ਅਜ਼ਾਦੀ ਜਸ਼ਨਾਂ ਦਾ ਬਾਈਕਾਟ...

ਜਸਪਾਲ ਸਿੰਘ ਹੇਰਾਂ
ਸਿੱਖ ਇਸ ਦੇਸ਼ 'ਚ ਅਜ਼ਾਦ ਨਹੀਂ ਹਨ, ਉਨ੍ਹਾਂ ਨੂੰ ਬਰਾਬਰ ਦੇ ਸ਼ਹਿਰੀ ਨਹੀਂ ਮੰਨਿਆ ਜਾਂਦਾ। ਉਨ੍ਹਾਂ ਬਾਰੇ ''ਜ਼ਰਾਇਮ ਪੇਸ਼ਾ ਕੌਮ'' ਹੋਣ ਦਾ ਹਿਦਾਇਤਨਾਮਾ ਅੱਜ ਤੱਕ ਵਾਪਸ ਨਹੀਂ ਹੋਇਆ। ਉਨ੍ਹਾਂ ਦੇ ਜਾਨ ਤੋਂ ਪਿਆਰੇ, ਇਸ ਧਰਤੀ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਦੁਸ਼ਮਣ ਦੇਸ਼ ਵਾਂਗੂੰ ਕੀਤੇ ਫੌਜੀ ਹਮਲੇ ਦੀ ਅੱਜ ਤੱਕ ਕੇਂਦਰੀ ਸਰਕਾਰ ਨੇ ਤੇ ਪਾਰਲੀਮੈਂਟ ਨੇ ਮੁਆਫ਼ੀ ਨਹੀਂ ਮੰਗੀ। ੩੫ਵਰ੍ਹੇ ਪਹਿਲਾ ਨਵੰਬਰ 1984 'ਚ ਹੋਏ ਸਿੱਖਾਂ ਦੇ ਵਹਿਸ਼ੀਆਨੇ ਕਤਲੇਆਮ ਦਾ ਅੱਜ ਤੱਕ ਇਨਸਾਫ਼ ਨਹੀਂ ਮਿਲਿਆ। ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦਰਸਾਉਂਦੀ ਧਾਰਾ 25(ਬੀ) ਨੂੰ ਅੱਜ ਤੱਕ ਖ਼ਤਮ ਨਹੀਂ ਕੀਤਾ ਗਿਆ। ਸਿੱਖਾਂ ਦੇ ਜ਼ਾਹਿਰਾ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੇ ਕਤਲੇਆਮ ਨੂੰ ਧਾਰਾ 302 'ਚ ਸ਼ਾਮਲ ਨਹੀਂ ਕੀਤਾ ਗਿਆ, ਬੇਅਦਬੀ ਕਾਂਡ ਦਾ 4 ਸਾਲ ਬੀਤ ਜਾਣ ਤੇ ਵੀ ਇਨਸਾਫ਼ ਨਹੀਂ ਮਿਲਿਆ। ਫ਼ਿਲਮਾਂ, ਨਾਟਕਾਂ, ਟੀ. ਵੀ. ਸੀਰੀਅਲਾਂ ਸ਼ੋਸਲ ਮੀਡੀਏ ਤੇ ਸਿੱਖਾਂ ਦੇ ਗੁਰੂ ਸਾਹਿਬਾਨ ਤੇ ਸਿੱਖਾਂ ਦੇ ਉਡਾਏ ਜਾਂਦੇ ਭੱਦੇ ਮਜ਼ਾਕ ਨੂੰ ਰੋਕਣ ਲਈ ਕੋਈ ਸਖ਼ਤ ਕਾਨੂੰਨ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ। ਕਰਜ਼ੇਮਾਰੇ ਪੰਜਾਬ ਨੂੰ ਕੋਈ ਵਿਸ਼ੇਸ਼ ਆਰਥਿਕ ਪੈਕੇਜ ਨਹੀਂ ਦਿੱਤਾ ਗਿਆ।

ਪੰਜਾਬ ਦੇ ਪਾਣੀ ਧੱਕੇ ਨਾਲ ਖੋਹੇ ਜਾ ਰਹੇ ਹਨ, ਪੰਜਾਬ ਦੀ ਜੁਆਨੀ ਨੂੰ ਨਸ਼ੇੜੀ ਬਣਾ ਕੇ ਮਾਰਿਆ ਜਾ ਰਿਹਾ ਹੈ। ਆਨੇ-ਬਹਾਨੇ ਪੰਜਾਬ ਦੀ ਜੁਆਨੀ ਸਿਰ ਨਾਲ ਦੀ ਨਾਲ ''ਅੱਤਵਾਦੀ'' ਹੋਣ ਦਾ ਧੱਬਾ ਲਾਉਣ ਦੀਆਂ ਕੋਝੀਆਂ ਸਾਜ਼ਿਸਾਂ ਹੋ ਰਹੀਆਂ ਹਨ। ਜਿਸ ਦੇਸ਼ ਦੇ ਹਾਕਮ, ਦੇਸ਼ ਦੀ ਉਸ ਘੱਟਗਿਣਤੀ ਨੂੰ ਜਿਸਦੇ ਨੌਵੇਂ ਰਹਿਬਰ ਨੇ ਆਪਣੀ ਸ਼ਹਾਦਤ ਦੇ ਕੇ ਇਸ ਦੇਸ਼ 'ਚ ਹਿੰਦੂ ਧਰਮ ਨੂੰ ਬਚਾਇਆ ਸੀ ਅਤੇ ਜਿਸ ਕੌਮ ਨੇ 85 ਫੀਸਦੀ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਅਜ਼ਾਦ ਕਰਵਾਇਆ ਸੀ। ਆਪਣੇ ਸੋਹਣੇ ਪੰਜਾਬ ਨੂੰ ਬੰਜਰ ਬਣਾਉਣ ਦੇ ਝੱਲੇ ਰਾਹ ਪੈ ਕੇ ਇਸ ਭੁੱਖੇ ਦੇਸ਼ ਦਾ ਢਿੱਡ ਭਰਿਆ ਸੀ। ਉਸ ਸੂਬੇ ਨਾਲ ਜੇ ਹਰ ਪੱਧਰ ਤੇ ਵਿਤਕਰਾ, ਧੱਕੇਸ਼ਾਹੀ ਤੇ ਬੇਇਨਸਾਫ਼ੀ ਹੁੰਦੀ ਹੋਵੇ ਅਤੇ ਇਸੇ ਸੂਬੇ ਦੇ ਵਾਰਿਸਾਂ ਨਾਲ ਘੱਟਗਿਣਤੀ ਹੋਣ ਕਾਰਣ ਗ਼ੁਲਾਮਾਂ ਵਾਲਾ ਵਤੀਰਾ ਹੁੰਦਾ ਹੋਵੇ, ਫ਼ਿਰ ਸਿੱਖ ਭਲਾ ਆਪਣੇ-ਆਪ ਨੂੰ ਅਜ਼ਾਦ ਕਿਵੇਂ ਸਮਝਣਗੇ?

ਉਨ੍ਹਾਂ ਦੇ ਕੰਨ੍ਹਾਂ 'ਚ ਇਸ ਦੇਸ਼ ਦੇ ਹਿੰਦੂਵਾਦੀ ਆਗੂਆਂ ਗਾਂਧੀ-ਨਹਿਰੂ ਦੇ ਉਹ ਵਾਅਦੇ ਗੂੰਜਦੇ ਹੋਣ ਕਿ ''ਸਿੱਖਾਂ ਨੂੰ ਇਸ ਦੇਸ਼ 'ਚ ਇਕ ਅਜਿਹਾ ਖਿੱਤਾ ਦਿੱਤਾ ਜਾਵੇਗਾ, ਜਿੱਥੇ ਸਿੱਖ ਅਜ਼ਾਦੀ ਦਾ ਨਿੱਘ ਮਾਣ ਸਕਣ'', ਫ਼ਿਰ ਭਲਾ ਉਹ ਆਪਣੇ-ਆਪ ਨੂੰ ਠੱਗੇ ਹੋਏ ਸਮਝਣ ਦੀ ਥਾਂ, ਅਜ਼ਾਦ ਕਿਵੇਂ ਸਮਝ ਲੈਣ? ਸਿੱਖਾਂ ਦੀਆਂ ਕੁਝ ਜਥੇਬੰਦੀਆਂ ਨੇ ਸਿੱਖਾਂ ਨੂੰ ਅਜ਼ਾਦੀ ਦਿਵਸ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਅਸੀਂ ਸਮਝਦੇ ਹਾਂ ਕਿ ਅਜ਼ਾਦੀ ਜਸ਼ਨ ਅਸਲ 'ਚ ਸਿੱਖਾਂ ਦੇ ਅੱਲ੍ਹੇ ਜਖ਼ਮਾਂ ਤੇ ਲੂਣ ਛਿੜਕਣ ਵਾਲੇ ਹੁੰਦੇ ਹਨ। ਸਿੱਖਾਂ ਦੀ ਵੱਡੀ ਗਿਣਤੀ ਨੂੰ ਹਾਲੇਂ ਤੱਕ ਅਹਿਸਾਸ ਹੀ ਨਹੀਂ ਹੋਇਆ ਕਿ ''ਸ਼ੇਰਾਂ ਨੂੰ ਪਿੰਜਰੇ'' 'ਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੇ ਆਗੂਆਂ ਨੂੰ ਸਰਕਸ ਦਾ ਮਾਸਟਰ ਆਪਣੇ ਛਾਂਟੇ ਦੇ ਜ਼ੋਰ ਜਿਵੇਂ ਚਾਹੁੰਦਾ ਹੈ ਨਚਾ ਰਿਹਾ ਹੈ। ਸੱਤਾ ਦੀ ਲਾਲਸਾ ਤੇ ਪਦਾਰਥ ਦੀ ਭੁੱਖ ਨੇ ਕੌਮ ਦੇ ਆਗੂਆਂ ਨੂੰ ਕੌਮ ਦੇ ਕਾਤਲ ਬਣਾ ਦਿੱਤਾ ਹੈ।

ਉਨ੍ਹਾਂ ਨੇ ਸਿੱਖੀ ਸਿਧਾਂਤਾਂ ਨੂੰ ਵੱਡਾ ਖੋਰਾ ਲਾ ਕੇ, ਕੌਮ ਦਾ ਇਕ ਹਿੱਸਾ ਅਜ਼ਾਦੀ ਤੇ ਗੁਲਾਮੀ ਦੇ ਸਹੀ ਅਰਥ ਹੀ ਭੁੱਲ ਗਿਆ ਹੈ। ਪਿੰਜਰੇ ਦੇ ਤੋਤੇ ਵਾਗੂੰ ਮਿੱਠੀ ਚੂਰੀ, ਅਜ਼ਾਦੀ ਤੋਂ ਪਿਆਰੀ ਹੋ ਗਈ ਹੈ। ਅਸੀਂ ਕੌਮ ਦੇ ਦਾਨਿਸ਼ਵਰਾਂ, ਮੋਹਤਬਰਾਂ ਤੇ ਬੁੱਧੀਜੀਵੀਆਂ ਨੂੰ ਅਪੀਲ ਕਰਾਂਗੇ ਕਿ ਉਹ ਕੌਮ ਨੂੰ ਘੱਟੋ-ਘੱਟ ਉਸਦੀ ਵਰਤਮਾਨ ਅਵਸਥਾ ਤੋਂ ਜਾਣੂ ਕਰਵਾਉਣ, ਫ਼ਿਰ ਅਜ਼ਾਦੀ ਜਸ਼ਨ ਮਨਾਉਣੇ ਹਨ ਜਾਂ ਨਹੀਂ ਕੌਮ ਆਪਣੇ-ਆਪ ਫੈਸਲਾ ਕਰ ਲਵੇ। 

Editorial
Jaspal Singh Heran

International