਿਆ ਨੂੰ ਨਾਲ ਲੈ ਕੇ ਇਸ ਪਾਸੇ ਗੰਭੀਰਤਾ ਤੇ ਸਾਬਤ ਕਦਮੀ ਨਾਲ ਅੱਗੇ ਲੱਗ ਕੇ ਤੁਰ ਪੈਣ ਤਦ ਹੀ ਇਨਸਾਫ਼ ਪ੍ਰਾਪਤੀ ਦੀ ਕੋਈ ਕਿਰਨ ਜਗਾਈ ਜਾ ਸਕਦੀ ਹੈ।

Editorial
Jaspal Singh Heran

International