ਸਾਡਾ ਕੈਪਟਨ ਰਾਹੁਲ ਗਾਂਧੀ ਹੈ : ਨਵਜੋਤ ਕੌਰ ਸਿੱਧੂ

ਕਿਹਾ ਕੈਪਟਨ ਤੇ ਆਸ਼ਾ ਕੁਮਾਰੀ ਨੇ ਕਟਵਾਈ ਮੇਰੀ ਟਿਕਟ

ਚੰਡੀਗੜ੍ਹ 14 ਮਈ (ਪ.ਬ) ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣੀ ਪਾਰਟੀ ਖ਼ਿਲਾਫ਼ ਬੋਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਛੋਟੇ ਕੈਪਟਨ ਹਨ, ਵੱਡੇ ਕੈਪਟਨ ਤਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਟਿਕਟ ਕੈਪਟਨ ਤੇ ਆਸ਼ਾ ਕੁਮਾਰੀ ਦੀ ਵਜ੍ਹਾ ਕਰਕੇ ਕੱਟੀ ਗਈ ਹੈ। ਸਿੱਧੂ ਦੇ ਪੰਜਾਬ ਵਿੱਚ ਪ੍ਰਚਾਰ ਕਰਨ ਬਾਰੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਪੰਜਾਬ ਦੇ ਸਟਾਰ ਪ੍ਰਚਾਰਕ ਹਨ ਜਦਕਿ ਸਿੱਧੂ ਉੱਥੇ ਜਾਂਦੇ ਹਨ, ਜਿੱਥੇ ਉਨ੍ਹਾਂ ਦੀ ਡਿਮਾਂਡ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਪੰਜਾਬ ਵਿੱਚ ਪ੍ਰਚਾਰ ਨਹੀਂ ਕਰਨਗੇ, ਕਿਉਂਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪ੍ਰਚਾਰ ਕਰਨ ਬਾਰੇ ਕਿਹਾ ਹੀ ਨਹੀਂ।

ਹਾਲਾਂਕਿ ਸਿੱਧੂ ਨੇ ਇਸ ਪਿੱਛੇ ਖਰਾਬ ਸਿਹਤ ਦਾ ਹਵਾਲਾ ਦਿੱਤਾ ਹੈ ਪਰ ਨਵਜੋਤ ਕੌਰ ਨੇ ਸਿੱਧੂ ਨੂੰ ਪੰਜਾਬ 'ਚ ਪ੍ਰਚਾਰ ਕਰਨ ਦੀ ਆਗਿਆ ਨਾ ਦੇਣ ਲਈ ਪਾਰਟੀ ਦੀ ਪੰਜਾਬ ਇੰਚਾਰਜ ਆਸ਼ੀ ਕੁਮਾਰੀ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਹੀ ਨਵਜੋਤ ਕੌਰ ਨੇ ਕਿਹਾ ਕਿ ਕੈਪਟਨ ਸਾਹਿਬ ਛੋਟੇ ਕਪਤਾਨ ਹਨ ਤੇ ਰਾਹੁਲ ਗਾਂਧੀ ਉਨ੍ਹਾਂ ਦਾ ਵੱਡਾ ਕਪਤਾਨ ਹੈ। ਉਨ੍ਹਾਂ ਨੇ ਹੋਰਾਂ ਸੂਬਿਆਂ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਡਿਊਟੀ ਦਿੱਤੀ ਹੈ, ਉਹ ਉੱਥੇ ਪ੍ਰਚਾਰ ਕਰਨ ਵਿੱਚ ਰੁੱਝੇ ਹਨ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਜਦੋਂ ਕੈਪਟਨ ਸਾਹਿਬ ਤੇ ਆਸ਼ਾ ਕੁਮਾਰੀ ਸਾਰੀਆਂ 13 ਸੀਟਾਂ 'ਤੇ ਜਿੱਤ ਹਾਸਲ ਕਰਨ ਵਿੱਚ ਲੀਡ ਰੋਲ ਨਿਭਾਅ ਰਹੇ ਹਨ ਤਾਂ ਫਿਰ ਪੰਜਾਬ 'ਚ ਪ੍ਰਚਾਰ ਲਈ ਨਵਜੋਤ ਸਿੱਧੂ ਦੀ ਕੀ ਲੋੜ ਹੈ।

ਸਿੱਧੂ ਨੇ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਲਈ ਕੈਪਟਨ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਚੋਣ ਲੜਨਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ, ਇੱਥੋਂ ਤਕ ਕਿ ਉਨ੍ਹਾਂ ਇਸ ਲਈ ਵੀ ਕੈਪਟਨ 'ਤੇ ਹੀ ਇਲਜ਼ਾਮ ਲਾਇਆ।

Unusual
Navjot Singh Sidhu
Capt Amarinder Singh
Rahul Gandhi

International