ਰਾਂਖਵੇਕਰਨ ਦਾ ਲਾਹਾ ਕਿਸਨੂੰ...?

ਅਸੀਂ ਇਸ ਤੋਂ ਪਹਿਲਾ ਵੀ ਲਿਖਿਆ ਸੀ ਕਿ ਜਿਹੜੇ ਸਰਮਾਏਦਾਰ ਦਲਿਤ, ਦਲਿਤ ਹੋਣ ਦੇ ਨਾਤੇ, ਦਲਿਤ ਰਾਂਖਵੇਕਰਨ ਦਾ ਲਾਹਾ ਲੈ ਰਹੇ ਹਨ, ਉਹ ਗਰੀਬ ਦਲਿਤਾਂ ਦੇ ਹੱਕਾਂ ਤੇ ਡਾਕਾ ਮਾਰ ਰਹੇ ਹਨ, ਉਸ ਡਾਕੇ ਨੂੰ ਹਰ ਹੀਲੇ ਰੋਕਿਆ ਜਾਣਾ ਚਾਹੀਦਾ ਹੈ। ਹੁਣ ਜਦੋਂ ਲੋਕ ਸਭਾ ਚੋਣਾਂ 'ਚ ਪੰਜਾਬ ਦੇ ਤਿੰਨ ਲੋਕ ਸਭਾ ਰਾਂਖਵੇ ਹਲਕਿਆਂ ਤੇ ਚੋਣ ਲੜ੍ਹ ਰਹੇ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਜਾਇਦਾਦ ਦੇ ਵੇਰਵੇ ਸਾਹਮਣੇ ਆ ਗਏ ਹਨ, (ਹਾਲਕਿ ਇਹ ਵੇਰਵੇ ਵੀ ਪੂਰੀ ਤਰ੍ਹਾਂ ਝੂਠੇ ਹਨ) ਤਾਂ ਇਹ ਸਾਫ਼ ਹੋ ਗਿਆ ਹੈ ਕਿ ਇਨ੍ਹਾਂ 'ਚੋਂ ਇਕ-ਦੋ ਨੂੰ ਛੱਡ ਕੇ, ਕੋਈ ਗਰੀਬ ਵਰਗ 'ਚੋਂ ਨਹੀਂ ਹੈ। ਇਹ ਸਾਰੇ ਸਰਮਾਏਦਾਰ ਬਣ ਚੁੱਕੇ ਧਨਾਢ ਦਲਿਤ ਹਨ। ਇਸ ਲਈ ਜੇ ਇਹ ਦਲਿਤ ਰਾਂਖਵੇਕਰਨ ਦਾ ਲਾਹਾ ਲੈ ਰਹੇ ਹਨ ਤਾਂ ਇਨਸਾਫ਼ ਦਾ ਨੰਗਾ ਚਿੱਟਾ ਕਤਲ ਹੀ ਆਖਿਆ ਜਾਵੇਗਾ। ਇਕ ਵਿਅਕਤੀ ਜਿਹੜਾ ਸੈਂਕੜੇ ਕਰੋੜ ਦੀ ''ਚਿੱਟੀ'' ਜਾਇਦਾਦ ਦਾ ਮਾਲਕ ਹੈ, ਜਿਸ ਨੇ ਆਪਣੀ ਪਾਰਟੀ ਦੇ ਜਨਰਲ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰ ਦਾ ਖ਼ਰਚਾ ਵੀ ਕਰਨਾ ਹੈ, ਇਹ ਧਨਾਢ ਵਰਗ ਹੀ, ਦਲਿਤ ਰਾਂਖਵੇਕਰਨ ਦਾ ਲਾਹਾ ਲੈਂਦਾ ਰਿਹਾ, ਫ਼ਿਰ ਗਰੀਬ ਦਲਿਤ ਵਰਗ ਦੀ ਵਾਰੀ ਕਦੋਂ ਆਊਗੀ? ਅਸੀਂ ਪਹਿਲਾ ਵੀ ਲਿਖਿਆ ਸੀ ਕਿ ਦਲਿਤ ਵਰਗ 'ਚ ਜਿਹੜਾ ਸਰਮਾਏਦਾਰ, ਧਨਾਢ, ਉਚ ਵਰਗ ਪੈਦਾ ਹੋ ਗਿਆ ਹੈ, ਉਸ ਵਰਗ ਨੂੰ ਦਲਿਤ ਰਾਂਖਵਾਕਰਨ ਦਾ ਲਾਹਾ ਬੰਦ ਹੋਣਾ ਚਾਹੀਦਾ ਹੈ ਤਾਂ ਕਿ ਇਹ ਲਾਹਾ ਹੇਠਲੇ ਮੱਧ ਤੇ ਗਰੀਬ ਦਲਿਤ ਭਾਈਚਾਰੇ ਤੱਕ ਪੁੱਜਣਾ ਸ਼ੁਰੂ ਹੋਵੇ। ਉਚ ਸਿਖਿਆ ਤੇ ਉਚ ਅਫ਼ਸਰੀ ਕੁਝ ਦਲਿਤ ਪਰਿਵਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ, ਕਿਉਂਕਿ ਆਪਣੀਆਂ ਸਹੂਲਤਾਂ, ਸਾਧਨਾਂ ਤੇ ਪਹੁੰਚ ਸਕਦਾ, ਰਾਂਖਵੇਕਰਨ ਦਾ ਸਾਰਾ ਲਾਹਾ ਇਹ ਰਸੂਖਦਾਰ ਧਨਾਢ ਦਲਿਤ ਪਰਿਵਾਰ ਹੀ ਲੈ ਰਹੇ ਹਨ।

ਇਕ ਪਾਸੇ ਅਰਬਪਤੀ ਦਲਿਤ ਜਿਸਤੇ 1500 ਕਰੋੜ ਦੇ ਘਪਲੇ ਤੱਕ ਦੇ ਦੋਸ਼ ਲੱਗਦੇ ਹਨ ਅਤੇ ਦੂਜੇ ਪਾਸੇ ਆਪਣੀ ਦੋ ਡੰਗ ਦੀ ਰੋਟੀ ਦਾ ਜੁਗਾੜ ਵੀ ਨਾ ਕਰ ਸਕਣ ਵਾਲਾ ਗਰੀਬ, ਬੇਸਹਾਰਾ ਦਲਿਤ, ਦੋਵਾਂ ਨੂੰ ਤੱਕੜੀ ਦੇ ਇੱਕੋ ਪੱਲੜੇ 'ਚ ਕਿਵੇਂ ਤੋਲਿਆ ਜਾ ਸਕਦਾ ਹੈ? ਆਖ਼ਰ ਦਲਿਤ ਭਾਈਚਾਰੇ ਦੇ ਉਹ ਆਗੂ, ਜਿਹੜੇ ਆਪਣੇ ਸਮਾਜ ਦੀਆਂ ਭਾਵਨਾਵਾਂ ਨੂੰ ਭੜਕਾ, ਰਾਜਸੀ ਲਾਹਾ ਲੈਣ 'ਚ ਕਦੇ ਵੀ ਪਿੱਛੇ ਨਹੀਂ ਰਹਿੰਦੇ, ਉਹ ਇਸ ਅਤਿ ਗੰਭੀਰ ਮੁੱਦੇ ਤੇ ਚੁੱਪ ਕਿਉਂ ਹਨ? ਕਿਉਂ ਨਹੀਂ ਗਰੀਬ ਦਲਿਤਾਂ ਦੇ ਹੱਕਾਂ ਤੇ ਪੈ ਰਹੇ ਡਾਕੇ ਵਿਰੁੱਧ ਅਵਾਜ਼ ਬੁਲੰਦ ਹੁੰਦੀ? ਜਿਹੜੇ ਦਲਿਤ ਪਰਿਵਾਰ ਨੂੰ ਪੂਰੇ ਸਾਲ 'ਚ 100 ਦਿਨ ਰੁਜ਼ਗਾਰ ਦੇਣ ਦਾ ਜੁਗਾੜ ਵੀ ਸਰਕਾਰ ਨੇ ਕੀਤਾ ਹੈ ਅਤੇ ਜਿਨ੍ਹਾਂ ਬਾਰੇ 11 ਤੋਂ 20 ਰੁਪਏ ਪ੍ਰਤੀ ਦਿਨ ਦੀ ਆਮਦਨ ਹੋਣ ਦੇ ਅੰਕੜੇ ਅਕਸਰ ਛੱਪਦੇ ਰਹਿੰਦੇ ਹਨ, ਉਨ੍ਹਾਂ ਨੂੰ ਅਰਬਪਤੀਆਂ ਬਰਾਬਰ ਕਿਵੇਂ ਖੜ੍ਹਾ ਕੀਤਾ ਜਾ ਸਕਦਾ ਹੈ? ਵੋਟ ਰਾਜਨੀਤੀ ਕਾਰਣ, ਇਸ ਦੇਸ਼ ਦੇ ਸਰਕਾਰੀ ਖਜ਼ਾਨੇ ਨੂੰ ਤਾਂ ਬੇਦਰਦੀ ਨਾਲ ਲੁਟਾਇਆ ਹੀ ਜਾਂਦਾ ਹੈ, ਮੁੱਢਲੇ ਅਧਿਕਾਰਾਂ ਦਾ ਵੀ ਨੰਗਾ-ਚਿੱਟਾ ਕਤਲ ਹੁੰਦਾ ਹੈ। ਆਖ਼ਰ ਇਹ ਦਲਿਤ ਸਮਾਜ, ਇਨ੍ਹਾਂ ਧਨ ਕੁਬੇਰਾਂ ਨੂੰ ਆਪਣੇ ਪ੍ਰਤੀਨਿਧ ਮੰਨਣ ਤੋਂ ਕਦੋਂ ਇਨਕਾਰ ਕਰੇਗਾ? ਮਨੂੰਵਾਦੀ ਵੰਡ ਨੇ ਇਸ ਦੇਸ਼ ਦਾ ਬੇੜਾ ਗਰਕ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਲੁਟੇਰਾ ਟੋਲਾ ਪੈਦਾ ਕਰਨ 'ਚ ਵੀ ਉਸਦਾ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ। ਅੱਜ ਆਰਥਿਕ ਵੰੰਡ ਦੀ ਲੋੜ ਹੈ ਅਤੇ ਆਰਥਿਕ ਰੂਪ 'ਚ ਦਮ ਤੋੜ ਰਹੇ ਲੋਕਾਂ ਨੂੰ, ਪਰਿਵਾਰਾਂ ਨੂੰ, ਭਾਈਚਾਰੇ ਨੂੰ ਠੁੰਮਣਾ ਦੇਣਾ ਜ਼ਰੂਰੀ ਹੈ।

ਚੰਗਾ ਹੋਵੇ ਜੇ ਦਲਿਤ ਸਮਾਜ ਖ਼ੁਦ ਆਪਣੇ ਭਾਈਚਾਰੇ ਨੂੰ ਧਨ ਕੁਬੇਰਾਂ ਦੇ ਪ੍ਰਛਾਵੇਂ ਥੱਲਿਓ ਕੱਢਣ ਲਈ ਅੱਗੇ ਆਵੇ। ਜੇ ਲੋਕ ਸਭਾ 'ਚ ਕੋਈ ਗਰੀਬ ਦਲਿਤ ਪਹੁੰਚਦਾ ਹੀ ਨਹੀਂ, ਫ਼ਿਰ ਉਥੇ ਗਰੀਬ ਦੇ ਹੱਕਾਂ ਦੀ ਰਾਖ਼ੀ ਕੌਣ ਤੇ ਕਿਵੇਂ ਹੋਵੇਗੀ? ਅਸਲ 'ਚ ਅਮੀਰ ਵਰਗ ਲਈ ਕੋਈ ਜਾਤ-ਪਾਤ ਜਾਂ ਭਾਈਚਾਰਾ ਨਹੀਂ ਹੁੰਦਾ, ਉਨ੍ਹਾਂ ਦਾ ਧਰਮ ਤਾਂ ਦੌਲਤ ਇਕੱਠੀ ਕਰਨਾ ਹੁੰਦਾ ਹੈ ਅਤੇ ਆਮ ਲੋਕਾਂ 'ਤੇ ਦੇਸ਼ ਨੂੰ ਕਿਵੇਂ ਲੁੱਟਣਾ ਹੈ, ਉਨ੍ਹਾਂ ਦਾ ਇਕੋ ਇਕ ਮਿਸ਼ਨ ਤੇ ਮੰਤਵ ਹੁੰਦਾ ਹੈ। ਇਸਦੇ ਬਾਵਜੂਦ ਜੇ ਸਰਮਾਏਦਾਰ ਦਲਿਤਾਂ ਨੂੰ ਆਮ ਦਲਿਤ ਆਪਣੇ ਭਾਈਚਾਰੇ ਦੇ ਮੰਨਦਾ ਹੈ ਤਾਂ ਇਹ ਉਸਦੀ ਖੁਸ਼ਫਹਿਮੀ ਹੀ ਆਖ਼ੀ ਜਾਵੇਗੀ। ਅਮੀਰੀ ਤਾਂ ਮਾਂ-ਬਾਪ ਤੱਕ ਨੂੰ ਭੁਲਾ ਛੱਡਦੀ ਹੈ। ਭਾਈਚਾਰਾ ਜਾਂ ਸਮਾਜ ਤਾਂ ਬਹਤ ਦੂਰ ਦੀ ਗੱਲ ਹੈ। ਅੱਜ 21ਵੀਂ ਸਦੀ 'ਚ ਨਵੀਂ ਸੋਚ ਵਾਲਾ ਨੌਜਵਾਨ ਵਰਗ ਅੱਗੇ ਆ ਰਿਹਾ ਹੈ, ਇਸ ਲਈ ਕਿਸੇ ਤਰ੍ਹਾਂ ਦਾ ਸ਼ੋਸਣ ਹੁਣ ਹੋਣਾ ਨਹੀਂ ਚਾਹੀਦਾ ਅਤੇ ਹੁੰਦੇ ਹਰ ਸ਼ੋਸਣ ਵਿਰੁੱਧ ਅਸਰਦਾਰ ਅਵਾਜ਼ ਵੀ ਜ਼ਰੂਰ ਬੁਲੰਦ ਹੋਣੀ ਚਾਹੀਦੀ ਹੈ। ਅਸੀਂ ਚਾਹੁੰਦੇ ਹਾਂ ਕਿ ਗਰੀਬ ਤੇ ਲੋੜਵੰਦ ਵਰਗ ਨੂੰ ਹਰ ਸਹੂਲਤ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕੇ, ਅਤੇ ਜਿਹੜੇ ਗਰੀਬ ਜਾਂ ਲੋੜਵੰਦ ਨਹੀਂ, ਉਨ੍ਹਾਂ ਨੂੰ ਗਰੀਬ ਦਾ ਹੱਕ ਮਾਰਨ ਦੀ ਆਗਿਆ ਨਾ ਦਿੱਤੀ ਜਾਵੇ।

ਗਰੀਬ ਦਲਿਤ ਸਮਾਜ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਹੱਕਾਂ ਦੀ ਰਾਖ਼ੀ ਲਈ ਇਸ ਪਾਸੇ ਇਕ ਦਿਨ ਜ਼ਰੂਰ ਤੁਰਨਾ ਪੈਣਾ ਹੈ, ਤਦ ਹੀ 40 ਕਰੋੜ ਉਹ ਲੋਕ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਅਤੇ ਇਕ ਡੰਗ ਦੀ ਰੋਟੀ ਨਾਲ ਗੁਜ਼ਾਰਾ ਕਰ ਰਹੇ ਹਨ, ਉਨ੍ਹਾਂ ਨੂੰ ਭਰ ਪੇਟ ਰੋਟੀ ਸਿਰ ਤੇ ਛੱਤ ਅਤੇ ਕਰਨ ਲਈ ਕੰਮ ਨਸੀਬ ਹੋਵੇਗਾ।

Article
Reservation

International