ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨਹੀਂ ਰਹੀ

ਨਵੀਂ ਦਿੱਲੀ 20 ਜੁਲਾਈ (ਏਜੰਸੀਆਂ) : ਕਾਂਗਰਸ ਦੀ ਦਿੱਗਜ ਨੇਤਾ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਜਨਮ ਸੰਨ 1938 ਵਿੱਚ ਹੋਇਆ ਅਤੇ 81 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਏ। ਸ਼ੀਲਾ ਦੀਕਸ਼ਿਤ ਲੰਮੇ ਸਮੇਂ ਬਿਮਾਰ ਚੱਲ ਰਹੀ ਸੀ ਅਤੇ ਅੱਜ ਸਵੇਰੇ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਐਸਕਾਰਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਸ਼ੀਲਾ ਦੀਕਸ਼ਿਤ ਦਿੱਲੀ ਦੀ ਤਿੰਨ ਵਾਰ ਮੁੱਖ ਮੰਤਰੀ ਰਹਿ ਚੁੱਕੀ ਸੀ ਅਤੇ ਉਹ ਦਿੱਲੀ ਕਾਂਗਰਸ ਦੀ ਪ੍ਰਧਾਨ ਵੀ ਸੀ। ਇਸ ਤੋਂ ਇਲਾਵਾ ਉਨ੍ਹਾਂ ਕੇਰਲ ਦੀ ਰਾਜਪਾਲ ਵਜੋਂ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ।

ਦੀਕਸ਼ਿਤ ਨੂੰ ਦਿੱਲੀ ਵਿੱਚ ਮੈਟਰੋ ਰੇਲ ਪ੍ਰਾਜੈਕਟ ਲਿਆਉਣ ਬਦਲੇ ਯਾਦ ਕੀਤਾ ਜਾਵੇਗਾ। ਹਾਲਾਂਕਿ, ਉਨ੍ਹਾਂ ਦੇ ਕਾਰਜਕਾਲ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਬਾਅਦ ਹੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ। ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵੀਟ ਉਤੇ ਸ਼ੀਲਾ ਦੀਕਸ਼ਿਤ ਨਾਲ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ।

ਸ੍ਰੀਮਤੀ ਸ਼ੀਲਾ ਦੀਕਸ਼ਿਤ ਦੇ ਦੇਹਾਂਤ 'ਤੇ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ,  ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ, ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹਜ਼ਾਰਾਂ ਪ੍ਰਮੁੱਖ ਆਗੂਆਂ ਨੇ ਆਪੋ–ਆਪਣੇ ਸੋਗ–ਸੁਨੇਹੇ ਜਾਰੀ ਕੀਤੇ ਹਨ।

Unusual
Death
Sheila Dikshit
Chief Minister
New Delhi
congress

International