ਸਿੱਖ ਪੰਥ ਕਿਸੇ ਦੀ ਧੀ-ਭੈਣ ਵੱਲ ਕਹਿਰੀ ਨਜ਼ਰ ਨਹੀਂ ਪੈਣ ਦੇਵੇਗਾ...

ਜਸਪਾਲ ਸਿੰਘ ਹੇਰਾਂ

ਭਾਜਪਾ ਤੇ ਆਰ.ਐੱਸ. ਐੱਸ ਦੀ ਦੇਸ਼ ਦੀਆਂ ਘੱਟ ਗਿਣਤੀਆਂ ਪ੍ਰਤੀ ਐਨੀ ਜ਼ਹਿਰੀਲੀ ਸੋਚ ਹੈ ਕਿ ਉਹ ਉਹਨਾਂ ਦੀਆਂ ਧੀਆਂ-ਭੈਣਾਂ ਲਈ  ਭੱਦੀ ਤੋਂ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਸਕਦੇ ਹਨ। ਇੱਕ ਬਜ਼ੁਰਗ ਤੇ ਮੁੱਖ ਮੰਤਰੀ ਵਰਗੇ ਅਹਿਮ ਅਹੁੱਦੇ ‘ਤੇ ਬੈਠੇ ਖੱਟਰ ਵਰਗਿਆਂ ਵੱਲੋਂ ਕਸ਼ਮੀਰੀ ਧੀਆਂ-ਭੈਣਾਂ  ਲਈ ਵਰਤੀ ਭੱਦੀ ਸ਼ਬਦਾਵਲੀ ਅਤਿ ਸ਼ਰਮਨਾਕ ਹੈ। ਵੈਸੇ ਸਾਡੇ ਸਮਾਜ ‘ਚ ਸਿਆਣੇ ਬੰਦੇ ਮੰਨਦੇ ਸਨ ਕਿ ‘ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ’ ਪ੍ਰੰਤੂ ਕੱਟੜ ਜਨੂੰਨੀ ਹਿੰਦੂਵਾਦੀਆਂ ਲਈ ਘੱਟ ਗਿਣਤੀਆਂ ਦੀਆਂ ਧੀਆਂ-ਭੈੇਣਾਂ, ਧੀਆਂ-ਭੈਣਾਂ ਨਹੀਂ। ਉਹ ਉਹਨਾਂ ਨੂੰ ਵੀ ਆਪਣੀ ਨਾਪਾਕ, ਜ਼ਹਿਰੀਲੀ ਹਿੰਦੂਵਾਦੀ ਨਜ਼ਰ ਨਾਲ ਵੇਖਦੇ ਹਨ। ਅਸੀਂ ਵਾਰ-ਵਾਰ ਲਿਖਿਆ ਹੈ ਕਿ ਇਸ ਦੇਸ਼ ਦੀ ਹਿੰਦੂਤਵੀ ਬਹੁਗਿਣਤੀ ਅਕਿ੍ਰਤਘਣ ਹੈ। ਇਸ ਦੇਸ਼ ‘ਚ ‘ਤਿਲਕ ਜੰਝੂ’ ਨੂੰ ਬਚਾਉਣ ਵਾਲੇ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਹਨ। ਇਸ ਦੇਸ਼ ‘ਚੋਂ 800  ਸਾਲ ਤੋਂ ਜੰਮੀ ਮੁਗ਼ਲ ਹਕੂਮਤ ਦਾ ਖਾਤਮਾ ਕਰਨ ਵਾਲੀ ਦਸ਼ਮੇਸ਼ ਪਿਤਾ ਜੀ ਦੀ ਸਿਰਜੀ ਲਾਡਲੀ ਫੌਜ ਸੀ।

ਇਸ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਵਾਲਾ ਸਿੱਖ ਪੰਥ ਸੀ, ਪ੍ਰੰਤੂ ਇਨਾਂ ਅਕਿ੍ਰਤਘਣ ਹਿੰਦੂਵਾਦੀਆਂ ਨੇ ਆਜ਼ਾਦੀ ਤੋਂ ਬਾਅਦ ਸਿੱਖ ਪੰਥ ਨੂੰ ਹੜੱਪਣ ਦੇ ਮਨਸੂਬੇ ਘੜ ਲਏ। ਅੱਜ ਸਿੱਖ ਪੰਥ ਹਿੰਦੂਤਵੀ ਅਜਗਰ ਦੀ ਲਪੇਟ ‘ਚ ਹੈ। ਦੂਜਿਆਂ ਦੀਆਂ ਧੀਆਂ-ਭੈਣਾਂ ਲਈ ਅਪਮਾਨਜਨਕ ਬੋਲੀ ਬੋਲਣ ਵਾਲੇ ਭੁੱਲ ਜਾਂਦੇ ਹਨ ਕਿ ਕਿ ਕਦੇ ਉਹਨਾਂ ਦੀਆਂ ਧੀਆਂ-ਭੈਣਾਂ ਨੂੰ ਅਬਦਾਲੀ ਵਰਗੇ ਜਰਵਾਣੇ ਬਸਰੇ ਦੇ ਬਜ਼ਾਰ ‘ਚ ਟਕੇ-ਟਕੇ ਬਦਲੇ ਵੇਚਦੇ ਸਨ। ਮੰਡੀ ‘ਚ ਹਿੰਦੂ ਧੀਆਂ-ਭੈਣਾਂ ਦੀ ਸ਼ਰੇਆਮ ਬੋਲੀ ਲੱਗਦੀ ਸੀ। ਉਦੋਂ ਸਿੱਖ ਹੀ ਸਨ, ਜਿਹੜੇ ਆਪਣੀ ਜਾਨ ਤਲੀ ‘ਤੇ ਧਰ ਕੇ ਮੁਗ਼ਲ ਪਠਾਣਾਂ ਤੋਂ ਹਿੰਦ ਦੀਆਂ ਧੀਆਂ-ਭੈਣਾਂ ਨੂੰ ਵਾਪਸ ਮੋੜ ਕੇ ਲਿਆਉਂਦੇ ਸਨ। ਇੱਕ ਸਿੱਖ ਲਈ ਹਰ ਧੀ-ਭੈਣ ਸਤਿਕਾਰਯੋਗ ਹੈ। ਉਹ ਉਸਦੀ ਬੇਇੱਜ਼ਤੀ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰ ਸਕਦਾ। ਉਸ ਲਈ ਸਭ ਦੀਆਂ ਧੀਆਂ-ਭੈਣਾਂ ਬਰਾਬਰ ਹਨ। ਇਸ ਲਈ ਖੱਟਰ ਵਰਗੇ, ਮਸਤੇ ਹੋਏ ਬੁੱਢੇ ਹਿੰਦੂਤਵੀਆਂ ਲਈ ਸਿੱਖ ਕੌਮ ਦੀ ਵੰਗਾਰ ਹੈ ਕਿ ਜੇ ਉਹ ਹਿੰਦੂਆਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਦੇ ਰਾਖੇ ਬਣੇ ਸਨ ਤਾਂ ਹੁਣ ਉਹ ਕਸ਼ਮੀਰੀ ਧੀਆਂ-ਭੈਣਾਂ ਦੀ ਇੱਜ਼ਤ ਦੇ ਰਾਖੇ ਬਣਨ ਤੋਂ ਵੀ ਪਿੱਛੇ ਨਹੀਂ ਹਟਣਗੇ।

ਅਸਲ ‘ਚ ਖੱਟਰ ਨੇ ਹਿੰਦੂਤਵ ਦਾ ਜ਼ਹਿਰੀਲਾ ਤੇ ਘਿਨਾਉਣਾ ਚਿਹਰਾ ਆਪਣੀ ਇਸ ਭੱਦੀ ਟਿੱਪਣੀ ਨਾਲ ਬੇਨਕਾਬ ਕਰ ਦਿੱਤਾ ਹੈ। ਮੁਸਲਮਾਨਾਂ ਦੇ ਆਗੂ ਜਿਨਾਹ ਵੱਲੋਂ ਸਿੱਖਾਂ ਨੂੰ ਹਿੰਦੁਸਤਾਨ ਨਾਲ ਰਹਿਣ ਵਿਰੁੱਧ ਚਿਤਾਵਨੀ ਦਿੰਦਿਆਂ ਆਖਿਆ ਸੀ ਕਿ “ਤੁਸੀਂ ਹਿੰਦੂਆਂ ਨੂੰ ਸਿਰਫ ਗ਼ੁਲਾਮ ਦੇ ਰੂਪ ‘ਚ ਦੇਖਿਆ ਹੈ, ਜਦੋਂ ਇਹ ਆਜ਼ਾਦ ਹੋ ਗਏ, ਫਿਰ ਵੇਖਿਓ !” ਅੱਜ ਜੋ ਕਸ਼ਮੀਰ ‘ਚ ਵਾਪਰਿਆ ਹੈ ,ਉਸ ਤੋਂ ਵੱਧ ਲੋਕਤੰਤਰ ਦਾ ਨੰਗਾ-ਚਿੱਟਾ ਘਾਣ ਨਹੀਂ  ਹੋ ਸਕਦਾ। ਜੂਨ 1984 ਤੇ  ਨਵੰਬਰ 1984 ‘ਚ ਜੋ ਕੁਝ ਸਿੱਖਾਂ ਨਾਲ ਵਾਪਰਿਆ, ਉਸ ਤੋਂ ਵੱਧ ਜ਼ੁਲਮ ਹੋਰ ਕੋਈ ਹੋ ਨਹੀਂ ਸਕਦਾ। ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਜਨੂੰਨੀ ਹਿੰਦੂਤਵੀਆਂ ਦੀ ਫਿਤਰਤ ਨੂੰ ਸਮਝ ਲੈਣਾ ਚਾਹੀਦਾ ਹੈ ਅਤੇ ਅਤੇ ਇਨਾਂ ਦੇ ਫਿਰਕੂ ਜਨੂੰਨ ਦਾ ਟਾਕਰਾ ਕਰਨ ਲਈ ਇੱਕਮੁੱਠ ਹੋਣਾ ਪਵੇਗਾ। ਸਿੱਖ ਨੂੰ ਤਾਂ ਗੁਰੂ ਦਾ ਹੁਕਮ ਹੈ ਕਿ ਹਰ ਪੀੜਤ ਦੀ ਸਹਾਇਤਾ ਕਰਨੀ ਹੈ ਤੇ ਹਰ ਜਾਬਰ ਦਾ ਮੂੰਹ ਤੋੜਨਾ ਹੈ। ਇਸ ਲਈ ਕਸ਼ਮੀਰੀ ਧੀਆਂ-ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਣ ਤੋਂ ਪਹਿਲਾਂ, ਇਨਾਂ ਜਨੂੰਨੀ ਹਿੰਦੂਤਵੀਆਂ  ਨੂੰ ‘ਸਿੱਖੀ ਦੀ ਦੀਵਾਰ’ ਨਾਲ ਟਕਰਾਉਣਾ ਪਵੇਗਾ।

ਸਾਡੀ ਸਮਝ ਤੋਂ ਬਾਹਰ ਹੈ ਕਿ ਦੁਨੀਆਂ ‘ਚ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦੀਆਂ  ਰਾਖੀਆਂ ਅਖਵਾਉਣ ਵਾਲੀਆਂ ਧਿਰਾਂ ਅਤੇ ਦੇਸ਼ ਆਖਰ ਮੂੰਹ ਨੂੰ ਜਿੰਦਰੇ ਲਾ ਕੇ ਕਿਉਂ ਬੈਠੇ ਹਨ? ਅਸੀਂ ਸਮਝਦੇ ਹਾਂ ਕਿ  ਇਨਾਂ ਜਨੂੰਨੀ ਹਿੰਦੂਵਾਦੀਆਂ ਦਾ ਅਗਲਾ ਨਿਸ਼ਾਨਾ ਖ਼ਾਲਸਾ ਪੰਥ ਨੇ ਬਣਨਾ ਹੈ, ਪ੍ਰੰਤੂ ਫਿਰ ਵੀ ਖ਼ਾਲਸਾ ਪੰਥ ,ਇਨਾਂ ਨੂੰ ਵੰਗਾਰ ਰਿਹਾ ਹੈ। ਧੀਆਂ-ਭੈਣਾਂ ਦੇ ਰਾਖੇ ਵਜੋਂ ਅੱਜ ਵੀ ਪੁਰਾਤਨ ਸਮੇਂ ਵਾਗੂੰ ਡੱਟ ਕੇ ਖੜਾ ਹੈ।

Editorial
Jaspal Singh Heran

International