ਅਮਰੀਕਾ ‘ਚ ਇੱਕ ਹੋਰ ਮੰਦਰ ‘ਤੇ ਨਸਲੀ ਹਮਲਾ, ਹਿੰਦੂ ਚਿੰਤਤ

ਨਵੀਂ ਦਿੱਲੀ 1 ਮਾਰਚ (ਮਨਪ੍ਰੀਤ ਸਿੰਘ ਖਾਲਸਾ) : ਅਮਰੀਕਾ ‘ਚ ਨਸਲੀ ਹਮਲੇ ਰੁਕਣ ਨਾ ਨਾਮ ਨਹੀ ਲੈ ਰਹੇ ਹਨ ਤੇ ਹੁਣ ਮੀਡੀਆ ਵਿਚ ਜਾਰੀ ਹੋਈਆਂ ਖਬਰਾਂ ਅਨੁਸਾਰ ਅਮਰੀਕੀ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਕੇਂਟ ਦੇ ਸਨਾਤਨ ਧਰਮ ਮੰਦਰ ਦੀ ਕੋਈ ਭੰਨ-ਤੋੜ ਕਰ ਗਿਆ ਹੈ ਅਤੇ ਨਾਲ਼ ਉਸ ਦੀ ਕੰਧ ‘ਤੇ ਸ਼ਬਦ ‘ਫ਼ੀਅਰ‘ ਭਾਵ ‘ਡਰ‘ ਵੀ ਲਿਖ ਗਿਆ ਹੈ। ਪਿਛਲੇ ੧੫ ਦਿਨਾਂ ਤੋਂ ਵੀ ਘੱਟ ਸਮੇਂ ਤੋਂ ਅਮਰੀਕਾ ਦੇ ਕਿਸੇ ਮੰਦਰ ‘ਤੇ ਹਮਲੇ ਦੀ ਇਹ ਦੁਜੀ ਘਟਨਾ ਹੈ, ਜਿਸ ਕਾਰਣ ਹਿੰਦੂ ਭਾਈਚਾਰੇ ਵਿੱਚ ਡਾਢੀ ਚਿੰਤਾ ਪਾਈ ਜਾ ਰਹੀ ਹੈ। ਕੈਂਟ ਸ਼ਹਿਰ ਸਿਆਟਲ ਤੋਂ ੩੦ ਕਿਲੋਮੀਟਰ ਦੀ ਦੂਰੀ ਉਤੇ ਹੈ। ਕੱਲ ਸ਼ੁੱਕਰਵਾਰ ਨੂੰ ਜਦੋਂ ਸ਼ਰਧਾਲੂ ਮੰਦਰ ‘ਚ ਪੁੱਜੇ, ਤਾਂ ਉਥੇ ਇਮਾਰਤ ਦੀਆਂ ਕਈ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਸਨ। ਸਨਿੱਚਰਵਾਰ ਨੂੰ ਅਮਾਲਕਾ ਏਕਾਦਸ਼ੀ ਮਨਾਈ ਜਾਣੀ ਸੀ, ਜਿਸ ਕਰ ਕੇ ਇੱਕ ਦਿਨ ਪਹਿਲਾਂ ਸ਼ਰਧਾਲੂ ਮੰਦਰ ‘ਚ ਪੁੱਜੇ ਸਨ। ਉਨਾਂ ਵੇਖਿਆ ਕਿ ਇਮਾਰਤ ਦੀ ਹਰੇਕ ਖਿੜਕੀ ਦੇ ਸ਼ੀਸ਼ੇ ਤੋੜਨ ਲਈ ਇੱਟਾਂ ਦੀ ਵਰਤੋਂ ਕੀਤੀ ਗਈ ਸੀ। ਜਾਂਚ ਅਧਿਕਾਰੀ ਸ੍ਰੀ ਜੌਨ ਹੰਬਰਟ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਾ ਕਿਸੇ ਛੋਟੇ ਦਿਮਾਗ਼ ਵਾਲ਼ੇ ਵਿਅਕਤੀ ਦੀ ਸਾਜ਼ਿਸ਼ ਹੈ, ਜਿਹੜਾ ਨਫ਼ਰਤ ਨਾਲ਼ ਸ਼ਾਂਤੀ ਭੰਗ ਕਰਨਾ ਚਾਹੁੰਦਾ ਹੈ। ਯੂਨੀਵਰਸਲ ਸੁਸਾਇਟੀ ਆੱਫ਼ ਹਿੰਦੂਇਜ਼ਮ ਦੇ ਪ੍ਰਧਾਨ ਪੰਡਤ ਰਾਜਨ ਜ਼ੇਡ ਨੇ ਕਿਹਾ ਹੈ ਕਿ ਕੁੱਝ ਦਿਨਾਂ ‘ਚ ਹੀ ਹਿੰਦੂ ਮੰਦਰ ਉਤੇ ਇਹ ਦੂਜਾ ਹਮਲਾ ਹੋ ਗਿਆ ਹੈ, ਜਿਸ ਕਰ ਕੇ ਸਮੁੱਚੇ ਅਮਰੀਕਾ ਦੇ ਹਿੰਦੂ ਬਹੁਤ ਫ਼ਿਕਰਮੰਦ ਹਨ। ‘‘ਅਮਰੀਕਾ ‘ਚ ੩੦ ਲੱਖ ਦੇ ਲਗਭਗ ਹਿੰਦੂ ਵਸਦੇ ਹਨ; ਜਿਹੜੇ ਸਦਾ ਸਖ਼ਤ ਮਿਹਨਤ, ਆਪਸੀ ਏਕਤਾ ਅਤੇ ਸ਼ਾਂਤੀ ਵਿੱਚ ਵਿਸ਼ਵਾਸ ਰਖਦੇ ਹਨ। ਉਨਾਂ ਰਾਸ਼ਟਰ ਅਤੇ ਸਮਾਜ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ ਪਰ ਹੁਣ ਉਨਾਂ ਪ੍ਰਤੀ ਨਫ਼ਰਤ ਅਤੇ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ।‘‘ ਇੱਥੇ ਵਰਣਨਯੋਗ ਹੈ ਕਿ ਬੀਤੀ ੧੫ ਫ਼ਰਵਰੀ ਨੂੰ ਵਾਸ਼ਿੰਗਟਨ ਸੂਬੇ ਦੇ ਸ਼ਹਿਰ ਬੌਦੇਲ ਸਥਿਤ ਹਿੰਦੂ ਟੈਂਪਲ ਕਲਚਰਲ ਸੈਂਟਰ ‘ਤੇ ਵੀ ਸਵਾਸਤਿਕ ਦੇ ਨਿਸ਼ਾਨ ਬਣਾਏ ਗਏ ਸਨ ਅਤੇ ਮੰਦਰ ਦੀ ਕੰਧ ਉਤੇ ‘ਗੈਟ ਆਊਟ‘ ਲਿਖ ਦਿੱਤਾ ਗਿਆ ਸੀ। ਇਨਾਂ ਦੋਵੇਂ ਮੰਦਰਾਂ ‘ਚ ਸੀ ਸੀ ਟੀ ਵੀ ਕੈਮਰੇ ਨਹੀਂ ਲੱਗੇ ਹੋਏ, ਜਿਸ ਕਰ ਕੇ ਹਮਲਾਵਰਾਂ ਦਾ ਕੋਈ ਸੁਰਾਗ਼ ਵੀ ਨਹੀਂ ਮਿਲ਼ ਸਕਦਾ। ਉਂਝ ਪੁਲਿਸ ਇਨਾਂ ਦੋਵੇਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਪਿਛਲੇ ਕੁੱਝ ਮਹੀਨਿਆਂ ਦੌਰਾਨ ਹਿੰਦੂ ਮੰਦਰਾਂ ਉਤੇ ਅਨੇਕਾਂ ਹਮਲੇ ਹੋ ਚੁੱਕੇ ਹਨ। ਪਿਛਲੇ ਵਰੇ ਅਗਸਤ ਮਹੀਨੇ ਜਾਰਜੀਆ ਸੂਬੇ ਦੇ ਸ਼ਹਿਰ ਮੌਨਰੋ ਸਥਿਤ ਵਿਸ਼ਵ ਭਵਨ ਹਿੰਦੂ ਮੰਦਰ ‘‘ਚ ਕਿਸੇ ਸ਼ਰਾਰਤੀ ਅਨਸਰ ਨੇ ਸ਼ਿਵਜੀ ਦੀ ਮੂਰਤੀ ਉਤੇ ਕਾਲ਼ਾ ਪੇਂਟ ਮਲ਼ ਦਿੱਤਾ ਸੀ। ਉਸ ਨਫ਼ਰਤ ਭਰਪੂਰ ਹਮਲੇ ਦੇ ਮਾਮਲੇ ਵਿੱਚ ਸਥਾਨਕ ਸ਼ੈਰਿਫ਼ ਨੇ ਦੋ ਜਣਿਆਂ ਨੂੰ ਗਿ੍ਰਫ਼ਤਾਰ ਵੀ ਕੀਤਾ ਸੀ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਨੇ ਜਦ ਤੋਂ ਅਜਿਹਾ ਬਿਆਨ ਦਿੱਤਾ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਜਿਸ ਤਰੀਕੇ ਹੁਣ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ, ਉਸ ਗੱਲ ਨੇ ਮਹਾਤਮਾ ਗਾਂਧੀ ਨੂੰ ਬਹੁਤ ਦੁਖੀ ਕਰਨਾ ਸੀ; ਉਸ ਤੋਂ ਬਾਅਦ ਹੀ ਅਮਰੀਕਾ ਦੇ ਮੰਦਰਾਂ ਉਤੇ ਹਮਲੇ ਹੋਣੇ ਸ਼ੁਰੂ ਹੋ ਗਏ ਹਨ। ਪਿਛਲੇ ਵਰੇ ਹੀ ਜੁਲਾਈ ਤੋਂ ਅਕਤੂਬਰ ਮਹੀਨਿਆਂ ਦੌਰਾਨ ਵਰਜੀਨੀਆ ਦੀ ਲੂਡੌਨ ਕਾਊਂਟੀ ‘ਚ ਹਿੰਦੂਆਂ ਨਾਲ਼ ੧੭ ਅਜਿਹੀਆਂ ਵੱਖੋ ਵੱਖਰੀਆਂ ਵਾਰਦਾਤਾਂ ਵਾਪਰੀਆਂ ਸਨ। ਬੀਤੀ ੬ ਫ਼ਰਵਰੀ ਨੂੰ ਅਲਬਾਮਾ ਸੂਬੇ ਦੇ ਸ਼ਹਿਰ ਮੈਡੀਸਨ ‘ਚ ਵੀ ਪੁਲਿਸ ਨੇ ਇੱਕ ਹਿੰਦੂ ਵਿਅਕਤੀ ਨਾਲ਼ ਇੰਨੀ ਬੁਰੀ ਤਰਾਂ ਕੁੱਟਮਾਰ ਕੀਤੀ ਸੀ ਕਿ ਉਹ ਅੰਸ਼ਕ ਅਧਰੰਗ ਤੋਂ ਪੀੜਤ ਹੋ ਗਿਆ ਸੀ। ਉਧਰ ਇੱਕ ਮੁਸਲਿਮ ਜੱਥੇਬੰਦੀ ‘ਵਾਸ਼ਿੰਗਟਨ ਕੌਂਸਲ ਆੱਨ ਅਮੈਰਿਕਨ-ਇਸਲਾਮਿਕ ਰਿਲੇਸ਼ਨਜ਼‘ ਦੇ ਅਰਸਾਲਾਨ ਬੁਖਾਰੀ ਨੇ ਕਿਹਾ ਹੈ ਕਿ ਇਹ ਹਮਲੇ ਦਰਅਸਲ ਮੁਸਲਮਾਨਾਂ ਦੇ ਵਿਰੁੱਧ ਹਨ। ਪਰ ਅਜਿਹਾ ਗ਼ਲਤ ਲਗਦਾ ਹੈ ਕਿਉਂਕਿ ਕੈਂਟ ਦੇ ਮੰਦਰ ਦੀ ਇਮਾਰਤ ਉਤੇ ਬਹੁਤ ਵੱਡਾ ਬੋਰਡ ਲੱਗਾ ਹੋਇਆ ਹੈ ਕਿ ਇਹ ਹਿੰਦੂ ਮੰਦਰ ਹੈ। ਪਿਛਲੇ ਕੁੱਝ ਸਮੇਂ ਤੋਂ ਅਮਰੀਕਾ ਦੇ ਮੂਲਵਾਦੀ ਈਸਾਈ ਵੀ ਹਿੰਦੂਆਂ ‘ਤੇ ਹਮਲੇ ਕਰ ਰਹੇ ਹਨ। ਪਾਦਰੀ ਪੈਟ ਰਾਬਰਟਸਨ, ਜੋ ਕਿਸੇ ਵੇਲੇ ਰੀਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਵੀ ਰਹਿ ਚੁੱਕੇ ਹਨ ਅਤੇ ਜਿਨਾਂ ਦੇ ਲੱਖਾਂ ਸਮਰਥਕ ਅਮਰੀਕਾ ‘ਚ ਮੌਜੂਦ ਹਨ, ਨੇ ਵੀ ਬੀਤੇ ਦਿਨੀਂ ਯੋਗਾ ਅਭਿਆਸ ਨੂੰ ‘ਸ਼ੈਤਾਨੀ‘ ਕਰਾਰ ਦਿੱਤਾ ਸੀ। ‘ਦਾ ਟਾਈਮਜ਼ ਆੱਫ਼ ਇੰਡੀਆ‘ ਅਤੇ ਆਈ ਏ ਐਨ ਐਸ ਵੱਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ‘੭੦੦ ਕਲੱਬ ਟੀ ਵੀ‘ ਨੂੰ ਦਿੱਤੇ ਇੰਟਰਵਿਊ ਦੌਰਾਨ ਪਾਦਰੀ ਰਾਬਰਟਸਨ ਨੇ ਕਿਹਾ ਸੀ ਕਿ ਯੋਗਾ ਅਭਿਆਸ ਸਮੇਂ ਹਿੰਦੂ ਲੋਕ ਆਪਣੀ ਪ੍ਰਾਰਥਨਾ ਕਰਦੇ ਹਨ, ਜੋ ਠੀਕ ਨਹੀਂ ਲਗਦੀ। ਅਮਰੀਕਾ ਦੇ ਇੱਕ ਹੋਰ ਪਾਦਰੀ ਫ਼ਰੈਂਕਲਿਨ ਗ੍ਰਾਹਮ ਨੇ ਵੀ ਹਿੰਦੂ ਧਰਮ ਨੂੰ ‘ਝੂਠਾ ਧਰਮ‘ ਆਖਿਦਿਆਂ ਕਿਹਾ ਸੀ,‘‘੯੦੦ ਦੇਵਤਿਆਂ ਵਿਚੋਂ ਕੋਈ ਵੀ ਮੈਨੂੰ ਤਾਂ ਮੁਕਤੀ ਦਿਵਾ ਨਹੀਂ ਸਕਦਾ। ਅਸੀਂ ਆਪਣੇ ਆਪ ਨੂੰ ਹੀ ਮੂਰਖ ਬਣਾ ਰਹੇ ਹਾਂ।‘‘
ਕੈਂਟ ਸਥਿਤ ਸਨਾਤਨ ਧਰਮ ਮੰਦਰ ਅਤੇ ਸਭਿਆਚਾਰਕ ਕੇਂਦਰ ਸਾਲ ੨੦੦੨ ‘ਚ ਸਥਾਪਤ ਕੀਤਾ ਗਿਆ ਸੀ। ਇਹ ਮੰਦਰ ਰੋਜ਼ ਖੁੱਲਦਾ ਹੈ। ਇੱਥੇ ਭਾਰਤੀ ਸੰਗੀਤ, ਨਾਚ ਤੇ ਭਾਸ਼ਾਵਾਂ ਦੀਆਂ ਕਲਾਸਾਂ ਵੀ ਲਗਦੀਆਂ ਹਨ। ਇੱਥੇ ਯੋਗਾ ਵੀ ਸਿਖਾਇਆ ਜਾਂਦਾ ਹੈ। ਇਸ ਮੰਦਰ ਦੀ ਸਾਂਭ-ਸੰਭਾਲ਼ ਲਈ ਕਮੇਟੀ ਦੇ ਪ੍ਰਧਾਨ ਸ੍ਰੀ ਜੁਗਲ ਠਾਕੁਰ ਹਨ ਤੇ ਸ੍ਰੀ ਰਿਸ਼ੀਕੇਸ਼ ਤਿਵਾਰੀ ਇੱਥੋਂ ਦੇ ਪੁਜਾਰੀ ਹਨ। ਇਸ ਮੰਦਰ ‘ਚ ਹੋਲੀ ਦਾ ਤਿਉਹਾਰ ਆਉਂਦੀ ੮ ਮਾਰਚ ਨੂੰ ਮਨਾਇਆ ਜਾਣਾ ਹੈ।

International