ਗ਼ਦਾਰਾਂ ਨੂੰ ਇਨਾਮ ਨਹੀਂ ਸਜ਼ਾ ਮਿਲਦੀ ਹੈ...

ਜਸਪਾਲ ਸਿੰਘ ਹੇਰਾਂ
ਅੱਜ ਦਾ ਦਿਨ ਗਦਾਰੀ ਅਤੇ ਗ਼ਦਾਰਾਂ ਦੇ ਅੰਤ ਨੂੰ ਯਾਦ ਕਰਵਾਉਣ ਵਾਲਾ ਹੈ, ਵੋਟਾਂ ਦੇ ਦਿਨਾਂ ਚ ਜਿਸ ਤਰ੍ਹਾਂ ਗ਼ਦਾਰੀ ਕਰਨੀ, ਧਿਰ ਬਦਲਣੀ, ਅਕ੍ਰਿਤਘਣ ਹੋਣਾ ਆਮ ਜਿਹਾ ਹੋ ਜਾਂਦਾ ਹੈ ਅਤੇ ਇਸ ਗ਼ਦਾਰੀ ਨੂੰ ''ਸਮਾਂ ਵਿਚਾਰਨਾ'' ਆਖ਼ ਕੇ ਸਹੀ ਸਿੱਧ ਕਰਨ ਦਾ ਯਤਨ ਕੀਤਾ ਜਾਂਦਾ ਹੈ, ਉਸ ਸਮੇਂ ਅੱਜ ਦੇ ਦਿਨ ਨੂੰ ਯਾਦ ਕਰਨਾ ਹੋਰ ਵੀ ਵਧੇਰੇ ਜ਼ਰੂਰੀ ਹੈ। ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਲਮ ਪਿੰਡ ਦੇ ਗਿਲਜ਼ਈ ਪਠਾਣ ਪੈਂਦੇ ਖਾਨ ਨੂੰ ਆਪਣੇ ਪੁੱਤਰਾਂ ਵਾਂਗ ਪਾਲਿਆ-ਪੋਸਿਆ ਸੀ ਅਤੇ ਹਰ ਤਰ੍ਹਾਂ ਦੀ ਤਾਕਤ ਦਿੱਤੀ ਸੀ! ਉਸ ਪੈਂਦੇ ਖਾਨ ਨੂੰ ਆਪਣੀ ਤਾਕਤ ਦਾ ਹੰਕਾਰ ਹੋ ਗਿਆ, ਉਹ ਘਾਮੰਡੀ ਹੋ ਗਿਆ। ਜਿਥੇ ਤਾਕਤ ਦਾ ਹੰਕਾਰ ਅਤੇ ਘਾਮੰਡ ਆ ਜਾਵੇ, ਉਥੇ ਗੁਰੂ-ਚੇਲੇ ਵਾਲਾ ਰਿਸ਼ਤਾ ਜਿਹੜਾ ਨਿਮਰਤਾ, ਤਿਆਗ, ਸੇਵਾ, ਸ਼ਰਧਾ, ਸਤਿਕਾਰ ਮੰਗਦਾ ਹੈ, ਉਹ ਟੁੱਟ ਜਾਂਦਾ ਹੈ। ਪੈਂਦੇ ਖਾਨ ਦਾ ਵੀ ਗੁਰੂ ਸਾਹਿਬ ਨਾਲ ਗੁਰੂ-ਚੇਲੇ ਵਾਲਾ ਰਿਸ਼ਤਾ, ਟੁੱਟ ਗਿਆ ਅਤੇ ਉਹ ਪੈਂਦੇ ਖਾਨ, ਜਿਸਤੇ ਗੁਰੂ ਸਾਹਿਬ ਆਪਣੇ ਪੁੱਤਰਾਂ ਤੋਂ ਵੀ ਵੱਧ ਮਾਣ ਕਰਦੇ ਸਨ, ਅੱਜ ਦੇ ਦਿਨ 27 ਅਪ੍ਰੈਲ 1635 ਨੂੰ ਮੁਗਲ ਫੌਜਾਂ ਦਾ ਜਰਨੈਲ ਬਣਕੇ ਕਰਤਾਰਪੁਰ ਵਿਖੇ ਗੁਰੂ ਜੀ ਨੂੰ ਹਰਾਉਣ ਲਈ ਆ ਡਟਿਆ ਸੀ। ਪੈਂਦੇ ਖਾਨ ਨੇ ਗੁਰੂ ਜੀ ਤੇ ਲਗਾਤਾਰ ਤਿੰਨ ਵਾਰ ਕੀਤੇ, ਆਖ਼ਰ ਉਸਦੀ ਤਲਵਾਰ ਵੀ ਦੋ ਟੋਟੇ ਹੋ ਗਈ, ਪ੍ਰੰਤੂ ਗੁਰੂ ਜੀ ਨੇ ਉਸਨੂੰ ਦੂਜੀ ਤਲਵਾਰ ਹਾਸਲ ਕਰਨ ਦਾ ਮੌਕਾ ਦਿੱਤਾ ਅਤੇ ਅੰਤ ਉਹ ਗੁਰੂ ਜੀ ਦੇ ਵਾਰ ਦਾ ਸ਼ਿਕਾਰ ਹੋ ਕੇ, ਗੁਰੂ ਤੋਂ ਬੇਮੁੱਖ ਹੋਣ ਕਾਰਣ ਗ਼ਦਾਰੀ ਦੀ ਸਜ਼ਾ ਪਾ ਗਿਆ। ਅਕ੍ਰਿਤਘਣ ਅਤੇ ਗ਼ਦਾਰ ਲਈ ਸਿੱਖੀ 'ਚ ਕੋਈ ਥਾਂ ਨਹੀਂ, ਪ੍ਰੰਤੂ ਅੱਜ ਜਦੋਂ ਰਾਜਨੀਤੀ ਧਰਮ ਤੇ ਭਾਰੂ ਹੋ ਜਾਂਦੀ ਹੈ ਤਾਂ ਰਾਜਸੀ ਲੋਕ ਮਨੁੱਖ ਨਹੀਂ ਰਹਿੰਦੇ, ਦਾਨਵ ਬਣ ਜਾਂਦੇ ਹਨ।

ਉਨ੍ਹਾਂ ਲਈ ਮਾਨਵੀ ਕਦਰਾਂ-ਕੀਮਤਾਂ ਕੋਈ ਅਰਥ ਨਹੀਂ ਰੱਖਦੀਆਂ। ਸਿਰਫ਼ ਆਪਣੇ ਨਿੱਜ ਦਾ ਲਾਹਾ, ਸੁਆਰਥ ਤੇ ਪਦਾਰਥ ਹੀ ਉਨ੍ਹਾਂ ਦਾ ਇੱਕੋ ਇਕ ਨਿਸ਼ਾਨਾ ਜਾ ਇਹ ਆਖ਼ ਲਈਏ ਕਿ ਧਰਮ ਬਣ ਜਾਂਦਾ ਹੈ।ਅਕਾਲੀ ਦਲ 'ਚ ਕਦੇ ਪਾਰਟੀ ਪ੍ਰਤੀ ਕੁਰਬਾਨੀ, ਸੇਵਾ, ਤਿਆਗ ਤੇ ਵਫ਼ਾਦਾਰੀ ਨੂੰ ਸਭ ਤੋਂ ਅਹਿਮ ਮੰਨਿਆ ਜਾਂਦਾ ਸੀ, ਹੁਣ ਪੈਸਾ ਪ੍ਰਮੁੱਖ ਹੋ ਗਿਆ ਹੈ। 'ਨਾਮ ਤੇ ਨਾਮੇ' ਵਾਲਾ ਵਿਅਕਤੀ ਭਾਵੇਂ ਗ਼ਦਾਰ ਹੋਵੇ, ਅਕ੍ਰਿਤਘਣ ਹੋਵੇ, ਭ੍ਰਿਸ਼ਟ ਹੋਵੇ, ਲੁੱਚਾ-ਲੰਡਾ ਹੋਵੇ, ਕੱਲ੍ਹ ਤੱਕ ਪਾਰਟੀ ਨੂੰ ਮਣ-ਮਣ ਦੀਆਂ ਗਾਲ਼ਾਂ ਕੱਢਦਾ ਰਿਹਾ ਹੋਵੇ, ਉਸਨੂੰ ਪਾਰਟੀ ਦੇ ਕਰਤੇ-ਧਰਤੇ ਆਪਣੇ ਨਿੱਜੀ ਲਾਹੇ ਲਈ ਝੱਟ ਪਾਰਟੀ 'ਚ ਸ਼ਾਮਲ ਕਰ ਲੈਂਦੇ ਹਨ ਤੇ ਝੱਟ ਬਾਹਰ ਵੀ ਕਰ ਦਿੰਦੇ ਹਨ। ਪਾਰਟੀ ਨੂੰ ਕਦੇ 'ਮਾਂ' ਮੰਨਿਆ ਜਾਂਦਾ ਸੀ, ਜਿਸ ਲਈ ਪਾਰਟੀ ਪ੍ਰਤੀ ਵਫ਼ਾਦਾਰੀ ਸਭ ਤੋਂ ਅਹਿਮ ਹੁੰਦੀ ਸੀ। ਪ੍ਰੰਤੂ ਹੁਣ ਕਿਉਂਕਿ ਪਾਰਟੀ, ਲੁੱਟ ਦਾ ਹਥਿਆਰ, ਸਮਝੀ ਜਾਂਦੀ ਹੈ, ਇਸ ਲਈ ਪਾਰਟੀ ਨੂੰ ਸਿਰਫ਼ ਆਪਣੇ ਲਾਹੇ ਲਈ ਵਰਤਣ ਵਾਲੀ ਮੰਨਿਆ ਜਾਂਦਾ ਹੈ, ਜਦੋਂ ਤੱਕ ਲਾਹਾ ਮਿਲਦਾ ਹੈ, ਪਾਰਟੀ ਦੇ ਵਫ਼ਾਦਾਰ, ਜਦੋਂ ਲਾਹਾ ਮਿਲਣੋ ਹੱਟ ਗਿਆ ਜਾਂ ਦੂਜੇ ਪਾਸੇ ਵੱਧ ਲਾਹਾ ਮਿਲਦਾ ਵਿਖਾਈ ਦਿੱਤਾ ਤਾਂ ਝੱਟ ਉਡਾਰੀ ਮਾਰ ਲਈ ਜਾਂਦੀ ਹੈ। ਰਾਜਸੀ ਆਗੂਆਂ 'ਚੋਂ ਵਫ਼ਾਦਾਰੀ, ਤਿਆਗ, ਕੁਰਬਾਨੀ ਤੇ ਸੇਵਾ-ਭਾਵਨਾ ਦੇ ਖ਼ਤਮ ਹੋਣ ਕਾਰਣ ਹੀ ਆਮ ਲੋਕਾਂ ਦਾ ਵਿਸ਼ਵਾਸ ਹੁਣ ਰਾਜਸੀ ਆਗੂਆਂ ਤੋਂ ਪੂਰੀ ਤਰ੍ਹਾਂ ਉੱਠ ਗਿਆ ਹੈ। ਕੌਮ ਨਾਲ, ਸੂਬੇ ਨਾਲ, ਧਰਮ ਨਾਲ, ਆਪਣੇ ਲੋਕਾਂ ਨਾਲ ਗ਼ਦਾਰੀ ਕਰਨ ਤੋਂ ਪਹਿਲਾ ਹੁਣ ਕੋਈ ਰਾਜਸੀ ਆਗੂ, ਆਪਣੇ ਮਨ ਤੇ ਭੋਰਾ-ਭਰ ਵੀ ਬੋਝ ਨਹੀਂ ਪਾਉਂਦਾ। ਕਿਉਂਕਿ ਸਿਆਸਤ 'ਧੰਦੇ' 'ਚ ਬਦਲ ਗਈ ਹੈ ਅਤੇ ਧੰਦੇ 'ਚ ਤਾਂ ਸਿਰਫ਼ ਆਪਣਾ ਲਾਹਾ ਹੀ ਤੱਕਿਆ ਜਾਂਦਾ ਹੈ।

ਅਸੀਂ ਅੱਜ ਦੇ ਦਿਨ ਦੇ ਸੁਨੇਹੇ ਨਾਲ ਆਪਣੀ ਕੌਮ ਦੇ ਆਗੂਆਂ ਨੂੰ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਬਾਦਲ ਦਲ ਜਾਂ ਹੋਰ ਕੋਈ ਸਿੱਖਾਂ ਦਾ ਪ੍ਰਤੀਨਿਧ ਅਖਵਾਉਂਦਾ ਦਲ, ਜੇ ਕੌਮ ਨਾਲ ਗ਼ਦਾਰੀ ਕਰਨ ਦੇ ਰਾਹ ਤੁਰਿਆ ਹੋਇਆ ਹੈ ਤਾਂ ਉਸਨੂੰ ਮਾਫ਼ੀ ਨਹੀਂ ਮਿਲੇਗੀ, ਉਸਨੂੰ ਸਜ਼ਾ ਭੁਗਤਣੀ ਹੀ ਪਵੇਗੀ। ਪੰਥ ਦੇ ਨਾਮ ਤੇ ਸੱਤਾ ਦਾ ਸੁੱਖ ਮਾਣਨ ਵਾਲੇ, ਚੌਧਰ ਚਮਕਾਉਣ ਵਾਲੇ, ਤੋਰੀ-ਫੁਲਕਾ ਚਲਾਉਣ ਵਾਲੇ, ਸਾਰਿਆਂ ਨੂੰ ਇਹ ਅਹਿਸਾਸ ਕਰਨਾ ਹੋਵੇਗਾ ਕਿ ਪੰਥ ਉਨ੍ਹਾਂ ਦਾ ਪਾਲਣਹਾਰ ਹੈ, ਇਸ ਲਈ ਉਨ੍ਹਾਂ ਨੂੰ ਪੰਥ ਦੇ, ਕੌਮ ਦੇ ਵਫ਼ਾਦਾਰ ਬਣਕੇ ਰਹਿਣਾ ਚਾਹੀਦਾ ਹੈ। ਜਿਹੜੇ ਗ਼ਦਾਰੀ ਕਰ ਰਹੇ ਹਨ, ਉਨ੍ਹਾਂ ਨੂੰ ਇਕ ਦਿਨ ਸਜ਼ਾ ਜ਼ਰੂਰ ਮਿਲਣੀ ਹੈ। ਪੰਥ ਦੇ ਨਿਆਰੇ ਤੇ ਨਿਰਾਲੇਪਣ ਨੂੰ ਗੈਰਾਂ ਕੋਲ ਗਿਰਵੀ ਰੱਖਣ ਵਾਲਿਆਂ ਤੋਂ ਵੱਡਾ ਗ਼ਦਾਰ ਹੋਰ ਕੌਣ ਹੋ ਸਕਦਾ ਹੈ? ਅੱਜ ਦੇ ਦਿਨ ਸਾਨੂੰ ਪੈਂਦੇ ਖਾਨ ਦੀ ਗ਼ਦਾਰੀ ਅਤੇ ਗ਼ਦਾਰ ਦੀ ਮੌਤ ਦੋਵਾਂ ਨੂੰ ਵਰਤਮਾਨ ਦੇ ਸੰਦਰਭ 'ਚ ਰੱਖ ਕੇ ਇਕ ਵਾਰ ਵਿਚਾਰਨਾ ਜ਼ਰੂਰ ਚਾਹੀਦਾ ਹੈ।

 
  
Editorial
Jaspal Singh Heran

International