ਕੀ ਹੈ ਸਿੱਖ ਰੈਫਰੈਂਸ ਲਾਇਬਰੇਰੀ ਵਿਵਾਦ ਉਭਾਰਨ ਦੇ ਗਰਭ 'ਚ ?

ਮਹਿਮਾਨ ਸੰਪਾਦਕੀ
ਕੁਝ ਦਿਨ ਪਹਿਲਾਂ ਹੀ ਜਦੋਂ ਇਹ ਖਬਰਾਂ ਸਾਹਮਣੇ ਆਈਆਂ ਤਾਂ ਜੂਨ ੮੪ ਦੇ ਅੱਲ੍ਹੇ  ਜਖਮਾਂ ਨੂੰ ਅਜੇ ਤੀਕ ਖੁਦ ਹੀ ਪਲੋਸ ਰਹੇ ਸਿੱਖਾਂ ਦੇ ਹਿਰਦਿਆਂ ਅੰਦਰ ਚੀਸਾਂ ਉਛਾਲੇ ਮਾਰਨ ਲੱਗੀਆਂ।ਹਾਲਾਂਕਿ ਬਹੁਤਾਤ ਅਖਬਾਰਾਂ,ਸ਼ੋਸ਼ਲ ਮੀਡੀਆ ਤੇ ਬਿਜਲਈ ਮੀਡੀਆ ਨੇ ਅਜੇਹੀਆਂ ਖਬਰਾਂ ਤੋਂ ਦੂਰੀ ਬਣਾਈ ਰੱਖੀ ਪ੍ਰੰਤੂ ਰੈਫਰੈਂਸ ਲਾਇਬਰੇਰੀ ਦੇ ਜੂਨ ੮੪ ਵਿੱਚ ਭਾਰਤੀ ਫੌਜ ਵਲੋਂ ਲੁੱਟੇ ਗਏ ਬੇਸ਼ਕੀਮਤੀ ਖਜਾਨੇ ਬਾਰੇ ਇਹ ਨਵੀਂ ਧਾਰਣਾ ਖੜੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਭਾਰਤ ਸਰਕਾਰ ਨੇ ਉਹ ਸਾਰਾ ਬੇਸ਼ਕੀਮਤੀ ਸ਼੍ਰੋਮਣੀ ਕਮੇਟੀ ਨੂੰ ਵਾਪਿਸ ਮੋੜ ਦਿੱਤਾ ਹੋਵੇ ਲੇਕਿਨ ਸਿੱਖਾਂ ਨੂੰ ਇਸਦੀ ਭਿਣਕ ਜਾਂ ਜਾਣਕਾਰੀ ਨਹੀ ਮਿਲੀ ।ਸਿੱਖ ਰੈਫਰੈਂਸ ਲਾਇਬਰੇਰੀ ਦੇ ਲੁਟੇ ਗਏ ਬੇਸ਼ਕੀਮਤੀ ਖਜਾਨੇ ਦੀ ਵਾਪਸੀ ਬਾਰੇ ਅਦਾਰਾ ਪਹਿਰੇਦਾਰ ਪਹਿਲੇ ਦਿਨ ਤੋਂ ਹੀ ਚਿੰਤਤ ਰਿਹਾ ਹੈ ਲੇਕਿਨ ਇਸ ਵਾਰ ਅਸੀਂ ਉਪਰੋਕਤ ਖਬਰਾਂ ਬਾਰੇ ਖਾਮੋਸ਼ੀ ਹੀ ਬਣਾਈ ਰੱਖੀ ।

ਕਸੂਰ ਸ਼੍ਰੋਮਣੀ ਕਮੇਟੀ ਦਾ ਵੀ ਸੀ ਜਿਸਨੇ ਇਸ ਮੁੱਦੇ ਦੇ ਉਭਰਨ ਸਾਰ ਹੀ ਕੋਈ ਠੋਸ ਜਾਵਬ ਦੇਣ ਦੀ ਵਿਉਂਤੀ ਬੰਦੀ ਨਹੀ ਕੀਤੀ।ਜਦੋਂ ਇਹ ਸਨਸਨੀ ਖੇਜ  ਖਬਰਾਂ ਕਮੇਟੀ ਅਧਿਕਾਰੀਆਂ ਦੇ ਗਲ ਦੀ ਹੱਡੀ ਬਣਦੀਆਂ ਨਜਰ ਆਈਆਂ ਤਾਂ ਕਮੇਟੀ ਨੇ ਅੱਜ ਇਥੇ ਸਿੱਖ ਰੈਫਰੈਂਸ ਲਾਇਬਰੇਰੀ ਦੇ ਨਾਲ ਜੁੜੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਤੇ ਸਾਬਕਾ ਕਮੇਟੀ ਸਕੱਤਰ ਸਾਹਿਬਾਨ ਦੀ ਇਕਤਰਤਾ ਬੁਲਾਈ ।ਉਠਾਏ ਗਏ ਸਵਾਲਾਂ ਦੇ ਬਾ ਤਰਤੀਬ ਜਵਾਬ ਦਿੱਤੇ ਔਰ ਉਨ੍ਹਾਂ ਦੋਸ਼ਾਂ ਨੂੰ ਝੁਠਲਾਇਆ  ਕਿ ਲਾਇਬਰੇਰੀ ਦਾ ਬੇਸ਼ਕੀਮਤੀ ਸਰਮਾਇਆ ਵਿਦੇਸ਼ਾਂ ਵਿੱਚ ਕਰੋੜਾਂ ਰੁਪਏ ਵਿੱਚ ਵੇਚਿਆ ਗਿਆ ਹੈ।ਕਮੇਟੀ ਮੁਖ ਸਕੱਤਰ ਦੀ ਅਗਵਾਈ ਹੇਠ ਹੋਈ ਅੱਜ ਦੀ ਇੱਕਤਰਤਾ ਦੀ ਵਿਲੱਖਣਤਾ ਸੀ ਕਿ ਇਸ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਕੋਈ ਵੀ ਕਮੇਟੀ ਅਹੁਦੇਦਾਰ ਜਾਂ ਸ਼੍ਰੋਮਣੀ ਕਮੇਟੀ ਮੈਂਬਰ ਸ਼ਾਮਿਲ ਨਹੀ ਸੀ ।

ਜੂਨ ੮੪ ਵਿੱਚ ਭਾਰਤੀ ਫੌਜ ਵਲੋਂ ਸਿੱਖ ਰੈਫਰੈਂਸ ਲਾਇਬਰੇਰੀ ਦੇ ਲੁੱਟੇ ਗਏ ਖਜਾਨੇ ਦੀ ਵਾਪਸੀ ਬਾਰੇ ਪੈਦਾ ਕੀਤੀ ਗਈ ਨਵੀਂ ਦੁਵਿਧਾ ਦੇ ਗਰਭ ਵਿੱਚ ਕੀ ਹੈ ਇਹ ਚਰਚਾ ਕਮੇਟੀ ਗਲਿਆਰਿਆਂ ਵਿੱਚ ਵੀ ਰਹੀ ਹੈ।ਸਮਝਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਉਪਰੰਤ ਸਿਆਸੀ ਧਿਰਾਂ ਨੇ ਇੱਕ ਵਾਰ ਫਿਰ ਸਿੱਖ ਮਾਨਸਿਕਤਾ ਨੂੰ ਆਪਣੇ ਨਾਲ ਜੋੜਨਾ ਚਾਹਿਆ।ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਿੱਚ ਅਸਫਲ ਰਹੀ ਕਾਂਗਰਸ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭਤੋਂ ਪਹਿਲਾਂ ਸਿੱਖ ਰੈਫਰੈਂਸ ਲਾਇਬਰੇਰੀ ਦਾ ਸਮਾਨ ਵਾਪਿਸ ਕਰਨ ਦੀ ਮੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਹਰੇ ਰੱਖੀ।ਫਿਰ ਤਾਏ ਦੀ ਧੀਅ ਚੱਲੀ ਤੇ ਮੈਂ ਕਿਉਂ ਰਵਾਂ ਕੱਲ੍ਹੀ ਦੀ ਰੀਤ  ਤੇ ਚਲਦਿਆਂ ਬਾਦਲ ਦਲ ਦੇ ਪ੍ਰਧਾਨ ਨੇ ਭਾਜਪਾ ਪ੍ਰਧਾਨ ਪਾਸ ਜਾ ਅਲਖ ਜਗਾਈ ।ਜਦੋਂ ਤੀਕ ਕੇਂਦਰ ਦੀ ਮੋਦੀ ਸਰਕਾਰ ਇਹ ਫੈਸਲਾ ਕਰਦੀ ਕਿ ਉਸਨੇ ਰੈਫਰੈਂਸ ਲਾਇਬਰੇਰੀ ਦਾ ਸਿਹਰਾ ਕਿਸਦੇ ਸਿਰ ਬੰਨ੍ਹਣਾਂ ਹੈ ਤਾਂ ਇਹ ਸਾਹਮਣੇ ਪਰੋਸ ਦਿੱਤਾ ਗਿਆ ਕਿ ਰੈਫਰੈਂਸ ਲਾਇਬਰੇਰੀ ਦਾ ਖਜਾਨਾ ਤਾਂ ਸਰਕਾਰਾਂ ਨੇ ਪੂਰਾ ਦੇ ਦਿੱਤਾ ਸੀ ਲੇਕਿਨ ਕਮੇਟੀ ਅਧਿਕਾਰੀਆਂ ਨੇ ਖੁਰਦ ਬੁਰਦ ਕਰ ਦਿੱਤਾ।

ਅਸੀਂ ਸਾਫ ਕਰਨਾ ਚਾਹਾਂਗੇ ਕਿ ਅਦਾਰਾ ਪਹਿਰੇਦਾਰ ਕਿਸੇ ਵੀ ਅਜੇਹੇ ਸ਼ਖਸ਼ ਜਾਂ ਸੰਸਥਾ ਦਾ ਹਮਾਇਤੀ ਨਹੀ ਹੈ ਜੋ ਸਿੱਖ ,ਸਿੱਖੀ ,ਸਿੱਖ ਸਿਧਾਤਾਂ ਤੇ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਢਾਹ ਲਾਣ ਦਾ ਦੋਸ਼ੀ ਹੋਵੇ ।ਲੇਕਿਨ ਇਹ ਚਰਚਾ ਵੀ ਜੋਰਾਂ ਤੇ ਰਹੀ ਕਿ ਬੇਅਦਬੀ ਮਾਮਲੇ ਨੂੰ ਡੂੰਘਾ ਦਬਾਉਣ ਲਈ ਇੱਕ ਹੋਰ ਅਸਫਲ ਕੋਸ਼ਿਸ਼ ਕੀਤੀ ਗਈ ਹੈ।ਅਜੇਹਾ ਇਸ ਕਰਕੇ ਦੱਸਿਆ ਜਾ ਰਿਹਾ ਸੀ ਕਿਉਂਕਿ ਸਿੱਖ ਰੈਫਰੈਂਸ ਲਾਇਬਰੇਰੀ ਦੇ ਖਜਾਨੇ ਦੀ ਵਾਪਸੀ ਦੇ ਮਾਮਲੇ ਤੇ ਨਾ ਤਾਂ ਕਾਂਗਰਸ ਨੇ ਕੋਈ ਉਚੇਚ ਵਿਖਾਈ ਤੇ ਨਾ ਹੀ ਬਾਦਲ ਦਲ ਜਾਂ ਕਿਸੇ ਹੋਰ ਧਿਰ ਨੇ ਬਲਕਿ ਹਰ ਵਾਰ ਇਸ ਮੁੱਦੇ ਤੇ ਕੋਈ ਨਵੀਂ ਬਿਆਨਬਾਜੀ ਹੀ ਕੀਤੀ ਗਈ ।ਪੁੱਛਿਆ ਜਾ ਰਿਹਾ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ,ਕੇਂਦਰ ਵਿੱਚ  ਕਾਂਗਰਸ ਦੇ ਰਾਜਭਾਗ ਦੌਰਾਨ ਲਾਇਬਰੇਰੀ ਦੇ ਖਜਾਨੇ ਬਾਰੇ ਕੁਝ ਨਹੀ ਕਰਵਾ ਸਕਿਆ ਤੇ ਅਕਾਲੀ ਦਲ ੧੧ਸਾਲਾਂ ਦੇ ਭਾਜਪਾ ਕਾਰਜਕਾਲ ਦੌਰਾਨ ਅਸਫਲ ਰਿਹਾ ਹੈ ਤਾਂ ਹੁਣ ਉਹ ਕਿਹੜਾ ਨਵਾਂ ਦਿਨ ਚੜ੍ਹਿਆ ਸੀ ਕਿ ਕੇਂਦਰ ਸਿੱਖਾਂ ਦੀ ਹਰ ਮੰਗ ਸਹਿਜੇ ਹੀ ਮੰਨ ਲਵੇਗਾ ।

ਇਹ ਜਰੂਰ ਸ਼ੰਕਾ ਪ੍ਰਗਟਾਈ ਜਾ ਰਹੀ ਸੀ ਕਿ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਆਪਣੀ ਦਾਅਵੇਦਾਰੀ ਪੱਕੀ ਕਰਨ ਲਈ ਸ਼ਾਇਦ ਕਾਂਗਰਸ ਇਹ ਸਿੱਖ ਪੱਤਾ ਖੇਡ ਰਹੀ ਹੋਵੇ ।ਪ੍ਰੰਤੂ ਜਿਸ ਭਾਜਪਾ ਨੇ ਖੁਦ ਦਬਾਅ ਪਾਕੇ ਇੰਦਰਾ ਗਾਂਧੀ ਪਾਸੋਂ ਜੂਨ ੮੪ ਦਾ ਫੌਜੀ ਹਮਲਾ ਕਰਵਾਇਆ ਹੋਵੇ ਉਹ ਹੁਣ ਐਨਾ ਵੱਡਾ ਪਰਉਪਕਾਰ ਕਿਵੇਂ ਕਰ ਸਕਦੀ ਹੈ।ਵੈਸੇ ਜਿਕਰ ਕਰਨਾ ਬਣਦਾ ਹੈ ਕਿ ਜੂਨ ੮੪ ਤੇ ਨਵੰਬਰ ੮੪ ਅਜੇਹੇ ਮੁੱਦੇ ਹਨ ਜੋ ਸਿਆਸੀ ਪਾਰਟੀਆਂ ਨੂੰ ਸੱਤਾ ਦੇ ਨੇੜੇ ਜਰੂਰ ਕਰਦੇ ਰਹੇ ਹਨ ।ਫਿਰ ਇਹ ਜਖਮ ਭਰਨ ਦਾ ਕੋਈ ਸਿੱਧਾ ਤੇ ਆਸਾਨ ਤਰੀਕਾ ਕਿਵੇਂ ਵਰਤਿਆ ਜਾ ਸਕਦੈ।
ਨਰਿੰਦਰ ਪਾਲ ਸਿੰਘ

Editorial
Jaspal Singh Heran

International