ਕਾਰਗਿਲ ਦਸਤਾਵੇਜ਼ੀ ਫ਼ਿਲਮ 'ਚ ਸਿੱਖ ਰੈਜ਼ੀਮੈਂਟ ਦਾ ਜ਼ਿਕਰ ਨਾ ਕਰਨ 'ਤੇ ਭਖਿਆ ਵਿਵਾਦ

ਨਵੀਂ ਦਿੱਲੀ 31 ਜੁਲਾਈ (ਏਜੰਸੀਆਂ): ਕਾਰਗਿਲ ਵਿਜੇ ਦਿਹਾੜੇ ਦੇ 20 ਸਾਲ ਪੂਰੇ ਹੋਣ ਮੌਕੇ ਦਿੱਲੀ ਵਿਚ ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿਚ ਜਾਰੀ ਹੋਏ ਇਕ ਵੀਡੀਓ ਉਤੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ ਕਰੀਬ 9 ਮਿੰਟਾਂ ਦੀ ਇਸ ਵੀਡੀਓ ਵਿਚ ਸਿੱਖ ਰੈਜੀਮੈਂਟ ਦਾ ਜ਼ਿਕਰ ਹੀ ਨਹੀਂ ਹੈ, ਜਦਕਿ ਕਾਰਗਿਲ ਜੰਗ ਦੌਰਾਨ ਸਿੱਖ ਰੈਜੀਮੈਂਟ ਦੀ ਅਹਿਮ ਭੂਮਿਕਾ ਸੀ।ਕਾਰਗਿਲ ਜੰਗ ਦੌਰਾਨ ਸਿੱਖ ਰੈਜੀਮੈਂਟ ਦੀ ਅੱਠਵੀਂ ਬਟਾਲੀਅਨ ਦਾ ਹਿੱਸਾ ਰਹੇ ਰਿਟਾਇਰਡ ਜਨਰਲ ਜੀ ਐਸ ਸ਼ੇਰਗਿੱਲ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਉਤੇ ਇਤਰਾਜ਼ ਜਤਾਇਆ। ਇਸ ਮੁੱਦੇ ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਸਿਆਸਤਦਾਨਾਂ ਨੇ ਵੀ ਇਸ ਵੀਡੀਓ ਉਤੇ ਇਤਰਾਜ਼ ਜਤਾਉਂਦੇ ਸਿੱਖਾਂ ਨੂੰ ਜਾਣਬੁੱਝ ਕੇ ਅਣਗੌਲਿਆ ਕਰਨ ਦੀ ਗੱਲ ਕਹੀ ਹੈ।

ਜ਼ਿਕਰਯੋਗ ਹੈ ਕਿ 1999 ਵਿਚ ਹੋਈ ਕਾਰਗਿਲ ਜੰਗ ਦੌਰਾਨ ਸਿੱਖ ਰੈਜੀਮੇਂਟ ਦੀ ਅਹਿਮ ਭੂਮਿਕਾ ਰਹੀ ਸੀ। ਹਾਲ ਹੀ ਵਿਚ ਸਿੱਖ ਰੈਜੀਮੈਂਟ ਦੀ ਅੱਠਵੀਂ ਬਟਾਲੀਅਨ ਦੇ ਵੀਰ ਚੱਕਰ ਵਿਜੇਤਾ ਸਤਪਾਲ ਸਿੰਘ ਨੂੰ ਪੰਜਾਬ ਸਰਕਾਰ ਨੇ ਡਬਲ ਪ੍ਰਮੋਸ਼ਨ ਦੇ ਕੇ ਏਐਸਆਈ ਬਣਾਇਆ ਹੈ। ਸਤਪਾਲ ਸਿੰਘ ਨੇ ਹੀ ਪਾਕਿਸਤਾਨੀ ਫ਼ੌਜ ਦੇ ਕੈਪਟਨ ਕਰਨਲ ਸ਼ੇਰ ਖ਼ਾਨ ਅਤੇ ਤਿੰਨ ਹੋਰ ਫ਼ੌਜੀਆਂ ਨੂੰ ਕਾਰਗਿਲ ਜੰਗ ਦੌਰਾਨ ਮਾਰ ਮੁਕਾਇਆ ਸੀ। ਹੁਣ ਕਾਰਗਿਲ ਵਿਜੇ ਨੂੰ ਦਰਸਾਉਂਦੀ ਵੀਡੀਓ ਵਿਚ ਸਿੱਖ ਰੈਜੀਮੈਂਟ ਦਾ ਜ਼ਿਕਰ ਹੀ ਨਾ ਹੋਣਾ ਸਵਾਲ ਖੜ੍ਹੇ ਕਰ ਰਿਹਾ ਹੈ।

Unusual
Indian Army
Sikhs

International