ਨਫ਼ਰਤ ਅਪਰਾਧ ਦੇ ਦੋਸ਼ੀ ਨੂੰ ਅਨੋਖੀ ਸਜ਼ਾ, ਮਿਲੇ ਸਿੱਖ ਧਰਮ ਦਾ ਅਧਿਐਨ ਕਰਨ ਦੇ ਹੁਕਮ

ਨਿਊਯਾਰਕ 25 ਮਈ (ਏਜੰਸੀਆਂ) : ਅਮਰੀਕਾ ਦੇ ਇਕ ਜੱਜ ਨੇ ਇਕ ਸਿੱਖ ਸਟੋਰ ਮਾਲਕ 'ਤੇ ਉਸ ਦੇ ਧਰਮ ਕਾਰਨ ਹਮਲਾ ਕਰਨ ਦਾ ਅਪਰਾਧ ਕਬੂਲ ਕਰਨ ਵਾਲੇ ਗੋਰੇ ਨੌਜਵਾਨ ਨੂੰ ਨਫਰਤ ਅਪਰਾਧ ਲਈ ਉਸ ਦੀ ਸਜ਼ਾ ਤਹਿਤ ਸਿੱਖ ਖਰਮ ਬਾਰੇ ਬਹੁਤ ਕੁਝ ਜਾਨਣ ਤੇ ਉਸ 'ਤੇ ਇਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਅਮਰੀਕਾ 'ਚ ਸਿੱਖ ਨਾਗਰਿਕ ਅਧਿਕਾਰਾਂ ਦੇ ਸਭ ਤੋਂ ਵੱਡੇ ਸੰਗਠਨ 'ਦ ਸਿੱਖ ਕੋਲਿਜ਼ਨ' ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਦੋਸ਼ੀ ਐਂਡ੍ਰਿਊ ਰਾਮਸੇ ਨੇ 14 ਜਨਵਰੀ ਨੂੰ ਹਰਵਿੰਦਰ ਸਿੰਘ ਡੋਡ ਨੂੰ ਧਮਕਾਉਣ ਤੇ ਉਨ੍ਹਾਂ 'ਤੇ ਹਮਲਾ ਕਰਨ ਦਾ ਜੁਰਮ ਕਬੂਲ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਧਮਕਾਉਣ ਦੇ ਦੋਸ਼ ਨੂੰ ਨਫਰਤ ਅਪਰਾਧ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।

ਗਵਾਹਾਂ ਮੁਤਾਬਕ ਡੋਡ ਨੇ ਬਿਨਾਂ ਪਛਾਣ ਪੱਤਰ ਦਿਖਾਏ ਰਾਮਸੇ ਨੂੰ ਸਿਗਰਟ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਰਾਮਸੇ ਨੇ ਡੋਡ ਦੀ ਦਾੜੀ ਖਿੱਚੀ, ਉਨ੍ਹਾਂ ਨੂੰ ਮੁੱਕਾ ਮਾਰਿਆ ਤੇ ਜ਼ਮੀਨ 'ਤੇ ਡੇਗ ਦਿੱਤਾ। ਉਥੇ ਮੌਜੂਦ ਲੋਕਾਂ ਨੇ ਪੁਲਸ ਦੇ ਆਉਣ ਤੱਕ ਰਾਮਸੇ ਨੂੰ ਫੜ੍ਹ ਕੇ ਰੱਖਿਆ ਤੇ ਪੁਲਸ ਹਵਾਲੇ ਕਰ ਦਿੱਤਾ। ਡੋਡ ਭਾਰਤ ਤੋਂ ਅਮਰੀਕਾ ਆਏ ਹਨ ਤੇ ਉਨ੍ਹਾਂ ਦੀ ਇਕ ਦੁਕਾਨ ਹੈ। ਉਨ੍ਹਾਂ ਨੇ ਅਦਾਲਤ ਨੂੰ ਦਿੱਤੇ ਇਕ ਲਿਖਤ ਬਿਆਨ 'ਚ ਕਿਹਾ ਕਿ ਅਮਰੀਕਾ 'ਚ ਨਫਰਤ ਅਪਰਾਧ ਤੇਜ਼ੀ ਨਾਲ ਵਧ ਰਹੇ ਹਨ। ਐੱਫ.ਬੀਆਈ. ਦਾ ਵੀ ਕਹਿਣਾ ਹੈ ਕਿ ਓਰੇਗਨ 'ਚ 2016 ਦੀ ਤੁਲਨਾ 'ਚ 2017 'ਚ ਨਫਰਤ ਅਪਰਾਧ 40 ਫੀਸਦੀ ਵਧੇ ਹਨ। ਡੋਡ ਨੇ ਕਿਹਾ ਕਿ ਉਸ ਨੇ ਮੈਨੂੰ ਇਨਸਾਨ ਨਹੀਂ ਸਮਝਿਆ।

ਉਸ ਨੇ ਮੈਨੂੰ ਇਸ ਲਈ ਮਾਰਿਆ ਕਿ ਮੈਂ ਕਿਹੋ ਜਿਹਾ ਦਿਖ ਰਿਹਾ ਹਾਂ। ਮੇਰੀ ਪੱਗ ਤੇ ਦਾੜੀ ਲਈ ਮਾਰਿਆ। ਇਹ ਮੇਰੀ ਧਾਰਮਿਕ ਆਸਥਾ ਨਾਲ ਜੁੜੀਆਂ ਚੀਜ਼ਾਂ ਹਨ। ਪੁਲਸ ਨੇ ਕਿਹਾ ਕਿ ਰਾਮਸੇ ਨੇ ਡੋਡ 'ਤੇ ਬੂਟ ਵੀ ਸੁੱਟਆ ਤੇ ਉਸ ਦੀ ਪੱਗ ਵੀ ਖੋਹ ਲਈ।

Unusual
Sikhs
USA
Court Case

International