ਅਸਲ ਵਿਚ ਸ਼੍ਰੋਮਣੀ ਕਮੇਟੀ ਕਿੱਥੇ ਖੜ੍ਹੀ ਹੈ...?

ਜਸਪਾਲ ਸਿੰਘ ਹੇਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਨੂੰ ਆਪਣੇ ਆਕਿਆਂ ਬਾਦਲਕਿਆਂ ਦੀ ਬੱਲੇ ਬੱਲੇ ਕਰਵਾਉਣ ਲਈ ਪੱਬਾਂ ਭਾਰ ਹੋਈ ਫ਼ਿਰਦੀ ਹੈ। ਮਾਨਵਤਾ ਦੇ ਕੱਟੜ ਦੁਸ਼ਮਣ, ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਸਮਾਗਮਾਂ ਵਿਚ ਸ਼ਮੂਲੀਅਤ ਲਈ ਸੁਖਬੀਰ ਬਾਦਲ ਦੇ ਨਾਲ ਜਾ ਕੇ ਸੱਦਾ ਪੱਤਰ ਦਿੱਤੇ ਜਾ ਰਹੇ ਹਨ। ਗੁਰੂ ਸਾਹਿਬ ਨੂੰ ਸਮਰਪਿਤ ਸਿੱਖੀ ਲਹਿਰ ਚਲਾਉਣ ਦੀਆਂ ਢੀਂਗਾਂ ਮਾਰੀਆਂ ਜਾ ਰਹੀਆ ਹਨ। ਪ੍ਰੰਤੂ ਕੀ ਸ਼੍ਰੋਮਣੀ ਕਮੇਟੀ ਨੇ ਅੱਜ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਜੋ ਕੁੱਝ ਕੀਤਾ ਹੈ, ਉਹ ਸਿੱਖ ਸੰਗਤਾਂ ਦੇ ਸਨਮੁੱਖ ਰੱਖਣ ਦੇ ਸਮਰੱਥ ਹੈ? ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾਂ ਸ਼ਾਨੋ ਸ਼ੌਕਤ ਨਾਲ ਮਨਾਉਣਾ ਚਾਹੀਦਾ ਹੈ। ਪ੍ਰੰਤੂ ਸਭ ਤੋਂ ਪਹਿਲਾਂ ਉਸਨੂੰ ਮਨਾਉਣ ਦੇ ਸਮਰੱਥ ਤਾਂ ਹੋਣਾ ਚਾਹੀਦਾ ਹੈ।

ਸਿੱਖ ਪੰਥ ਦੀ ਚੁਣੀ ਹੋਈ ਸਰਵਉੱਚ ਧਾਰਮਿਕ ਸੰਸਥਾ ਜਿਸਨੂੰ ਕੌਮ ਨੇ ਭਾਰੀਆਂ  ਕੁਰਬਾਨੀਆਂ ਦੇ ਕੇ 1925 ਈਸਵੀ 'ਚ ਹੋਂਦ 'ਚ ਲਿਆਂਦਾ ਸੀ। ਉਹ ਸ਼੍ਰੋਮਣੀ ਕਮੇਟੀ ਆਪਣੇ 94ਕੁ ਸਾਲ ਬੀਤ ਜਾਣ ਤੋਂ ਬਾਅਦ ਐਲਾਨ ਕਰਦੀ ਹੈ ਕਿ ਸਿੱਖ ਸੰਗਤਾਂ ਨੂੰ ਗੁਰਮਤਿ ਫਲਸਫੇ, ਇਤਿਹਾਸ, ਗੁਰਮਤਿ ਰਹਿਣੀ ਅਤੇ ਗੁਰਮਤਿ ਕਦਰਾਂ ਕੀਮਤਾਂ ਨਾਲ ਜੋੜਨ ਲਈ ਧਰਮ ਪ੍ਰਚਾਰ ਲਹਿਰ ਆਰੰਭੀ ਜਾ ਰਹੀ ਹੈ। ਹੱਸਿਆ ਜਾਵੇ ਕਿ ਰੋਇਆ... ਆਖ਼ਰ ਬੀਤੇ 94 ਵਰ੍ਹਿਆਂ 'ਚ ਸਿੱਖਾਂ ਦੀ ਇਹ ਸਿਰਮੌਰ ਧਾਰਮਿਕ ਜੱਥੇਬੰਦੀ ਕੀ ਕਰਦੀ ਰਹੀ? ਧਰਮ ਪ੍ਰਚਾਰ ਦੇ ਨਾਮ ਤੇ ਹਰ ਵਰ੍ਹੇ ਕਰੋੜਾਂ ਰੁਪਿਆ ਕਿੱਥੇ ਖਰਚਿਆਂ ਜਾਂਦਾ ਰਿਹਾ? ਸ਼੍ਰੋਮਣੀ ਕਮੇਟੀ ਜੁੰਮੇ ਗੁਰਦੁਆਰਾ ਸਾਹਿਬਾਨ ਦੇ ਸੰਚਾਰੂ ਪ੍ਰਬੰਧ ਤੇ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਦੀ ਜੁੰਮੇਵਾਰੀ ਹੈ। ਇਹ ਸੰਸਥਾ ਆਪਣੀ ਇਸ ਜੁੰਮੇਵਾਰੀ ਨਿਭਾਉਣ 'ਚ ਕਿੰਨੀ ਕੁ ਸਫ਼ਲ ਰਹੀ ਹੈ? 2001 ਤੋਂ 2011 ਤੱਕ ਸਿੱਖਾਂ ਦੀ ਗਿਣਤੀ 70 ਲੱਖ ਘਟ ਗਈ। ਪੰਜਾਬ 'ਚ 9 ਹਜ਼ਾਰ ਤੋਂ ਵਧੇਰੇ ਡੇਰੇ ਖੁੱਲ੍ਹ ਗਏ। ਰਾਧਾ ਸੁਆਮੀ, ਸੌਧਾ ਸਾਧ, ਨੂਰਮਹਿਲੀਏ, ਭਨਿਆਰੇ ਵਾਲੇ ਤੇ ਨਕਲੀ ਨਿਰੰਕਾਰੀਆਂ ਦੇ ਸ਼ਰਧਾਲੂ ਬਣਨ ਵਾਲੇ ''ਸਿੱਖਾਂ'' ਦੀ ਗਿਣਤੀ 'ਚ 17 ਫ਼ੀਸਦੀ ਦਾ ਅਤੇ ਦਲਿਤ ਸਿੱਖਾਂ 'ਚ 42 ਫ਼ੀਸਦੀ ਦਾ ਵਾਧਾ ਹੋਇਆ। ਸਿੱਖ ਪਰਿਵਾਰਾਂ 'ਚੋਂ ਜੂੜਾ ਅਲੋਪ ਹੋਣ ਦੀ ਗਿਣਤੀ 'ਚ ਤਿੱਖਾ 56 ਫ਼ੀਸਦੀ ਦਾ ਵਾਧਾ ਹੋਇਆ।

ਊੜਾ ਸਿੱਖਣ ਤੋਂ ਭੱਜਣ ਵਾਲੇ ਸਿੱਖਾਂ ਦੀ ਨਵੀਂ ਪੀੜ੍ਹੀ ਦੀ ਗਿਣਤੀ ਵੀ 20 ਫ਼ੀਸਦੀ ਨੂੰ ਟੱਪ ਗਈ ਹੈ। ਨਸ਼ਿਆਂ, ਪਤਿਤਪੁਣੇ ਤੇ ਲੱਚਰਤਾ ਨੇ ਸਿੱਖੀ ਨੂੰ ਜਿਹੜਾ ਵੱਡਾ ਖੋਰਾ ਲਾਇਆ ਉਸਨੇ ਸਿੱਖੀ ਦੀ ਹੋਂਦ 'ਤੇ ਪ੍ਰਸ਼ਨ ਚਿੰਨ੍ਹ ਤੱਕ ਲਾ ਦਿੱਤਾ। ਸਿੱਖੀ ਦੇ ਮਹਾਨ ਸਿਧਾਂਤ ''ਕਿਰਤ ਕਰੋ, ਨਾਮ ਜਪੋ, ਵੰਡ ਛਕੋ'' ਨੂੰ ਸਿੱਖੀ 'ਚ ਤਿਲਾਂਜਲੀ ਦੇ ਦਿੱਤੀ ਗਈ। ਹਰ ਤਿੰਨਾਂ 'ਚੋਂ 2 ਸਿੱਖ ਜੋਤਸ਼ੀਆਂ, ਤਾਂਤਰਿਕਾਂ ਤੇ ਪਾਖੰਡੀ ਬਾਬਿਆਂ ਦੇ ਚੇਲੇ ਹਨ। ਸਿੱਖ ਸਰੂਪ ਵਾਲੇ ਆਡੰਬਰੀ ਤੇ ਕਰਮਕਾਂਡੀ ਬ੍ਰਾਹਮਣਾਂ ਦੀ ਗਿਣਤੀ 70 ਫ਼ੀਸਦੀ ਪਾਰ ਕਰ ਚੁੱਕੀ ਹੈ। ਕੌਮ 'ਚ ''ਹਮ ਰਾਖਤ ਹੈ ਪਾਤਸ਼ਾਹੀ ਦਾਵਾ'' ਦੀ ਭਾਵਨਾ ਪੂਰੀ ਤਰ੍ਹਾਂ ਖ਼ਤਮ ਕਰ ਦਿੱਤੀ ਗਈ ਹੈ। ਗੁਰਬਾਣੀ, ਸਿੱਖ ਸਿਧਾਂਤਾਂ, ਸਿੱਖ ਇਤਿਹਾਸ, ਸਿੱਖ ਵਿਰਸੇ 'ਚ ਮਿਲਵਾਟ ਜਾਰੀ ਹੈ। ਜਿਸ ਕਾਰਣ ਸਿੱਖਾਂ 'ਚ ਟਕਸਾਲੀ, ਸੰਪਰਦਾਈਆਂ, ਮਿਸ਼ਨਰੀਆਂ ਆਦਿ ਦੀਆਂ ਵੰਡੀਆਂ ਪੱਕੇ ਰੂਪ 'ਚ ਪੈਂਦੀਆਂ ਵਿਖਾਈ ਦੇ ਰਹੀਆਂ ਹਨ। ਸ਼੍ਰੋਮਣੀ ਕਮੇਟੀ ਜਿਹੜੀ ਸਿੱਖ ਦੀ ਸਿਰਮੌਰ ਧਾਰਮਿਕ ਸੰਸਥਾ ਵਜੋਂ ਸਥਾਪਿਤ ਕੀਤੀ ਗਈ ਸੀ। ਉਹ ਇਕ ਰਾਜਸੀ ਪਰਿਵਾਰ ਦੀ ਗੁਲਾਮ ਬਣ ਕੇ ਰਹਿ ਗਈ। ਧਾਰਮਿਕ ਸੰਸਥਾ 'ਚ ਗੋਡੇ-ਗੋਡੇ ਭ੍ਰਿਸ਼ਟਾਚਾਰ ਉਸਦੇ ਧਾਰਮਿਕ ਹੋਣ 'ਤੇ ਵੱਡਾ ਸੁਆਲੀਆ ਚਿੰਨ੍ਹ ਲਾ ਚੁੱਕਾ ਹੈ।

ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ, ਜੱਥੇਦਾਰਾਂ ਦੇ ਸਤਿਕਾਰ ਸਮੇਤ ਸਾਰੀਆਂ ਸਿੱਖ ਸੰਸਥਾਵਾਂ ਦੇ ਭੋਗ ਨੂੰ ਚੁੱਪ- ਚੁਪੀਤੇ ਝੱਲ ਲਿਆ ਗਿਆ ਹੈ। ਗੁਰੂ ਸਾਹਿਬਾਨ ਨੇ ਗੁਰੂ ਦੀ ਗੋਲਕ ਨੂੰ ''ਗਰੀਬ ਦਾ ਮੂੰਹ'' ਦੱਸਿਆ ਸੀ ਪ੍ਰੰਤੂ ਇਸ ਗੋਲਕ ਦੀ ਇਕ ਸਿਆਸੀ ਪਰਿਵਾਰ ਤੇ ਉਸਦੀ ਜੇਬੀ  ਪਾਰਟੀ ਦੇ ਨਿੱਜ ਸੁਆਰਥ ਲਈ ਦੁਰਵਰਤੋਂ ਰੱਜ ਕੇ, ਦੂਜੇ ਸ਼ਬਦਾਂ 'ਚ ਲੁੱਟ ਕੀਤੀ ਜਾ ਰਹੀ ਹੈ। ਜਿਸ ਸ਼੍ਰੋਮਣੀ ਕਮੇਟੀ ਨੂੰ ਅੱਜ ਮਹਾਨ ਗੁਰਮਤਿ ਲਹਿਰ ਆਰੰਭ ਕਰਨ ਦਾ ਚੇਤਾ ਆਇਆ ਹੈ, ਉਸ ਸ਼੍ਰੋਮਣੀ ਕਮੇਟੀ ਨੂੰ ਖਾਲਸਾ ਪੰਥ ਇਹ ਸੁਆਲ ਜ਼ਰੂਰ ਕਰੂਗਾ ਕਿ ਆਖ਼ਰ ਇਹ ਸ਼੍ਰੋਮਣੀ ਕਮੇਟੀ 1 ਜੂਨ 2015 ਤੋਂ ਬਾਦਲਾਂ ਦੇ ਰਾਜਸੀ ਭੋਗ ਤੱਕ ਗੁਰੂ ਸਾਹਿਬ ਦੀ ਨਿਰੰਤਰ ਬੇਅਦਬੀ, ਜਿਸ 'ਚ ਗੁਰੂ ਸਾਹਿਬ ਦਾ ਹੋਇਆ ਵਹਿਸ਼ੀਆਨਾ ਕਤਲੇਆਮ ਵੀ ਸ਼ਾਮਲ ਸਨ, ਕਿਉਂ ਚੱਪ ਰਹੀ, ਕਿੱਥੇ ਰਹੀ? ਜਿਸ ਸ਼੍ਰੋਮਣੀ ਕਮੇਟੀ ਨੂੰ ਆਪਣਾ ''ਵੱਡਾ ਬਾਪੂ'' ''ਛੋਟੇ ਬਾਪੂ'' ਦੀ ਗੱਦੀ ਕਾਰਣ ਭੁੱਲਿਆ ਰਿਹਾ, ਉਸਨੂੰ ਹੁਣ ਧਰਮ ਪ੍ਰਚਾਰ ਲਹਿਰ ਕਿਵੇਂ ਯਾਦ ਆ ਗਈ।

ਸ਼੍ਰੋਮਣੀ ਕਮੇਟੀ ਦੀ ਜੁੰਮੇਵਾਰੀ ਹੈ, ਸਿੱਖੀ ਦਾ ਪ੍ਰਚਾਰ ਤੇ ਪਾਸਾਰ ਕਰਨਾ। ਪ੍ਰੰਤੂ ਜਦੋਂ ਤੱਕ ਉਹ ਉਕਤ ਸੁਆਲ ਜਿਹੜੇ ਹਰ ਸੱਚੇ ਸਿੱਖ ਦੇ ਮਨ 'ਚ ਕੁਰਲਾਹਟ ਪਾ ਰਹੇ ਹਨ, ਉਨ੍ਹਾਂ ਦੇ ਜਵਾਬ ਨਹੀਂ ਦਿੰਦੀ, ਕਿਸੇ ਲਹਿਰ ਦਾ ਕੋਈ ਲਾਹਾ ਜਾਂ ਪ੍ਰਭਾਵ ਨਹੀਂ ਹੋਣ ਵਾਲਾ। ਕਰੋੜਾਂ ਰੁਪਿਆ ਜ਼ਰੂਰ ਇਕ ਡਿੱਗੇ ਰਾਜਸੀ ਪਰਿਵਾਰ ਨੂੰ ਉਠਾਉਣ ਲਈ ਬਰਬਾਦ ਹੋ ਜਾਵੇਗਾ। ਗੁਰੂ ਨਾਨਕ ਪਾਤਸ਼ਾਹ ਦੀ 550 ਸਾਲਾਂ ਸ਼ਤਾਬਦੀ  ਦਾ ਜੇ ਕੋਈ ਲਾਹਾ ਲੈਣਾ ਤਾਂ ਸਭ ਤੋਂ ਪਹਿਲਾ ਸ਼੍ਰ੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸਲ ਅਰਥ ਤੇ ਇਸਦੀ ਸਥਾਪਨਾ ਲਈ ਸਿੱਖ ਪੰਥ ਵਜੋਂ ਕੀਤੀਆ ਕੁਰਬਾਨੀਆਂ ਯਾਦ ਕਰਵਾਉਣੀਆਂ ਪੈਣਗੀਆਂ ਤਾਂ ਕਿ ਸ਼੍ਰੋਮਣੀ ਕਮੇਟੀ ਆਪਣੀ ਅਸਲ ਜ਼ਿੰਮੇਵਾਰੀ ਦਾ ਅਹਿਸਾਸ ਕਰ ਸਕੇ।

Editorial
Jaspal Singh Heran

International