ਇਨ੍ਹਾਂ ਸੁਆਲਾਂ ਦੇ ਆਖ਼ਰ ਕਦੋਂ ਮਿਲਣਗੇ ਜਵਾਬ...

ਜਸਪਾਲ ਸਿੰਘ ਹੇਰਾਂ
ਸਿੱਖ ਰਾਜਨੀਤੀ ਅੱਜ ਆਵਦੇ ਇਤਿਹਾਸ ਵਿੱਚ ਸੱਭ ਤੋਂ ਨਿਘਾਰ ਦੀ ਅਵਸਥਾ ਵਿੱਚ ਹੈ ਅਤੇ ਇਸ ਤੋਂ ਧਰਮੀ ਆਚਰਣ ਦੀ ਆਸ ਰੱਖਣਾ, ਮੱਸਿਆ ਦੀ ਰਾਤ ਨੂੰ ਚੰਨ ਲੱਭਣ ਵਾਗੂੰ ਹੈ। ਸਿੱਖ ਧਰਮ ਜਿਹੜਾ ਰਹਿੰਦੀ ਦੁਨੀਆ ਤੱਕ ਮਾਨਵਤਾ ਦਾ ਅਸਲ ਧਰਮ ਬਣਨ ਦੇ ਸਮਰੱਥ ਹੈ, ਉਸਨੂੰ ਸਾਡੀ ਭ੍ਰਿਸ਼ਟ, ਸੁਆਰਥੀ ਤੇ ਨਿਕੰਮੀ ਸਿੱਖ ਲੀਡਰਸ਼ਿਪ ਨੇ ਅੱਜ ਉਸ ਮੁਕਾਮ ਤੇ ਲਿਆ ਖੜ੍ਹਾ ਕੀਤਾ ਹੈ ਕਿ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਸੱਚੇ-ਸੁੱਚੇ ਸਿੱਖ ਲੱਭਣੇ ਹੁਣ ਔਖੇ ਹੀ ਨਹੀਂ ਸਗੋਂ ਅਸੰਭਵ ਹੁੰਦੇ ਜਾ ਰਹੇ ਹਨ। 

ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਅਸੀਂ ਅੱਜ ਵੀ ਨੀਮ ਬੇਹੋਸ਼ੀ ਦੀ ਹਾਲਤ 'ਚ ਸੁੱਤੇ ਪਏ ਹਾਂ। ਇਸ ਲਈ 'ਪਹਿਰੇਦਾਰ' ਸੁੱਤੀ ਕੌਮ ਨੂੰ ਜਗਰਾਉਣ ਲਈ 'ਹੋਕਾ' ਦੇ ਰਿਹਾ ਹੈ ਅਤੇ ਹਰ ਸਿੱਖ ਨੂੰ ਆਪਣੀ ਆਤਮਾ ਤੋਂ ਇਨ੍ਹਾਂ ਸੁਆਲਾਂ ਦੇ ਜਵਾਬ ਜਿਹੜੇ ਅਸੀਂ ਕੌਮ ਅੱਗੇ ਹਰ ਸਾਲ ਰੱਖ ਰਹੇ ਹਾਂ, ਜ਼ਰੂਰ ਪੁੱਛਣੇ ਚਾਹੀਦੇ ਹਨ ਅਤੇ ਜਦੋਂ ਸਾਡੀ ਜ਼ਮੀਰ, ਸਾਨੂੰ ਹਲੂਣਾ ਦੇ ਕੇ ਜਗਾਊਗੀ, ਫ਼ਿਰ ਹੀ ਜਾਗਰੂਕਤਾ ਲਹਿਰ ਪੈਦਾ ਹੋਵੇਗੀ। ਜਿਹੜੀਆਂ ਕੌਮਾਂ ਬਦਲਦੀਆਂ ਪ੍ਰਸਥਿਤੀਆਂ, ਬਦਲਦੇ ਹਾਲਾਤਾਂ ਅਨੁਸਾਰ ਮੁਲਾਂਕਣ ਨਹੀਂ ਕਰਦੀਆਂ। ਪੈਦਾ ਹੋ ਰਹੀਆਂ ਚੰਗੀਆਂ-ਮਾੜੀਆਂ ਪ੍ਰਸਥਿਤੀਆਂ ਦਾ ਅਹਿਸਾਸ ਨਹੀਂ ਕਰਦੀਆਂ। ਵਰਤਮਾਨ ਸਮੇਂ ਨੂੰ ਇਤਿਹਾਸ ਦੇ ਸੰਦਰਭ 'ਚ ਨਹੀਂ ਵਾਚਦੀਆਂ, ਉਨ੍ਹਾਂ ਕੌਮਾਂ ਦੀ ਹੋਂਦ ਕਦੇ ਵੀ ਇਸ ਧਰਤੀ ਤੋਂ ਖ਼ਤਮ ਹੋ ਸਕਦੀ ਹੈ। ਭਾਵੇਂ ਸਮੇਂ ਅਨੁਸਾਰ ਤਬਦੀਲੀ ਕੁਦਰਤ ਦਾ ਵੀ ਨਿਯਮ ਹੈ, ਪ੍ਰੰਤੂ ਬੁਨਿਆਦ ਨੂੰ, ਜੜ੍ਹ ਨੂੰ ਪੁੱਟ ਕੇ ਤਬਦੀਲੀ ਨਹੀਂ ਸਗੋਂ ਤਬਾਹੀ ਯਕੀਨੀ ਹੁੰਦੀ ਹੈ।

ਅੱਜ ਜਦੋਂ ਸਿੱਖ ਕੌਮ ਇਕ ਚੌਰਾਹੇ ਤੇ ਖੜ੍ਹੀ ਹੈ ਅਤੇ ਸਿੱਖ ਦੁਸ਼ਮਣ ਤਾਕਤਾਂ ਦਾ ਚਾਰੇ ਪਾਸਿਆਂ ਤੋਂ ਘੇਰਾ ਹੈ ਤਾਂ ਕੌਮ ਦੀ ਹੋਂਦ ਨੂੰ ਬਚਾਉਣ ਲਈ ਸਮੁੱਚੀ ਕੌਮ ਨੂੰ ਜਾਗਰੂਕ ਪਹਿਰੇਦਾਰੀ ਕਰਨੀ ਜ਼ਰੂਰੀ ਬਣ ਜਾਂਦੀ ਹੈ। ਕੌਮ ਦਾ ਰਾਹ ਦਸੇਰਾ ਸਾਡਾ ਪੁਰਾਤਨ ਵਿਰਸਾ ਅਤੇ ਪੁਰਾਤਨ ਸਿੱਖਾਂ ਦਾ ਕਿਰਦਾਰ ਹੀ ਹੋ ਸਕਦਾ ਹੈ। ਸਿੱਖ ਸਿਆਸਤ ਦੇ ਵਿਹੜੇ 'ਚ ਪੂਰੀ ਤਰ੍ਹਾਂ ਖ਼ਲਾਅ ਹੈ। ਕੌਮ ਕਦੇ ਆਸ ਨਾਲ ਆਪਣੇ ਆਗੂਆਂ ਵੱਲ ਵੇਖਦੀ ਹੈ ਅਤੇ ਉਨ੍ਹਾਂ ਦੀ ਫੁੱਟ, ਲਾਲਸਾ, ਈਰਖਾ, ਹਊਮੈ ਕੌਮ ਨੂੰ ਨਿਰਾਸਤਾ 'ਚ ਡੁਬੋ ਦਿੰਦੀ ਹੈ। ਸਿੱਖ ਕੌਮ ਗੁਰੂ ਦੇ ਨਾਮ ਤੇ ਇਕਜੁੱਟ ਹੋ ਕੇ ਵਿੱਢਿਆ ਸੰਘਰਸ਼ ਕੌਮ ਨੂੰ ਨਵੀਂ ਦਸ਼ਾ ਤੇ ਦਿਸ਼ਾ ਦੇਣ ਦੇ ਸਮਰੱਥ ਹੋ ਸਕਦਾ ਹੈ, ਪ੍ਰੰਤੂ ਉਸ ਲਈ ਕੌਮ 'ਚ ਇਕਜੁੱਟਤਾ ਜ਼ਰੂਰੀ ਹੈ। ਹਰ ਸੱਚੇ-ਸੁੱਚੇ ਪੰਥ ਦਰਦੀ ਦਾ ਸਭ ਤੋਂ ਵੱਡਾ ਦਰਦ, ਕੌਮ 'ਚ ਫੁੱਟ ਅਤੇ ਸਿੱਖੀ ਸੋਚ ਨੂੰ ਤਿਆਗਣ ਨੂੰ ਲੈ ਕੇ ਹੈ। ਕੌਮ ਨੇ ਚੰਗੇ-ਮਾੜੇ ਹਰ ਤਰ੍ਹਾਂ ਦੇ ਦਿਨ ਹੰਢਾਏ ਹਨ, ਪ੍ਰੰਤੂ ਉਹ ਕਦੇ ਨਿਰਾਸ਼ ਨਹੀਂ ਸੀ ਹੋਈ, ਜਿਸ ਕਾਰਣ ਅੱਜ ਦੀ ਹਾਰ, ਕੱਲ੍ਹ ਦੀ ਜਿੱਤ 'ਚ ਬਦਲਦੀ ਰਹੀ।

ਅੱਜ ਇਹ ਕਿਉਂ ਨਹੀਂ ਹੋ ਰਿਹਾ? ਪ੍ਰਾਪਤੀਆਂ ਪੱਖੋਂ ਸਾਡੀ ਝੋਲੀ ਅਕਸਰ ਖ਼ਾਲੀ ਕਿਉਂ ਰਹਿ ਜਾਂਦੀ ਹੈ? ਇਸ ਲਈ ਹੇਠਾਂ ਦਿੱਤੇ ਸੁਆਲਾਂ ਨੂੰ ਸਾਨੂੰ ਆਪਣੇ ਮਨ 'ਚ ਚੰਗੀ ਤਰ੍ਹਾਂ ਘੋਖਣਾ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਜਵਾਬ ਦੇਣੇ ਬੇਹੱਦ ਜ਼ਰੂਰੀ ਹਨ। ਕਿਉਂਕਿ ਜਦੋਂ ਤੱਕ ਅਸੀਂ ਇਨ੍ਹਾਂ ਸੁਆਲਾਂ ਦੇ ਜਵਾਬ ਲੱਭਦੇ ਨਹੀਂ, ਦਿੰਦੇ ਜਾਂ ਫ਼ਿਰ ਮੰਗਦੇ  ਨਹੀਂ ਉਦੋਂ ਤੱਕ ਕੌਮ 'ਚ ਆਇਆ ਧਾਰਮਿਕ, ਰਾਜਨੀਤਕ, ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਨਿਘਾਰ ਨਹੀਂ ਠੱਲਿਆ ਜਾ ਸਕਦਾ। 

* ਕੀ ਸਿੱਖ ਕੌਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਅਕਾਲ ਤਖਤ ਸਾਹਿਬ ਸਰਵਉੱਚ ਹਨ ਜਾਂ ਨਹੀਂ? 
* ਕੀ ਸਾਡੇ ਕੌਮੀ ਲੀਡਰ ਵੀ ਇਸ ਸਰਵਉੱਚਤਾ ਨੂੰ ਸਵੀਕਾਰ ਕਰਦੇ ਹਨ? 
* ਕੀ ਤਖ਼ਤ ਸਾਹਿਬ ਦੇ ਜਥੇਦਾਰ ਦੀ ਥਾਪਣਾ ਲਈ ਇਹ ਯੋਗਤਾ ਹੋਣੀ ਜਾਇਜ਼ ਹੈ ਕਿ ਉਹ ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਧੜ੍ਹੇ ਦਾ ਵਫਾਦਾਰ ਹੋਵੇ? 
* ਕੀ ਦੇਹਧਾਰੀ ਗੁਰੂ-ਡੰਮ੍ਹ ਦੇ ਚੇਲੇ ਅਤੇ ਉਸਨੂੰ ਥਾਪੜਾ ਦੇਣ ਵਾਲੇ ਸਿੱਖ ਕੌਮ ਦੀ ਰਹਿਨੁਮਾਈ ਤੋਂ ਲਾਂਭੇ ਨਹੀਂ ਕੀਤੇ ਜਾਣੇ ਚਾਹੀਦੇ? 
* ਕੀ ਦੇਹਧਾਰੀ ਗੁਰੂ-ਡੰਮ ਨੂੰ ਵਧਾਉਣ ਵਿੱਚ ਸਾਡੇ ਲੀਡਰਾਂ ਦਾ ਅਤੇ ਸਰਕਾਰੀ ਏਜੰਸੀਆਂ ਦਾ ਹੱਥ ਨਹੀਂ? 
* ਕੀ ਗੁਰਦੁਆਰਾ ਐਕਟ ਦੇ ਪਰਦੇ ਹੇਠ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ 'ਤੇ ਕੇਂਦਰ ਸਰਕਾਰ ਦਾ ਕਬਜ਼ਾ ਨਹੀਂ? 
* ਕੀ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਦਾ ਪ੍ਰਚਾਰ ਸਹੀ ਢੰਗ ਨਾਲ ਹੋ ਰਿਹਾ ਹੈ? 
* ਕੀ ਚੈਨਲਾਂ ਅਤੇ ਫਿਲਮਾਂ 'ਚ ਸਿੱਖਾਂ ਦਾ ਕੁਰਹਿਤੀਆ ਕਿਰਦਾਰ ਜਾਣ ਬੁੱਝ ਕੇ ਜੋਕਰਨੁਮਾ ਨਹੀਂ ਦਿਖਾਇਆ ਜਾਂਦਾ? 
* ਕੀ ਪੰਜਾਬੀ ਗਾਣਿਆਂ ਵਿੱਚ ਸਾਡੇ ਵਿਰਸੇ ਨੂੰ ਅਸ਼ਲੀਲ ਅਤੇ ਵੈਲੀਆਂ ਦਾ ਵਿਰਸਾ ਬਣਾ ਕੇ ਪੇਸ਼ ਕਰਨਾ ਕੋਈ ਸੋਚੀ ਸਮਝੀ ਸ਼ਰਾਰਤ ਤਾਂ ਨਹੀਂ? 
* ਕੀ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਿੱਖਾਂ ਦੀ ਕੋਈ ਭੂਮਿਕਾ ਨਹੀਂ? 
* ਜੇਕਰ ਸੀ ਤਾਂ ਪੰਜਾਬ ਤੋਂ ਬਾਹਰ ਭਾਰਤ ਅੰਦਰ ਪੜ੍ਹਾਏ ਜਾਂਦੇ ਇਤਿਹਾਸ ਵਿੱਚ ਉਹ ਨਜ਼ਰ ਕਿਉਂ ਨਹੀਂ ਆਉਂਦੀ? 
* ਕੀ ਪੰਜਾਬ ਵਿੱਚ ਪੰਜਾਬੀ ਨੂੰ ਪੂਰਾ ਦਰਜਾ ਅਤੇ ਮਾਣ ਪ੍ਰਾਪਤ ਹੈ? 
* ਕੀ ਪੰਜਾਬੀ ਵਿੱਚ ਹਿੰਦੀ ਦੀ ਘੁਸਪੈਠ ਜਾਣ-ਬੁੱਝ ਕੇ ਨਹੀਂ ਕੀਤੀ ਜਾ ਰਹੀ? 
* ਕੀ ਪੇਂਡੂ ਹਲਕਿਆਂ ਵਿਚਲੇ ਸਕੂਲਾਂ ਵਿੱਚ (ਜਿੱਥੇ ਬਹੁਗਿਣਤੀ ਸਿੱਖ ਹੈ) ਸਿੱਖਿਆ ਦਾ ਮਿਆਰ ਤੇਜੀ ਨਾਲ ਨਿਘਰਨਾ ਸਾਡੀ ਕੌਮ ਨੂੰ ਜਾਹਿਲ ਬਣਾਉਣ ਦੀ ਕੋਸ਼ਿਸ ਨਹੀਂ? 
* ਕੀ ਸਾਡੇ ਨੌਜਵਾਨਾਂ ਵਿੱਚ ਨਸ਼ੇ ਦੀ ਭੈੜੀ ਲੱਤ ਕਿਸੇ ਸਾਜ਼ਿਸ਼ ਦਾ ਨਤੀਜਾ ਤਾਂ ਨਹੀਂ? 
* ਕੀ ਪੰਜਾਬ ਵਿੱਚ ਨੌਕਰੀਆਂ 'ਚ ਸਿੱਖਾਂ ਦੀ ਗਿਣਤੀ ਵਸੋਂ ਦੇ ਅਨੁਪਾਤ ਵਿੱਚ ਹੈ? ਖਾਸਕਰ ਉੱਚ ਅਹੁਦਿਆਂ ਉੱਪਰ? 
* ਕੀ ਪੰਜਾਬ ਦੇ ਦਰਿਆਈ ਪਾਣੀਆਂ ਉੱਪਰ ਪੰਜਾਬ ਦਾ ਹੱਕ ਹੋਣਾ ਚਾਹੀਦਾ ਹੈ ਜਾਂ ਕੇਂਦਰ ਦਾ? 
* ਕੀ ਪੰਜਾਬ ਦੇ ਡੈਮਾਂ ਦੀ ਬਿਜਲੀ 'ਤੇ ਪੰਜਾਬ ਦਾ ਹੱਕ ਹੋਣਾ ਚਾਹੀਦਾ ਹੈ ਕਿ ਕੇਂਦਰ ਦਾ? 
* ਕੀ ਪੰਜਾਬ ਨੂੰ ਬੰਜਰ ਮਾਰੂਥਲ ਬਣਾ ਕੇ ਦਰਿਆਈ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਦੇਣਾ ਪੰਜਾਬ ਨਾਲ ਧੱਕਾ ਨਹੀਂ? 
* ਕੀ ਪੰਜਾਬ ਨੂੰ ਨਾਲ ਲੱਗਦੇ ਪੰਜਾਬੀ ਇਲਾਕੇ ਦੇ ਕੇ ਪੰਜਾਬੀ ਸੂਬਾ ਪੂਰਾ ਕਰ ਦਿੱਤਾ ਗਿਆ? 
* ਕੀ ਪੰਜਾਬ ਨੂੰ ਵਿਸ਼ੇਸ਼ ਅਧਿਕਾਰ ਦੇਣ ਲਈ ਆਰਟੀਕਲ 370 ਲਾਗੂ ਹੋ ਗਿਆ? 
* ਕੀ ਪੰਜਾਬ ਨੂੰ ਵਧੇਰੇ ਆਰਥਿਕ ਅਧਿਕਾਰ ਮਿਲ ਗਏ ਹਨ? 
* ਬਹੁਤ ਸਾਰੇ ਬੇਗੁਨਾਹ ਸਿੱਖ ਨੌਜਵਾਨ 2 ਦਹਾਕੇ ਬਾਅਦ ਵੀ ਜੇਲ੍ਹ 'ਚੋਂ ਰਿਹਾਅ ਕਿਉਂ ਨਹੀਂ ਕੀਤੇ? ਕੀ ਕਦੇ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ? 
* ਕੀ ਅਣਪਛਾਤੀਆਂ ਲਾਸ਼ਾਂ ਦਾ ਕੇਸ ਹੱਲ ਕਰਵਾ ਲਿਆ ਗਿਆ ਹੈ? 
* ਕੀ '84 ਦੇ ਸਿੱਖ ਕਤਲੇਆਮ ਦੇ ਕਿਸੇ ਵੀ ਅਪਰਾਧੀ ਨੂੰ ਸਜ਼ਾ ਮਿਲੀ ਹੈ? 
* ਸਭ ਤੋਂ ਵੱਡਾ ਸੌ ਸਵਾਲਾਂ ਦਾ ਇਕ ਸਵਾਲ ਕੀ ਭਾਰਤ ਸਰਕਾਰ ਅੱਜ ਵੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਮੰਨਦੀ ਹੈ ਜਾਂ ਕਿ ਇਕ ਵੱਖਰੀ ਕੌਮ? 

ਕੀ ਇਹ ਸਾਰੀਆਂ ਮੰਗਾਂ ਨੂੰ ਮੰਗਣ ਵਾਲੇ ਸਾਡੇ ਅਖੌਤੀ ਕੌਮੀ ਲੀਡਰ, ਸਿੱਖ ਜਵਾਨੀ ਦਾ ਸਾਲਾਂ ਬੱਧੀ ਘਾਣ ਕਰਵਾ ਕੇ ਅਤੇ ਦਰਬਾਰ ਸਾਹਿਬ ਦੀ ਬੇਹੁਰਮਤੀ ਕਰਵਾ ਕੇ, ਅੱਜ ਵੀ ਆਪਦੇ ਅਸੂਲਾਂ 'ਤੇ ਖੜ੍ਹੇ ਹਨ? ਜੇਕਰ ਨਹੀਂ ਤਾਂ ਕੀ ਕੌਮ ਦਾ ਫਰਜ਼ ਨਹੀਂ ਕਿ ਅਜਿਹੇ ਲੀਡਰਾਂ ਤੋਂ ਆਪਣਾ ਖਹਿੜਾ ਛੁੜਾਵੇ?

ਇਨ੍ਹਾਂ ਸੁਆਲਾਂ ਤੋਂ ਇਲਾਵਾ ਵੀ ਬੇਅੰਤ ਸੁਆਲ ਹਨ, ਜਿਹੜੇ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਤੇ ਪਾਸਾਰ ਨਾਲ ਸਬੰਧਿਤ ਹਨ, ਪ੍ਰੰਤੂ ਅਸੀਂ ਚਾਹੁੰਦੇ ਹਾਂ ਕਿ ਹਰ ਸਿੱਖ ਦੇ ਮੱਥੇ 'ਚ ਇਹ ਸੁਆਲ ਜ਼ਰੂਰ ਰੋਸ਼ਨ ਹੋਣ ਅਤੇ ਉਹ ਇਨ੍ਹਾਂ ਸੁਆਲਾਂ ਦੇ ਜਵਾਬ ਲਈ ਜਿਥੇ ਆਪਣੀ ਆਤਮਾ ਨੂੰ ਤਿਆਰ ਕਰੇ, ਉੱਥੇ ਸਮੁੱਚੀ  ਕੌਮ ਵੀ ਇਨ੍ਹਾਂ ਕੌਮੀ ਸੁਆਲਾਂ ਦੀ ਰੋਸ਼ਨੀ 'ਚ ਕੋਈ ਫੈਸਲਾ ਲੈਣ ਦੇ ਸਮਰੱਥ ਹੋ ਸਕੇ। 

Editorial
Jaspal Singh Heran

International