ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਨੂੰ ਯਾਦ ਕਰਦਿਆਂ...

ਜਸਪਾਲ ਸਿੰਘ ਹੇਰਾਂ
ਅੱਜ ਸਿੱਖਾਂ ਦੀ ਰਾਜਸੀ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਹੈ। ਅਕਾਲ ਤਖ਼ਤ ਮਹਾਨ ਹੈ। ਸਿੱਖ ਕੌਮ ਦੀ ਸ਼ਾਨ ਹੈ। ਇਹ ਸਿਰਫ਼ ਨਾਅਰਾ ਨਹੀਂ, ਸਗੋਂ ਹਰ ਸਿੱਖ ਦੇ ਸੀਨੇ ਉਕੱਰੀ ਸਚਾਈ ਹੈ। ਛੇਵੇਂ ਪਾਤਸ਼ਾਹ ਨੇ ਸਾਰੇ ਦੁਨੀਆਂ ਦੇ ਤਖ਼ਤਾਂ ਤੋਂ ਉਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰ ਕੇ ਸਿੱਖਾਂ ਦੀ ਵਿਸ਼ਵ ਸਿਰਦਾਰੀ ਦਾ ਸੰਕਲਪ ਦਿੱਤਾ ਸੀ, ਪ੍ਰੰਤੂ ਅੱਜ ਕੀ  ਸਿੱਖ ਨੇ ਖ਼ੁਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਨੂੰ ਗੁਆ ਤਾਂ ਨਹੀਂ ਲਿਆ? ਇਹ ਸੁਆਲ ਅੱਜ ਦੇ ਹਰ ਸਿੱਖ ਦੇ ਸਾਹਮਣੇ ਫ਼ਨ ਚੁੱਕ ਕੇ ਖੜ੍ਹਾ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਣ ਵਾਲੇ ਹਰ ਹੁਕਮਨਾਮੇ ਅੱਗੇ ਹਰ ਸਿੱਖ ਦਾ ਸਿਰ ਖ਼ੁਦ-ਬ-ਖ਼ੁਦ ਝੁਕ ਜਾਂਦਾ ਸੀ। ਪ੍ਰੰਤੂ ਅੱਜ ਸਿੱਖਾਂ ਦੀ ਇਸ ਸਰਬ ਉੱਚ ਸੰਸਥਾ 'ਤੇ ਇੱਕ ਪਰਿਵਾਰ ਦਾ ਕਬਜ਼ਾ ਹੋਣ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਨੂੰ ਵੀ ਖ਼ੋਰਾ ਲੱਗਾ ਹੈ।

ਅਸਲ 'ਚ ਸਿੱਖ ਦੁਸ਼ਮਣ ਤਾਕਤਾਂ ਇਹ ਜਾਣ ਚੁੱਕੀਆਂ ਸਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਹਰ ਸਿੱਖ ਦੇ ਮਨ 'ਚ ਆਜ਼ਾਦੀ ਦੀ ਚਿਣਗ਼ ਅਤੇ ਸਿਰਦਾਰੀ ਦਾ ਅਹਿਸਾਸ ਗੂੜ੍ਹਾ ਕਰਦਾ ਹੈ। ਇਸ ਲਈ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹਿਲਾਂ ਭਾਰਤੀ ਫੌਜਾਂ ਹੱਥੋਂ ਢਹਿ-ਢੇਰੀ ਕਰਵਾਇਆ , ਪ੍ਰੰਤੂ ਜਦੋਂ ਇਸਦਾ ਪ੍ਰਭਾਵ ਉਲਟਾ ਗਿਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਹਰ ਸਿੱਖ ਦੇ ਹਿਰਦੇ 'ਤੇ ਹੋਰ ਗੂੜ੍ਹਾ ਉਕਰਿਆ ਗਿਆ। ਉਸਤੋਂ ਬਾਅਦ ਭਗਵੀਆਂ ਤਾਕਤਾਂ ਦੇ ਗ਼ੁਲਾਮ ਬਾਦਲਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਦੀ ਮਹਾਨਤਾ 'ਤੇ ਪੋਚਾ ਫੇਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਗ਼ੁਲਾਮ ਦੇ ਰੂਪ 'ਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਸਿੱਖਾਂ ਦੇ ਮਨਾਂ 'ਚ ਇਸ ਮਹਾਨ ਸੰਸਥਾ ਦੀ ਸਰਵਉੱਚਤਾ ਹੌਲੀ-ਹੌਲੀ ਖ਼ਤਮ ਕੀਤੀ ਜਾ ਸਕੇ।

ਦੁਨੀਆਂ ਇਸ ਸੱਚ ਨੂੰ ਪ੍ਰਵਾਨ ਕਰ ਚੁੱਕੀ ਹੈ ਕਿ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ,ਸ੍ਰੀ ਦਰਬਾਰ ਸਾਹਿਬ,ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਉਥੇ ਝੂਲਦੇ ਨਿਸ਼ਾਨ ਸਾਹਿਬ ਕਾਇਮ ਹਨ ,ਸਿੱਖਾਂ ਦੇ ਮਨਾਂ 'ਚ ਆਜ਼ਾਦੀ ਦੀ ਚਿਣਗ਼ ਬੁਝਾਈ ਨਹੀਂ ਜਾ ਸਕਦੀ। ਇਸੇ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰਾਂ ਨਾਲ ਗ਼ੁਲਾਮਾਂ ਵਾਲਾ ਵਤੀਰਾ ਕੀਤਾ ਜਾ ਰਿਹਾ ਹੈ ,ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦ ਪ੍ਰਭੂਸੱਤ੍ਹਾ 'ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਅਜ਼ਾਦ ਹੋਂਦ ਦਾ ਪ੍ਰਤੀਕ ਹੈ। ਇਹ ਧਰਮ ਤੇ ਰਾਜਸੀ ਸ਼ਕਤੀ ਦਾ ਸੰਗਮ ਹੈ, ਜਿੱਥੇ ਮਨੁੱਖ ਨੂੰ ਹਰ ਗੁਲਾਮੀ ਤੋਂ ਅਜ਼ਾਦ ਹੋਣ ਦਾ ਅਹਿਸਾਸ ਹੀ ਨਹੀ ਦਿੱਤਾ ਜਾਂਦਾ ਸਗੋਂ ਐਲਾਨ ਕੀਤਾ ਜਾਂਦਾ ਹੈ। ਦੁਨੀਆਂ 'ਚ ਧਾਰਮਿਕ ਪਾਖੰਡਵਾਦ ਨੂੰ ਖ਼ਤਮ ਕਰਨ, ਰਾਜਸੀ ਤਾਕਤ ਨੂੰ ਬੇ-ਲਗਾਮ ਹੋਣ ਤੋਂ ਰੋਕਣ ਅਤੇ ਮਨੁੱਖੀ ਬਰਾਬਰੀ ਵਾਲੇ ਹਲੇਮੀ ਰਾਜ ਦੀ ਸਥਾਪਨਾ ਲਈ ਅਕਾਲ ਦੇ ਇਸ ਤਖ਼ਤ ਦੀ ਸਿਰਜਣਾ ਖੁਦ ਛੇਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ। ਉਨ੍ਹਾਂ  ਨੇ ਹੀ ਸਿੱਖ ਧਰਮ ਦੀ ਪੁਖਤਾ ਬੁਨਿਆਦ ਤੇ ਸਿੱਖੀ ਦਾ ਮਹਿਲ ਉਸਾਰਨਾ ਲਈ ਮੀਰੀ-ਪੀਰੀ ਦੇ ਸਿਧਾਂਤ ਨੂੰ ਲਾਗੂ ਕੀਤਾ।

ਸਿੱਖ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦੇ 309 ਵਰ੍ਹਿਆਂ ਤੋਂ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਦਿਸ਼ਾ-ਨਿਰਦੇਸ਼ ਲੈ ਕੇ ਧਾਰਮਿਕ ਤੇ ਰਾਜਸੀ ਫੈਸਲੇ ਲਏ। ਲੋੜ ਪੈਣ ਤੇ ਲੜਾਈਆਂ ਵੀ ਲੜੀਆਂ ਅਤੇ ਜਿੱਤੀਆਂ ਵੀ।  ਗੁਰੂ ਹਰਗੋਬਿੰਦ ਸਾਹਿਬ ਨੇ ਸੰਤ ਨੂੰ ਸਿਪਾਹੀ ਬਣਾ ਕੇ ਦੋ ਤਲਵਾਰਾਂ ਦੇ ਕੇ ਰਾਜਨੀਤੀ ਨੂੰ ਧਰਮ ਦੀ ਤਾਬਿਆ ਕਰਕੇ ਸਿੱਖ ਕੌਮ ਨੂੰ ਹੱਕ-ਸੱਚ ਦੇ ਪਹਿਰੇਦਾਰ ਵਜੋਂ ਨਵੀਂ ਰੂਹ ਬਖ਼ਸੀ। ਗੁਰੂ ਸਾਹਿਬ ਨੇ ਮਨੁੱਖ ਦੀ ਅਜ਼ਾਦੀ ਲਈ ਉਸ ਦੇ ਰੂਹਾਨੀ ਤੌਰ 'ਤੇ ਸ਼ਕਤੀਸ਼ਾਲੀ ਹੋਣ ਦੇ ਨਾਲ-ਨਾਲ ਉਸਨੂੰ ਰਾਜਸੀ ਰੂਪ 'ਚ ਵੀ ਤਾਕਤਵਾਰ ਹੋਣ ਦੇ ਸੰਕਲਪ ਨੂੰ ਦ੍ਰਿੜ ਕਰਵਾਇਆ। ਅੱਜ ਜਦੋਂ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਨੂੰ ਮਨਾ ਰਹੇ ਹਾਂ ਤਾਂ ਸਾਨੂੰ ਇਹ ਵੀ ਅਹਿਸਾਸ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਜ਼ਾਦੀ ਤੇ ਪੂਰਨ ਪ੍ਰਭੂਸੱਤਾ ਦਾ ਪ੍ਰਤੀਕ ਹੈ। ਪ੍ਰੰਤੂ ਕੀ ਅੱਜ ਸਿੱਖ ਕੌਮ ਜਿਸ ਕੌਮ ਦਾ ਮੁੱਢਲਾ ਫਰਜ਼ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਣਾ ਸੀ, ਉਸ ਦੇ ਸਮਰੱਥ ਹੀ ਨਹੀ ਰਹੀ।

ਹਲੇਮੀ ਰਾਜ ਤੇ ਮਨੁੱਖੀ ਬਰਾਬਰੀ ਅੱਜ ਭੁੱਲੇ-ਵਿਸਰੇ ਸ਼ਬਦ ਬਣ ਗਏ ਹਨ। ਨਿਆਰੇ ਤੋਂ ਨਿਰਾਲੇ ਖ਼ਾਲਸੇ 'ਚ ਹਰ ਪੱਖ ਤੋਂ ਖੋਟ ਹੀ ਖੋਟ ਵਿਖਾਈ ਦੇਣ ਲੱਗ ਪਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ, ਅਕਾਲ ਦਾ ਤਖ਼ਤ ਹੈ ਅਤੇ ਇਸ ਤਖ਼ਤ ਤੋਂ ਅਗਵਾਈ ਲੈਣ ਵਾਲਾ ਮਨੁੱਖ ਸਿਰਫ ਤੇ ਸਿਰਫ ਸਿਰਦਾਰ ਹੋ ਸਕਦਾ ਹੈ, ਉਹ ਗੁਲਾਮ ਨਹੀ ਹੋ ਸਕਦਾ। ਰੱਬ ਦਾ ਬੰਦਾ ਜੇ ਧੜਿਆਂ ਦਾ ਬੰਦਾ ਬਣ ਗਿਆ ਤੇ ਕਿਸੇ ਰਾਜਸੀ ਆਗੂ ਦਾ ਗੁਲਾਮ ਹੋ ਗਿਆ ਹੈ, ਫਿਰ ਉਸ ਲÂਂੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਈ ਅਰਥ  ਬਾਕੀ ਨਹੀ ਰਹਿ ਜਾਂਦੇ। ਮਾਨਸਿਕ ਜਾਂ ਸਰੀਰਕ ਗੁਲਾਮੀ ਦਾ ਸਿੱਖੀ 'ਚ ਕੋਈ ਅਰਥ ਨਹੀ ਹੈ, ਕੋਈ ਥਾਂ ਨਹੀ ਹੈ। ਪ੍ਰੰਤੂ ਜਿਹੜੇ ਸਿੱਖ ਅਹਿਮਦ ਸ਼ਾਹ ਅਬਦਾਲੀ ਵਰਗੇ ਸ਼ਕਤੀਸ਼ਾਲੀ ਧਾੜਵੀ ਤੋਂ ਦੂਜੀ ਕੌਮ ਦੀਆਂ 22 ਹਜ਼ਾਰ ਬਹੁ ਬੇਟੀਆਂ ਨੂੰ ਜਿੰਨ੍ਹਾਂ ਨੂੰ ਅਬਦਾਲੀ ਲੁੱਟ ਦਾ ਮਾਲ ਸਮਝ ਕੇ ਆਪਣੇ ਨਾਲ ਗਜ਼ਨੀ ਲੈ ਕੇ ਜਾ ਰਿਹਾ ਸੀ ਉਸ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈ ਕੇ ਹਰ ਜ਼ਬਰ ਤੇ ਜ਼ੁਲਮ ਵਿਰੁੱਧ ਲੜਨ ਵਾਲੇ ਸਿੱਖ ਬਿਨ੍ਹਾਂ ਕਿਸੇ ਨਤੀਜੇ ਦੀ ਪ੍ਰਵਾਹ ਕਰਦਿਆ ਹਮਲਾ ਕਰ ਦਿੰਦੇ ਸਨ ਅਤੇ ਉਸ ਹਮਲੇ ਦੇ ਸਿੱਟੇ ਵਜੋਂ ਅਬਦਾਲੀ ਦੇ ਗੁੱਸੇ ਦਾ ਸ਼ਿਕਾਰ ਵੀ ਹੁੰਦੇ ਰਹੇ, ਦਰਬਾਰ ਸਾਹਿਬ ਢਹਿ-ਢੇਰੀ ਕਰ ਦਿੱਤਾ ਜਾਂਦਾ ਅਤੇ  60 ਹਜ਼ਾਰ ਸਿੱਖਾਂ ਨੂੰ ਆਪਣੀ ਜਾਨ ਦੇਣੀ ਪਈ, ਪ੍ਰੰਤੂ ਖ਼ਾਲਸਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ 'ਚ ਅਜਿਹੇ ਕਿਸੇ ਵੱਡੇ ਤੋਂ ਵੱਡੇ ਨੁਕਸਾਨ ਦੀ ਪ੍ਰਵਾਹ ਨਹੀ ਕਰਦਾ ਸੀ।

ਉਹ ਜ਼ਬਰ ਤੇ ਜ਼ੁਲਮ ਵਿਰੁੱਧ ਆਪਣੀ ਲੜਾਈ ਨਿਰੰਤਰ ਜਾਰੀ ਰੱਖਦਾ। ਕੀ ਅੱਜ ਕੌਮ 'ਚ ਉਹ ਸਪਰਿਟ ਬਾਕੀ ਹੈ? ਸਿੱਖ ਧਰਮ ਦੇ ਸਿਧਾਂਤ ਅਜ਼ਾਦ ਜੀਵਨ ਜਿਉਣ ਦਾ ਸੰਦੇਸ਼ ਦਿੰਦੇ ਹਨ ਅਤੇ ਕੌਮ ਦੀ ਸਰਵਉੱਚ ਸੰਸਥਾ ਇਸ ਸੰਦੇਸ਼ ਦਾ ਪ੍ਰਤੀਕ ਹੈ। ਪ੍ਰੰਤੂ ਕੀ ਅੱਜ ਕੌਮ ਕਿਸੇ ਪੱਖ ਤੋਂ ਅਜ਼ਾਦ ਹੈ? ਅਸੀ ਧਾਰਮਿਕ ਪੱਖੋਂ, ਫਿਰ ਤੋਂ ਪਾਖੰਡਵਾਦ ਤੇ ਆਡੰਬਰਵਾਦ ਦੇ ਗੁਲਾਮ ਹੋ ਗਏ ਹਾਂ, ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੇਧ ਲੈਣ ਦੀ ਥਾਂ ਕਰਮਕਾਡਾਂ ਤੋਂ ਸੇਧ ਲੈਣ ਲੱਗ ਪਏ ਹਾਂ ਅਤੇ ਆਪਣਾ ਭਾਗ ਵਿਧਾਤਾ, ਗੁਰੂ ਗੰ੍ਰਥ ਸਾਹਿਬ ਦੀ ਥਾਂ ਗੁਰਬਾਣੀ ਦੇ ਤੋਤਾ ਰਟਨ, ਗ੍ਰਹਿ ਚਾਲ, ਵਸਤੂ ਸ਼ਾਸਤਰ ਤੇ ਨਗਾਂ ਤੇ ਧਾਤਾਂ ਨੂੰ ਮੰਨਣ ਲੱਗ ਪਏ ਹਾਂ। ਰਾਜਸੀ ਰੂਪਾਂ 'ਚ ਅਸੀਂ ਸੱਤਾ ਲਾਲਸਾ ਦੇ ਗੁਲਾਮ ਹੋ ਗਏ ਹਾਂ। ਸੱਤਾਧਾਰੀਆਂ ਦੇ ਚਾਪਲੂਸ ਹੋ ਗਏ ਹਾਂ। ਸਮਾਜਿਕ ਰੂਪ 'ਚ ਅਸੀਂ ਵੰਡੀਆਂ ਪਾ ਕੇ ਬੈਠ ਗਏ ਹਾਂ। ਸ੍ਰੀ ਅਕਾਲ ਤਖ਼ਤ ਸਾਹਿਬ ਨਿਥਾਵਿਆਂ ਦਾ ਥਾਂ ਹੋ ਸਕਦਾ ਹੈ, ਨਿਤਾਣਿਆਂ ਨੂੰ ਤਾਣ ਦੇ ਸਕਦਾ ਹੈ, ਨਿਮਾਣਿਆਂ ਨੂੰ ਮਾਣ ਬਖ਼ਸ ਸਕਦਾ ਹੈ, ਪ੍ਰੰਤੂ ਗੁਲਾਮਾਂ ਲਈ ਉਥੇ ਕੋਈ ਥਾਂ ਨਹੀ ਹੈ।

ਅੱਜ ਦੇ ਦਿਨ ਸਾਨੂੰ ਇਹ ਜ਼ਰੂਰ ਯਾਦ ਕਰਨਾ ਚਾਹੀਦਾ ਹੈ ਕਿ  ਮੀਰੀ-ਪੀਰੀ ਦੇ ਮਾਲਕ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਿਉਂ ਕੀਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਸ੍ਰੀ ਦਰਬਾਰ ਸਾਹਿਬ ਦੀ ਬੁੱਕਲ ਦੀ ਹੀ ਚੋਣ ਕਿਉਂ ਕੀਤੀ? ਅੱਜ ਜਦੋਂ ਅਸੀ ਗੁਰੂ ਦੀ ਬੁੱਕਲ ਦੇ ਨਿੱਘ ਅਤੇ ਅਗਵਾਈ ਤੋਂ ਬੇਮੁੱਖ ਤੇ ਦੂਰ ਹੋ ਗਏ ਹਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੂਰੀ ਬਣਨੀ ਕੁਦਰਤੀ ਹੀ ਸੀ। ਦਸਮੇਸ਼ ਪਿਤਾ ਨੇ ਬਾਅਦ 'ਚ ਇਹ ਸਪੱਸ਼ਟ ਵੀ ਕੀਤਾ ਸੀ ਕਿ ਉਹ ਆਪਣੇ ਪੁੱਤਰਾਂ ਤੋਂ ਪਿਆਰੇ ਸਿੱਖ ਦੀ ਉਦੋ ਤੱਕ ਹੀ ਪ੍ਰਤੀਤ ਕਰਨਗੇ ਜਦੋਂ ਤੱਕ ਉਹ ਬਿਪਰਨ ਦੇ ਰਾਹ ਤੋ ਕੋਹਾਂ ਦੂਰ ਰਹੇਗਾ। ਛੇਵੇ ਪਾਤਸ਼ਾਹ ਨੇ ਵੀ ਇਹੋ ਸੁਨੇਹਾ ਸਿੱਖ ਪੰਥ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਸਮੇਂ ਦਿੱਤਾ ਸੀ ਕਿ ਜਦੋਂ ਤੱਕ ਸਿੱਖ ਗੁਰੂ ਦੀ ਬੁੱਕਲ 'ਚ ਹੈ ਭਾਵ ਗੁਰੂ ਦੇ ਹੁਕਮ 'ਚ ਹੈ, ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਤੇ ਦਿਸ਼ਾ ਨਿਰਦੇਸ਼ ਪ੍ਰਾਪਤ ਹੁੰਦੇ ਰਹਿਣਗੇ ਅਤੇ ਜੇ ਉਹ ਗੁਰੂ ਦੀ ਬੁੱਕਲ ਤੋਂ ਲਾਂਭੇ ਹੋ ਗਿਆ, ਗੁਰੂ ਦੇ ਹੁਕਮ ਤੋਂ ਬੇਮੁੱਖ ਹੋ ਗਿਆ ਤਾਂ ਅਕਾਲ ਤਖ਼ਤ ਤੋਂ ਉਸਨੂੰ ਅਜ਼ਾਦੀ ਦਾ ਜਜ਼ਬਾ ਪ੍ਰਾਪਤ ਹੋਣੋ ਵੀ ਹੱਟ ਜਾਵੇਗਾ।

ਉਸ ਤੇ ਗੁਲਾਮ ਮਾਨਸਿਕਤਾ ਭਾਰੂ ਹੋ ਜਾਵੇਗੀ ਅਤੇ ਸਾਡੇ ਲਈ ਇਹ ਅਹਿਸਾਸ ਕਰਨ ਦਾ ਦਿਨ ਹੈ। ਅਸੀ ਗੁਰੂ ਦੀ ਬੁੱਕਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਤੋਂ ਵਾਂਝੇ ਕਿਉਂ ਹੋ ਗਏ ਹਾਂ? ਜਦੋਂ ਤੱਕ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਗਵਾਈ ਲੈਂਦੇ ਰਹੇ, ਦੁਨੀਆਂ ਦੀ ਕੋਈ ਤਾਕਤ ਉਨ੍ਹਾਂ ਦਾ ਰਾਹ ਨਹੀ ਰੋਕ ਸਕੀ ਅਤੇ ਜੇ ਰੋਕਿਆ ਤਾਂ ਵੀ ਉਹ ਵਕਤੀ ਹੋ ਨਿਬੜਿਆ। ਅੱਜ ਜਦੋਂ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲਦੇ ਸੁਨੇਹੇ ਨੂੰ ਅਣ ਸੁਣਿਆ ਕਰਨ ਲੱਗ ਗਏ ਹਾਂ ਤਾਂ ਸਾਡੀ ਨਾ ਤਾਂ ਗੁਰੂ ਪ੍ਰਤੀਤ ਕਰ ਰਿਹਾ ਹੈ ਅਤੇ ਨਾ ਹੀ ਅਸੀ ਸਿਰਦਾਰੀ ਦੇ ਯੋਗ ਰਹੇ ਹਾਂ।

Editorial
Jaspal Singh Heran

International