ਗੁਰੂ ਸਾਹਿਬ ਅੱਗ ਦੀ ਭੇਂਟ, ਕਦੋਂ ਸੁਣਨੋ, ਪੜਨੋ ਤੇ ਬੋਲਣੋ ਹਟਾਂਗੇ..?

ਜਸਪਾਲ ਸਿੰਘ ਹੇਰਾਂ
ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ, ਪ੍ਰਬੰਧਕਾਂ ਦੀ ਨਿਰੰਤਰ ਅਣਗਹਿਲੀ ਕਾਰਨ ਅੱਗ ਦੀ ਭੇਟਾ ਚੜ੍ਹਨੇ ਸ਼ੁਰੂ ਹੋ ਗਏ ਹਨ। ਇੱਕ ਘਟਨਾ ਤੋਂ ਬਾਅਦ ਦੂਜੀ ਘਟਨਾ ਵਾਪਰ ਰਹੀ ਹੈ। ਸਿੱਖ ਹਿਰਦੇ ਵਲੂੰਧਰੇ ਜਾ ਰਹੇ ਹਨ, ਪ੍ਰੰਤੂ ਅਸੀ ਕੋਈ ਸਬਕ ਲੈਣ ਲਈ ਤਿਆਰ ਨਹੀ। ਗੁਰਦੁਆਰਾ ਸਾਹਿਬ ਦੀ ਚੌਧਰ ਲਈ ਤਾਂ ਅਸੀਂ ਤਿਕੜਮਬਾਜ਼ੀਆਂ ਵੀ ਲੜਾਉਂਦੇ ਹਾਂ, ਪ੍ਰੰਤੂ ਜ਼ਿੰਮੇਵਾਰੀ ਮਿਲ ਜਾਣ ਤੋਂ ਬਾਅਦ ਜ਼ਿੰਮੇਵਾਰੀ ਨਿਭਾਉਣ ਤੋਂ ਟਾਲਾ ਵੱਟ ਜਾਂਦੇ ਹਾਂ। ਅਸੀਂ ਤਾਂ ਸਿਰਫ਼ ਨਾਮਨਿਹਾਰ ਚੌਧਰੀ ਬਣਨਾ ਹੈ। ਸੇਵਾ ਥੋੜਾ ਕਰਨੀ ਹੈ? ਸਾਨੂੰ ਇਹ ਤਾਂ ਯਾਦ ਹੈ ਕਿ ਗੁਰੂ ਸਾਹਿਬ ਪ੍ਰਗਟ ਗੁਰਾਂ ਦੀ ਦੇਹਿ ਹਨ, ਇਸ ਲਈ ਗਰਮੀ-ਸਰਦੀ ਤੋਂ ਬਚਾਅ ਬੇਹੱਦ ਜ਼ਰੂਰੀ ਹੈ, ਪ੍ਰੰਤੂ ਗੁਰੂ ਸਾਹਿਬ ਅੱਗ ਦੀ ਭੇਂਟ ਚੜ੍ਹਦੇ ਹਨ, ਇਸ ਦੀ ਸਾਨੂੰ ਕੋਈ ਚਿੰਤਾ ਨਹੀਂ। ਸ਼ਬਦ ਗੁਰੂ ਪ੍ਰਤੀ ਅੰਨ੍ਹੀ ਸ਼ਰਧਾ ਦੀ ਥਾਂ ਅਕਲ ਵਾਲੀ ਸ਼ਰਧਾ ਜ਼ਰੂਰੀ ਹੈ। ਜਿਸ ਨਾਲ ਗੁਰੂ ਸਾਹਿਬ ਦੀ ਰਾਖੀ ਨੂੰ ਪਹਿਲ ਹੋਵੇ, ਉਸ ਵੱਲ ਧਿਆਨ ਦੇਣ ਦੀ ਲੋੜ ਹੀ ਨਹੀਂ ਸਮਝੀ ਜਾਂਦੀ। ਗਰਮੀ 'ਚ ਗੁਰੂ ਸਾਹਿਬ ਦੇ ਆਸਨ ਜਾਂ ਜਿੱਥੇ ਗੁਰੂ ਸਾਹਿਬਾਨ ਦਾ ਸੁਖ਼ਆਸਣ ਕੀਤਾ ਜਾਂਦਾ ਹੈ, ਪੱਖਾ, ਕੂਲਰ ਜਾਂ ਏ. ਸੀ 24 ਘੰਟੇ ਚੱਲਣਾ ਜ਼ਰੂਰੀ ਹੈ, ਪ੍ਰੰਤੂ ਕੀ ਬਿਜਲੀ ਦੇ ਇਹ ਯੰਤਰ ਜਾਂ ਗੁਰਦੁਆਰਾ ਸਾਹਿਬਾਨ 'ਚ ਕਰਵਾਈ ਬਿਜਲੀ ਦੀ ਫਿਟਿੰਗ ਇੰਨ੍ਹਾਂ ਯੰਤਰਾਂ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਦੇ ਯੋਗ ਵੀ ਹੈ, ਜਾਂ ਨਹੀਂ?

ਇਹ ਅਸੀਂ ਕਦੇ ਸੋਚਦੇ, ਪਰਖਦੇ ਹੀ ਨਹੀਂ। ਸਸਤੇ ਤੋਂ ਸਸਤੇ ਪੱਖੇ ਜਾਂ ਕੂਲਰ ਖਰੀਦਣ ਲੱਗਿਆ, ਸਾਨੂੰ ਕਦੇ ਆਪਣੀ ਅੰਨ੍ਹੀ ਸ਼ਰਧਾ ਚੇਤੇ ਨਹੀਂ ਆਉਦੀ। ਗੁਰਦੁਆਰਾ ਸਾਹਿਬਾਨ'ਚ ਜਗਾੜੂ ਫਿਟਿੰਗ, ਸਸਤਾ ਸਮਾਨ, 24 ਘੰਟੇ ਬਿਜਲੀ ਸਪਲਾਈ ਮਹੁੱਈਆਂ ਕਰਨ ਸਮੇਂ ਅਕਸਰ ਗਰਮ ਹੋ ਜਾਂਦੇ ਹਨ ਅਤੇ ਅੱਗ ਲੱਗਣ ਦਾ ਕਾਰਣ ਬਣਦੇ ਹਨ। ਪ੍ਰੰਤੂ ਕੀ ਕਿਸੇ  ਕਮੇਟੀ ਨੇ ਗੁਰੂ ਘਰ 'ਚ ਹੋਈ ਫਿਟਿੰਗ ਜਾਂ ਬਿਜਲੀ ਦੇ ਸਮਾਨ ਸਬੰਧੀ ਕਦੇ ਘੋਖਵੀਂ ਪੜਤਾਲ ਕੀਤੀ ਹੈ ਕਿ ਇਸ ਦੀ ਨਿਰੰਤਰ ਵਰਤੋਂ ਕਾਰਣ ਅੱਗ ਵਰਗੀ ਭਿਆਨਕ ਘਟਨਾਂ ਤਾਂ ਵਾਪਰ ਨਹੀਂ ਸਕਦੀ। ਅਸੀਂ ਸਮਝਦੇ ਹਾਂ ਕਿ ਇੱਕ ਉਹ ਤਾਕਤਾਂ ਹਨ, ਜਿਹੜੀਆਂ ਸਿੱਖ ਅਤੇ ਗੁਰੂ ਦੇ ਰਿਸ਼ਤੇ ਨੂੰ ਤੋੜਨ ਲਈ ਬੇਅਦਬੀ ਘਟਨਾਵਾਂ ਨੂੰ ਅੰਜਾਮ ਦੇ ਰਹੀਆਂ ਹਨ ਅਤੇ ਦੂਜੇ ਪਾਸੇ ਅਸੀਂ ਖ਼ੁਦ ਲਾਪਰਵਾਹ ਹੋ ਕੇ ਜਾਂ ਅੰਨੀ ਸ਼ਰਧਾ ਦੇ ਵੱਸ  ਗੁਰੂ ਸਾਹਿਬ ਨੂੰ ਅਗਨ ਹਵਾਲੇ ਕਰ ਰਹੇ ਹਾਂ। ਅਸੀਂ ਕੱਲ੍ਹ ਵੀ ਲਿਖਿਆ ਸੀ ਕਿ ਗੁਰੂ ਸਾਹਿਬ ਦੀ ਰਾਖ਼ੀ ਲਈ ਦੁਸ਼ਟ ਸੋਧਕ ਦਲ ਖੜ੍ਹਾ ਕਰਨ ਦੀ ਵੱਡੀ ਲੋੜ ਹੈ, ਜਿਸਨੂੰ ਅਸੀਂ ਅੱਜ ਫ਼ਿਰ ਦੁਹਰਾਉਂਦੇ ਹਾਂ ਇਹੋ ਦੁਸ਼ਟ ਸੋਧਕ ਦਲ, ਬੇਦਅਬੀ ਜਾਂ ਅੱਗ ਦੀ ਘਟਨਾਵਾਂ ਦੀ ਡੂੰਘੀ ਘੋਖ ਪੜਤਾਲ ਕਰੇ ਅਤੇ ਫ਼ਿਰ ਦੋਸ਼ੀਆਂ ਦੀ ਕਤਾਰ 'ਚ ਦੁਸ਼ਮਣ ਜਾਂ ਆਪਣਾ ਕੋਈ ਵੀ ਖੜ੍ਹਾ ਹੋਵੇ, ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਪੰਜ-ਪੰਜ ਪਿੰਡ ਦੀ ਕਮੇਟੀ ਆਪਣੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੀ ਜਾਂਚ ਕਰੇ, ਬੇਅਦਬੀ, ਕਰਮਕਾਂਡ, ਪਾਖੰਡ ਜਾਂ ਅੱਗ ਦੀਆਂ ਘਟਨਾਵਾਂ ਦੀ ਜਿੱਥੇ ਵੀ ਕੋਈ ਸੰਭਾਵਨਾ ਦਿੱਸਦੀ ਹੈ, ਉਸਨੂੰ ਤਰੁੰਤ ਦੂਰ ਕਰਵਾਇਆ ਜਾਵੇ। ਜਿੱਥੇ ਪ੍ਰਬੰਧਕ ਕਮੇਟੀ, ਪ੍ਰਬੰਧ ਕਰਨ 'ਚ ਅਸਫ਼ਲ ਰਹਿੰਦੀ ਹੈ, ਉਸਨੂੰ ਤਰੁੰਤ ਸੇਵਾਮੁਕਤ ਕੀਤਾ ਜਾਵੇ। ਹਦਾਇਤਾਂ ਦੇ ਬਾਵਜੂਦ, ਵਾਹਿਗੁਰੂ ਨਾ ਕਰੇ ਅਜਿਹੀ ਹਿਰਦੇਵੇਵਕ ਘਟਨਾ ਫ਼ਿਰ ਵੀ ਵਾਪਰਦੀ ਹੈ ਤਾਂ ਪ੍ਰਬੰਧਕੀ ਕਮੇਟੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਫੋਕੇ ਚੌਧਰੀ, ਝੱਟ ਭੱਜ ਜਾਣਗੇ, ਸਿਰਫ਼ ਸੇਵਾ ਭਾਵਨਾ ਵਾਲੇ ਹੀ ਰਹਿ ਜਾਣਗੇ।

ਸਾਨੂੰ ਭਰੋਸਾ ਹੈ ਕਿ ਜੋ ਸੇਵਾ ਭਾਵਨਾ ਵਾਲੇ ਪ੍ਰਬੰਧਕ ਹੋਣਗੇ, ਫ਼ਿਰ ਕੋਈ ਵੀ ਮਾੜੀ ਜਾਂ ਦੁੱਖਦਾਈ ਘਟਨਾ ਕਦੇ ਵੀ ਵਾਪਰੇਗੀ ਨਹੀ। ਚੌਧਰ ਦੇ ਭੁੱਖਿਆ ਨੇ ਇਸ ਸਮੇਂ ਥੱਲੇ ਤੋਂ ਲੈ ਕੇ ਉੱਤੇ ਤੱਕ ਕੌਮ ਦੇ ਪ੍ਰਬੰਧਾਂ ਨੂੰ ਤਹਿਸ-ਨਹਿਸ ਕੀਤਾ ਹੋਇਆ ਹੈ। ਇਸੇ ਕਾਰਣ ਪੰਜਾਬ ਦੀ ਧਰਤੀ ਤੇ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਅੰਮ੍ਰਿਤਧਾਰੀ ਤਾਂ ਕੀ ਪਤਿਤ ਸਿੱਖ ਬਣੇ ਹੋਏ ਹਨ, ਜਦੋਂ ਮੁੱਢਲੇ ਸਿਧਾਂਤਾਂ ਦਾ ਘਾਣ ਕੀਤਾ ਜਾਂਦਾ ਹੈ। ਫ਼ਿਰ ਪੰ੍ਰਪਰਾਵਾਂ ਤੇ ਰਵਾਇਤਾਂ ਦਾ ਘਾਣ ਵੀ ਹੁੰਦਾ ਹੈ। ਅਸੀਂ ਕੌਮ ਦੇ ਸਾਰੇ ਸਨੇਹੀਆਂ ਨੂੰ ਸੱਦਾ ਦਿੰਦਾ ਹੈ ਕਿ ਗੁਰੂ ਘਰਾਂ ਦੇ ਪ੍ਰਬੰਧਾਂ ਦੀ ਦੇਖ ਰੇਖ ਲਈ ਅੱਜ ਹੀ 5-5 ਪਿੰਡਾਂ ਦੀ ਗੁਰੂ ਘਰ ਦੇਖ ਰੇਖ ਕਮੇਟੀਆਂ ਬਣਾ ਦਿੱਤੀਆਂ ਜਾਣ, ਜਿਹੜੀ ਪਹਿਲ ਦੇ ਅਧਾਰ ਤੇ ਗਰਮੀ ਦੀ ਰੁੱਤ ਨੂੰ ਵੇਖਦਿਆਂ ਹਰ ਗੁਰਦੁਆਰਿਆਂ ਸਾਹਿਬ 'ਚ ਬਿਜਲੀ ਫਿਟਿੰਗ ਤੇ ਬਿਜਲੀ ਯੰਤਰਾਂ ਦੀ ਬਰੀਕੀ ਨਾਲ ਘੋਖ ਕਰਕੇ ਉਸ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ। ਇੱਕ ਤਾਂ ਛੋਟੀ ਪੱਖੀ (ਭੰਮੀਰੀ) ਕਿਸੇ ਗੁਰੂਘਰ 'ਚ ਨਾ ਹੋਵੇ, ਦੂਜਾ ਇਹ ਸਖ਼ਤ ਹਦਾਇਤ ਹੋਵੇ ਜਦੋਂ ਬਿਜਲੀ ਯੰਤਰ ਚੱਲਦੇ ਹੋਣ, ਉਦੋ ਘੱਟੋ ਘੱਟ ਇੱਕ ਸੇਵਾਦਾਰ ਦਰਬਾਰ ਸਾਹਿਬ 'ਚ ਜ਼ਰੂਰ ਮੌਜੂਦ ਰਹੇ, ਜਦੋਂ ਕੋਈ ਸੇਵਾਦਾਰ ਨਹੀ ਹੈ ਤਾਂ ਬਿਜਲੀ ਦੀ ਸਪਲਾਈ ਬੰਦ ਰੱਖੀ ਜਾਵੇ। ਜੇ ਅਸੀਂ ਆਪਣੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੰਗਤੀ ਰੂਪ 'ਚ ਖ਼ੁਦ ਨਹੀਂ ਵੇਖ ਸਕਦੇ, ਫ਼ਿਰ ਸਾਨੂੰ ਅਜਿਹੀਆਂ ਦਰਦਨਾਕ ਹੋਲਨਾਕ ਘਟਨਾਂਵਾਂ ਤੇ ਅਫ਼ਸੋਸ ਪ੍ਰਗਟਾਉਣ ਦਾ ਵੀ ਕੋਈ ਹੱਕ ਨਹੀਂ ਕਿਉਂਕਿ ਉਸ ਲਈ ਅਸੀਂ ਖ਼ੁਦ ਹੀ ਜ਼ਿੰਮੇਵਾਰ ਹਾਂ।

Editorial
Jaspal Singh Heran

International