ਚੋਣ ਪ੍ਰਚਾਰ ਦਾ ਕੰਮ ਨਿਬੇੜ ਸ਼ਿਵ ਭਗਤੀ 'ਚ ਲੀਨ ਹੋਈ ਮੋਦੀ-ਸ਼ਾਹ ਦੀ ਜੋੜੀ

ਰਾਹੁਲ ਗਾਂਧੀ ਜੋੜ ਤੋੜ ਲਈ ਰੁੱਝਿਆ

ਕੇਦਾਰਨਾਥ 18 ਮਈ (ਏਜੰਸੀਆਂ) ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੀ ਵੋਟਿੰਗ ਲਈ ਚੋਣ ਪ੍ਰਚਾਰ ਕਰਨ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਉੱਤਰਾਖੰਡ ਦੇ ਦੌਰੇ 'ਤੇ ਗਏ ਹਨ। ਇਸ ਦੌਰਾਨ ਉਹ ਵਿਸ਼ਵ ਪ੍ਰਸਿੱਧ ਹਿਮਾਲੀ ਧਾਮ ਕੇਦਾਰਨਾਥ ਤੇ ਬਦਰੀਨਾਥ ਦੇ ਦਰਸ਼ਨ ਕਰਨਗੇ। ਆਪਣੇ ਦੋ ਰੋਜ਼ਾ ਦੌਰੇ ਵਿੱਚ ਪੀਐਮ ਅੱਜ ਕੇਦਾਰਨਾਥ ਤੇ ਕੱਲ੍ਹ ਚੋਣਾਂ ਵਾਲੇ ਦਿਨ ਬਦਰੀਨਾਥ ਹੋਣਗੇ। ਅੱਜ ਸਵੇਰੇ ਸਾਢੇ ਸੱਤ ਵਜੇ ਪੀਐਮ ਦਿੱਲੀ ਤੋਂ ਜੋਲੀਗ੍ਰਾਂਟ ਏਅਰਪੋਰਟ ਦੇਹਰਾਦੂਨ ਲਈ ਰਵਾਨਾ ਹੋਏ। ਦੱਸਿਆ ਜਾ ਰਿਹਾ ਹੈ ਕਿ ਕੇਦਾਰਨਾਥ ਪਹੁੰਚੇ ਮੋਦੀ ਇੱਕ ਗੁਫ਼ਾ ਅੰਦਰ ਧਿਆਨ ਵੀ ਲਾਉਣਗੇ ਤੇ ਮੀਡੀਆ ਨਾਲ ਵੀ ਗੱਲਬਾਤ ਕਰਨਗੇ। ਉੱਧਰ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਵੀ ਅੱਜ ਗੁਜਰਾਤ ਵਿੱਚ ਸੋਮਨਾਥ ਮੰਦਰ ਦੇ ਦਰਸ਼ਨ ਕਰਨਗੇ।

ਪੀਐਮ ਮੋਦੀ ਤੇ ਸ਼ਾਹ ਤੋਂ ਇਲਾਵਾ ਹੋਰਾਂ ਪਾਰਟੀਆਂ ਦੇ ਲੀਡਰ ਵੀ ਮੰਦਰ ਜਾ ਸਕਦੇ ਹਨ। ਸੂਤਰਾਂ ਮੁਤਾਬਕ ਚੋਣ ਕਮਿਸ਼ਨ ਨੇ ਪੀਐਮ ਮੋਦੀ ਨੂੰ ਸ਼ਨੀਵਾਰ ਤੇ ਐਤਵਾਰ ਨੂੰ ਉੱਤਰਾਖੰਡ ਸਥਿਤ ਕੇਦਾਰਨਾਥ ਕੇ ਬਦਰੀਨਾਥ ਧਾਮਾਂ ਦੀ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਇਹ ਅਧਿਕਾਰਿਕ ਯਾਤਰਾ ਹੈ। ਇਸ ਲਈ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਯਾਦ ਦਵਾਇਆ ਹੈ ਕਿ ਲੋਕ ਸਭਾ ਚੋਣਾਂ ਦੇ ਐਲਾਨ ਨਾਲ 10 ਮਾਰਚ ਤੋਂ ਲਾਗੂ ਹੋਇਆ ਚੋਣ ਜ਼ਾਬਤਾ ਹਾਲੇ ਵੀ ਪ੍ਰਭਾਵੀ ਹੈ।

ਭਾਜਪਾ ਖ਼ਿਲਾਫ਼ ਮੋਰਚਾ ਵਿੱਢਣ ਲਈ ਰਾਹੁਲ ਤੇ ਸੀਪੀਆਈ ਨੇਤਾਵਾਂ ਨੂੰ ਮਿਲੇ ਚੰਦਰਬਾਬੂ

ਲੋਕ ਸਭਾ ਚੋਣਾਂ ਦੇ ਲਈ ਆਖਰੀ ਗੇੜ 'ਚ ਵੋਟਿੰਗ 19 ਮਈ ਨੂੰ ਹੋਣ ਜਾ ਰਹੀ ਹੈ। 23 ਮਈ ਨੂੰ ਚੋਣਾਂ ਦੇ ਨਤੀਜੇ ਆ ਜਾਣਗੇ ਪਰ ਇਸ ਤੋਂ ਪਹਿਲਾਂ ਹੀ ਭਾਜਪਾ ਵਿਰੋਧੀ ਮੋਰਚਾ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇਸ ਦੇ ਲਈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰ ਬਾਬੂ ਨਾਇਡੂ ਨੇ ਸ਼ਨੀਵਾਰ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਭਾਕਪਾ ਨੇਤਾਵਾਂ ਸੁਧਾਕਰ ਰੈੱਡੀ ਅਤੇ ਡੀ. ਰਾਜਾ ਨਾਲ ਮੁਲਾਕਾਤ ਕੀਤੀ। ਚੰਦਰਬਾਬੂ ਸ਼ੁੱਕਰਵਾਰ ਨੂੰ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਮਿਲੇ ਸੀ। ਨਾਇਡੂ ਦਿੱਲੀ 'ਚ ਰਾਕਾਂਪਾ ਮੁਖੀ ਸ਼ਰਦ ਪਵਾਰ ਅਤੇ ਐਲਜੇਡੀ ਨੇਤਾ ਸ਼ਰਦ ਯਾਦਵ ਨੂੰ ਮਿਲਣਗੇ।

ਇਸ ਤੋਂ ਬਾਅਦ ਉਹ ਲਖਨਊ ਰਵਾਨਾ ਹੋਣਗੇ, ਜਿੱਥੇ ਉਹ ਬਸਪਾ ਸੁਪਰੀਮੋ ਮਾਇਆਵਤੀ ਅਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਰਨਗੇ। ਰਾਜਨੀਤੀਕ ਸੂਤਰਾਂ ਦਾ ਕਹਿਣਾ ਹੈ ਕਿ ਚੰਦਰਬਾਬੂ ਨੇ ਰਾਹੁਲ ਨੂੰ ਕਿਹਾ ਹੈ ਕਿ ਸਾਨੂੰ ਚੋਣ ਨਤੀਜਿਆਂ ਦੇ ਲਈ ਰਾਜਨੀਤੀਕ ਤੌਰ 'ਤੇ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਬੀਜੇਪੀ ਬਹੁਮਤ ਤੋਂ ਪਿੱਛੇ ਰਹਿੰਦੀ ਹੈ ਤਾਂ ਸਾਨੂੰ ਮਜ਼ਬੂਤ ਦਾਅਵੇ ਪੇਸ਼ ਕਰਨ ਲਈ ਪਹਿਲਾਂ ਹੀ ਤਿਆਰੀ ਕਰ ਲੈਣੀ ਚਾਹੀਦੀ ਹੈ।” ਉੱਧਰ, ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਨੇ 23 ਮਈ ਨੂੰ ਗ਼ੈਰ-ਐਨਡੀਏ ਦਲਾਂ ਦੀ ਬੈਠਕ ਬੁਲਾਈ ਹੈ। ਕਾਂਗਰਸ ਦਾ ਮੰਨਣਾ ਹੈ ਕਿ ਬੀਜੇਪੀ ਨੂੰ ਇਸ ਵਾਰ ਬਹੁਮਤ ਨਹੀਂ ਮਿਲੇਗਾ, ਜਿਸ ਦੇ ਲਈ ਰਾਜਨੀਤੀਕ ਪਾਰਟੀਆਂ ਨੂੰ ਬੁਲਾਇਆ ਗਿਆ ਹੈ।

Unusual
Election 2019
pm narendra modi
Rahul Gandhi

Click to read E-Paper

Advertisement

International