ਪੰਜਾਬ ਦੇ ਹਿੱਤਾਂ ਦੀ ਰਾਖ਼ੀ ਕੌਣ ਕਰੂ...?

ਜਸਪਾਲ ਸਿੰਘ ਹੇਰਾਂ
ਇਹ ਸਿੱਖ ਕੌਮ ਦੀ, ਪੰਜਾਬ ਦੀ, ਪੰਜਾਬੀ ਦੀ ਅਤੇ ਪੰਜਾਬੀਅਤ ਦੀ ਸਭ ਤੋਂ ਵੱਡੀ ਤ੍ਰਾਸਦੀ ਤੇ ਦੁਖ਼ਾਂਤ ਆਖਿਆ ਜਾਵੇਗਾ ਕਿ ਇਸਦੇ ਧੀਆਂ-ਪੁੱਤਰਾਂ ਹੀ ਇਸ ਤੋਂ ਬੇਮੁੱਖ ਹੋ ਗਏ ਹਨ ਅਤੇ ਹੋ ਰਹੇ ਹਨ। ਸਭ ਤੋਂ ਵੱਡੀ ਤ੍ਰਾਸਦੀ ਤਾਂ ਇਹ ਵੀ ਹੈ ਕਿ ਉਹ ਲੋਕ ਜਿਹੜੇ ਕੌਮ ਦੇ ਅਤੇ ਸੂਬੇ ਦੇ ਠੇਕੇਦਾਰ ਬਣੇ ਹੋਏ ਹਨ, ਉਹ ਬੇਮੁੱਖ ਹੋਣ ਵਾਲਿਆਂ 'ਚ ਮੋਹਰੀ ਹਨ। ਹਰ ਵਿਅਕਤੀ ਨੂੰ ਆਪਣਾ ਧਰਮ ਪਿਆਰਾ ਹੁੰਦਾ ਹੈ, ਆਪਣੀ ਮਾਤ-ਭੂਮੀ ਪਿਆਰੀ ਹੁੰਦੀ ਹੈ, ਆਪਣੇ ਮਾਂ-ਬੋਲੀ ਨਾਲ ਮੁਹੱਬਤ ਹੁੰਦੀ ਹੈ, ਪ੍ਰੰਤੂ ਸਿੱਖੀ ਦੇ ਠੇਕੇਦਾਰਾਂ ਨੂੰ ਸਿੱਖੀ ਨਾਲ ਪਿਆਰ ਤਾਂ ਦੂਰ, ਉਹ ਸਿੱਖੀ ਨੂੰ ਹੜੱਪਣ ਵਾਲੀਆਂ ਸ਼ਕਤੀਆਂ ਦੇ ਮੋਹਰੇ ਬਣੇ ਹੋਏ ਹਨ। ਉਨ੍ਹਾਂ ਨੂੰ ਪੰਜਾਬ ਨਾਲ ਨਹੀਂ, ਸਗੋਂ ਪੰਜਾਬ ਦੀ ਸੱਤਾ ਨਾਲ ਪਿਆਰ ਹੈ, ਇਸ ਲਈ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਵੇਚ-ਵੱਟਣ ਜਾਂ ਗਹਿਣੇ ਰੱਖਣ ਲਈ ਮਿੰਟ-ਸਕਿੰਟ ਵੀ ਨਹੀਂ ਲਾਉਣ ਵਾਲੇ। ਉਨ੍ਹਾਂ ਲਈ ਤਾਂ ਸਿਰਫ਼ ਸੱਤਾ ਤੇ ਧਨ ਦੌਲਤ ਹੀ ਸਾਰਾ ਕੁਝ ਹੈ।

ਅੱਜ ਦੇਸ਼ 'ਚ ਹਿੰਦੂਵਾਦੀ ਤਾਕਤਾਂ ਮੋਦੀ ਦਾ ਗੁਣ-ਗਾਣ ਕਰ ਰਹੀਆਂ ਹਨ ਅਤੇ ਦੇਸ਼ 'ਚ ਹਿੰਦੂਵਾਦ ਦਾ ਉਭਾਰ ਲਿਆਉਣ ਲਈ ਸਾਰਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਨੌਬਤ ਇਥੋਂ ਤੱਕ ਆ ਗਈ ਹੈ ਕਿ ''ਹਿੰਦ, ਹਿੰਦੂ ਤੇ ਹਿੰਦੀ'' ਦੀ ਲੁੱਕੀ ਭਾਵਨਾ ਨੂੰ ਵੀ ਸੰਘ ਮੁੱਖੀ ਮੋਹਨ ਭਾਗਵਤ ਵਰਗਿਆਂ ਨੇ ਖੁੱਲ੍ਹੇਆਮ ਪ੍ਰਗਟਾਉਣਾ ਅਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਣਾ ਸ਼ੁਰੂ ਕਰ ਦਿੱਤਾ ਹੈ। ਪ੍ਰੰਤੂ ਸਿੱਖ ਧਰਮ ਦੇ ਠੇਕੇਦਾਰਾਂ ਦੀ ਨੀਂਦ ਹੀ ਨਹੀਂ ਟੁੱਟੀ, ਉਨ੍ਹਾਂ ਦੀਆਂ ਅੱਖਾਂ ਤੇ ਚੜ੍ਹੀ ਭਗਵਾਂ ਐਨਕ 'ਚੋਂ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ। ਇਸ ਲਈ ਉਹ ਸਿੱਖੀ ਦੀਆਂ ਜੜ੍ਹਾਂ ਤੇ ਹੋ ਰਿਹਾ ਸਿੱਧਾ ਤੇ ਤਿੱਖਾ ਹਮਲਾ ਅਣਡਿੱਠ ਕਰੀ ਬੈਠੇ ਹਨ। ਮੋਦੀ ਵਰਗੇ ਦਾ, ''ਹਾਂ! ਮੈਂ ਸ਼ੁੱਧ ਹਿੰਦੂ ਰਾਸ਼ਟਰਵਾਦੀ ਹਾਂ'' ਦਾ ਇਕਰਾਰਨਾਮਾ ਵੀ ਇਨ੍ਹਾਂ ਦੇ ਮੂੰਹ ਤੇ ''ਥੱਪੜ'' ਨਹੀਂ ਮਾਰਦਾ। ਇਨ੍ਹਾਂ ਦੀ ਆਤਮਾ ਇਨ੍ਹਾਂ ਨੂੰ ਲਾਹਨਤਾਂ ਨਹੀਂ ਪਾਉਂਦੀ, ਇਸ ਲਈ ਇਨ੍ਹਾਂ ਨੂੰ ਆਪਣੇ ਧਰਮ ਦਾ ਚਿੱਤ-ਚੇਤਾ ਹੀ ਨਹੀਂ ਆਉਂਦਾ। ਦੂਜੇ ਪਾਸੇ ਗੁਆਂਢੀ ਸੂਬੇ ਦਾ ਮੁੱਖ ਮੰਤਰੀ ਚਾਹੇ ਚੋਣਾਂ ਨੂੰ ਨੇੜੇ ਵੇਖ ਕੇ ਹੀ ਸਹੀ, ਆਪਣੇ ਸੂਬੇ ਦੇ ਹਿੱਤਾਂ ਦੀ ਗੱਲ ਠੋਕ ਵਜਾ ਕੇ ਕਰ ਰਿਹਾ ਹੈ।

ਉਹ ਚੰਡੀਗੜ੍ਹ ਤੇ ਪਾਣੀਆਂ ਦੇ ਮੁੱਦੇ ਤੇ ਵਾਰ-ਵਾਰ  ਲਲਕਾਰ ਰਿਹਾ ਹੈ। ਪ੍ਰੰਤੂ ਪੰਜਾਬ ਦੇ ਠੇਕੇਦਾਰਾਂ ਨੂੰ ਆਪਣੇ ਸੂਬੇ ਦੇ ਹਿੱਤ ਫ਼ਿਰ ਵੀ ਯਾਦ ਨਹੀਂ ਆਉਂਦੇ। ਦੇਸ਼ ਦੀ ਸੁਪਰੀਮ ਕੋਰਟ ਬਿਜਲੀ ਦੇ ਮੁੱਦੇ ਤੇ ਹਿਮਾਚਲ ਦੇ ਹੱਕ 'ਚ ਫੈਸਲਾ ਦਿੰਦੀ ਹੈ, ਫਿਰ ਵੀ ਪੰਜਾਬ ਵਾਲਿਆਂ ਨੂੰ ਆਪਣੇ ਨਾਲ ਹੋ ਰਹੇ ਧੱਕੇ ਤੇ ਵਿਤਕਰੇ ਯਾਦ ਨਹੀਂ ਆਉਂਦੇ। ਉਹ ਪੰਜਾਬ ਤੋਂ ਮੁਫ਼ਤ 'ਚ ਖੋਹੇ ਜਾ ਰਹੇ ਪਾਣੀਆਂ ਬਾਰੇ ਦੜ੍ਹ ਵੱਟੀ ਬੈਠੇ ਹਨ। ਜਦੋਂਕਿ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਵਾਲਾ ਹਰਿਆਣਾ, ਉਲਟਾ ਪੰਜਾਬ ਨੂੰ ਲਲਕਾਰ ਰਿਹਾ ਹੈ। ਜੇ ਹਰਿਆਣੇ ਦਾ ਮੁੱਖ ਮੰਤਰੀ ਆਪਣੇ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਅਖਾੜੇ 'ਚ ਨਿੱਤਰਿਆ ਹੋਇਆ ਹੈ ਤਾਂ ਪੰਜਾਬ ਵਾਲੇ ''ਗੂੰਗੇ'' ਕਿਉਂ ਹੋਏ, ਹੋਏ ਹਨ। ਕੀ ਸੂਬੇ ਦੇ ਹਿੱਤ ਵੀ ਭਾਜਪਾ ਵਾਲਿਆਂ ਕੋਲ ਗਹਿਣੇ ਪਾ ਛੱਡੇ ਹਨ? ਸਿੱਖ ਹਿੱਤਾਂ ਦੀ ਗੱਲ, ਭਾਜਪਾ ਬਰਦਾਸ਼ਤ ਨਹੀਂ ਕਰਦੀ, ਪੰਜਾਬ ਦੇ ਹਿੱਤ ਦੀ ਕੀਤੀ ਗੱਲ੍ਹ ਵੀ, ਹਿੰਦੂਵਾਦੀ ਸੋਚ ਨੂੰ ਹਜ਼ਮ ਨਹੀਂ ਹੁੰਦੀ। ਇਸ ਕਾਰਣ ਸਿੱਖੀ ਦੇ ਇਹ ਠੇਕੇਦਾਰ ਅਤੇ ਸੂਬੇ ਦੇ ਕਰਤਾ-ਧਰਤਾ, ਸਿੱਖੀ ਤੇ ਹੋ ਰਹੇ ਹਮਲਿਆਂ ਤੇ ਪੰਜਾਬ ਨਾਲ ਹੁੰਦੀ ਵਿਤਕਰੇਬਾਜ਼ੀ ਨੂੰ ਚੁੱਪ-ਚਾਪ ਵੇਖ ਸੁਣ ਰਹੇ ਹਨ।

ਆਖ਼ਰ ਜੇ ਵਾੜ੍ਹ ਨੇ ਖੇਤ ਦੀ ਰਾਖ਼ੀ ਹੀ ਨਹੀਂ ਕਰਨੀ, ਫਿਰ ਖੇਤ ਦਾ ਉਜਾੜਾ ਕਿਵੇਂ ਰੋਕਿਆ ਜਾ ਸਕੇਗਾ? ਲੋੜ ਹੈ ਕਿ ਜਿਥੇ ਕੌਮ ਖ਼ੁਦ ਜਾਗੇ, ਉਥੇ ਪੰਜਾਬ ਵਾਸੀ ਵੀ ਸੂਬੇ ਦੇ ਹਿੱਤਾਂ ਪ੍ਰਤੀ ਜਾਗਰੂਕ ਹੋਣ। ਜਦੋਂ ਤੱਕ ਅਸੀਂ ਆਪਣੀ ਸੁਆਰਥੀ, ਚਾਪਲੂਸੀ ਤੇ ਲਾਲਸਾ ਵਾਲੀ ਭਾਵਨਾ ਛੱਡ ਕੇ, ਆਪਣੇ ਧਰਮ, ਸੂਬੇ ਤੇ ਬੋਲੀ ਦੀ ਰਾਖ਼ੀ ਲਈ ਗਹਿਰ-ਗੰਭੀਰ ਨਹੀਂ ਹੁੰਦੇ ਅਤੇ ਧਰਮ ਤੇ ਸੂਬੇ ਦੇ ਦੁਸ਼ਮਣਾਂ ਨੂੰ ਚਾਹੇ ਉਹ ਸਾਡੇ 'ਚੋਂ ਹਨ, ਚਾਹੇ ਬਿਗਾਨੇ ਹਨ, ਪਛਾਣ ਕੇ, ਉਨ੍ਹਾਂ ਦੇ ਮੁਕਾਬਲੇ 'ਚ ਨਹੀਂ ਨਿੱਤਰਦੇ, ਉਦੋਂ ਤੱਕ ਸਿੱਖੀ ਅਤੇ ਪੰਜਾਬ ਤੇ ਹੁੰਦੇ ਹਮਲੇ ਬੰਦ ਨਹੀਂ ਹੋਣੇ, ਸਗੋਂ ਦਿਨੋ-ਦਿਨ ਹੋਰ ਤੇਜ਼ ਹੋਣਗੇ।

Editorial
Jaspal Singh Heran

International