ਲੰਘ ਗਏ ਬਾਰੇ ਕਦੋਂ ਸੋਚਾਂਗੇ...?

ਜਸਪਾਲ ਸਿੰਘ ਹੇਰਾਂ
ਖਾਲਸਾ ਪੰਥ ਦਾ ੩੨੦ ਵਾਂ ਸਾਜਨਾ ਦਿਵਸ ਆਇਆ ਤੇ ਲੰਘ ਗਿਆ। ਕੌਮ ਨੇ ਦਮਦਮਾ ਸਾਹਿਬ ਦੀ ਵਿਸਾਖੀ ਤੇ ਪਵਿੱਤਰ ਸਰੋਵਰ 'ਚ ਚੁੱਭੀ ਲਾਈ, ਪ੍ਰੰਤੂ ਸਿੱਖ ਲਈ ਬੌਧਿਕਤਾ ਦੀ ਇਸ ਸਰਜ਼ਮੀਨ ਤੋਂ ਕੌਮ ਦੇ ਭਵਿੱਖ ਲਈ ਕੋਈ ਚਾਨਣੀ ਕਿਰਨ ਆਪਣੀ ਝੋਲੀ ਪਾਉਣ ਦਾ ਯਤਨ ਨਹੀਂ ਕੀਤਾ। ਆਨੰਦਪੁਰੀ ਦੀ ਪਵਿੱਤਰ ਧਰਤੀ ਤੇ ਬਾਜ਼ਾਂ ਵਾਲੇ ਨੂੰ ਯਾਦ ਤਾਂ ਕੀਤਾ, ਪੰਤੂ ਰਣਜੀਤ ਨਗਾਰੇ ਦੀ ਗੂੰਜ ਨੂੰ ਸੁਣਨ ਤੋਂ ਅਸਮਰੱਥ ਰਹੇ। ਇਸ ਵਾਰ ਜਦੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਇਹ ਵਿਸਾਖੀ ਖਾਲਸਾ ਪੰਥ ਲਈ ਅਹਿਮ ਹੋਵੇਗੀ ਅਤੇ ਅਸੀਂ ਲੰਬੇ ਸਮੇਂ ਤੋਂ ਬਾਅਦ ਨਿਰਾਸ਼ਤਾ ਤੋਂ ਬਾਹਰ ਨਿਕਲ ਕੇ ਭਰੇ-ਪੂਰੇ ਜਜ਼ਬੇ ਤੇ ਉਤਸ਼ਾਹ ਨਾਲ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਨਵੀ ਰਣਨੀਤੀ ਘੜਨ ਦੇ ਸਮਰੱਥ ਹੋ ਕੇ, ਇਤਿਹਾਸ ਨੂੰ ਨਵਾਂ ਗੇੜਾ ਦੇਣ ਦਾ ਰਾਹ ਲੱਭ ਲਵਾਂਗੇ। ਕੌਮ 'ਚ ਜਾਗੇ ਕੌਮੀ ਜਜ਼ਬਾਤਾਂ ਨੂੰ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ, ਠੋਸ ਸੰਘਰਸ਼ 'ਚ ਬਦਲਣ ਦਾ ਸਾਰਥਿਕ ਯਤਨ ਕੀਤਾ ਜਾਵੇਗਾ, ਪ੍ਰੰਤੂ ਕੌਮ ਸਿਰਫ਼ ਰਸਮੀ ਕਾਰਵਾਈ ਤੋਂ ਅੱਗੇ ਤੁਰੀ ਹੀ ਨਹੀਂ। ਕੌਮ ਦੀ ਨਵੀਂ ਪੀੜ੍ਹੀ 'ਚ ਆਏ ਨਿਘਾਰ ਨੂੰ ਲੈ ਕੇ ਚਿੰਤਤ, ਸਿੱਖਾਂ ਦੇ ਧਾਰਮਿਕ ਆਗੂ, ਬੁੱਧੀਜੀਵੀ, ਇਸ ਨਵੀਂ ਪੀੜ੍ਹੀ 'ਚ ਜਾਗੇ ਕੌਮੀ ਜਜ਼ਬਾਤਾਂ ਨੂੰ ਉਨ੍ਹਾਂ ਦੀ ਕੌਮਪ੍ਰਸਤੀ ਵਾਲੀ ਸੋਚ 'ਚ ਬਦਲਣ ਲਈ ਕਿਧਰੇ ਵੀ ਯਤਨਸ਼ੀਲ ਵਿਖਾਈ ਨਹੀਂ ਦਿੱਤੇ। ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਅਸੀਂ ਇਸ ਨਵੀਂ ਪੀੜ੍ਹੀ ਨੂੰ ਖਾਲਸਾ ਦੀ ਸਿਰਜਣਾ ਦੇ ਕਾਰਣਾਂ ਅਤੇ ਦਸਮੇਸ਼ ਪਿਤਾ ਵੱਲੋਂ ਇਸ ਪੰਥ ਦੀ ਬੁਨਿਆਦ ਦੀ ਮਜ਼ਬੂਤੀ ਲਈ ਦਿੱਤੀ ਅਥਾਹ ਕੁਰਬਾਨੀ ਪ੍ਰਤੀ ਸਾਡੇ ਫਰਜ਼ ਤੋਂ ਸੁਚੇਤ ਕਰਨ ਦਾ ਕੋਈ ਗੰਭੀਰ ਉਪਰਾਲਾ ਵੀ ਕੋਈ ਨਹੀਂ ਹੋਇਆ।

ਅੱਜ ਲੋੜ ਹੈ ਕਿ ਅਸੀਂ ਸਿੱਖਾਂ ਨਾਲ ਹੁੰਦੇ ਵਿਤਕਰੇ ਬੇਇਨਸਾਫ਼ੀ ਅਤੇ ਸਿੱਖਾਂ ਦੇ ਹੱਕਾਂ ਤੇ ਵੱਜੇ ਡਾਕੇ ਬਾਰੇ ਆਪਣੀ ਨਵੀਂ ਪੀੜ੍ਹੀ ਨੂੰ ਸਹੀ-ਸਹੀ ਗਿਆਨ ਦੇਈਏ ਅਤੇ ਵਰਤਮਾਨ ਉਨ੍ਹਾਂ ਪ੍ਰਸਥਿਤੀਆਂ ਦਾ ਜਿਹੜੇ ਸਾਡੀ ਕੌਮ ਸਾਹਮਣੇ ਚੁਣੌਤੀਆਂ ਬਣਾ ਕੇ ਖੜ੍ਹੀਆਂ ਹਨ, ਉਨ੍ਹਾਂ ਦਾ ਵੀ ਪੂਰਾ-ਪੂਰਾ ਚਾਨਣ ਕਰਵਾਈਏ। ਸਾਡੀ ਨੌਜਵਾਨ ਪੀੜ੍ਹੀ, ਜਿਸਨੂੰ ਅਸੀਂ ਵਿਹਲੜ, ਨਸ਼ੇੜੀ ਮੰਨ ਕੇ ਤਬਾਹ ਹੋਈ ਸਮਝੀ ਬੈਠੇ ਸੀ, ਉਸ 'ਚ ਸਿੱਖੀ ਦੀ ਸੁਲਘਦੀ ਚਿਣਗ ਨੂੰ ਕਿਵੇਂ ਮਘਾਈ ਰੱਖਿਆ ਜਾ ਸਕਦਾ ਹੈ ਅਤੇ ਇਸ ਨਵੀਂ ਪੀੜ੍ਹੀ ਨੂੰ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਸੰਘਰਸ਼ ਦਾ ਮੋਹਰੀ ਕਿਵੇਂ ਬਣਾਇਆ ਜਾ ਸਕਦਾ ਹੈ, ਇਹ ਵਿਚਾਰ-ਚਰਚਾ ਵੀ ਹਾਲੇਂ ਕਿਧਰੇ ਸ਼ੁਰੂ ਨਹੀਂ ਹੋਈ। ਲੋੜ ਹੈ ਕਿ ਅੱਜ 21ਵੀਂ ਸਦੀ ਦੇ ਦੂਜੇ ਦਹਾਕੇ 'ਚ ਸਿੱਖ ਕੌਮ ਦੀ ਵਰਤਮਾਨ ਦਿਸ਼ਾ ਅਤੇ ਦਸ਼ਾ ਤੇ ਸੰਦਰਭ 'ਚ ਭਾਰਤੀ ਹਕੂਮਤ ਦੀ ਸਿੱਖਾਂ ਪ੍ਰਤੀ ਸਹੀ-ਸਹੀ ਸੋਚ ਦਾ ਮੁਲਾਂਕਣ ਕਰਕੇ, ਵਿਸ਼ਵ ਪੱਧਰੀ ਪ੍ਰਸਥਿਤੀਆਂ ਨਾਲ ਮੇਚ ਕੇ, ਕੌਮੀ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇ। ਭਾਵੇਂ ਵੋਟਤੰਤਰ ਤੇ ਨੋਟਤੰਤਰ ਨੇ ਸਿੱਖਾਂ 'ਚ ਵਿਰਾਸਤੀ ਗੁਣਾਂ ਨੂੰ ਵੀ ਵੱਡਾ ਖੋਰਾ ਲਾਇਆ ਹੈ, ਪ੍ਰੰਤੂ ਕਿਉਂਕਿ ਇਹ ਸੁਭਾਵਿਕ ਤੇ ਕੁਦਰਤੀ ਵਰਤਾਰਾ ਹੈ, ਸੱਤਾ ਦੇ ਹਥਿਆਰ ਨਾਲ ਬੇਗੈਰਤ ਅਤੇ ਬੁਜ਼ਦਿਲ ਕੌਮਾਂ ਵੀ ਤਾਕਤਵਰ ਹੋ ਜਾਂਦੀਆਂ ਹਨ ਅਤੇ ਸਿਰਲੱਥ ਸੂਰਮਿਆਂ ਦੀ ਕੌਮ ਵੀ ਸ਼ੈਤਾਨ ਤੇ ਕੁਟਲ ਲੋਕਾਂ ਦੀ ਗੁਲਾਮੀ ਥੱਲੇ, ਗੁਲਾਮੀ ਦੇ ਮਿੱਠੇ ਜ਼ਹਿਰ ਦੀ ਆਦੀ ਹੋ ਜਾਂਦੀ ਹੈ। ਅੱਜ ਸਮਾਂ ਹੈ, ਜਦੋਂ ਪੰਥ ਦੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਸੰਘਰਸ਼ਸੀਲ ਸਿੱਖਾਂ ਨੂੰ ਇਹ ਝੋਰਾ ਝੂਰਨਾ ਛੱਡ ਦੇਣਾ ਚਾਹੀਦਾ ਹੈ ਕਿ ਸੁਆਰਥੀ ਤੇ ਪਦਾਰਥੀ ਲਾਲਸਾ ਵਾਲੇ ਆਗੂਆਂ ਦੀ ਪਿਛਲੱਗ ਕੌਮ ਦੀ ਵੱਡੀ ਗਿਣਤੀ ਕੌਮੀ ਅਜ਼ਾਦੀ ਦੀ ਸ਼ਾਹ ਰਾਹ ਵਾਲੇ ਬਿਖੜੇ ਪੈਂਡੇ ਤੋਂ ਲਾਂਭੇ ਹੋ ਗਈ ਹੈ ਤੇ ਸੱਤਾ ਲਾਲਸਾ ਦੇ ਟੀਕੇ ਦੀ ਆਦੀ ਹੋ ਕੇ, ਬੇਗੈਰਤ ਹੋ ਚੁੱਕੀ ਹੈ।

ਸਿੱਖ ਜੁਆਨੀ 'ਚ ਸਿੱਖੀ ਦੀ ਚਿਣਗ, ਖ਼ਤਮ ਨਹੀਂ ਹੋ ਸਕਦੀ। ਇਹ ਇਸ ਵਿਸਾਖੀ ਦਾ ਵੱਡਾ ਸੁਨੇਹਾ ਸੀ। ਦੂਜਾ ਕੌਮੀ ਪ੍ਰਾਪਤੀ ਦਾ ਸੰਘਰਸ਼, ਸਮੁੱਚੀ ਕੌਮ ਨਹੀਂ ਸਗੋਂ ਕੌਮ ਦੇ ਗਿਣਤੀ ਦੇ ਸਿਰਲੱਥ ਯੋਧੇ ਹੀ ਮੋਹਰੀ ਹੋ ਕੇ ਲੜ੍ਹਦੇ ਹਨ, ਜਿਵੇਂ ਇਸ ਦੇਸ਼ ਦੀ ਆਜ਼ਾਦੀ ਦਾ ਸੰਘਰਸ਼, ਸਿੱਖਾਂ ਨੇ ਜਿਨ੍ਹਾਂ ਦੀ ਗਿਣਤੀ ਇਸ ਦੇਸ਼ 'ਚ ਦੋ ਫੀਸਦੀ ਹੀ ਹੈ, ਵੱਲੋਂ ਮੋਹਰੀ ਹੋ ਕੇ ਲੜਿਆ ਗਿਆ ਸੀ। ਅੱਜ ਲੋੜ ਹੈ ਕਿ ਅਸੀਂ ਕੌਮ 'ਚ ਇਕ ਅਜਿਹਾ ਬੌਧਿਕ ਸ਼ਕਤੀ ਵਾਲਾ ਗੁੱਟ ਖੜ੍ਹਾ ਕਰੀਏ, ਜਿਸਨੂੰ ਥਿੰਕ ਟੈਂਕ ਵੀ ਆਖਦੇ ਹਨ, ਜਿਹੜਾ ਵਿਸ਼ਵ  ਪੱਧਰ ਤੇ ਸਿੱਖ ਕੌਮ ਦੀ ਕੌਮੀ ਹੋਂਦ ਦਾ ਝੰਡਾ ਬਰਦਾਰ ਹੋਣ ਦੇ ਨਾਲ-ਨਾਲ, ਕੌਮ 'ਚ ਨਿੱਤ ਉਠਦੇ ਵਿਵਾਦਾਂ ਅਤੇ ਪੈਦਾ ਹੁੰਦੀਆਂ ਧੜੇਬੰਦੀਆਂ ਤੇ ਅੰਦਰੂਨੀ ਹੁੰਦੇ ਕਾਟੋ-ਕਲੇਸ਼ ਲਈ ਜੁੰਮੇਵਾਰ ਸਿੱਖ ਦੁਸ਼ਮਣ ਸ਼ਕਤੀਆਂ ਦੀ ਸਾਜ਼ਿਸ ਨੂੰ ਨਾ ਸਿਰਫ ਬੇਨਕਾਬ ਕਰੇ, ਸਗੋਂ ਇਸਦਾ ਮੂੰਹ-ਤੋੜਵਾ ਉੱਤਰ ਦੇਣ ਦੇ ਸਮਰੱਥ ਹੋਵੇ। ਆਮ ਸਿੱਖਾਂ ਨੂੰ ਸਿੱਖ ਕੌਮ ਦੀ ਹੋਣੀ ਬਾਰੇ ਜਾਗਰੂਕ ਕਰਨਾ ਅਤੇ ਸਿੱਖ ਵਿਰੋਧੀ ਸੰਸਥਾਵਾਂ ਅੱਗੇ ਡੱਟਣ ਦੀ ਸਮਰੱਥਾ ਪੈਦਾ ਕਰਨਾ ਬੇਹੱਦ ਜ਼ਰੂਰੀ ਹੈ। ਕੌਮੀ ਭਾਵਨਾਵਾਂ ਦੇ ਜਾਗੇ ਵੇਗ ਨੂੰ ਨਾਸ਼ਵਾਨ ਹੜ੍ਹ ਦੀ ਥਾਂ, ਪ੍ਰਾਪਤੀਆਂ ਕਰਨ ਵਾਲੀ ਤਿੱਖੀ ਧਾਰ 'ਚ ਬਦਲਣ ਲਈ, ਕੌਮ 'ਚ ਬੌਧਕ ਪ੍ਰਪੱਕਤਾ ਲਿਆਉਣੀ ਪਵੇਗੀ।

ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ ਕੌਮ ਦਾ ਮੁਕਾਬਲਾ, ਸਮਰੱਥ ਤੇ ਸ਼ੈਤਾਨ ਤਾਕਤਾਂ ਨਾਲ ਹੈ, ਜਿਨ੍ਹਾਂ ਨੇ ਸਾਡੇ 'ਚ ਵੰਡੀਆਂ ਪਾ ਕੇ ਅਤੇ ਸਾਡੇ ਲੀਡਰਾਂ ਨੂੰ ਵਿਕਾਊ ਮਾਲ ਬਣਾ ਕੇ, ਸਾਡੀ ਸ਼ਕਤੀ ਨੂੰ ਹੀਣਾ ਕਰ ਛੱਡਿਆ ਹੈ। ਪ੍ਰੰਤੂ ਐਤਕੀ ਦੀ 'ਵਿਸਾਖੀ' ਨਵਾਂ ਮੋੜ ਦੇਣ ਲਈ ਦਿਸ਼ਾ ਦੇਣ ਦੇ ਸਮਰੱਥ ਸੀ, ਜਿਸਦਾ ਲਾਹਾ ਲੈਣ ਦਾ ਯਤਨ ਨਾ ਹੋਣਾ, ਕੌਮ ਦੇ ਭਵਿੱਖ ਲਈ ਨੁਕਸਾਨਦਾਇਕ ਹੋਵੇਗਾ ਹੀ। ਅਸੀਂ ਚਾਹੁੰਦੇ ਹਾਂ ਕਿ ਅੱਜ ਕੌਮ ਦੇ ਆਗੂ ਅਤੇ ਬੁੱਧੀਜੀਵੀ ਸਿਰ ਜੋੜ ਕੇ ਬੈਠਣ ਅਤੇ ਵਰਤਮਾਨ ਪ੍ਰਸਥਿਤੀਆਂ ਦੇ ਮੱਦੇਨਜ਼ਰ ਰਣਨੀਤੀ ਤਿਆਰ ਕਰਨ ਅਤੇ ਫਿਰ ਉਸ ਰਣਨੀਤੀ ਤੇ ਤੁਰਨ ਲਈ ਕੌਮ ਨੂੰ ਜਾਗਰੂਕ ਕੀਤਾ ਜਾਵੇ, ਇਹ ਇਸ ਵਿਸਾਖੀ ਤੋਂ ਸ਼ੁਰੂ ਹੋਣਾ ਚਾਹੀਦਾ ਹੈ, ਤਦ ਹੀ ਸਾਡਾ ਖਾਲਸਾ ਪੰਥ ਦੇ ਸਾਜਨਾ ਦਿਵਸ ਮਨਾਉਣ ਦਾ ਕੋਈ ਲਾਹਾ ਹੋਵੇਗਾ। 

Editorial
Jaspal Singh Heran

International