ਕਾਂਗਰਸ ਦੇ ਨੇਤਾ ਕਨਫਿਊਜ਼, ਸੋਚ ਡੀਫਿਊਜ਼, ਹੰਕਾਰ ਸਿਖ਼ਰਾਂ ’ਤੇ : ਮੋਦੀ

ਦੇਸ਼ ਦੇ ਚੌਂਕੀਦਾਰ ਦਾ ਬਠਿੰਡਾ ’ਚ ਸਵਾਗਤ ਰਿਹਾ ‘‘ਫਿੱਕਾ’’ ਬਾਦਲਾਂ ਨੂੰ ਪਈ ਬਿਪਤਾ..?

ਲਾਏ ‘ਭਾਰਤ ਮਾਤਾ ਕੀ ਜੈ’ ਦੇ ਨਾਹਰੇ

ਬਠਿੰਡਾ, 13 ਮਈ (ਅਨਿਲ ਵਰਮਾ) : ਦੇਸ਼ ਦੇ ਚੌਂਕੀਦਾਰ ਦਾ ਬਠਿੰਡਾ ਵਿੱਚ ਸਵਾਗਤ ਫਿੱਕਾ ਰਿਹਾ? ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਬਿਪਤਾ ਪੈਂਦੀ ਹੋਈ ਨਜ਼ਰ ਆਈ? ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਠਿੰਡਾ ਵਿੱਚ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਸਮੇਤ ਫਰੀਦਕੋਟ, ਫਿਰੋਜ਼ਪੁਰ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਹੋਏ ਸਨ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਪ੍ਰਧਾਨ ਸ਼ਵੇਤ ਮਲਿਕ ਦੀ ਹਾਜਰੀ ਵਿੱਚ ਮੋਦੀ ਵੱਲੋਂ ਪੰਥਕ ਅਖਵਾਉਂਦੇ ਬਾਦਲ ਦਲ ਦੀ ਹਾਜਰੀ ਵਿੱਚ ‘ਭਾਰਤ ਮਾਤਾ ਕੀ ਜੈ’ ਦੇ ਨਾਹਰੇ ਵੀ ਲਵਾਏ। ਹਾਜਰੀ ਪੱਖੋਂ ਮੋਦੀ ਦਾ ਸਵਾਗਤ ਫਿੱਕਾ ਰਿਹਾ ਕਿਉਂਕਿ ਇਸ ਇਕੱਠ ਤੋਂ ਵਪਾਰੀ, ਮੁਲਾਜਮ, ਕਿਸਾਨ ਮਜਦੂਰ ਦੂਰ ਰਹੇ? ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ 1984 ਕਤਲੇਆਮ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਉਂਦਿਆਂ ਦੰਗਾ ਪੀੜਤਾਂ ਨੂੰ ਅੱਜ ਤੱਕ ਇਨਸਾਫ ਨਾ ਦੇਣ ਲਈ ਜਿੰਮੇਵਾਰ ਦੱਸਿਆ ਅਤੇ ਕਿਹਾ ਕਿ 1984 ਕਤਲੇਆਮ ਦੇ ਕਈ ਪੀੜਤ ਜੇਲਾਂ ਵਿੱਚ ਪਹੁੰਚ ਚੁੱਕੇ ਹਨ ਅਤੇ ਬਾਕੀ ਰਹਿੰਦਿਆਂ ਨੂੰ ਵੀ ਜਲਦੀ ਜੇਲ ਧੱਕਿਆ ਜਾਵੇਗਾ।

ਉਹਨਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਐਨਡੀਏ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਦਿਆਂ ਕਾਂਗਰਸ ਨੂੰ ਜਿੰਮੇਵਾਰ ਠਹਿਰਾਇਆ ਅਤੇ ਸਵਾਲ ਕੀਤਾ ਕਿ ਕਾਂਗਰਸ ਜਵਾਬ ਦੇਵੇ ਉਹ 84 ਕਤਲੇਆਮ ਸਮੇਤ ਪੰਥਕ ਮੁੱਦਿਆਂ ਨੂੰ ਭੜਕਾਕੇ ਧਰਮ ਦੇ ਨਾਮ ਤੇ ਰਾਜਨੀਤੀ ਕਰਕੇ ਕਦੋਂ ਤੱਕ ਜਖਮਾਂ ਤੇ ਲੂਣ ਛਿੜਕਦੀ ਰਹੇਗੀ? ਉਹਨਾਂ ਇਹ ਵੀ ਕਿਹਾ ਕਿ ਅੱਜ ਐਨਡੀਏ ਦੇ ਹੱਕ ਵਿੱਚ ਲਹਿਰ ਚੱਲ ਰਹੀ ਹੈ ਜਦੋਂ ਕਿ ਕਾਂਗਰਸ ਦੇਸ਼ ਵਿੱਚ 50 ਸੀਟਾਂ ਲੈਣ ਲਈ ਲੜਾਈ ਲੜ ਰਹੀ ਹੈ ਕਿਉਂਕਿ ਕਾਂਗਰਸ ਦੇ ਨੇਤਾ ਕਮਾਂਡਰ ਨਾ ਹੋਣ ਕਰਕੇ ਕਨਫਿਊਜ਼ ਹਨ ਜਿਸ ਕਰਕੇ ਸੋਚ ਡੀਫਿਊਜ਼ ਹੈ ਪਰ ਹੰਕਾਰ ਸਿਖਰਾਂ ਤੇ ਹੈ। ਉਹਨਾਂ ਪੰਜਾਬ ਦੇ ਮੁੱੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਦੇ ਲੋਕ ਕੰਮ ਨਾ ਕਰਨ ਕਰਕੇ ਮੁਆਫ ਤਾਂ ਕਰ ਸਕਦੇ ਹਨ ਪਰ ਗੁਰੂਆਂ ਦੀ ਸਹੁੰ ਖਾਕੇ ਕਰਜਮੁਆਫੀ ਕਰਨ ਦੇ ਵਾਅਦੇ ਪੂਰੇ ਨਾ ਕਰਨ ਦਾ ਧੋਖਾ ਕਦੇ ਮੁਆਫ ਨਹੀਂ ਕਰਨਗੇ। ਉਹਨਾਂ ਵਾਅਦਾ ਕੀਤਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਯਤਨ ਜਾਰੀ ਹਨ ਅਤੇ ਕਿਸਾਨਾਂ ਦੇ ਨਾਲ ਮਜਦੂਰਾਂ ਨੂੰ ਪੰਜ ਲੱਖ ਦੇ ਬੀਮੇ ਸਮੇਤ ਆਰਥਿਕ ਸਹਾਇਤਾ ਦੇਣ ਦਾ ਦਾਇਰਾ ਵੀ ਵਧਾਇਆ ਜਾਵੇਗਾ, ਪੰਜਾਬ ਦੇ ਪਾਣੀਆਂ ਨੂੰ ਅਜਾਈਂ ਨਾ ਜਾਣ ਦੇਣ ਦਾ ਵਾਅਦਾ ਕਰਦਿਆਂ ਕਿਸਾਨਾਂ ਨੂੰ ਹਰ ਤਰਾ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਵਾਅਦਾ ਵੀ ਕੀਤਾ ਅਤੇ ਅਪੀਲ ਕੀਤੀ ਕਿ 19 ਮਈ ਨੂੰ ਅਕਾਲੀ ਭਾਜਪਾ ਗਠਬੰਧਨ ਦੇ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਕੇ ਇੱਕ ਵਾਰ ਫਿਰ ਮਜਬੂਤ ਸਰਕਾਰ ਬਨਾਉਣ ਲਈ ਦੇਸ਼ ਵਾਸੀ ਸਾਥ ਦੇਣ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਦਿਆਂ ਅਕਾਲੀ ਭਾਜਪਾ ਉਮੀਦਵਾਰਾਂ ਦੇ ਹੱਕ ਲਈ ਵੋਟ ਦੀ ਮੰਗ ਕੀਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕੈਪਟਨ ਨੇ ਢਾਈ ਸਾਲਾਂ ਵਿੱਚ ਪੰਜਾਬ ਦੇ ਵਿਕਾਸ ਲਈ ਕੁੱਝ ਨਹੀਂ ਕੀਤਾ ਬਲਕਿ ਬੇਅਦਬੀ ਦੇ ਨਾਂ ਤੇ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਅਤੇ ਉਹਨਾਂ ਕੈਪਟਨ ਨੂੰ ਸਵਾਲ ਕੀਤਾ ਕਿ ਉਹ ਜਵਾਬ ਦੇਣ ਕਿ ਢਾਈ ਸਾਲਾਂ ਦੇ ਰਾਜ ਵਿੱਚ 80 ਵਾਰ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਅਤੇ ਮਲੇਰਕੋਟਲਾ ਦੇ ਨਜਦੀਕ ਪਿੰਡ ਵਿੱਚ ਗੁਰਦੁਆਰਾ ਸਾਹਿਬ ਨੂੰ ਅੱਗ ਲਾਉਣ ਦੀ ਘਟਨਾ ਕੀ ਉਹਨਾਂ ਨੇ ਲਵਾਈ ਕਿਉਂਕਿ ਉਹ ਅਕਾਲੀ ਭਾਜਪਾ ਰਾਜ ਵੇਲੇ ਵਾਪਰੀਆਂ ਘਟਨਾਵਾਂ ਲਈ ਬਾਦਲ ਪਰਿਵਾਰ ਨੂੰ ਜਿੰਮੇਵਾਰ ਦੱਸਦੇ ਹਨ। ਸੁਖਬੀਰ ਬਾਦਲ ਨੇ ਸਰਬੱਤ ਖਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਅਤੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਚੁੱਪ ਤੇ ਵੀ ਸਵਾਲ ਉਠਾਏ ਅਤੇ ਕਿਹਾ ਕਿ ਇਹ ਸਭ ਸ਼ੈਤਾਨ ਰੱਲ ਕੇ ਗੁਰੂ ਦੇ ਨਾਂ ਤੇ ਸਿਆਸਤ ਕਰ ਰਹੇ ਹਨ। ਉਹਨਾਂ ਤਲਖੀ ਵਾਲੇ ਲਹਿਜੇ ਨੇ ਕਿਹਾ ਕਿ ਜਿਸਨੇ ਵੀ ਗੁਰੂ ਦੀ ਬੇਅਦਬੀ ਕੀਤੀ ਅਤੇ ਕਰਵਾਈ ਉਸਦਾ ਪਰਿਵਾਰ ਖਤਮ ਹੋ ਜਾਵੇ ਅਤੇ ਗੁਰੂ ਦੇ ਨਾਂ ਤੇ ਸਿਆਸਤ ਕਰਨ ਵਾਲਿਆਂ ਦਾ ਵੀ ਕੱਖ ਨਾ ਰਹੇ। ਇਸ ਮੌਕੇ ਸਟੇਜ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਗੁਲਜ਼ਾਰ ਸਿੰਘ, ਰਣੀਕੇ, ਸਿਕੰਦਰ ਸਿੰਘ ਮਲੂਕਾ, ਬਲਵਿੰਦਰ ਸਿੰਘ ਭੂੰਦੜ ਅਤੇ ਜੀਤਮਹਿੰਦਰ ਸਿੰਘ ਸਿੱਧੂ ਤੇ ਜਗਦੀਪ ਸਿੰਘ ਨਕੱਈ ਸਮੇਤ ਅਕਾਲੀ ਭਾਜਪਾ ਲੀਡਰਸ਼ਿਪ ਹਾਜਰ ਰਹੀ।

Unusual
Rally
Election 2019
pm narendra modi
Parkash Singh Badal

International