ਕੀ ਸਿੱਖ ਕੌਮ ਮੀਰੀ-ਪੀਰੀ ਦੇ ਸਿਧਾਂਤ ਦੀ ਰਾਖੀ ਕਰ ਸਕੀ...?

ਜਸਪਾਲ ਸਿੰਘ ਹੇਰਾਂ
ਅੱਜ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਮੀਰੀ-ਪੀਰੀ ਦਿਵਸ ਹੈ, ਇਸ ਦਿਹਾੜੇ ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਇੱਕੋ ਸਮੇਂ ਧਾਰਣ ਕਰਕੇ ਸਿੱਖ ਨੂੰ ਆਤਮਿਕ ਤੇ ਸੰਸਾਰਕ ਪੱਖ ਤੋਂ ਇਕੋ ਜਿਹਾ ਉੱਚਾ ਕਰਕੇ ਉਸ ਦੀ ਉਚੇਰੀ ਇਕਸੁਰਤਾ ਕਾਇਮ ਕਰਨ ਦੀ ਵਿਧੀ ਬਣਾਈ ਸੀ ਅਤੇ ਸਬਕ ਦਿੱਤਾ ਕਿ ਭਗਤੀ ਨੇ ਸ਼ਕਤੀ ਨੂੰ ਪੈਦਾ ਕਰਨਾ ਹੁੰਦਾ ਹੈ, ਉਨ੍ਹਾਂ ਰਾਜਨੀਤੀ ਨੂੰ ਧਰਮ ਦੀ ਤਾਂਬਿਆ ਜਾਂ ਧਰਮ ਨੂੰ ਰਾਜਨੀਤੀ ਤੇ ਆਸ਼ਰਿਤ ਨਹੀਂ ਕੀਤਾ, ਸਗੋਂ ਮੀਰੀ ਤੇ ਪੀਰੀ ਨੂੰ ਸਿੱਖੀ ਦੀ ਪ੍ਰਭੂਸੱਤਾ ਦੇ ਚਿੰਨਾਂ, ਦੋ ਨਿਸ਼ਾਨ ਸਾਹਿਬ ਦੇ ਰੂਪ 'ਚ ਜਿਹੜੇ ਸਿੱਖੀ ਨੂੰ ਸਦਾ ਹਲੂਣਾ ਦਿੰਦੇ ਹਨ ਤੇ ਸਦਾ ਚੜ੍ਹਦੀ ਕਲਾਂ 'ਚ ਲੈ ਕੇ ਜਾਣ ਦੇ ਪ੍ਰੇਰਨਾ ਸਰੋਤ ਹਨ, ਵਜੋਂ ਸਥਾਪਿਤ ਕੀਤਾ। ਸਿੱਖੀ ਜ਼ੁਲਮ ਅੱਗੇ ਕਦੇ ਝੁਕੇਗੀ ਨਹੀਂ ਅਤੇ ਨਾਂ ਹੀ ਕਿਸੇ ਨਾਲ ਬੇਇਨਸਾਫ਼ੀ ਹੋਣ ਦੇਵੇਗੀ। ਇਹੋ ਮੀਰੀ-ਪੀਰੀ ਹੈ ਅਤੇ ਅੱਜ ਜਦੋਂ ਕੌਮ ਇਸ ਦਿਹਾੜੇ ਦੀ ਯਾਦ ਮਨਾ ਰਹੀ ਹੈ ਤਾਂ ਸਾਨੂੰ ਇੱਕ ਪਾਸੇ ਮੀਰੀ-ਪੀਰੀ ਦੇ ਸੰਕਲਪ ਵੱਲ ਅਤੇ ਦੂਜੇ ਪਾਸੇ ਸਿੱਖ ਕੌਮ ਦੀ ਵਰਤਮਾਨ ਸਥਿਤੀ ਬਾਰੇ ਪੜਚੋਲ ਜ਼ਰੂਰ ਕਰਨੀ ਬਣਦੀ ਹੈ।

ਦੁਨੀਆ ਦੀ ਇਸ ਨਿਆਰੀ ਪ੍ਰੰਪਰਾ ਨੂੰ ਆਰੰਭਣ ਤੇ ਕਈ ਧਾਰਮਿਕ ਸਖ਼ਸੀਅਤਾਂ ਨੇ ਕਿੰਤੂ-ਪ੍ਰੰਤੂ ਵੀ ਕੀਤੇ ਸਨ, ਪ੍ਰੰਤੂ ਗੁਰੂ ਸਾਹਿਬ ਨੇ 'ਬਾਤਕ ਜ਼ਾਹਰ ਅਮੀਰੀ। ਸ਼ਸਤਰ ਗਰੀਬ ਦੀ ਰੱਖਿਆ, ਜਰਵਾਣੇ ਦੀ ਭੱਖਿਆ।' ਵਰਗੇ ਉਪਦੇਸ਼ਾਂ ਨਾਲ ਮੀਰੀ-ਪੀਰੀ ਦੇ ਸਿਧਾਂਤ ਦੀ ਸਰਵਵਿਆਪਕਤਾ ਦਰਸਾਈ। ਪ੍ਰੰਤੂ ਅੱਜ ਸਿੱਖੀ 'ਚ ਮੀਰੀ-ਪੀਰੀ ਦੀ ਇਕਸੁਰਤਾ ਉੱਖੜ ਚੁੱਕੀ ਹੈ, ਸੱਤਾਧਾਰੀਆਂ ਨੇ ਪੀਰੀ ਵਾਲੀ ਧਿਰ ਨੂੰ ਆਪਣੇ ਅਧੀਨ ਕਰ ਲਿਆ ਹੈ, ਜਿਸ ਕਾਰਣ ਧਰਮ ਤੇ ਉਸਦੇ ਸਿਧਾਂਤ ਫ਼ਿਰ ਉੱਡ-ਪੁੱਡ ਗਏ ਹਨ। ਜਿਸ ਤਰ੍ਹਾਂ ਪਹਿਲਾਂ ਮੀਰ ਦੇ ਹੱਥ ਤਾਕਤ ਹੋਣ ਕਾਰਣ ਉਹ ਪੀਰ ਨੂੰ ਆਪਣੇ ਵੱਸ ਕਰਕੇ ਆਪਣੀ ਸ਼ਕਤੀ 'ਚ ਵਾਧਾ ਕਰਕੇ, ਜ਼ੋਰ ਜਬਰ ਕਰਦਾ ਸੀ, ਉਸੇ ਤਰ੍ਹਾਂ ਅੱਜ ਵੀ ਰਾਜਨੀਤੀ ਨੇ ਆਪਣੇ ਬਲ-ਛਲ ਨਾਲ ਧਰਮ ਨੂੰ ਆਪਣੀ ਮੁੱਠੀ 'ਚ ਕਰ ਲਿਆ ਹੋਇਆ। ਅੱਜ ਦੇ ਸਿੱਖਾਂ ਨੂੰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੌੜੀਆਂ ਉੱਤਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਲਈ ਪੌੜੀਆਂ ਚੜ੍ਹਨ ਦੇ ਅੰਤਰ ਦੇ ਅਰਥ ਜਾਂ ਤਾਂ ਭੁੱਲ ਗਏ ਹਨ ਜਾਂ ਫ਼ਿਰ ਉਹ ਜਾਣਬੁੱਝ ਕੇ ਅਵੇਸਲਾ ਹੋ ਗਿਆ ਹੈ।

ਇਸ ਲਈ ਸਿੱਖੀ 'ਚ ਮੀਰੀ-ਪੀਰੀ ਦਾ ਸਿਧਾਂਤ ਜਿਹੜਾ ਮਨੁੱਖ ਮਾਤਰ ਦੀ ਭਲਾਈ, ਅਜ਼ਾਦੀ ਅਤੇ ਸਰਬੱਤ ਦੇ ਭਲੇ ਵਾਲੀ ਰਾਜਸੀ ਸੱਤਾ ਦੇ ਨਿਰਮਾਣ ਲਈ ਛੇਵੇਂ ਪਾਤਿਸ਼ਾਹ ਨੇ ਸਥਾਪਿਤ ਕੀਤਾ ਸੀ, ਉਹ ਕਿਧਰੇ ਵਿਖਾਈ ਨਹੀਂ ਦਿੰਦਾ। ਧਰਮ ਦੀ ਤਾਂ ਹੁਣ ਕੋਈ 'ਬਾਤ' ਹੀ ਨਹੀਂ ਪੁੱਛਦਾ, ਸਿਰਫ਼ ਤੇ ਸਿਰਫ਼ ਸੱਤਾ ਦਾ ਹੀ ਬੋਲ-ਬਾਲਾ ਹੈ, ਜਿਸ ਕਾਰਣ ਸਾਰਾ ਢਾਂਚਾ ਭ੍ਰਿਸ਼ਟ ਹੋ ਗਿਆ ਹੈ, ਜਿਸਨੇ ਸੱਤਾਧਾਰੀਆਂ ਦੀ ਮੱਤ ਵੀ ਭ੍ਰਿਸ਼ਟ ਕਰ ਦਿੰਦੀ ਹੈ। ਜਿਸ ਜ਼ੋਰ ਜਬਰ ਦੇ ਖਾਤਮੇ ਲਈ ਸਿੱਖੀ ਦੀ ਬੁਨਿਆਦ ਰੱਖੀ ਗਈ ਸੀ, ਉਹ ਜ਼ੋਰ ਜਬਰ ਅੱਜ ਫ਼ਿਰ ਸੱਤਾਧਾਰੀਆਂ ਦਾ ਹਥਿਆਰ ਬਣ ਗਿਆ ਹੈ ਅਤੇ ਸੱਚ ਤੇ ਪਹਿਰਾ ਦੇਣ ਲਈ ਕੋਈ ਤਿਆਰ ਨਹੀਂ। ਕਰਮਕਾਂਡਾਂ ਦੇ ਬੋਲ-ਬਾਲੇ ਨੇ 'ਪੀਰੀ' ਵਾਲਿਆਂ ਨੂੰ ਮੁੜ ਤੋਂ ਰਿਸ਼ਵਤਾਂ ਲੈਣ ਵਾਲੇ ਕਾਜ਼ੀ ਤੇ ਪੰਡਿਤ ਬਣਾ ਦਿੱਤਾ ਹੈ। ਇਹੋ ਕਾਰਣ ਹੈ ਕਿ ਪੀਰੀ ਵਾਲਿਆਂ ਦੇ ਭਟਕ ਜਾਣ ਕਾਰਣ ਨਵੀਂ ਪੀੜ੍ਹੀ ਵੀ ਭਟਕ ਗਈ ਹੈ, ਕਿਉਂਕਿ ਉਨ੍ਹਾਂ ਨੂੰ ਰਾਹ ਵਿਖਾਉਣ ਵਾਲਾ ਹੀ ਕੋਈ ਨਹੀਂ ਰਿਹਾ।

ਅੱਜ ਦੇ ਦਿਨ ਕੌਮ ਦੇ ਦਰਦੀਆਂ ਨੂੰ ਸੋਚਣਾ ਹੋਵੇਗਾ ਕਿ ਮੀਰੀ-ਪੀਰੀ ਦੇ ਮਾਲਕ ਵੱਲੋਂ ਵਿਖਾਏ ਗਏ ਰਾਹ ਤੋਂ ਅਸੀਂ ਆਖ਼ਰ ਕਦੋਂ ਤੱਕ ਭਟਕੇ ਰਹਿ ਸਕਾਂਗੇ। ਲੋੜ ਹੈ ਕਿ ਕੌਮ ''ਧਰਮ ਦੀ ਅਕਾਲੀ ਸੱਤਾ ਅਤੇ ਰਾਜਨੀਤੀ ਦੀ ਤਖ਼ਤ ਸੱਤਾ ਦੇ ਸੋਮੇ ਸ੍ਰੀ ਅਕਾਲ ਤਖ਼ਤ ਸਾਹਿਬ'' ਦੀ ਮਹਾਨਤਾ ਨੂੰ ਸਮਝੇ ਅਤੇ ਇਸ ਸਬਕ ਨੂੰ ਮੁੜ ਤੋਂ ਪੱਲੇ ਨਾਲ ਬੰਨਿਆ ਜਾਵੇ ਕਿ ਧਰਮ ਦੀਆਂ ਕਦਰਾਂ ਕੀਮਤਾਂ ਦੇ ਪਾਸਾਰ ਲਈ ਜ਼ੋਰ ਦੀ ਲੋੜ ਹੈ। ਬਲ-ਹੀਨ ਕੌਮ ਬੇ-ਗੈਰਤੀ ਦੀ ਖੱਡ ਵਿੱਚ ਜਾ ਡਿੱਗਦੀ ਹੈ ਅਤੇ ਆਪਣੀ ਹੋਂਦ ਗੁਆ ਬੈਠਦੀ ਹੈ, ਇਸ ਅਟੱਲ ਸੱਚਾਈ ਨੂੰ ਵੀ ਅੱਜ ਯਾਦ ਕਰ ਲੈਣਾ ਚਾਹੀਦਾ ਹੈ।

Editorial
Jaspal Singh Heran

International