ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਖਿਲਾਫ਼ ਇਤਰਾਜ਼ਯੋਗ ਟਿਪਣੀਆਂ ਦਾ ਮਾਮਲਾ

ਮੁੰਬਈ ਹਾਈਕੋਰਟ ਨੇ ਟਿਪਣੀਆਂ ਵਾਪਿਸ ਲੈਣ ਬਾਰੇ ਦਾਇਰ ਅਪੀਲ ਕੀਤੀ ਰੱਦ 

ਸੁਪਰੀਮ ਕੋਰਟ ਪਾਸ ਕੀਤੀ ਜਾਵੇਗੀ ਅਪੀਲ : ਅੰਮ੍ਰਿਤ ਪਾਲ ਸਿੰਘ

ਅੰਮ੍ਰਿਤਸਰ 19 ਅਪ੍ਰੈਲ (ਨਰਿੰਦਰ ਪਾਲ ਸਿੰਘ) ਮੁੰਬਈ ਹਾਈਕੋਰਟ ਨੇ ਵਕਾਲਤ ਦੇ ਇੱਕ ਅੰਮ੍ਰਿਤਧਾਰੀ ਵਿਦਿਆਰਥੀ ਸ੍ਰ:ਅੰਮ੍ਰਿਤਪਾਲ ਸਿੰਘ ਦੀ ਉਹ ਅਪੀਲ ਖਾਰਜ ਕਰ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਮੰਗ ਕੀਤੀ ਸੀ ਕਿ ਮਹਾਂਰਾਸ਼ਟਰਾ ਸਟੇਟ ਬਿਊਰੋ ਆਫ ਟੈਕਸਟ ਬੁੱਕ ਪ੍ਰੋਡਕਸ਼ਨ ਅਤੇ ਕੁਰੀਕਲਮ ਖੋਜ ਪੂਨੇ ਦੁਆਰਾ ਛਾਪੀ 9 ਵੀਂ ਕਲਾਸ ਦੀ ਇਤਿਹਾਸ ਕਿਤਾਬ ਵਿੱਚ ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਅਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਖਿਲਾਫ ਕੀਤੀਆਂ ਇਤਰਾਜਯੋਗ ਟਿਪਣੀਆਂ ਵਾਪਿਸ ਲਈ ਜਾਣ। ਇਹ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਕੋਈ ਸਵਾ ਸਾਲ ਬਾਅਦ ਮੁੰਬਈ ਹਾਈਕੋਰਟ ਦੇ ਜਸਟਿਸ ਐਸ.ਸੀ.ਧਰਮ ਅਧਿਕਾਰੀ,ਅਤੇ ਜਸਟਿਸ ਭਾਰਤੀ ਹਰੀਸ਼ ਡਾਂਗਰੇ ਤੇ ਅਧਾਰਿਤ ਦੋ ਜੱਜਾਂ ਦੀ ਪੀਠ ਨੇ ਉਨ੍ਹਾਂ ਵਲੋਂ ਸਾਲ 2017 ਵਿੱਚ ਦਾਇਰ ਰਿੱਟ ਪਟੀਸ਼ਨ ਨੰਬਰ 902 ਰਿੱਟ ਪਟੀਸ਼ਨ ਨੰਬਰ 1897/2017 ,ਅੱਜ ਖਾਰਜ ਕਰ ਦਿੱਤੀ ਹੈ ।

ਜਿਕਰਯੋਗ ਹੈ ਕਿ ਮਹਾਂਰਾਸ਼ਟਰਾਂ ਸਰਕਾਰ ਨੇ ਅਦਾਲਤ ਨੂੰ ਦਸੰਬਰ 2018 ਵਿੱਚ ਦਿੱਤੇ ਆਪਣੇ ਸਪਸ਼ਟੀਕਰਨ ਵਿੱਚ ਦੱਸਿਆ ਸੀ ਕਿ ਸਰਕਾਰ ਵਾਅਦਾ ਨਹੀ ਕਰ ਸਕਦੀ ਕਿ ਇਹ ਵਿਵਾਦਤ ਜਾਣਕਾਰੀ ਵਾਪਿਸ ਲਈ ਜਾ ਸਕੇਗੀ ਜਾਂ ਨਹੀ ।ਮਹਾਂਰਾਸ਼ਟਰ ਸਰਕਾਰ ਵਲੋਂ ਦਾਇਰ ਜਵਾਬ ਉਪਰੰਤ ਜੱਜ ਸਾਹਿਬਾਨ ਨੇ ਚਾਰ ਮਹੀਨੇ ਦੇ ਕਰੀਬ ਇਸ ਕੇਸ ਨੂੰ ਲਮਕਾਈ ਰੱਖਿਆ।ਸ੍ਰ:ਖਾਲਸਾ ਨੇ ਦੱਸਿਆ ਕਿ ਆਸ ਕੀਤੀ ਜਾ ਰਹੀ ਸੀ ਕਿ ਸ਼ਾਇਦ ਅਦਾਲਤ ਨਵਾਂ ਵਿਦਿਅਕ ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਫੈਸਲਾ ਸੁਣਾਵੇ । ਲੇਕਿਨ ਅੱਜ ਦੋਨਾਂ ਜੱਜਾਂ ਨੇ ਅਪੀਲ ਖਾਰਜ ਕਰ ਦਿੱਤੀ।

ਇਹ ਵੀ ਜਿਕਰਯੋਗ ਹੈ ਕਿ ਮਹਾਂਰਾਸ਼ਟਰਾ ਸਟੇਟ ਬਿਊਰੋ ਆਫ ਟੈਕਸਟ ਬੁੱਕ ਪ੍ਰੋਡਕਸ਼ਨ ਅਤੇ ਕੁਰੀਕਲਮ (ਜਿਸਨੂੰ ਬਾਲ ਭਾਰਤੀ ਕਰਕੇ ਜਾਣਿਆ ਜਾਂਦਾ ਹੈ) ਵਲੋਂ ਵਿਦਿਅਕ ਸ਼ੈਸ਼ਨ 2018-19 ਦੀ ਨੌਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਵਿੱਚ ਵੀਹਵੀਂ ਸਦੀ ਦੇ ਸਿੱਖ ਸੰਘਰਸ਼ ਦੀ ਗਲ ਕਰਦਿਆਂ ਇਸਨੂੰ ਕਾਲਾ ਦੌਰ ਦੱਸਿਆ ਤੇ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੁੰ 'ਅੱਤਵਾਦੀ'ਦੱਸਣ ਦੀ ਹਿਮਾਕਤ ਕੀਤੀ ਸੀ। ਅੰਮ੍ਰਿਤ ਪਾਲ ਸਿੰਘ ਵਲੋਂ ਕੇਸ ਦੀ ਪੈਰਵਾਈ ਮੁੰਬਈ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਮੈਥਿਊ.ਜੇ.ਨੇਦੂਮਪਾਰਾ ਅਤੇ ਮਿਸ ਰੋਹਿਣੀ ਐਮ.ਅਮੀਨ ਵਲੋਂ ਕੀਤੀ ਗਈ।ਅੱਜ ਦੇ ਅਦਾਲਤੀ ਫੈਸਲੇ ਪ੍ਰਤੀ ਟਿਪਣੀ ਕਰਦਿਆਂ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਨਗੇ ।

Unusual
Sant Jarnail Singh Bhindranwale
High Court
Sikhs

International