ਸੁਖਬੀਰ ਦਾ ਸੌਦਾ ਸਾਧ ਪ੍ਰੇਮ ਜੱਗ ਜਾਹਰ ਹੋਇਆ...

ਜਸਪਾਲ ਸਿੰਘ ਹੇਰਾਂ
ਸੁਖਬੀਰ ਬਾਦਲ ਨਸ਼ੇ ਦੀ ਵਾਧ-ਘਾਟ 'ਚ ਬੋਲ ਰਿਹਾ ਜਾਂ ਫ਼ਿਰ ਆਪਣੇ ਆਕਿਆਂ, ਭਾਜਪਾ ਵੱਲੋਂ ਤੜਾਮਾਂ ਖਿੱਚਣ ਤੇ ਸੌਦਾ ਸਾਧ ਦੇ ਚੇਲਿਆ ਅਤੇ ਖ਼ੁਦ ਆਪਣੀ ਚਮੜੀ ਬਚਾਉਣ ਤੇ ਉਤਰਿਆ ਹੈ। ਸੌਦਾ ਸਾਧ ਦੇ ਚੇਲਿਆ ਵਿਰੁੱਧ ਸਿੱਟ ਵੱਲੋਂ ਕੀਤੀ ਕਾਰਵਾਈ ਨੂੰ ਗ਼ਲਤ ਦੱਸਕੇ, ਸੁਖਬੀਰ ਨੇ ਆਪਣਾ ਸੌਦਾ ਪ੍ਰੇਮੀ ਹੋਣਾ ਜੱਗ ਜ਼ਾਹਿਰ ਕਰ ਦਿੱਤਾ ਹੈ। ਇਸ ਤੋਂ ਪਹਿਲਾ ਸਿੱਖਾਂ ਨੂੰ ਖ਼ੁਸ ਕਰਨ ਲਈ ਸੁਖਬੀਰ ਵੱਲੋਂ ਸੀ ਬੀ.ਆਈ ਦੀ ਕਲੋਜ਼ਰ ਰਿਪੋਰਟ ਦਾ ਡੱਟਵਾਂ ਵਿਰੁੱਧ ਕੀਤਾ ਸੀ। ਗ੍ਰਹਿ ਮੰਤਰੀ ਨੂੰ ਮਿਲਣ ਤੇ ਅਦਾਲਤ 'ਚ ਜਾਣ ਦੇ ਦਮਗਜ਼ੇ ਮਾਰੇ ਗਏ ਸਨ, ਪ੍ਰੰਤੂ ਕਾਰਵਾਈ ਕੋਈ ਵੀ ਨਹੀਂ ਹੋਈ। ਸਗੋਂ ਸੌਦਾ ਸਾਧ ਦਾ ਵਿਰੋਧ ਕਰਨ ਤੇ ਭਾਜਪਾ ਨੇ ਖਿਚਾਈ ਜ਼ਰੂਰ ਕੀਤੀ ਹੋਵੇਗੀ। ਜਿਸ ਕਾਰਣ ਹੁਣ ਸੁਖਬੀਰ ਨੇ ਸੌਦਾ ਸਾਧ ਦੇ ਚੇਲਿਆ ਵਿਰੁੱਧ ਬੇਅਦਬੀ ਕਾਂਡ ਦੇ ਮਾਮਲੇ ਤੇ ਪੂਰੀ ਤਰ੍ਹਾਂ ਯੂ ਟਰਨ ਲੈ ਲਿਆ ਹੈ। 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਸਿੰਘ ਵਾਲਾ ਤੋਂ ਗੁਰੂ ਸਾਹਿਬ ਦੇ ਪਾਵਨ ਸਰੂਪ ਚੋਰੀ ਕੀਤੇ ਗਏ, ਫਿਰ ਸਤੰਬਰ 'ਚ ਸਿੱਖਾਂ ਨੂੰ ਧਮਕੀ ਦਿੰਦੇ ਪੋਸਟਰ ਲੱਗੇ ਤੇ ਅਕਤੂਬਰ 'ਚ ਬਰਗਾੜੀ 'ਚ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗਈ। 1 ਜੂਨ 2015 ਤੋਂ ਦਸੰਬਰ 2016 ਭਾਵੇਂ ਡੇਢ ਵਰਾਂ ਸੁਖਬੀਰ ਦੀ ਪੰਜਾਬ 'ਚ ਸਰਕਾਰ ਸੀ। ਫ਼ਿਰ ਸੁਖਬੀਰ, ਇਹ ਵੀ ਦੱਸ ਦੇਵੇ ਕਿ ਉਸਦੀ ਪੁਲਿਸ ਤੇ ਖ਼ੁਫੀਆਂ ਏਜੰਸੀਆਂ ਨੇ, ਉਸਨੂੰ ਬੇਅਦਬੀ ਸਬੰਧੀ ਕੀ ਰਿਪੋਰਟਾਂ ਦਿੱਤੀਆਂ ਸਨ?

ਬਾਦਲਾਂ ਦੀ ਸੌਦਾ ਸਾਧ ਨੂੰ ਮਾਫ਼ੀ ਦਿਵਾਉਣ ਦੀ ਆਖ਼ਰ ਕੀ ਮਜ਼ਬੂਰੀ ਸੀ। ਬਿੱਲੀ ਨੇ ਆਖ਼ਰ ਥੈਲੇ 'ਚੋ ਬਾਹਰ ਆ ਜਾਣਾ ਹੁੰਦਾ ਹੈ। ਉਹ ਆ ਗਈ। ਅੰਮ੍ਰਿਤਧਾਰੀ ਜੱਥੇਦਾਰ ਅਖਵਾਉਂਦੇ ਅਕਾਲੀ, ਹੁਣ ਸੁਖਬੀਰ ਵੱਲੋਂ ਸੌਦਾ ਸਾਧ ਦੀ ਖੁੱਲ ਕੇ ਕੀਤੀ ਹਮਾਇਤ ਤੋ ਬਾਅਦ, ਕੌਮ ਤੇ ਗੁਰੂ ਅੱਗੇ ਕਿਹੜਾ ਮੂੰਹ ਲੈ ਕੇ ਜਾਣਗੇ? ਕੀ ਉਹ ਇਹ ਪ੍ਰਵਾਨ ਕਰਨਗੇ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਦਲ ਅਤੇ ਹੁਣ ਬਾਦਲ ਦਲ ਤੋਂ ਡੇਰਾਦਲ ਉਨ੍ਹਾਂ ਨੂੰ ਪੂਰੀ ਤਰ੍ਹਾਂ ਪ੍ਰਵਾਨ ਹੈ। ਭਾਵੇਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤਾਂ ਥਾਪੇ ਹੀ ਸੁਖਬੀਰ ਵੱਲੋਂ ਗਏ ਹਨ, ਇਸ ਲਈ ਉਨ੍ਹਾਂ ਨੇ ਸੁਖਬੀਰ ਵੱਲੋਂ ਖੁੱਲਕੇ ਸੌਦਾ ਸਾਧ ਦੀ ਹਮਾਇਤ ਵਿਰੁੱਧ ਕੋਈ ਕਾਰਵਾਈ ਤਾਂ ਦੂਰ ਮੂੰਹ ਤੱਕ ਨਹੀ ਖੋਲਣਾ। ਕੌਮ ਤਾਂ ਭਾਵੇਂ ਬਾਦਲਕਿਆਂ ਨੂੰ ਪਹਿਲਾ ਹੀ ਸਿੱਖ ਵਿਰੋਧੀ ਗਰਦਾਨ ਚੁੱਕੀ ਹੈ। ਪ੍ਰੰਤੂ ਹੁਣ ਖ਼ੁਦ ਸੁਖਬੀਰ ਨੇ ਪ੍ਰਵਾਨ ਕਰ ਲਿਆ ਹੈ ਕਿ ਉਹ ਮੋਦੀਕਿਆਂ, ਸੌਦਾ ਸਾਧਕਿਆਂ ਅਤੇ ਬਾਦਲਕਿਆਂ ਦੀ ਤਿੱਕੜੀ ਇਕੋ ਹੈ। ਇਹ ਇੱਕ ਦੂਜੇ ਵਿਰੁੱਧ ਨਹੀਂ ਜਾ ਸਕਦੇ। ਇਸੇ ਕਾਰਣ ਬਾਦਲਾਂ ਦੀ ਸਰਕਾਰ ਸਮੇਂ ਸੌਦਾ ਸਾਧ ਦੇ ਚੇਲਿਆਂ ਦੀ ਹਵਾ ਵੱਲ ਕੋਈ ਨਹੀਂ ਝਾਕਿਆ। ਖੱਟੜੇ ਵਾਲੀ ਸਿੱਟ ਨੂੰ ਵੀ ਉਦੋ ਸੌਦਾ ਸਾਧ ਦੇ ਚੇਲੇ ਵਿਖਾਈ ਨਹੀਂ ਦਿੱਤੇ।

ਕੈਪਟਨ ਸਰਕਾਰ ਆਉਣ ਤੇ ਹੀ ਵਿਖਾਈ ਦਿੱਤੇ ਸਨ। ਦੋਵੇਂ ਜਾਂਚ ਏਜੰਸੀਆਂ ਸੀ.ਬੀ.ਆਈ ਤੇ ਸਿੱਟ ਸਰਕਾਰਾਂ ਦੀਆਂ ਹਨ। ਦੋਵਾਂ 'ਚ ਕਿਹੜੀ ਝੂਠ ਬੋਲ ਰਹੀ ਹੈ। ਇਸਦਾ ਫੈਸਲਾ ਕੌਣ ਕਰੂੰ? ਸੁਖਬੀਰ ਦੇ ਖੁੱਲ ਕੇ ਸੌਦਾ ਸਾਧ ਦੀ ਹਮਾਇਤ ਤੇ ਆਉਣ ਨਾਲ ਇਹ ਜ਼ਰੂਰ ਸਾਫ਼ ਹੋ ਗਿਆ ਹੈ ਕਿ ਜਿਹੜੀ ਜਾਂਚ ਬੇਅਦਬੀ ਪਿੱਛੇ ਸੌਦਾ ਸਾਧ ਤੇ ਬਾਦਲਾਂ ਦੋਵਾਂ ਦਾ ਹੱਥ ਮੰਨਦੀ ਹੈ, ਸਿਰਫ ਉਹ ਸੱਚੀ ਹੋ ਸਕਦੀ ਹੈ। ਬਾਦਲਾਂ ਬਾਰੇ ਤਾਂ ਕਿਸੇ ਨੂੰ ਭੁਲੇਖਾ ਨਹੀਂ, ਹੁਣ ਜਦੋਂ ਸੁਖਬੀਰ ਨੇ ਸਾਰਾ ਪਰਦਾ ਹੀ ਹਟਾ ਦਿੱਤਾ ਹੈ ਤਾਂ ਹੁਣ ਵੇਖਣ ਵਾਲੀ ਗੱਲ੍ਹ ਇਹੋ ਹੈ ਕਿ  ਭਵਿੱਖ 'ਚ ਵੀ ਬਾਦਲ ਦਲੀਏ ਆਪਣੇ ਆਪ ਨੂੰ, ਗੁਰੂ ਦੇ ਸਿੱਖ ਕਿਵੇ ਮੰਨਣਗੇ ਜਾਂ ਅਖਵਾਉਣਗੇ। ਜਾਗਦੀ ਜ਼ਮੀਰ ਵਾਲਾ ਕੋਈ ਸਿੱਖ ਘੱਟੋ-ਘੱਟ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨਾਲ ਆਪਣੀ ਨੇੜਤਾ ਨਹੀਂ ਰੱਖ ਸਕਦਾ। ਅੱਜ ਸਮਾਂ ਆ ਗਿਆ ਹੈ ਕਿ ਕੌਮ ਇੱਕ ਵਾਰ ਫ਼ਿਰ ਬਾਦਲਾਂ ਦੇ ਬਾਈਕਾਟ ਨੂੰ ਦ੍ਰਿੜਤਾ ਨਾਲ ਪਕੇਰਾ ਕਰੇ ਅਤੇ ਬਾਦਲ ਦਲ ਨਾਲ ਜੁੜੇ ਸਿੱਖ ਅਖਵਾਉਂਦੇ ਆਗੂਆਂ ਨੂੰ ਆਪਣੀ ਜ਼ਮੀਰ ਨੂੰ ਜਗਾਉਣ ਦਾ ਹੋਕਾ ਦਿੱਤਾ ਜਾਵੇ। ਗੁਰੂ ਪ੍ਰਤੀ ਸ਼ਰਧਾ ਨੂੰ ਗੁਆ ਕੇ ਲਈ ਫੌਕੀ ਚੌਧਰ, ਭਲਾ ਕਿਸ ਕੰਮ ਦੀ?

Editorial
Jaspal Singh Heran

International