ਅਗਾਊਂ ਸਰਵੇਖਣਾਂ ਦਾ ਕੱਚ-ਸੱਚ...

ਜਸਪਾਲ ਸਿੰਘ ਹੇਰਾਂ
ਚੋਣਾਂ ਦਾ ਕੰਮ ਮੁੰਕਮਲ ਹੋਣ ਤੋਂ ਬਾਅਦ, ਐਗਜ਼ਿਟ ਪੋਲ ਦੇ ਨਤੀਜਿਆਂ ਦੀ ਝੜੀ ਲੱਗ ਗਈ ,ਜਿਨ੍ਹਾਂ ਨੇ ਮੋਦੀ ਨੂੰ ਫਿਰ ਸਰਕਾਰ ਬਣਾਉਂਦੇ ਵਿਖਾ ਦਿੱਤਾ। ਭਾਜਪਾ ਨੂੰ 15 'ਚੋਂ 12 ਚੈਨਲਾਂ ਨੇ ਅਤੇ ਸਰਵੇਖਣ ਕਰਨ ਵਾਲੀਆਂ ਏਜੰਸੀਆਂ ਨੇ 300 ਤੋਂ ਵੱਧ ਸੀਟਾਂ ਦਿੱਤੀਆਂ ਹਨ। ਐਗਜ਼ਿਟ ਪੋਲ ਕਿੰਨੇ ਕੁ ਸੱਚੇ ਹੁੰਦੇ ਹਨ, ਇਹ ਤਾਂ ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਤੇ ਕਈ ਵਿਧਾਨ ਚੋਣਾਂ ਸਮੇਂ ਸਾਹਮਣੇ ਆ ਚੁੱਕਾ ਹੈ। ਅਸਲ 'ਚ ਐਗਜ਼ਿਟ ਪੋਲ ਨੇ ਕਿਸੇ ਪਾਰਟੀ ਦੀ ਜਿੱਤ-ਹਾਰ 'ਚੋਂ ਕੋਈ ਫਰਕ ਨਹੀਂ ਪਾਉਣਾ ਹੁੰਦਾ। ਪ੍ਰੰਤੂ ਇਨ੍ਹਾਂ ਦੇ ਸਹਾਰੇ ਦੋ ਕੰਮ ਕੀਤੇ ਜਾਂਦੇ ਹਨ। ਇੱਕ ਤਾਂ ਜਿਸ ਪਾਰਟੀ ਨੇ ਜਿੱਤ ਦੇ ਨੇੜੇ ਪੁੱਜਣਾ ਹੁੰਦਾ ਹੈ, ਉਸਦੇ ਹੱਕ 'ਚ ਹਵਾ ਬਣਾ ਕੇ ,ਉਸਦੇ ਸਮਰੱਥਕਾਂ 'ਚ ਵਿਕਾਊ ਮਾਲ ਨੂੰ ਪਹਿਲਾਂ ਹੀ ਉਲਾਰੂ ਬਣਾ ਲੈਣਾ ਹੁੰਦਾ ਹੈ। ਜਿਹੜੀਆਂ ਛੋਟੀਆਂ ਪਾਰਟੀਆਂ ਭਾਜਪਾ ਦੀ ਮਦਦ ਤੋਂ ਦੂਰ ਭੱਜਦੀਆਂ ਦਿਸ ਰਹੀਆਂ ਹਨ, ਉਹਨਾਂ ਦੇ ਮਨ 'ਚ ਭਾਜਪਾ ਦੇ ਪ੍ਰਭਾਵ ਨੂੰ ਪੈਦਾ ਕੀਤਾ ਜਾਂਦਾ ਹੈ ਤਾਂ ਕਿ ਸਮਾਂ ਆਉਣ 'ਤੇ ਛੱਤਰੀ 'ਤੇ ਬਿਠਾਇਆ ਜਾ ਸਕੇ। ਦੂਜਾ ਐਗਜ਼ਿਟ ਪੋਲ ਸੱਟਾ ਬਜ਼ਾਰ ਵੱਲੋਂ ਤਿਆਰ ਕੀਤੇ ਜਾਂਦੇ ਹਨ। ਸੱਟਾ ਬਜ਼ਾਰ ਨੇ ਜਿਸ ਧਿਰ ਦਾ ਭਾਅ ਵਧਾਉਣਾ ਹੁੰਦਾ ਹੈ ,ਉਸ ਧਿਰ ਨੂੰ ਵੱਡੀ ਜਿੱਤ ਵੱਲ ਵਧਦੇ ਵਿਖਾ ਦਿੱਤਾ ਜਾਂਦਾ ਹੈ। ਜੇ ਸਰਕਾਰ ਇਹ ਕਾਨੂੰਨ ਬਣਾ ਦੇਵੇ ਕਿ ਜਿਸ ਚੈਨਲ ਜਾਂ ਏਜੰਸੀ ਦੇ ਐਗਜ਼ਿਟ ਪੋਲ 'ਚ 10 ਫੀਸਦੀ ਤੋਂ ਵੱਧ ਝੂਠ ਨਿਕਲਦਾ ਹੈ,ਉਸ 'ਤੇ ਦੋ ਸਾਲ ਲਈ ਪਾਬੰਦੀ ਲਾ ਦਿੱਤੀ ਜਾਵੇਗੀ ਤਾਂ ਐਗਜ਼ਿਟ ਪੋਲ ਕਿਸੇ ਦੇ ਇਸ਼ਾਰੇ 'ਤੇ ਨਹੀਂ, ਸਗੋਂ ਜ਼ਮੀਨੀ ਹਕੀਕਤ ਅਨੁਸਾਰ ਸਾਹਮਣੇ ਆਇਆ ਕਰਨਗੇ।

ਚੈਨਲ ਜਾਂ ਏਜੰਸੀਆਂ ਦੇ ਰਿਪੋਰਟਰ ਆਮ ਤੌਰ 'ਤੇ ਵੱਡੇ ਸ਼ਹਿਰਾਂ ਤੱਕ ਹੀ ਆਪਣੇ ਸਰਵੇ ਨੂੰ ਸੀਮਤ ਰੱਖਦੇ ਹਨ। ਪਿੰਡ ਤੇ ਦੂਰ-ਦੁਰਾਡੇ ਖੇਤਰਾਂ, ਜਿੱਥਾ ਲੋਕ ਸਹੂਲਤਾਂ ਤੋਂ ਵਾਂਝੇ, ਜ਼ਿੰਦਗੀ ਨੂੰ ਸੰਘਰਸ਼ ਵਾਂਗੂੰ ਜਿਉਂਦੇ ਹਨ, ਉਹਨਾਂ ਤੱਕ ਪਹੁੰਚ ਹੀ ਨਹੀਂ ਕੀਤੀ ਜਾਂਦੀ । ਓਪੀਨੀਅਨ ਪੋਲ ਜਾਂ ਐਗਜ਼ਿਟ ਪੋਲ ਦੇ ਅਲਜ਼ਬਰੇ ਦੇ ਸੁਆਲ ਵਾਂਗੂੰ ਫਾਰਮੂਲੇ ਬਣਾਏ ਹੋਏ ਹਨ, ਪ੍ਰੰਤੂ ਮਨੁੱਖੀ ਮਨ ਦੀਆਂ ਅੰਦਰੂਨੀ ਭਾਵਨਾਵਾਂ, ਐਲਜ਼ਬਰੇ ਦਾ ਸੁਆਲ-ਜਵਾਬ ਨਹੀਂ ਹੁੰਦੀਆਂ । ਸਾਰੇ ਚੈਨਲ ਤੇ ਏਜੰਸੀਆਂ ਨੇ ਭਾਜਪਾ ਨੂੰ ਬਹੁਮੱਤ ਦੇ ਕੇ, ਘੱਟੋ-ਘੱਟ ਇਸ ਗੱਲ 'ਤੇ ਤਾਂ ਮੋਹਰ ਲਾ ਦਿੱਤੀ ਹੈ ਕਿ ਭਾਜਪਾ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉਭਰੇਗੀ, ਪ੍ਰੰਤੂ ਦੋ-ਤਿਹਾਈ ਬਹੁਮੱਤ ਵਰਗੇ ਦਾਅਵੇ, ਸਿਰਫ ਸੱਟਾ ਬਜ਼ਾਰ ਦੇ ਸ਼ਗੂਫੇ ਹਨ। ਪਹਿਲੇ ਦੋ ਗੇੜ 'ਚ ਭਾਜਪਾ ਦੀ ਹਾਲਤ ਖਾਸੀ ਚੰਗੀ ਸੀ । ਸੱਟਾ ਬਜ਼ਾਰ 'ਚ ਉਸਦਾ ਭਾਅ ਲੱਗਣ ਲੱਗ ਪਿਆ ਸੀ। ਤੀਜੇ ਤੋਂ ਛੇਵੇਂ ਗੇੜ ਤੋਂ ਬਾਅਦ ,ਭਾਜਪਾ ਦੀ ਹਾਲਤ ਪਤਲੀ ਹੋਣ ਦੇ ਅਨੁਮਾਨ ਲੱਗਣ ਲੱਗ ਪਏ ਸਨ, ਜਿਸ ਕਾਰਨ ਭਾਜਪਾ ਦਾ ਭਾਅ ਧੜ੍ਹੰਮ ਕਰ ਕੇ ਹੇਠਾਂ ਡਿੱਗ ਪਿਆ ਸੀ । ਵੋਟਾਂ ਮੁਕੱਣ ਤੋਂ ਨਤੀਜੇ ਆÀਣ ਤੱਕ ਤਿੰਨ ਦਿਨ ਦਾ ਵਕਫਾ ਰੱਖਿਆ ਹੋਇਆ ਹੈ। ਇਸ ਕਾਰਨ ਐਗਜ਼ਿਟ ਪੋਲ ਨੇ ਭਾਜਪਾ ਨੂੰ ਅਸਮਾਨੀ ਚੜ੍ਹਾ ਦਿੱਤਾ ਤਾਂ ਕਿ ਉਸਦਾ ਭਾਅ ਵੀ ਅਸਮਾਨੀ ਚੜ੍ਹ ਜਾਵੇ, ਜਿਸਦਾ ਮੋਟਾ ਲਾਹਾ ਸੱਟਾ ਬਜ਼ਾਰ, ਸਟੋਰੀਆਂ ਤੇ ਸ਼ੇਅਰ ਬਜ਼ਾਰ ਨੂੰ ਮਿਲ ਸਕੇ। ਸੀਟਾਂ ਦੀ ਗਿਣਤੀ ਕੀ ਹੋਵੇਗੀ? ਇਹ ਤਾਂ 23 ਮਈ ਨੂੰ ਹੀ ਪਤਾ ਲੱਗੇਗਾ, ਪ੍ਰੰਤੂ ਇਹ ਜ਼ਰੂਰ ਸਾਫ ਹੋ ਗਿਆ ਹੈ ਕਿ ਮੋਦੀ ਤੇ ਭਗਵਾਂ ਬ੍ਰਿਗੇਡ ਨੇ ਦੇਸ਼ 'ਚ ਹਿੰਦੂਤਵ ਦਾ ਧਰੁਵੀਕਰਨ ਕਰ ਲਿਆ ਹੈ।

ਰੋਜ਼ੀ-ਰੋਟੀ ਦੀ ਥਾਂ ਦੇਸ਼ ਦਾ ਹਿੰਦੂ, ਹਿੰਦੂਤਵ ਦੇ ਨਾਮ 'ਤੇ ਇੱਕਜੁੱਟ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਉਸ ਲਈ ਹਿੰਦੂਤਵੀ ਏਜੰਡਾ ਸਭ ਤੋਂ ਵੱਧ ਮਹੱਤਵਪੂਰਨ ਹੈ। ਦੇਸ਼ ਦੇ ਸਰਵਉੱਚ ਸਥਾਨ ਜਿਨ੍ਹਾਂ 'ਚ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਸੁਪਰੀਮ ਕੋਰਟ ਦਾ ਮੁੱਖ ਜੱਜ ਤੇ ਮੁੱਖ ਚੋਣ ਕਮਿਸ਼ਨਰ ਸ਼ਾਮਲ ਹਨ, ਮੋਦੀ ਦੀ ਜੇਬ 'ਚ ਹਨ । ਇਸ ਲਈ ਪੂਰਨ ਬਹੁਮੱਤ ਨਾ ਵੀ ਮਿਲੇ ਤਾਂ ਦੇਸ਼ 'ਚ ਇੱਕ ਵਾਰ ਤਾਂ ਭਾਜਪਾ ਸਰਕਾਰ ਹੀ ਬਣੇਗੀ, ਇਹ ਲੱਗਭਗ ਸਾਫ਼ ਹੈ। ਭਗਵਿਆਂ ਦੀ ਮੁੜ ਸਰਕਾਰ ,ਦੇਸ਼ ਦੀਆਂ ਘੱਟ ਗਿਣਤੀਆਂ ਲਈ, ਕਿਰਤੀਆਂ ਕਾਮਿਆਂ ਲਈ, ਖ਼ਤਰੇ ਦੀ ਘੰਟੀ ਹੈ। ਐਗਜ਼ਿਟ ਪੋਲ ਦੇ ਨਤੀਜੇ ਨੇ ਹੀ ਦੇਸ਼ ਦੀਆਂ ਘੱਟ ਗਿਣਤੀਆਂ 'ਚ ਖੌਫ਼ ਪੈਦਾ ਕਰ ਦਿੱਤਾ ਹੈ। ਅਸਲ ਨਤੀਜੇ ਕੀ ਗੁਲ ਖਿਲਾਉਣਗੇ, ਇਹ 23 ਮਈ ਦੀ ਸ਼ਾਮ ਹੀ ਦੱਸੇਗੀ। ਐਗਜ਼ਿਟ ਪੋਲ ਬਾਰੇ ਦੇਸ਼ ਦੀ ਜਨਤਾ ਨੂੰ ਜ਼ਰੂਰ ਜਾਗਰੂਕ ਹੋਣਾ ਪਵੇਗਾ। ਜੇ ਇਸ ਵਾਰ ਐਗਜ਼ਿਟ ਪੋਲ ਸਹੀ ਸਾਬਤ ਨਹੀਂ ਹੁੰਦੇ ਤਾਂ ਜਿਵੇਂ ਅਸੀਂ ਉਪਰ ਲਿਖਿਆ ਹੈ ਕਿ 10 ਫੀਸਦੀ ਤੋਂ ਵੱਧ ਦਾ ਝੂਠ ਬੋਲਣ ਵਾਲੇ ਚੈਨਲ/ ਏਜੰਸੀ 'ਤੇ ਘੱਟੋ-ਘੱਟ 2 ਸਾਲ ਦੀ ਪਾਬੰਦੀ ਲੱਗੇ। ਇਹ ਮੰਗ ਦੇਸ਼ 'ਚ ਜ਼ੋਰਦਾਰ ਢੰਗ-ਤਰੀਕੇ ਨਾਲ ਉੱਠਣੀ ਚਾਹੀਦੀ ਹੈ, ਕਿਉਂਕਿ ਝੂਠੇ ਐਗਜ਼ਿਟ ਪੋਲ ਦੇਸ਼ ਦੇ ਲੋਕਾਂ ਨੂੰ, ਛੋਟੀਆਂ ਸਿਆਸੀ ਧਿਰਾਂ ਨੂੰ ਗੁੰਮਰਾਹ ਕਰਨ ਅਤੇ ਵੱਡੀ ਧਿਰ ਤੇ ਸੱਟੇਬਾਜ਼ਾਂ ਨੂੰ ਲਾਹਾ ਦੇਣ ਲਈ ਹੁੰਦੇ ਹਨ, ਇਹ ਸੱਚ ਸਾਹਮਣੇ ਆਉਣਾ ਜ਼ਰੂਰੀ ਹੈ ।

Editorial
Jaspal Singh Heran

International